ਸੰਤੁਸ਼ਟੀ

Tuesday, Jun 26, 2018 - 03:33 PM (IST)

ਸੰਤੁਸ਼ਟੀ

ਇੱਕ ਸ਼ਹਿਰ ਵਿਚ ਵੱਡਾ ਸ਼ਾਹੂਕਾਰ ਰਹਿੰਦਾ ਸੀ।ਬਹੁਤ ਵੱਡਾ ਕਾਰੋਬਾਰ ਹੋਣ ਦੇ ਬਾਵਜੂਦ ਵੀ ਉਹ ਸੰਤੁਸ਼ਟ ਨਹੀਂ ਸੀ। ਉਹ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਹਮੇਸ਼ਾ ਚਿੰਤਤ ਰਹਿੰਦਾ ਸੀ, ਇਸੇ ਚਿੰਤਾ ਕਾਰਨ ਉਸ ਨੇ ਆਪਣਾ ਸੁੱਖ ਚੈਨ ਗਵਾ ਲਿਆ। ਇਕ ਵਾਰੀ ਉਸ ਨੇ ਨਾਲ ਵਾਲੇ ਸ਼ਹਿਰ ਵਿਚ ਵਪਾਰ ਕਰਨ ਦਾ ਫੈਸਲਾ ਕੀਤਾ। ਆਪਣੇ ਨਾਲ ਕੁਝ ਰੁਪਏ ਤੇ ਇਕ ਸਹਾਇਕ ਨੂੰ ਨਾਲ ਲੈ ਕੇ ਉਹ ਦੂਜੇ ਸ਼ਹਿਰ ਲਈ ਰਵਾਨਾ ਹੋ ਗਿਆ। ਹਨੇਰਾ ਹੋਣ ਕਰਕੇ ਉਹ ਗਲਤੀ ਨਾਲ ਆਪਣਾ ਰਸਤਾ ਭਟਕ ਗਏ। ਸੁੰਨਸਾਨ ਤੇ ਅਣਜਾਣ ਇਲਾਕੇ ਵਿਚ ਉਹ ਰਾਤ ਕੱਟਣ ਲਈ ਟਿਕਾਣਾ ਲੱਭਣ ਲੱਗੇ। ਅਚਾਨਕ ਉਹਨਾਂ ਨੂੰ ਇਕ ਝੌਂਪੜੀ ਵਿਚ ਬੱਤੀ ਜੱਗਦੀ ਦਿਸੀ, ਉਹਨਾਂ ਨੇ ਉਧਰ ਨੂੰ ਚਾਲੇ ਪਾ ਦਿੱਤੇ ਅਤੇ ਜਾ ਕੇ ਬੂਹਾ ਖੜ੍ਹਕਾਇਆ। ਕੁਝ ਸਮੇਂ ਬਾਅਦ ਇਕ ਬੁੱਢੇ ਆਦਮੀ ਅਤੇ ਉਸ ਦੀ ਪਤਨੀ ਨੇ ਦਰਵਾਜ਼ਾ ਖੋਲਿਆ। ਕਾਰਨ ਦੱਸਣ ਦੇ ਬਾਅਦ ਉਹਨਾਂ ਨੇ ਬੜੇ ਅਦਬ ਸਤਿਕਾਰ ਨਾਲ ਸ਼ਾਹੂਕਾਰ ਤੇ ਉਸ ਦੇ ਸਹਾਇਕ ਨੂੰ ਅੰਦਰ ਬਿਠਾਇਆ। ਬੁੱਢੇ ਜੋੜੇ ਨੇ ਹੱਸਦੇ ਹੋਏ ਮਹਿਮਾਨ ਨਿਵਾਜ਼ੀ ਕੀਤੀ ਅਤੇ ਖਾਣਾ ਹਾਜ਼ਿਰ ਕੀਤਾ। ਸ਼ਾਹੂਕਾਰ ਹੈਰਾਨ ਸੀ ਕਿ ਮੇਰੀ ਕੋਠੀ ਵਿਚ ਮਹਿੰਗੀਆਂ ਸਹੂਲਤਾਂ ਦੇ ਬਾਵਜੂਦ ਵੀ ਮਾਹੌਲ ਇੰਨਾਂ ਸ਼ਾਂਤ ਅਤੇ ਖੁਸ਼ਹਾਲ ਨਹੀਂ ਹੈ ਜਿੰਨਾ ਕਿ ਇਸ ਨਿੱਕੀ ਜਿਹੀ ਕੁਟੀਆ ਵਿਚ ਹੈ। ਉਸ ਨੇ ਆਖਿਰ ਬਜ਼ੁਰਗ ਨੂੰ ਪੁੱਛਿਆ “ਬਾਬਾ, ਮੈਂ ਲੱਖਪਤੀ ਹੋਣ ਦੇ ਬਾਅਦ ਵੀ ਇੰਨਾ ਸੰਤੁਸ਼ਟ ਨਹੀਂ ਹਾਂ ਜਿੰਨਾ ਕਿ ਤੁਸੀਂ ਬਿਨਾ ਐਸ਼ੋ ਆਰਾਮ ਦੇ ਇਸ ਨਿੱਕੇ ਜਿਹੇ ਘਰ ਵਿਚ ਹੋ, ਕਿਰਪਾ ਕਰਕੇ ਕਾਰਨ ਜ਼ਰੂਰ ਦੱਸੋ“। ਬਜ਼ੁਰਗ ਨੇ ਬਿਨਾ ਜਵਾਬ ਦਿੱਤੇ ਹੱਸਦੇ ਹੋਏ ਆਪਣੀ ਪਤਨੀ ਨੂੰ ਅਵਾਜ਼ ਮਾਰੀ ਤੇ ਕਿਹਾ “ਭਾਗਵਾਨੇ, ਆਪਣੇ ਕੋਲ ਖਾਣ ਲਈ ਕਿੰਨਾ ਆਟਾ ਬਚਿਆ ਹੈ? “ਬਸ ਜੀ, ਮਸਾਂ ਇਕ ਡੰਗ ਦਾ ਹੋਰ ਹੋਵੇਗਾ ਬੁੱਢੀ ਔਰਤ ਨੇ ਠਰੰਮੇ ਨਾਲ ਜਵਾਬ ਦਿੱਤਾ। ਬਜ਼ੁਰਗ ਆਦਮੀ ਨੇ ਚਿੰਤਾ ਜਤਾਉਦੇ ਹੋਏ ਕਿਹਾ “ਹੁਣ ਫਿਰ ਕੀ ਬਣੂਗਾ, ਆਪਾਂ ਨੂੰ ਭੁੱਖੇ ਰਹਿਣਾ ਪਵੇਗਾ? “ਤੁਸੀ ਚਿੰਤਾ ਨਾ ਕਰੋ, ਜਿਸ ਨੇ ਇਸ ਡੰਗ ਦਾ ਦਿੱਤਾ ਏ ਉਹ ਆਪੇ ਅਗਲੇ ਡੰਗ ਦਾ ਵੀ ਇੰਤਜ਼ਾਮ ਕਰੇਗਾ “ਹੱਸਦੇ ਹੋਏ ਬੁੱਢੀ ਔਰਤ ਅੰਦਰ ਚਲੀ ਗਈ। ਉਸ ਬਜ਼ੁਰਗ ਨੇ ਕਿਹਾ “ ਸ੍ਰੀਮਾਨ, ਸ਼ਾਇਦ ਤੁਹਾਨੂੰ ਜਵਾਬ ਮਿਲ ਗਿਆ ਹੋਵੇਗਾ, ਜਿੰਨੀ ਜ਼ਿਆਦਾ ਬੰਦੇ ਦੀ ਲਾਲਸਾ ਵਧੇਗੀ, ਉਹ ਓਨਾਂ ਹੀ ਬੇਚੈੱਨ ਹੁੰਦਾ ਜਾਵੇਗਾ, ਉਸ ਦੀ ਸਾਂਤੀ ਕੋਹਾਂ ਦੂਰ ਚਲੀ ਜਾਵੇਗੀ। ਬਲਕਿ ਸਾਨੂੰ ਜਿਹੜੀ ਘੜੀ ਵਧੀਆ ਗੁਜ਼ਰ ਰਹੀ ਹੈ ਉਸ ਲਈ ਪ੍ਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਹੈ ''ਸ਼ਾਹੂਕਾਰ ਜਵਾਬ ਸੁਣ ਕੇ ਸੰਤੁਸ਼ਟ ਹੋ ਗਿਆ।
ਅਰਸ਼ ਸਿੱਧੂ
ਫਿਰੋਜ਼ਪੁਰ
9464215070


Related News