ਸੰਦਲੀ ਭੌਰ
Saturday, Jul 07, 2018 - 03:21 PM (IST)

ਉੱਡਦੀ ਪਤੰਗ ਜੇ ਟੁੱਟ ਜਾਏ ਨਾ ਡੋਰ ਦਾ ਕਸੂਰ
ਹਵਾ ਦੀ ਗਲਤੀ ਨਾ ਕੋਈ ਮਰਜ਼ੀ ਤਾਂ ਹੋਰ ਦੀ ।
ਕੱਚਾ ਅੰਬ ਜੇ ਟਾਹਣੀਓਂ ਟੁੱਟ ਕੇ ਥੱਲੇ ਡਿੱਗੇ
ਗਲਤੀ ਨਾ ਤੋਤੇ ਹਵਾ ਦੀ ਮਰਜ਼ੀ ਤਾਂ ਹੋਰ ਦੀ ।
ਬੱਦਲ ਫਟੇ ਜੇ ਕੋਲ ਤੇਰੇ ਬਸਤੀ ਆਏ ਚਪੇਟ
ਬੱਦਲ ਦਾ ਕੀ ਕਸੂਰ ਹੈ ਮਰਜ਼ੀ ਤਾਂ ਹੋਰ ਦੀ ।
ਉੱਡਦੀ ਘੁੱਗੀ ਦੇ ਡਿੱਗ ਕੇ ਟੁੱਟ ਜਾਵਣ ਖੰਭ ਜੇ
ਗਲਤੀ ਨਾ ਝੱਖੜ ਦੀ ਕੋਈ ਮਰਜ਼ੀ ਤਾਂ ਹੋਰ ਦੀ ।
ਤਿਲਕ ਜਾਏ ਜੇ ਪੈਰ ਤੇਰਾ ਪਾਵਨ ਸਰੋਵਰ ਵਿਚ
ਗਲਤੀ ਨਾ ਤੇਰੇ ਪੈਰ ਦੀ ਮਰਜ਼ੀ ਤਾਂ ਹੋਰ ਦੀ ।
ਪਹਿਲੀ ਬੁਰਕੀ ਕਰ ਦਏ ਜੇ ਸਾਹ ਨਲੀ ਨੂੰ ਬੰਦ
ਗਲਤੀ ਨਾ ਤੇਰੇ ਹੱਥ ਦੀ ਮਰਜ਼ੀ ਤਾਂ ਹੋਰ ਦੀ ।
ਮੌਤੋਂ ਬਚਾਂਦਿਆਂ ਕਿਸੇ ਨੂੰ ਪਰਣਾ ਲਏ ਜੇ ਮੌਤ
ਗਲਤੀ ਨਾ ਤੇਰੇ ਫਰਜ਼ ਦੀ ਮਰਜ਼ੀ ਤਾਂ ਹੋਰ ਦੀ ।
ਦੰਦਲ ਜੇ ਸਾਹੀਂ ਪੈ ਜਾਏ ਕਰਦਿਆਂ ਡੰਡੌਤ
ਗਲਤੀ ਨਾ ਪਾਕ ਦਰ ਦੀ ਮਰਜ਼ੀ ਤਾਂ ਹੋਰ ਦੀ ।
ਪਾਂਦਿਆਂ ਸਿਲਾਈ ਜੇਕਰ ਡੁੱਬ ਜਾਏਂ ਨੇਰ੍ਹ ਕੁੰਡ
ਸੁਰਮੇ ਦਾ ਕੀ ਕਸੂਰ ਹੈ ਮਰਜ਼ੀ ਤਾਂ ਹੋਰ ਦੀ ।
ਪਹੁੰਚ ਕੇ ਚੋਟੀ 'ਤੇ ਜੇ ਫਿਸਲ ਜਾਏ ਤੇਰਾ ਪੈਰ
ਬਰਫ਼ ਨਿਰੀ ਬੇਕਸੂਰ ਮਰਜ਼ੀ ਤਾਂ ਹੋਰ ਦੀ ।
ਜੇਕਰ ਹੋਣ ਕਸ਼ਤੀਆਂ ਸੁਨਾਮੀ ਦੀਆਂ ਸ਼ਿਕਾਰ
ਕਿਸੇ ਦਾ ਕਸੂਰ ਨਹੀਂ ਮਰਜ਼ੀ ਤਾਂ ਹੋਰ ਦੀ ।
ਜਿੱਤ ਕੇ ਮੰਜ਼ਿਲ ਨੂੰ ਜੇਕਰ ਹਾਰ ਜਾਏ ਜਿੰਦ ਤੂੰ
ਮੀਲ ਪੱਥਰ ਬੇਕਸੂਰ ਮਰਜ਼ੀ ਤਾਂ ਹੋਰ ਦੀ ।
ਮਿਲੇ ਤੇਰੀ ਮਰਜ਼ੀ ਜੇ ਮਰਜ਼ੀ ਉਦ੍ਹੀ ਦੇ ਨਾਲ
ਆਏਗੀ ਤੇਰੀ ਜ਼ਿੰਦਗੀ ਸੰਦਲੀ ਤਾਂ ਭੌਰ ਵੀ ।
ਸਵਰਨ ਸਿੰਘ ਸ਼ਿਮਲਾ
ਸੰਪਰਕ: 94183 92845