ਸ਼ੌਂਕ ਅਵੱਲਾ

Thursday, Aug 09, 2018 - 05:56 PM (IST)

ਸ਼ੌਂਕ ਅਵੱਲਾ

ਇਹ ਕੁਦਰਤੀ ਗੱਲ ਹੈ ਕਿ ਬਹੁਤ ਸਾਰੇ ਲੋਕਾਂ ਦੇ ਸ਼ੌਕ ਵੀ ਵੱਖ-ਵੱਖ ਅਤੇ ਵਿਅਕਤੀਗਤ ਹੁੰਦੇ ਹਨ। ਕਈ ਆਦਮੀਆਂ ਦੇ ਸ਼ੌਂਕ ਤਾਂ ਬਹੁਤ ਹੀ ਅਜੀਬ ਕਿਸਮ ਦੇ ਹੁੰਦੇ ਹਨ। ਅਜਿਹੀ ਹੀ ਕਹਾਣੀ ਇਕ ਪਿੰਡ ਦੇ ਇਕ ਵਿਅਕਤੀ ਦੀ ਹੈ।
ਉਹ ਵਿਅਕਤੀ ਭਾਵੇਂ ਪੜ੍ਹਿਆ ਬਹੁਤ ਘੱਟ ਸੀ ਪਰ ਉਸਦਾ ਟਰੱਕਾਂ ਅਤੇ ਦੂਜੀਆਂ ਗੱਡੀਆਂ ਪਿੱਛੇ ਲਿਖੇ ਪੰਜਾਬੀ ਦੇ ਟੋਟਕੇ ਪੜ੍ਹਨ ਦਾ ਬਹੁਤ ਅਜੀਬ ਜਿਹਾ ਸ਼ੌਂਕ ਸੀ। ਜਦੋਂ ਵੀ ਉਹ ਸ਼ਹਿਰ ਜਾਂ ਕਿਤੇ ਹੋਰ ਪਾਸੇ ਜਾਂਦਾ ਤਾਂ ਉਹ ਅਜਿਹੀਆਂ ਗੱਡੀਆਂ ਦੀ ਭਾਂਲ ਵਿਚ ਰਹਿੰਦਾ ਜਿਹਨਾਂ ਦੇ ਪਿੱਛੇ ਕੋਈ ਮਨੋਰੰਜਕ ਪੰਜਾਬੀ ਟੋਟਕਾ ਲਿਖਿਆ ਹੋਵੇ। ਇਕ ਵਾਰ ਜਦੋਂ ਉਹ ਸ਼ਹਿਰ ਗਿਆ ਤਾਂ ਉਸਨੇ ਬੱਚਿਆਂ ਦੀ ਇਕ ਮਿੰਨੀ ਬੱਸ ਦੇਖੀ, ਜਿਸ ਪਿੱਛੇ ਲਿਖਿਆ ਪੰਜਾਬੀ ਟੋਟਕਾ ਉਸਨੇ ਪੜ੍ਹਨਾ ਸ਼ੁਰੂ ਕੀਤਾ।
ਗੁਲ ਗਿਆ, ਗੁਲਬਦਨ ਗਿਆ,
ਗਈ ਬੁੱਲ੍ਹਾਂ ਦੀ ਲਾਲੀ।
ਅਜੇ ਉਸ ਨੇ ਇੰਨਾ ਹੀ ਪੜ੍ਹਿਆ ਸੀ ਕਿ ਉਹ ਮਿੰਨੀ ਬੱਸ ਭੀੜ ਵਿੰਚ ਅਲੋਪ ਹੋ ਗਈ ਪਰ ਉਸ ਵਿਅਕਤੀ ਨੇ ਭੀੜ ਵਿਚੋਂ ਦੀ ਹੁੰਦੇ ਹੋਏ ਉਸ ਗੱਡੀ ਦੀ ਭਾਲ ਸ਼ੁਰੂ ਕੀਤੀ ਤਾਂ ਕਿ ਲਿਖਿਆ ਹੋਇਆ ਉਹ ਪੰਜਾਬੀ ਟੋਟਕਾ ਪੂਰਾ ਪੜ੍ਹ ਸਕੇ। ਉਹ ਗੱਡੀ ਭੀੜ 'ਚੋਂ ਜਲਦੀ ਨਿਕਲ ਕੇ ਹਾਈਵੇ 'ਤੇ ਬਹੁਤ ਦੂਰ ਜਾ ਚੁੱਕੀ ਸੀ ਤਾਂ ਫਿਰ ਉਹ ਵਿਅਕਤੀ ਵੀ ਆਪਣੇ ਮੋਟਰ ਸਾਇਕਲ ਤੇ ਉਸਦਾ ਪਿੱਛਾ ਕਰਦਾ, ਰਫਤਾਰ ਫੜ੍ਹਦਾ ਗਿਆ।
ਆਖਰ ਜਦੋਂ ਉਹ ਗੱਡੀ ਦੇ ਨੇੜੇ ਪਹੁੰਚਿਆ ਤਾਂ ਫਿਰ ਪੜ੍ਹਨਾ ਸ਼ੁਰੂ ਕੀਤਾ ਜੋ ਇਸ ਤਰ੍ਹਾਂ ਲਿਖਿਆ ਸੀ-
ਗੁਲ ਗਿਆ, ਗੁਲਬਦਨ ਗਿਆ,
ਗਈ ਬੁੱਲ੍ਹਾਂ ਦੀ ਲਾਲੀ।।
ਪਿੱਛਾ ਹੁਣ ਤਾਂ ਛੱਡ ਦੇ ਵੈਰੀਆ
ਮੈ ਹੋ ਗਈ ਬੱਚਿਆਂ ਵਾਲੀ।
ਇਹ ਪੜ੍ਹ ਉਹ ਆਦਮੀ ਆਪਣੀ ਲਗਾਈ ਦੌੜ ਤੇ ਸ਼ਰਮਸ਼ਾਰ ਹੋਇਆ ਅਤੇ ਮਨ ਹੀ ਮਨ ਹੱਸਣ ਲੱਗਿਆ।
ਬਹਾਦਰ ਸਿੰਘ ਗੋਸਲ
ਮਕਾਨ ਨੰ: 3098, ਸੈਕਟਰ-37 ਡੀ, ਚੰਡੀਗੜ੍ਹ। 
ਮੋਬਾ : 9876452223


Related News