ਕਰਾਮਾਤੀ ਕਾਗਜ਼-ਬਾਲ ਕਵਿਤਾ

05/19/2019 4:40:33 PM

ਬੜੇ ਹੀ ਕੰਮ ਆਉਂਦਾ ਏ ਕਾਗਜ਼,
ਬੱਚਿਆਂ ਨੂੰ ਲਿਖਣਾ ਸਿਖਾਉਂਦਾ ਏ ਕਾਗਜ਼।
ਲਿਖ ਸੰਦੇਸ਼ ਹੋਵੇ ਭੇਜਣਾ,
ਮਨ ਨੂੰ ਫਿਰ ਭਾਉਂਦਾ ਏ ਕਾਗਜ਼।
ਬਾਹਰ ਜੇ ਕਿਧਰੇ ਪਿਆ ਇਕੱਲਾ,
ਹਵਾ ਨਾਲ ਫੜ-ਫੜਾਉਂਦਾ ਏ ਕਾਗਜ਼।
ਮਿੰਨੀ-ਮਿੰਨੀ ਹਵਾ ਦੇ ਅੰਦਰ,
ਲੱਗੇ ਕੁਝ ਗੁਨ ਗੁਨਾਉਂਦਾ ਏ ਕਾਗਜ਼।
ਤੇਜ਼ ਹਵਾ ਜੇ ਆਵੇ ਕਿਧਰੋਂ,
ਵਿੱਚ ਹਵਾ ਉਡਾਰੀ ਲਾਉਂਦਾ ਏ ਕਾਗਜ਼।
ਖੁਲ੍ਹੀ ਕਿਤਾਬ ਪੱਖੇ ਦੇ ਥੱਲੇ,
ਲੱਗੇ ਪੜ੍ਹ ਸੁਣਾਉਂਦਾ ਏ ਕਾਗਜ਼।
ਮੀਂਹ ਬਾਹਰ ਜ਼ੋਰ ਦੇ ਹੋਵੇ,
ਹਰ ਬੱਚਾ ਲੱਭ ਲਿਆਉਂਦਾ ਏ ਕਾਗਜ਼।
ਭਰੀ ਗਲੀ ਵਿੱਚ ਪਾਣੀ ਵਗਦਾ,
ਫਿਰ ਕਿਸ਼ਤੀ ਬਣ ਕੇ ਆਉਂਦਾ ਕਾਗਜ਼।
ਗੱਲ ਜੇ ਇਤਿਹਾਸ ਦੀ ਚੱਲੇ,
ਵਾਰ-ਵਾਰ  ਦੁਹਰਾਉਂਦਾ ਕਾਗਜ਼।
ਜੱਗ ਦੀਆਂ ਖਬਰਾਂ ਦੱਸਣ ਖਾਤਿਰ,
ਅਖਬਾਰ ਬਣ ਕੇ ਆਉਂਦਾ ਕਾਗਜ਼।
ਬੱਚਿਆਂ ਨੂੰ ਕਹੇ ਪੜ੍ਹਦੇ ਜਾਓ,
ਫਿਰ ਪੇਪਰ ਬਣ ਕੇ ਆਉਂਦਾ ਕਾਗਜ਼।
ਨਾਲ ਰੰਗਾਂ ਦੇ ਕਰ ਦੋਸਤੀ,
ਬਣ ਪੇਂਟਿੰਗ ਮਨ ਪ੍ਰਚਾਉਂਦਾ ਕਾਗਜ਼।
'ਗੋਸਲ' ਜਦ ਕੋਈ ਕਵਿਤਾ ਲਿਖਦਾ,
ਫਿਰ ਗੀਤ ਬਣ ਕੇ, ਗਾਉਂਦਾ ਕਾਗਜ਼। 

ਬਹਾਦਰ ਸਿੰਘ ਗੋਸਲ  
ਮਕਾਨ ਨੰ: 3098, ਸੈਕਟਰ 37-ਡੀ,
ਚੰਡੀਗੜ੍ਹ। ਮੋ.ਨੰ: 98764-52223


Aarti dhillon

Content Editor

Related News