" ਪਿਠਵਰਤੀ ਗਾਇਕ ਮੁਹੰਮਦ ਰਫ਼ੀ ਨੂੰ ਚੇਤੇ ਕਰਦਿਆਂ... !"

Saturday, Jul 31, 2021 - 03:26 PM (IST)

" ਪਿਠਵਰਤੀ ਗਾਇਕ ਮੁਹੰਮਦ ਰਫ਼ੀ ਨੂੰ ਚੇਤੇ ਕਰਦਿਆਂ... !"

ਓਸ ਅਕਾਲ ਪੁਰਖ ਨੇ ਇਸ ਕਾਇਨਾਤ ਵਿਚ ਮਨੁੱਖ ਨੂੰ ਆਪਣਾ ਨਾਇਬ ਬਣਾ ਕੇ ਭੇਜਿਆ ਹੈ। ਇਹਨਾਂ ਮਨੁੱਖਾਂ ਵਿੱਚੋਂ ਹੀ ਕੁਝ ਅਜਿਹੇ ਵਿਅਕਤੀ ਪੈਦਾ ਕੀਤੇ ਜੋ ਉਸ ਰੱਬ ਦੀ ਰਹਿਮਤ ਸਦਕਾ ਸੰਸਾਰ ਵਿੱਚ ਆਪਣੀ ਇਕ ਵਿਲੱਖਣ ਪਛਾਣ ਬਣਾ ਕੇ ਹਮੇਸ਼ਾ ਹਮੇਸ਼ਾ ਲਈ ਅਮਰ ਹੋ ਗਏ। ਇਸੇ ਪ੍ਰਕਾਰ ਅੱਜ ਜਦੋਂ ਵੀ ਦੁਨੀਆ ਵਿੱਚ ਆਵਾਜ਼ ਦੇ ਜਾਦੂਗਰਾਂ ਦੀ ਗੱਲ ਚੱਲਦੀ ਹੈ ਤਾਂ ਬਿਨਾਂ ਸ਼ੱਕ ਇਕ ਨਾਮ ਆਪਣੇ ਆਪ ਸਾਹਮਣੇ ਆ ਖਲੋਂਦਾ ਹੈ, ਉਹ ਨਾਂ ਹੈ ਬੌਲੀਵੁੱਡ ਦੇ ਪ੍ਰਸਿੱਧ ਪਿਠਵਰਤੀ ਮਹਾਨ ਗਾਇਕ ਮੁਹੰਮਦ ਰਫੀ ਸਾਹਿਬ ਜੀ ਦਾ। ਗੀਤ ਹੋਵੇ ਚਾਹੇ ਕੋਈ ਗ਼ਜ਼ਲ ਜਾਂ ਫਿਰ ਕੋਈ ਕੱਵਾਲੀ ਹੋਵੇ ਯਾ ਫਿਰ ਨਾਅਤ ਜਾਂ ਸ਼ਬਦ, ਭਜਨ, ਰਫੀ ਸਾਹਿਬ ਨੇ ਹਰ ਤਰ੍ਹਾਂ ਦੀ ਗਾਇਕੀ ਵਿੱਚ ਆਪਣਾ ਲੋਹਾ ਮਨਵਾਇਆ।
ਅੱਜ ਭਾਵੇਂ ਰਫ਼ੀ ਸਾਹਿਬ ਨੂੰ ਸਾਥੋਂ ਵਿੱਛੜਿਆਂ ਲਗਭਗ ਚਾਰ ਦਹਾਕੇ ਬੀਤ ਚੁੱਕੇ ਹਨ ਫਿਰ ਵੀ ਰਫੀ ਸਾਹਿਬ ਦੀ ਆਵਾਜ਼ ਦਾ ਜਾਦੂ ਸਰੋਤਿਆਂ ਦੇ ਸਿਰ ਚੜ੍ਹ ਕੇ ਉਸੇ ਤਰ੍ਹਾਂ ਬੋਲਦਾ ਹੈ, ਜਿਸ ਤਰ੍ਹਾਂ ਕਰੀਬ ਸੱਤ ਦਹਾਕੇ ਪਹਿਲਾਂ ਬੋਲਦਾ ਸੀ। ਅੱਜ ਵੀ ਉਹਨਾਂ ਦੀ ਆਵਾਜ਼ ਜਦੋਂ ਕਦੀ ਰੇਡੀਓ ਤੋਂ ਸੁਣਾਈ ਦਿੰਦੀ ਹੈ ਤਾਂ ਬਿਨਾਂ ਸ਼ੱਕ ਕੰਨਾਂ ਵਿਚ ਇਕ ਪ੍ਰਕਾਰ ਦਾ ਸ਼ਹਿਦ ਘੋਲਦੀ ਮਹਿਸੂਸ ਹੁੰਦੀ ਹੈ ਅਤੇ ਨਾਲ ਹੀ ਰੂਹ ਨੂੰ ਇੱਕ ਤਰੋ ਤਾਜ਼ਗੀ ਮੁਹੱਈਆ ਕਰਵਾਉਂਦੀ ਜਾਪਦੀ ਹੈ।
ਮੁਹੰਮਦ ਰਫ਼ੀ ਦਾ ਜਨਮ ਅੰਮ੍ਰਿਤਸਰ ਦੇ ਲਾਗੇ ਪਿੰਡ ਕੋਟਲਾ ਸੁਲਤਾਨ ਸਿੰਘ ਵਿਖੇ 24 ਦਸੰਬਰ 1924 ਨੂੰ ਇਕ ਸਾਧਾਰਨ ਪਰਿਵਾਰ ਵਿਚ ਹੋਇਆ। ਆਪ ਦੇ ਪਿਤਾ ਹਾਜੀ ਅਲੀ ਮੁਹੰਮਦ ਇੱਕ ਬਹੁਤ ਹੀ ਨੇਕ ਅਤੇ ਧਾਰਮਿਕ ਬਿਰਤੀ ਵਾਲੇ ਇਨਸਾਨ ਸਨ। ਮੁਹੰਮਦ ਰਫ਼ੀ ਛੇ ਭਰਾਵਾਂ ਵਿੱਚੋਂ ਦੂਸਰੇ ਨੰਬਰ ’ਤੇ ਸੀ। ਮੁਹੰਮਦ ਰਫ਼ੀ, ਜਿਸਦਾ ਦਾ ਕੱਚਾ-ਨਾਂਅ ‘ਫੀਕੂ’ ਸੀ ਨੇ ਆਪਣੀ ਮੁਢਲੀ ਵਿੱਦਿਆ ਘਰ ਵਿਚ ਹੀ ਪ੍ਰਾਪਤ ਕੀਤੀ। ਆਪ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਇਸ ਲਈ ਪਿੰਡ ਦੇ ਸਕੂਲ ਵਿਚ ਦੂਜੀ ਜਮਾਤ ਤੱਕ ਹੀ ਪੜ੍ਹਾਈ ਕਰ ਸਕੇ।

आवाज के जादूगर मोहम्मद रफी के रूमानी गाने कर देते थे मंत्रमुग्ध, सुने आखिरी  गाना
ਰਫ਼ੀ ਸਾਹਿਬ ਨੇ ਆਪਣੇ ਗਾਉਣ ਦੀ ਪ੍ਰੇਰਣਾ ਦਾ ਖੁਲਾਸਾ ਕਰਦੇ ਹੋਏ ਇਕ ਇੰਟਰਵਿਊ ਦੌਰਾਨ ਕਿਹਾ ਕਿ ਉਹ ਦਸ-ਬਾਰਾਂ ਸਾਲ ਦੇ ਸਨ ਕਿ ਉਹਨਾਂ ਦੇ ਮੁਹੱਲੇ ਵਿੱਚ ਇੱਕ ਫਕੀਰ ਗੀਤ “ਜੱਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ” ਗਾ ਕੇ ਭੀਖ ਮੰਗਿਆ ਕਰਦਾ ਸੀ। ਉਸੇ ਦੀ ਦੀ ਨਕਲ ਕਰਦਿਆਂ ਆਪ ਵੀ ਇਸ ਗੀਤ ਨੂੰ ਬਹੁਤ ਸ਼ੌਕ ਨਾਲ ਗਾਇਆ ਕਰਦੇ ਸਨ ਅਤੇ ਕਈ ਵਾਰ ਉਸ ਫਕੀਰ ਦਾ ਪਿੱਛਾ ਕਰਦੇ ਹੋਏ ਬਹੁਤ ਦੂਰ ਨਿਕਲ ਜਾਂਦੇ ਸਨ। ਇਸੇ ਵਿਚਕਾਰ ਰਫ਼ੀ ਦੇ ਪਿਤਾ 1935 ਵਿਚ ਲਾਹੌਰ ਚਲੇ ਗਏ, ਜਿੱਥੇ ਉਹਨਾਂ ਨੇ ਭੱਟੀ ਗੇਟ ਵਿੱਚ ਨੂਰ ਮਹਿਲਾਂ ਵਿੱਚ ਇੱਕ ਪੁਰਸ਼ਾਂ ਦਾ ਸੈਲੂਨ ਕੰਮ ਸ਼ੁਰੂ ਕਰ ਦਿੱਤਾ। ਰਫ਼ੀ ਦੇ ਵੱਡੇ ਭਰਾ ਮੁਹੰਮਦ ਦੀਨ ਦੇ ਇੱਕ ਦੋਸਤ ਅਬਦੁਲ ਹਮੀਦ ਨੇ ਲਾਹੌਰ ਵਿਚ ਰਫ਼ੀ ਦੀ ਪ੍ਰਤਿਭਾ ਨੂੰ ਪਛਾਣਦਿਆਂ ਉਸ ਨੂੰ ਗਾਇਕੀ ਵੱਲ ਉਤਸ਼ਾਹਿਤ ਕੀਤਾ। ਅਬਦੁਲ ਹਮੀਦ ਨੇ ਹੀ ਬਾਅਦ ਵਿੱਚ ਰਫ਼ੀ ਦੇ ਪਰਿਵਾਰ ਦੇ ਬਜ਼ੁਰਗਾਂ ਨੂੰ, ਰਫ਼ੀ ਨੂੰ ਮੁੰਬਈ ਭੇਜਣ ਵਾਸਤੇ ਮਨਾਇਆ। ਉਹਨਾਂ ਨੂੰ ਪਹਿਲੀ ਵਾਰ 13 ਸਾਲ ਦੀ ਉਮਰ ਵਿੱਚ ਕੇ.ਐੱਲ ਸਹਿਗਲ ਦੀ ਮੌਜੂਦਗੀ ਵਿੱਚ ਲਾਹੌਰ ਵਿਖੇ ਉਦੋਂ ਗਾਉਣ ਦਾ ਮੌਕਾ ਮਿਲਿਆ ਜਦ ਲਾਈਟ ਚਲੀ ਜਾਣ ਕਾਰਨ ਸਹਿਗਲ ਨੇ ਗਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਪੰਡਾਲ ਵਿਚ ਹੰਗਾਮਾ ਮਚ ਗਿਆ। ਇਸ ਵਿਚਕਾਰ ਮੁਹੰਮਦ ਰਫੀ ਨੂੰ ਦਰਸ਼ਕਾਂ ਦੇ ਰੂਬਰੂ ਕੀਤਾ ਗਿਆ। ਜਿਵੇਂ ਹੀ 13 ਸਾਲਾ ਰਫੀ ਨੇ ਗਾਉਣਾ ਸ਼ੁਰੂ ਕੀਤਾ ਤਾਂ ਪੰਡਾਲ ਵਿਚ ਉਨ੍ਹਾਂ ਦੀ ਉੱਚੀ ਤੇ ਸੁਰੀਲੀ ਆਵਾਜ਼ ਸੁਣ ਕੇ ਦਰਸ਼ਕਾਂ ਵਿੱਚ ਜਿਵੇਂ ਕਬਰਾਂ ਵਰਗੀ ਚੁੱਪ ਛਾ ਗਈ।
ਇਸ ਉਪਰੰਤ 1941 ਵਿੱਚ ਰਫ਼ੀ ਨੇ ਸ਼ਿਆਮ ਸੁੰਦਰ ਦੇ ਅਧੀਨ ਜੋੜੀ ਵਿੱਚ ਗਾਣਾ ਗਾਇਆ। ਇਹ ਗਾਣਾ ਸੀ “ਸੋਹਣੀਏ ਨੀਂ, ਹੀਰੀਏ ਨੀਂ” ਜੋ ਕਿ ਜੀਨਤ ਬੇਗਮ ਨਾਲ ਲਾਹੌਰ ਵਿੱਚ ਪੰਜਾਬੀ ਫ਼ਿਲਮ ‘ਗੁਲ ਬਲੋਚ’ ਵਾਸਤੇ ਗਾਇਆ ਗਿਆ ਸੀ। ਇਸ ਦੇ ਨਾਲ ਹੀ ਉਹਨਾਂ ਦੀ ਗਾਇਕ ਦੇ ਤੌਰ ’ਤੇ ਸ਼ੁਰੂਆਤ ਹੋ ਗਈ। ਇਸੇ ਦੌਰਾਨ ਮੁਹੰਮਦ ਰਫ਼ੀ ਨੂੰ ਆਲ ਇੰਡੀਆ ਰੇਡੀਓ ਲਾਹੌਰ ਸਟੇਸ਼ਨ ਨੇ ਆਪਣੇ ਵਾਸਤੇ ਗਾਉਣ ਲਈ ਸੱਦਾ ਦਿੱਤਾ।
1944 ਵਿੱਚ ਰਫ਼ੀ ਸਾਹਿਬ ਮੁੰਬਈ ਚਲੇ ਗਏ। ਉਹਨਾਂ ਨੇ ਅਬਦੁਲ ਹਮੀਦ ਸਹਿਤ ਮੁੰਬਈ ਦੇ ਭੀੜ-ਭਰੇ ਭਿੰਡੀ ਬਾਜ਼ਾਰ ਵਿੱਚ ਇੱਕ ਕਮਰਾ ਕਿਰਾਏ ’ਤੇ ਲੈ ਕੇ ਰਹਿਣਾ ਸ਼ੁਰੂ ਕੀਤਾ। ਕਵੀ ਤਨਵੀਰ ਨਕਵੀ ਨੇ ਮੁਹੰਮਦ ਰਫ਼ੀ ਨੂੰ ਫ਼ਿਲਮ ਪ੍ਰੋਡੀਊਸਰ ਅਬਦੁਰ ਰਸ਼ੀਦ ਨਿਰਦੇਸ਼ਕ ਮਹਿਬੂਬ ਖਾਨ ਅਤੇ ਅਭਿਨੇਤਾ-ਨਿਰਦੇਸ਼ਕ (ਡਾਇਰੈਕਟਰ) ਨਜ਼ੀਰ ਆਦਿ ਨਾਲ ਮਿਲਵਾਇਆ। ਮੁਹੰਮਦ ਰਫ਼ੀ ਜੋ ਕਿ ਆਪਣੇ ਅਲੱਗ-ਅਲੱਗ ਗਾਣਿਆਂ ਦੇ ਅੰਦਾਜ਼ ਵਾਸਤੇ ਜਾਣੇ ਜਾਂਦੇ ਸੀ, ਉਹਨਾਂ ਨੇ ਸ਼ਾਸਤਰੀ ਗੀਤਾਂ ਤੋਂ ਲੈ ਕੇ ਦੇਸ਼ ਭਗਤੀ ਦੇ ਗੀਤ, ਉਦਾਸ ਵਿਰਲਾਪ ਤੋਂ ਲੈ ਕੇ ਰੁਮਾਂਸਵਾਦੀ ਗੀਤ, ਗ਼ਜ਼ਲ, ਭਜਨ ਅਤੇ ਕੱਵਾਲੀ ਤੱਕ ਹੱਦਬੰਦੀ ਕੀਤੀ ਸੀ। ਉਹਨਾਂ ਨੂੰ ਫ਼ਿਲਮ ਦੇ ਅਦਾਕਾਰਾਂ ਦੀ ਆਵਾਜ਼ ਨਾਲ ਮਿਲਦੀ ਅਵਾਜ਼ ਵਿੱਚ ਗਾਉਣ ਦੀ ਵਿਲਖਣ ਯੋਗਤਾ ਕਰਕੇ ਜਾਣਿਆ ਜਾਂਦਾ ਸੀ।

Mohammed Rafi Death Anniversary: 10 unknown things about legendary singer  that will blow away your mind | Celebrities News – India TV
ਆਪਣੀ ਜਾਦੂਈ ਆਵਾਜ਼ ਦੇ ਚਲਦਿਆਂ 1950 ਅਤੇ 1970 ਦੇ ਵਿਚਕਾਰ, ਰਫ਼ੀ ਹਿੰਦੀ ਫ਼ਿਲਮ ਇੰਡਸਟਰੀ ਵਿਚ ਸਭ ਤੋ ਵੱਧ ਮੰਗ ਵਾਲੇ ਗਾਇਕ ਸਨ। ਦਿਲੀਪ ਕੁਮਾਰ ਤੋਂ ਲੈ ਕੇ ਅਮਿਤਾਭ ਬੱਚਨ ਤੱਕ ਹਰ ਛੋਟੇ-ਵੱਡੇ ਅਦਾਕਾਰ ਲਈ ਰਫ਼ੀ ਨੇ ਆਪਣੀ ਪਿੱਠਵਰਤੀ ਆਵਾਜ਼ ਮੁਹੱਈਆ ਕਰਵਾਈ। ਇਹੋ ਕਾਰਨ ਹੈ ਕਿ ਰਫ਼ੀ ਦੀ ਮੌਤ ਉਪਰੰਤ ਇਕ ਵਾਰ ਯਾ-ਹੂ ਅਦਾਕਾਰ ਸ਼ਮੀ ਕਪੂਰ ਨੇ ਕਿਹਾ ਸੀ ਕਿ ਅੱਜ ਉਨ੍ਹਾਂ ਦੀ ਆਵਾਜ਼ ਚਲੀ ਗਈ ਹੈ ਅਤੇ ਉਹ ਗੂੰਗੇ ਹੋ ਗਏ ਹਨ।
ਮੁਹੰਮਦ ਰਫ਼ੀ ਆਮ ਤੌਰ ’ਤੇ ਹਿੰਦੀ ਵਿੱਚ ਗਾਣੇ ਗਾਉਣ ਵਾਸਤੇ ਜਾਣੇ ਜਾਂਦੇ ਸੀ, ਜਿਸ ਉੱਪਰ ਉਹਨਾਂ ਨੂੰ ਬਹੁਤ ਮੁਹਾਰਤ ਸੀ। ਉਹਨਾਂ ਨੇ ਕਈ ਭਾਸ਼ਾਵਾਂ ਵਿੱਚ ਗਾਣੇ ਗਾਏ ਜਿਨ੍ਹਾਂ ਵਿੱਚ ਆਸਾਮੀ, ਕੋਕਣੀ, ਭੋਜਪੁਰੀ, ਉੜੀਆ, ਪੰਜਾਬੀ, ਬੰਗਾਲੀ, ਮਰਾਠੀ, ਸਿੰਧੀ, ਕੰਨੜ, ਗੁਜਰਾਤੀ, ਤੇਲਗੂ, ਮਗਾਹੀ, ਮੈਥਲੀ ਅਤੇ ਉਰਦੂ ਸ਼ਾਮਿਲ ਹਨ।
ਭਾਰਤੀ ਭਾਸ਼ਾ ਤੋਂ ਇਲਾਵਾ ਉਹਨਾਂ ਨੇ ਅੰਗਰੇਜ਼ੀ, ਫਾਰਸੀ, ਅਰਬੀ, ਹੈਤੀਆਈ, ਅਤੇ ਡੱਚ ਭਾਸ਼ਾਵਾਂ ਵਿੱਚ ਵੀ ਗਾਣੇ ਗਾਏ ਸਨ। ਇਕ ਵਾਰ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਦੂਜੀਆਂ ਭਾਸ਼ਾਵਾਂ ਵਿਚ ਇੰਨੀ ਨਿਪੁੰਨਤਾ ਨਾਲ ਕਿਵੇਂ ਗਾ ਲੈਂਦੇ ਹਨ ਤਾਂ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਦੂਜੀ ਭਾਸ਼ਾ ਦੇ ਗੀਤਾਂ ਨੂੰ ਉਰਦੂ ਵਿਚ ਲਿਖ ਲੈਂਦੇ ਹਨ ਉਸ ਉਪਰੰਤ ਪੂਰੀ ਤਰ੍ਹਾਂ ਰਿਹਰਸਲ ਕਰਦੇ ਹਨ ਫਿਰ ਉਸ ਗੀਤ ਨੂੰ ਗਾਉਂਦੇ ਹਨ। ਆਪਣੇ ਪੈਂਤੀ ਸਾਲਾਂ ਦੇ ਗਾਇਕੀ ਦੇ ਸਫ਼ਰ ਦੌਰਾਨ ਰਫ਼ੀ ਸਾਹਿਬ ਨੇ ਲਗਭਗ 26000 ਹਜ਼ਾਰ ਗਾਣੇ ਗਾਏ।
ਇਕ ਵਾਰ ਇਕ ਅਖਬਾਰ ਵਿੱਚ ਖ਼ਬਰ ਛਪੀ ਕਿ ਕਿਸੇ ਸ਼ਹਿਰ ਵਿਚ ਇਕ ਫਾਂਸੀ ਦੇ ਮੁਜਰਿਮ ਤੋਂ ਜਦੋਂ ਉਸਦੀ ਆਖਰੀ ਖਾਹਿਸ਼ ਪੁੱਛੀ ਗਈ ਤਾਂ ਉਸ ਨੇ ਕੋਈ ਵੀ ਇੱਛਾ ਜ਼ਾਹਿਰ ਨਹੀਂ ਕੀਤੀ ਜਦੋਂ ਉਸ ਤੋਂ ਦੁਬਾਰਾ ਪੁੱਛਿਆ ਗਿਆ ਤਾਂ ਉਸ ਨੇ ਮੁਹੰਮਦ ਰਫ਼ੀ ਦਾ ਇਕ ਗੀਤ:
“ਓ ਦੁਨੀਆ ਕੇ ਰਖਵਾਲੇ, ਸੁਨ ਦਰਦ ਭਰੇ ਮੇਰੇ ਨਾਲੇ।
ਜੀਵਨ ਅਪਨਾ ਵਾਪਸ ਲੇ ਲੇ, ਜੀਵਨ ਦੇਨੇ ਵਾਲੇ।
ਸੁਣਨ ਦੀ ਤਮੰਨਾ ਜ਼ਾਹਿਰ ਕੀਤੀ ਤਾਂ ਇਸ ਉਪਰੰਤ ਜੇਲ੍ਹ ਵਿਚ ਟੇਪ ਰਿਕਾਰਡਰ ਦਾ ਪ੍ਰਬੰਧ ਕੀਤਾ ਗਿਆ ਅਤੇ ਮੁਹੰਮਦ ਰਫ਼ੀ ਦਾ ਉਕਤ ਰਾਗ ਦਰਬਾਰੀ ਵਿੱਚ ਗਾਇਆ ਗੀਤ ਸੁਣਾ ਕੇ ਮੁਜਰਿਮ ਦੀ ਆਖਰੀ ਇੱਛਾ ਪੂਰੀ ਕਰਨ ਉਪਰੰਤ ਸਜ਼ਾ ਦੇ ਹੁਕਮ ਦੀ ਤਾਮੀਲ ਕੀਤੀ ਗਈ। ਰਫ਼ੀ ਸਾਹਿਬ ਦੀ ਸ਼ਖ਼ਸੀਅਤ ਵਿਚ ਕਿਸ ਕਦਰ ਸਾਦਗੀ ਸੀ, ਇਸ ਦਾ ਅੰਦਾਜ਼ਾ ਅਸੀਂ ਇਸ ਗੱਲ ਤੋਂ ਹੀ ਲਗਾ ਸਕਦੇ ਹਾਂ ਕਿ ਫ਼ਿਲਮ 'ਨਸੀਬ' ਦੇ ਗੀਤ “ਚਲ ਚਲ ਮੇਰੇ ਭਾਈ” ਦੀ ਰਿਕਾਰਡਿੰਗ ਉਪਰੰਤ ਉਨ੍ਹਾਂ ਆਪਣੇ ਘਰ ਆ ਕੇ ਪੁੱਤਰ ਸ਼ਾਹਿਦ ਰਫ਼ੀ ਨੂੰ ਬਹੁਤ ਹੀ ਪੁਰ ਜੋਸ਼ ਅੰਦਾਜ਼ ਵਿਚ ਕਿਹਾ ਕਿ ਪੁੱਤਰ ਤੈਨੂੰ ਪਤਾ ਹੈ ਕਿ ਅੱਜ ਮੈਂ ਆਪਣਾ ਇਕ ਗੀਤ ਅਮਿਤਾਭ ਬੱਚਨ ਨਾਲ ਰਿਕਾਰਡ ਕਰਵਾ ਕੇ ਆਇਆ ਹਾਂ। ਹਾਲਾਂਕਿ ਅਸੀਂ ਸਭ ਜਾਣਦੇ ਹਾਂ ਕਿ ਰਫ਼ੀ ਸਾਹਿਬ ਆਪਣੇ ਆਪ ਵਿੱਚ ਇੱਕ ਮਹਾਨ ਕਲਾਕਾਰ ਸਨ ਪਰ ਇਸ ਦੇ ਬਾਵਜੂਦ ਉਨ੍ਹਾਂ ਦੇ ਦਿਲ ਵਿਚ ਅਮਿਤਾਭ ਬੱਚਨ ਦੀ ਬੇਹੱਦ ਕਦਰ ਸੀ।

On his 95th birth anniversary, we list ten timeless ghazals sung by Mohd  Rafi | Celebrities News – India TV
ਰਫ਼ੀ ਸਾਹਿਬ ਦੇ ਹਿੱਟ ਗੀਤਾਂ ਵਿੱਚੋਂ ਕੁੱਝ ਕੁ ਇਸ ਪ੍ਰਕਾਰ ਹਨ, ਜਿਵੇਂ ਕਿ ‘ਯੇ ਦੁਨੀਆ ਯੇ ਮਹਿਫਲ ਮੇਰੇ ਕਾਮ ਕੀ ਨਹੀਂ’, ,ਕਿਆ ਹੂਆ ਤੇਰਾ ਵਾਅਦਾ, ਵੋ ਕਸਮ ਵੋ ਇਰਾਦਾ’, ‘ਓ ਦੁਨੀਆਂ ਕੇ ਰਖਵਾਲੇ’, ‘ਦਿਲ ਦੀਯਾ ਦਰਦ ਲੀਆ’, ‘ਲਿਖੇ ਜੋ ਖਤ ਤੁਝੇ’, ‘ਐ ਮੁਹੱਬਤ ਜ਼ਿੰਦਾਬਾਦ’, ‘ਚਾਹੂੰਗਾ ਮੈਂ ਤੁਝੇ ਸਾਂਝ ਸਵੇਰੇ’, ‘ਆਦਮੀ ਮੁਸਾਫਿਰ ਹੈ’, ‘ਮੇਰੇ ਦੁਸ਼ਮਨ ਤੂ ਮੇਰੀ ਦੋਸਤੀ ਕੋ ਤਰਸੇ’, ‘ਯੇ ਜ਼ੁਲਫ ਅਗਰ ਖਿਲ ਕੇ’, ‘ਜਾਨ ਜਾਨੀ ਜਨਾਧਨ’, ‘ਨਫ਼ਰਤ ਕੀ ਦੁਨੀਆ ਕੋ ਛੋੜ ਕਰ’, ‘ਮੈਂ ਜੱਟ ਯਮਲਾ ਪਗਲਾ ਦੀਵਾਨਾ’, ‘ਪੱਥਰ ਕੇ ਸਨਮ’, ‘ਬਾਬੁਲ ਕੀ ਦੁਆਏਂ ਲੇਤੀ ਜਾ’, ‘ਚੌਧਵੀਂ ਕਾ ਚਾਂਦ ਹੋ’, ‘ਵਕਤ ਸੇ ਦਿਨ ਔਰ ਰਾਤ’, ਪੰਜਾਬੀ ਗੀਤ ‘ਜੱਗ ਵਾਲਾ ਮੇਲਾ ਯਾਰੋ ਥੋੜ੍ਹੀ ਦੇਰ ਦਾ’, ‘ਚਿੱਟੇ ਦੰਦ ਹੱਸਣੋਂ ਨੀਹੀਂਓ ਰਹਿੰਦੇ’, ‘ਦਾਣਾ ਪਾਣੀ ਖਿੱਚ ਲਿਆਉਂਦਾ’ ਅਤੇ ਧਾਰਮਿਕ ਸ਼ਬਦ ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ’, ‘ਨਾਨਕ ਨਾਮ ਜ਼ਹਾਜ ਹੈ’, ‘ਦੁੱਖ ਭੰਜਨ ਤੇਰਾ ਨਾਮ ਜੀ’, ‘ਜਿਸ ਕੇ ਸਿਰ ਉਪਰ ਤੂੰ ਸੁਆਮੀ’, ‘ਮੈਂ ਤੇਰੇ ਦਰ ਪੇ ਆਇਆ ਹੂੰ’, ‘ਯਾ ਖੁਦਾ ਸੋਈ ਕਿਸਮਤ ਜਗ੍ਹਾ ਦੇ, ਹਰ ਮੁਸਲਮਾਂ ਕੋ ਹਾਜੀ ਬਨ ਦੇ’ ਆਦਿ ਸਾਰੇ ਹੀ ਜ਼ਬਰਦਸਤ ਹਿੱਟ ਰਹੇ। ਰਫ਼ੀ ਸਾਹਿਬ ਨੇ ਛੇ ਫ਼ਿਲਮਫੇਅਰ ਅਵਾਰਡ ਅਤੇ ਇੱਕ ਨੈਸ਼ਨਲ ਫ਼ਿਲਮ ਅਵਾਰਡ ਪ੍ਰਾਪਤ ਕੀਤਾ। 1967 ਵਿੱਚ ਉਨ੍ਹਾਂ ਨੂੰ ਭਾਰਤ ਸਰਕਾਰ ਦੁਆਰਾ ਪਦਮ-ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤੇ ਗਏ।

PunjabKesari
ਆਖਿਰਕਾਰ ਆਵਾਜ਼ ਦੀ ਦੁਨੀਆ ਦਾ ਇਹ ਮਹਾਨ ਸਿਤਾਰਾ (ਹਾਜੀ ਮੁਹੰਮਦ ਰਫ਼ੀ) 31 ਜੁਲਾਈ 1980 ਨੂੰ ਹਾਰਟ ਅਟੈਕ ਕਾਰਨ ਮੁੰਬਈ ਦੇ ਹਸਪਤਾਲ ਵਿੱਚ ਰਾਤੀਂ 10 ਵੱਜ ਕੇ 20 ਮਿੰਟ ’ਤੇ ਇਸ ਫਾਨੀ ਦੁਨੀਆ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਗਿਆ ਅਤੇ ਗਾਇਕੀ ਦੀ ਦੁਨੀਆਂ ਵਿੱਚ ਇੱਕ ਅਜਿਹਾ ਖਲਾਅ ਪੈਦਾ ਕਰ ਗਿਆ ਜਿਸ ਦੀ ਪੂਰਤੀ ਹੋਣੀ ਮੁਮਕਿਨ ਨਹੀਂ। ਬਿਨਾਂ ਸ਼ੱਕ ਕਲਾ ਤੇ ਸੰਗੀਤ ਪ੍ਰੇਮੀਆਂ ਨੂੰ ਉਨ੍ਹਾਂ ਦੀ ਘਾਟ ਹਮੇਸ਼ਾ ਰੜਕਦੀ ਰਹੇਗੀ। ਪਰ ਆਪਣੇ ਬੇ-ਮਿਸਾਲ ਗੀਤਾਂ ਤੇ ਲਾ-ਜਵਾਬ ਹੱਸਮੁਖ ਤੇ ਮਿਲਣਸਾਰ ਸ਼ਖਸੀਅਤ ਕਾਰਨ ਰਫੀ ਸਾਹਿਬ ਹਮੇਸ਼ਾ ਰਹਿੰਦੀ ਦੁਨੀਆਂ ਤੱਕ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਵਿਚ ਜ਼ਿੰਦਾ ਰਹਿਣਗੇ। ਸ਼ਾਇਦ ਇਸੇ ਲਈ ਮੁਹੰਮਦ ਰਫੀ ਨੇ ਆਪਣੇ ਗਾਏ ਗੀਤ ਵਿੱਚ ਕਿਹਾ ਸੀ:
ਤੁਮ ਮੁਝੇ ਯੂੰ ਭੁਲਾ ਨਾ ਪਾਓਗੇ,
ਜਬ ਕਭੀ ਭੀ ਸੁਨੋਗੇ ਗੀਤ ਮੇਰੇ,
ਸੰਗ-ਸੰਗ ਤੁਮ ਭੀ ਗੁਨ-ਗੁਨਾਉਗੇ।

 

ਲੇਖਕ :ਅੱਬਾਸ ਧਾਲੀਵਾਲ, 

ਮਲੇਰਕੋਟਲਾ। 

ਸੰਪਰਕ ਨੰਬਰ 9855259650 

Abbasdhaliwal72@gmail.com 


author

Aarti dhillon

Content Editor

Related News