ਕਵਿਤਾ ਖਿੜਕੀ : ''ਉੱਠ ਕਿਰਤੀਆ''

10/09/2020 12:35:26 PM

ਸੰਤ ਰਾਮ ਉਦਾਸੀ ਦਾ ਜਨਮ ਪਿੰਡ ਰਾਏਸਰ ਜ਼ਿਲ੍ਹਾ ਬਰਨਾਲਾ ਵਿਖੇ ਇੱਕ ਗ਼ਰੀਬ ਦਲਿਤ ਪਰਿਵਾਰ ਵਿੱਚ ਹੋਇਆ ਸੀ। ਉਨ੍ਹੀਂ ਦਿਨੀਂ, ਦਲਿਤ ਲੋਕਾਂ ਦੀ ਸਮਾਜਿਕ, ਆਰਥਿਕ ਅਤੇ ਮਾਨਸਿਕ ਲੁਟ ਸਿੱਖਰਾਂ ਤੇ ਸੀ। ਨੀਵੀਂ ਜਾਤ ਦੇ ਸਮਝੇ ਜਾਂਦੇ ਲੋਕ ਉੱਚੀ ਜਾਤ ਦੇ ਲੋਕਾਂ ਦੇ ਭਾਂਡਿਆ ਨੂੰ ਭਿੱਟ ਚੜ੍ਹ ਜਾਣ ਦੇ ਡਰੋਂ ਹੱਥ ਨਹੀਂ ਲਾ ਸਕਦੇ ਸਨ। ਦੂਜੀਆਂ ਦਸਤਕਾਰ ਜਾਤਾਂ ਨਾਈ, ਛੀਂਬੇ, ਝਿਊਰ, ਤਰਖਾਣ ਆਦਿ ਆਪਣੇ ਕਿੱਤੇ ਕਰਕੇ ਰੋਜ਼ੀ ਕਮਾਉਣ ਲਈ ਆਜ਼ਾਦ ਸਨ, ਜਦ ਕਿ ਗੈਰ ਹੁਨਰੀ ਜਾਤ ਲਈ ਖੇਤਾਂ ਵਿੱਚ ਪਸ਼ੂਆਂ ਵਾਂਗ ਕੰਮ ਕਰਨਾ ਜਾਂ ਗੋਹਾ ਕੂੜਾ ਸੁੱਟਣ ਤੱਕ ਵਰਗੇ ਕੰਮ ਕਰਨੇ ਪੈਂਦੇ ਸਨ। ਅਜਿਹੇ ਹਾਲਤ ਵਿੱਚ ਸੰਤ ਰਾਮ ਉਦਾਸੀ ਦਾ ਬਚਪਨ ਬੀਤਿਆ।

ਸੰਤ ਰਾਮ ਉਦਾਸੀ ਕਿਤਾਬਾਂ ਦੇ ਵਿਦਵਾਨ ਪਾਠਕਾਂ ਦੀ ਥਾਂ ਆਮ ਲੋਕਾਂ ਦਾ ਕਵੀ ਸੀ। ਉਹਦੀ ਸ਼ਬਦਾਵਲੀ, ਗੀਤਾਂ ਦੀ ਲੈਅ ਤੇ ਦਰਦ ਭਰੀ ਆਵਾਜ਼ ਲੋਕ ਦਿਲਾਂ 'ਚ ਲਹਿ ਜਾਂਦੀ। ਕਦੇ ਉਹ ਕੰਮੀਆਂ ਦੇ ਵਿਹੜੇ ਦਾ ਗੀਤ ਲਿਖਦਾ, ਕਦੇ ਦੇਸ਼ ਪਿਆਰ ਦਾ, ਕਦੇ ਡੋਲੀ ਦਾ ਤੇ ਕਦੇ ਜਨਤਾ ਦੀ ਅਰਦਾਸ ਦਾ। ਕਦੇ ਪੂੰਜੀਪਤੀਆਂ ਨੂੰ ਰਾਕਸ਼ਾਂ ਦੀ ਧਾੜ ਕਹਿੰਦਾ, ਕਦੇ ਮਜ਼ਦੂਰਾਂ ਦੀ ਆਰਤੀ ਉਤਾਰਦਾ, ਕਦੇ ਮਲੰਗ ਲੱਖੇ ਦੇ ਨਾਂ ਗੀਤ ਲਿਖਦਾ ਤੇ ਕਦੇ ਕਿਰਤੀ ਨੂੰ ਉੱਠਣ ਦਾ ਸੱਦਾ ਦਿੰਦਾ।

ਵਰਤਮਾਨ ਸਮੇਂ 'ਚ ਖੇਤੀ ਬਿੱਲਾਂ ਦੇ ਵਿਰੋਧ 'ਚ ਪੂਰਾ ਪੰਜਾਬ ਸੜਕਾਂ 'ਤੇ ਹੈ। ਪੰਜਾਬੀਆਂ ਦੇ ਮੁੱਖ ਕਿੱਤੇ ਖੇਤੀਬਾੜੀ ਨੂੰ ਰੋਲਣ ਦੇ ਨਜ਼ਰੀਏ ਤੋਂ ਨਿੱਤ ਨਵੇਂ ਆਦੇਸ਼ ਦਿੱਤੇ ਜਾ ਰਹੇ ਹਨ। ਇਸ ਮੌਕੇ ਕਿਸਾਨ-ਮਜ਼ਦੂਰ ਏਕਤਾ ਨੂੰ ਪ੍ਰਣਾਇਆ ਮਰਹੂਮ ਕਈ ਸੰਤ ਰਾਮ ਉਦਾਸੀ ਦੀ ਕਵਿਤਾ 'ਉੱਠ ਕਿਰਤੀਆ' ਵਿਸ਼ੇਸ਼ ਤੌਰ 'ਤੇ ਆਪ ਜੀ ਨਾਲ ਸਾਂਝੀ ਕਰ ਰਹੇ ਹਾਂ:

ਉੱਠ ਕਿਰਤੀਆ ਉੱਠ ਵੇ 
ਉੱਠਣ ਦਾ ਵੇਲਾ 
ਜੜ੍ਹ ਵੈਰੀ ਦੀ ਪੁੱਟ ਵੇ 
ਪੁੱਟਣ ਦਾ ਵੇਲਾ 
ਤੇਰੇ ਸਿਰ ’ਤੇ ਚੋਅ ਚੋਅ ਚਾਨਣ 
ਗਏ ਨੇ ਤੇਰੇ ਜੁੱਟ ਵੇ
ਜੁੱਟਣ ਦਾ ਵੇਲਾ

ਕਿਉਂ ਪਾਂਧੇ ਨੂੰ ਹੱਥ ਵਖਾਵੇਂ
ਕੀ ਤੇਰੀ ਤਕਦੀਰ ਮੜ੍ਹੀ ਐ
ਤੇਰੀ ਗ਼ੈਰਤ ਟੋਢੀ ਬੱਚਿਆਂ
ਵੀਰਾ ਲੀਰੋ ਲੀਰ ਕਰੀ ਐ
ਜੋ ਤੇਰੀ ਦਸਤਾਰ ਨੂੰ ਪੈਂਦੇ 
ਤੋੜ ਦੇਵੀਂ ਉਹ ਗੁੱਟ ਵੇ

ਸੁੱਤਿਆ ਵੇ ਇਹ ਧਰਤ ਹੈ ਕੇਹੀ 
ਜਿਥੇ ਮਾਂ ਤੇ ਪੁੱਤ ਦਾ ਰਿਸ਼ਤਾ
ਕੁਝ ਟੁਕੜੇ ਕੁਝ ਟਕਿਆਂ ਬਦਲੇ
ਮਾਸ ਦੇ ਵਾਂਗੂੰ ਹੱਟੀਏਂ ਵਿਕਦਾ
ਲੂਸ ਗਿਆ ਮਜ਼ਦੂਰ ਦਾ ਪਿੰਡਾ 
ਜੇਠ ਹਾੜ੍ਹ ਦਾ ਹੁੱਟ ਵੇ

ਪਿੰਡਾਂ ਦੀ ਰੌਣਕ ਸਭ ਢੋਈ 
ਢੱਗਿਆਂ ਦੇ ਕੰਧਿਆਂ 'ਤੇ ਸ਼ਹਿਰਾਂ
ਤੇਰਿਆਂ ਚਾਵਾਂ ਦੇ ਨਿੱਤ ਮੁਰਦੇ 
ਸਿਰ 'ਤੇ ਢੋਵਣ ਤੇਰੀਆਂ ਨਹਿਰਾਂ
ਤੂੰ ਖੰਡੇ ਦੀ ਧਾਰ ਦੇ ਵਿੱਚੋਂ 
ਲਿਸ਼ਕ ਵਾਂਗਰਾਂ ਫੁੱਟ ਵੇ 
ਫੁੱਟਣ ਦਾ ਵੇਲਾ

PunjabKesari


rajwinder kaur

Content Editor

Related News