ਕਾਜੀ ਨੂਰ ਮੁਹੰਮਦ ਅਤੇ ਉਸਦਾ ਜੰਗਨਾਮਾ
Sunday, Jul 04, 2021 - 04:22 PM (IST)
ਮਾਸਟਰ ਸਤਵੀਰ ਸਿੰਘ ਚਾਨੀਆਂ
9256973526
ਸ. ਕਰਮ ਸਿੰਘ ਹਿਸਟੋਰਿਅਨ ਲਿਖਦੇ ਹਨ, "ਫਰਵਰੀ 1906 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਕ ਗੁਰਦੁਆਰਾ ਸਾਹਿਬ ਦੀ ਖੋਜ ਵਿੱਚ ਮੈਂ ਕੀਚ ਮਕਰਾਨ ਵੱਲ ਗਿਆ। ਮੁੜਿਦਆਂ ਸਿੰਧ ਵੱਲ ਆਉਣ ’ਤੇ ਮੈਨੂੰ ਸੁੰਧਕ ਲੱਗੀ ਕਿ ਖ਼ਾਨ ਕਲਾਤ ਪਾਸ ਇਕ ਅਜਿਹੀ ਪੁਰਾਣੀ ਪੁਸਤਕ ਹੈ, ਜਿਸ ’ਚ ਸਿੰਘਾਂ ਦੇ ਬਹੁਤ ਸਾਰੇ ਹਾਲ ਦਰਜ ਹਨ। ਮੈਂ ਸਿੱਧਾ ਰਾਏ ਬਹਾਦਰ ਸ. ਸਾਧੂ ਸਿੰਘ ਪਾਸ ਸਿੱਬੀ ਪੁੱਜਾ ਅਤੇ ਉਨ੍ਹਾਂ ਦੇ ਸਹਿਯੋਗ ਨਾਲ ਕੋਇਟੇ ਜਾ ਕੇ ਮਾਰਚ 1906 ’ਚ ਇਸ ਜੰਗ ਨਾਮੇ ਦੀ ਨਕਲ ਕਰ ਲਈ।"
ਇਕ ਦਿਨ ਮੁਹੰਮਦ ਨਸੀਰ ਖਾਂ ਬਲੋਚ (1750-95) ਆਪਣੀ ਰਾਜਧਾਨੀ ਕਲਾਤ ਵਿੱਚ ਬੈਠਾ ਮਜਿਲਸ ਵਿਚ ਹੱਜ ’ਤੇ ਜਾਣ ਦੀ ਵਿਚਾਰ ਕਰ ਰਿਹਾ ਸੀ। ਉਸ ਵਕਤ ਇਕ ਦਰਬਾਨ ਆਇਆ ਅਤੇ ਕਿਹਾ ਕਿ ਹੁਣੇ ਡੇਰੇ (ਡੇਰਾ ਇਸਮਾਇਲ ਖਾਂ- ਡੇਰਾ ਗਾਜ਼ੀ ਖਾਂ) ਤੋਂ ਖ਼ਬਰ ਆਈ ਹੈ ਕਿ ਬੇਦੀਨ ਸਿੱਖਾਂ ਨੇ ਲਾਹੌਰੋਂ ਡੇਰੇ ਤਕ ਸਾਰਾ ਦੇਸ਼ ਗਾਹ ਮਾਰਿਆ ਹੈ ਅਤੇ ਮਸੀਤਾਂ ਢਾਹ ਦਿੱਤੀਆਂ ਹਨ। ਇਹ ਸੁਣ ਕੇ ਖ਼ਾਨ ਜੋਸ਼ ਵਿੱਚ ਆਇਆ ਅਤੇ ਬੋਲਿਆ,"ਹੈਫ਼ ਇਨ੍ਹਾਂ ਕਾਫ਼ਰਾਂ ਦੀ, ਮੋਮਨਾਂ ਉਤੇ ਜ਼ੋਰ ਪੈ ਗਿਆ, ਜੋ ਦੇਸ਼ ਅੱਗੇ ਦਾਰੁਲ ਇਸਲਾਮ (ਇਸਲਾਮ ਦਾ ਘਰ) ਸੀ, ਉਹ ਹੁਣ ਦਾਰੁਲ ਹਰਬ (ਗੈਰ ਇਸਲਾਮ ਘਰ) ਬਣ ਗਿਆ ਹੈ। ਇਸ ਲਈ ਪਹਿਲਾਂ ਮੇਰੇ ਲਈ ਇਹ ਜ਼ਰੂਰੀ ਬਣ ਗਿਆ ਹੈ ਕਿ ਪਹਿਲਾਂ ਉਨ੍ਹਾਂ ਕਾਫ਼ਰਾਂ ’ਤੇ ਤਲਵਾਰ ਝਾੜਾਂ ਅਤੇ ਉਨ੍ਹਾਂ ਦੇ ਸਿਰਾਂ ’ਚੋਂ ਮਿੱਝ ਕੱਢਾਂ। ਇਸ ਸਬੰਧੀ ਅਹਿਮਦ ਸ਼ਾਹ ਦੁਰਾਨੀ ਨਾਲ ਵੀ ਖਤੋ ਕਿਤਾਬਤ ਹੋਇਆ। ਹਰ ਪਾਸੇ ਨਸੀਰ ਖਾਂ ਵਲੋਂ ਜਹਾਦ ਵਾਸਤੇ ਨੌਜਵਾਨਾਂ ਨੂੰ ਇਕੱਠੇ ਹੋਣ ਲਈ ਸੁਨੇਹੇ ਭੇਜੇ ਗਏ।
ਇਹ ਅਹਿਮਦ ਸ਼ਾਹ ਅਬਦਾਲੀ ਦਾ 1764-65 ਵਿਚ ਭਾਰਤ ਉਪਰ 7ਵਾਂ ਹਮਲਾ ਸੀ। ਇਨ੍ਹਾਂ ਫੌਜਾਂ ਵਿਚ ਹੀ ਚਿੱਟੀ ਦਾੜ੍ਹੀ ਵਾਲਾ ਕਾਜ਼ੀ ਨੂਰ ਮੁਹੰਮਦ ਵਲਦ ਕਾਜ਼ੀ ਅਬਦੁਲ ਕਿਲਵਾੜ ਵਸਨੀਕ ਗੁੰਜਾਬੇ (ਬਲੋਚਿਸਤਾਨ) ਵੀ ਨਸੀਰ ਖਾਂ ਬਲੋਚ ਦੇ ਫੌਜੀ ਦਸਤੇ ਵਿਚ ਕਲਾਤ ਤੋਂ ਚੱਲ ਕੇ ਅਗਲੇ ਪੜਾਅ ਗੰਜਾਬੇ ਸਮੇਂ ਗਾਜ਼ੀ ਦੇ ਰੂਪ ਵਿੱਚ ਸ਼ਾਮਲ ਹੋਇਆ, ਜੋ 12000 ਬਲੋਚੀ ਯੋਧਿਆਂ ਦੀ ਆਪਣੀ ਫੌਜ ਲੈ ਕੇ ਅਹਿਮਦ ਸ਼ਾਹ ਨਾਲ ਹਮ ਰਾਹ ਹੋਇਆ ਸੀ। ਦੁਰਾਨੀ ਦੀਆਂ ਫੌਜਾਂ ਵਲੋਂ 10 ਮਹੀਨੇ ਤੱਕ ਦੀ ਫੌਜੀ ਮੁਹਿੰਮ ਦੌਰਾਨ ਹੋਈਆਂ ਘਟਨਾਵਾਂ ਦਾ ਹਾਲ ਵਾਪਸੀ ਵੇਲੇ ਕਲਾਤ ਪੁੱਜਣ ’ਤੇ, ਨਸੀਰ ਖ਼ਾਂ ਦੇ ਕਹਿਣ ’ਤੇ ਕਾਜ਼ੀ ਨੂਰ ਮੁਹੰਮਦ ਨੇ ਜੰਗਨਾਮਾ ਦੇ ਰੂਪ ਵਿੱਚ ਲਿਖਿਆ। ਇਸ ਵਿਚ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਚੜ੍ਹਤ ਸਿੰਘ ਦੀ ਲਾਹੌਰ ਨੇੜੇ ਬਲੋਚਾਂ ਨਾਲ ਝੜਪ, ਅੰਬਰਸਰ ਵਿਚ ਬਲੋਚ ਫੌਜਾਂ ਨਾਲ ਗੁਰਬਖਸ਼ ਸਿੰਘ ਸ਼ਹੀਦ ਭੰਗੀ ਮਿਸਲ ਦੇ ਜਥੇ ਦੀ ਝੜਪ ਅਤੇ ਗੁਰਬਖਸ਼ ਸਿੰਘ ਦੀ 30 ਸਾਥੀਆਂ ਸਮੇਤ ਸ਼ਹੀਦੀ ਦਾ ਜ਼ਿਕਰ ਹੈ। ਅਹਿਮਦ ਸ਼ਾਹ ਅੱਗੇ ਸਰਹੰਦ ਤੱਕ ਵਧਿਆ ਅਤੇ ਮਹਾਰਾਜਾ ਆਲਾ ਸਿੰਘ ਫੁਲਕੀਆਂ ਮਿਸਲ ਨੂੰ ਰਾਜਗੀ ਦਾ ਖਿਤਾਬ ਦੇ ਕੇ ਲਾਹੌਰ ਵੱਲ ਮੁੜਿਆ ਤਾਂ ਸਿੰਘਾਂ ਫਿਲੋਰ ਅਤੇ ਤਲਵਣ ਦੇ ਪੱਤਣ ’ਤੇ ਨਾਕਾ ਲਾ ਲਿਆ ਪਰ ਅਬਦਾਲੀ ਝਕਾਨੀ ਦੇ ਕੇ ਰੋਪੜ ਕੋਲੋਂ ਸਤਲੁਜ ਉਰਾਰ ਹੋਇਆ ਪਰ ਖਾਲਸਾ ਫੌਜਾਂ ਫਿਰ ਅਬਦਾਲੀ ਨੂੰ ਜਾ ਘੇਰਿਆ ਅਤੇ ਬਿਸਤ ਦੁਆਬ 'ਚ ਹੀ ਅਬਦਾਲੀ ਨੂੰ ਹਫ਼ਤਾ ਭਰ ਸਿੰਘਾਂ ਚੰਗੀ ਟਕੱਰ ਦਿੱਤੀ। ਮਜਬੂਰ ਹੋ ਕੇ ਅੰਤ ਅਹਿਮਦ ਸ਼ਾਹ ਵਾਪਸ ਰੁਹਤਾਸ ਪੁੱਜਾ। ਉਥੇ ਹੀ ਅਹਿਮਦ ਸ਼ਾਹ ਅਤੇ ਨਸੀਰ ਖਾਨ ਆਪਣੇ ਇਲਾਕਿਆਂ 'ਚ ਚਲੇ ਗਏ।
ਜੰਗਨਾਮਾ ਛੋਟੇ-ਛੋਟੇ 55 ਅਧਿਆਏ ਵਿਚ ਵੰਡਿਆ ਹੋਇਆ ਹੈ। ਪਹਿਲੇ 6 ਭਾਗ ਅੱਲਾਹ, ਹਜ਼ਰਤ ਮੁਹੰਮਦ ਸਾਹਿਬ, ਅਹਿਮਦ ਸ਼ਾਹ ਦੁਰਾਨੀ ਅਤੇ ਮੀਰ ਨਸੀਰ ਖਾਨ ਦੀ ਸਿਫ਼ਤ ਸਲਾਹ ਅਤੇ ਯੁੱਧਾਂ ਦੇ ਅੱਖੋਂ ਦੇਖੇ ਹਾਲ ਨਸ਼ਰ ਕੀਤੇ ਗਏ ਹਨ। ਭਾਗ 41 ਅਤੇ 42 ਵਿੱਚ ਵਿਸ਼ੇਸ਼ ਕਰ ਸਿੱਖ ਇਤਿਹਾਸ ਦਾ ਜ਼ਿਕਰ ਹੈ। ਇਸ ਵਿੱਚ ਸਿੱਖਾਂ ਦੀ ਬਹਾਦਰੀ ਅਤੇ ਉਚੇ ਕਿਰਦਾਰ ਦਾ ਜ਼ਿਕਰ ਹੈ।
ਕਾਜ਼ੀ ਨੂਰ ਮੁਹੰਮਦ ਸਿੱਖ ਧਰਮ ਬਾਰੇ ਲਿਖਦੇ ਹਨ, "ਸਿੱਖ ਉਸ ਧਾਰਿਮਕ ਬਿਰਤੀ ਵਾਲੇ ਇਨਸਾਨ ਦੇ ਪੈਰੋਕਾਰ ਹਨ, ਜੋ ਚੱਕ (ਅੰਬਰਸਰ) ਵਿੱਚ ਰਹਿੰਦਾ ਸੀ। ਉਸ ਦੇ ਪਿੱਛੇ ਉਸ ਦਾ ਅਗਲਾ ਗੱਦੀ ਨਸ਼ੀਨ ਗੋਬਿੰਦ ਸਿੰਘ ਹੋਇਆ, ਜਿਸ ਤੋਂ ਸਿੱਖਾਂ ਵਿਚ ਸਿੰਘ ਦਾ ਖਿਤਾਬ ਸ਼ੁਰੂ ਹੋਇਆ। ਇਹ ਕੁੱਤੇ ਹਿੰਦੂਆਂ ਵਿਚੋਂ ਨਹੀਂ ਹਨ। ਇਨ੍ਹਾਂ ਬੁਰੇ ਲੋਕਾਂ ਦਾ ਰਸਤਾ ਵੱਖਰਾ ਹੈ।" ਅੱਗੇ ਚੱਲ ਕੇ ਉਹ ਸਿੱਖਾਂ ਦੇ ਕਾਬਜ ਸਥਾਨਾਂ ਬਾਰੇ ਲਿਖਦਾ ਹੈ ਕਿ ਸਾਰਾ ਮੱਧ ਪੰਜਾਬ ਰੁਹਤਾਸ ਤੋਂ ਦੀਪਾਲਪੁਰ ਅਤੇ ਮੁਲਤਾਨ ਤੋਂ ਸਰਹਿੰਦ ਤੱਕ ਕਬਜ਼ੇ ਵਿੱਚ ਹੈ ਪਰ ਉਹ ਡੇਰਾ ਜਾਤ ਤੱਕ ਟੈਕਸ ਉਗਰਾਹ ਲੈਂਦੇ ਹਨ ਕਿਸੇ ਤੋਂ ਡਰਦੇ ਨਹੀਂ।
ਇਨ੍ਹਾਂ ਸਤਰਾਂ ਦੇ ਲੇਖਕ ਵਲੋਂ ਇਥੇ ਕਾਜ਼ੀ ਨੂਰ ਮੁਹੰਮਦ ਦੀ ਸਿੱਖਾਂ ਪ੍ਰਤੀ ਮਸ਼ਹੂਰ ਨਜ਼ਮ ਦਾ ਉਸੇ ਬਹਿਰ ’ਚ ਕੀਤਾ ਗਿਆ, ਪੰਜਾਬੀ ਰੁਪਾਂਤ ਪੇਸ਼ ਕੀਤਾ ਜਾਂਦਾ ਹੈ, ਜੋ ਜੰਗਨਾਮਾ ਦੇ 41ਵੇਂ ਭਾਗ ਵਿੱਚ ਨਸ਼ਰ ਕੀਤੀ ਗਈ ਹੈ।
1- ਸਿੱਖ ਕੁੱਤੇ ਨਹੀਂ ਕਿ ਹਨ ਉਹ ਸ਼ੇਰ
ਜੰਗ ਵਿਚ ਜੂਝਦੇ ਕਿ ਉਹ ਮਰਦ ਦਲੇਰ
2- ਜ਼ੰਗੀ ਸ਼ੇਰ ਹੋ ਸਕਦੇ ਕਿਵੇਂ ਕੁੱਤੇ
ਗਾਜ਼ੀਆਂ ਨੂੰ ਮਾਰਦੇ ਰਣੀ ਨਾ ਸੁੱਤੇ
3- ਜੇ ਤੈਨੂੰ ਹੁਨਰ ਦੇਖਣ ਦਾ ਹੈ ਚਾਅ
ਫੜ ਤਲਵਾਰ ਤੇ ਸਿੱਖਾ ਜੰਗ ਵਿਚ ਜਾਅ
4- ਦਿਖਾਉਣਗੇ ਜੰਗ ਵਿਚ ਐਸੇ ਹੱਥ
ਵਾਹ-ਵਾਹ ਖੱਟਣ ਗੇ ਯੋਧੇ ਸਿਰਲੱਥ
5- ਸਿਖਣਾ ਚੌਦੈਂ ਜੇ ਹੁਨਰ ਯੁਧਵਾਰ ਦੇ
ਜਾ ਉਨ੍ਹਾਂ ਪਾਸ ਐ ਧਨੀ ਤਲਵਾਰ ਦੇ
6- ਤੂੰ ਜਾਣਦੈਂ ਸਿੰਘ ਮਤਲਬ, ਸ਼ੇਰ ਹੈ
ਫਿਰ ਕੁੱਤੇ ਕਹਿਣਾ ਇਨਸਾਫ਼ ਨਾ,ਨੇਰ ਹੈ
7- ਯੁੱਧ ਕਲਾ ਤੋਂ ਉਪਰ ਇਕ ਗਲ ਹੋਰ ਹੈ
ਹੋਰ ਵੀ ਇਕ ਵੱਖਰੀ ਕਲਾ ਦਾ ਜ਼ੋਰ ਹੈ
8- ਉਹ ਜੰਗ ਵਿਚ ਬੁਜ਼ਦਿਲ ਨੂੰ ਨਾ ਮਾਰ ਦੇ
ਬੇਝਿਜਕ ਨੱਠ ਜਾਣ ਜੰਗ ਵਿਚ ਜੋ ਹਾਰ ਦੇ
9- ਧੰਨ ਦੌਲਤ ਨਾ ਕਿਸੇ ਦੀ ਉਹ ਮਾਣ ਦੇ
ਰਾਣੀ ਨੌਕਰਾਣੀ ਨੂੰ ਬੀਬੀ ਜਾਣ ਦੇ
10- ਵਿਭਚਾਰ ਨਾ ਬਦਕਾਰੀ ਦੀ ਆਦਤ
ਜ਼ੁਬਾਨ ਦੇ ਸਾਫ਼ ਹਨ ਤੇ ਦਿਲ ਦੇ ਸਾਦਕ
11- ਜਨਾਨੀ ਹੋਵੇ ਜਵਾਂ ਜਾਂ ਫਿਰ ਬੁੱਢੀ
ਦੇਖਦੇ ਇਸ ਨਜ਼ਰ ਕਹਿਣ ਕਿ ਬੁੱਢੀ
12- ਚੋਰੀ ਦੀ ਆਦਤ ਨਾ ਦਿਲ 'ਚ ਕਿ ਖੋਟ
ਇਨ੍ਹਾਂ ਦੇ ਅੰਦਰ ਨਾ ਬਾਹਰ ਹੈ ਚੋਰ
13- ਵਿਭਚਾਰਾਂ ਚੋਰਾਂ ਨੂੰ ਆਖਣ ਮੰਦੇ
ਭਲੇ ਹੋਰ ਕੰਮਾਂ ਲਈ ਨਾ ਹੋਵਣ ਚੰਗੇ