ਸੁਪਨਿਆਂ ਦੇ ਸੌਦਾਗਰ ‘ਪੰਜਾਬੀ’
Wednesday, Jun 24, 2020 - 06:26 PM (IST)

ਪੰਜਾਬੀ ਬਹੁਤ ਬਹਾਦਰ ਕੌਮ ਹੈ। ਪੰਜਾਬ ਦੇ ਲੋਕ ਕਦੇ ਇੱਕ ਦਾਇਰੇ ਵਿੱਚ ਬੰਦ ਹੋ ਕੇ ਨਹੀਂ ਰਹੇ, ਉਹ ਦੁਨੀਆਂ ਦੇ ਹਰ ਕੋਨੇ ਵਿੱਚ ਜਾ ਕੇ ਵਸਦੇ ਹਨ। ਫਿਰ ਚਾਹੇ ਰੁਜ਼ਗਾਰ ਲਈ ਹੋਵੇ, ਵਪਾਰ ਲਈ ਹੋਵੇ ਜਾਂ ਮਨੋਰੰਜਨ ਲਈ। ਬਹਾਦਰ ਕੌਮ ਹੋਣ ਕਰਕੇ ਅਮਰੀਕਾ ਦੀ ਫੌਜ ਵਿਚ ਵਿਸ਼ਵ ਯੁੱਧਾਂ ਵਿੱਚ ਲੜਦੇ ਰਹੇ। ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਜੰਗ ਤੋਂ ਬਾਅਦ ਉਥੇ ਵਸ ਵੀ ਗਏ। ਹਰੀ ਕ੍ਰਾਂਤੀ ਨੇ ਇਕ ਵਾਰ ਪੰਜਾਬ ਵਿੱਚੋਂ ਪਰਵਾਸ ਨੂੰ ਠੰਢ ਪਾਈ। ਖੇਤੀ ਅਤੇ ਸਹਾਇਕ ਧੰਦਿਆਂ ਨੇ ਪੰਜਾਬ ਨੂੰ ਖੁਸ਼ਹਾਲ ਬਣਾਇਆ ਪਰ ਉਨ੍ਹਾਂ ਦਿਨਾਂ ਵਿੱਚ ਵੀ ਦੁਆਬੇ ਤੋਂ ਬਹੁਤ ਸਾਰੇ ਲੋਕ ਦੁਨੀਆਂ ਦੇ ਅਲਗ-ਅਲਗ ਦੇਸ਼ਾਂ ਵਿੱਚ ਪਰਵਾਸ ਕਰਦੇ ਰਹੇ। ਮੇਰੇ ਜਮਾਤੀ ਵੀ ਡਾਕਟਰੀ ਦੀ ਪੜ੍ਹਾਈ ਕਰਨ ਤੋਂ ਬਾਅਦ ਅਮਰੀਕਾ ਅਤੇ ਕੈਨੇਡਾ ਜਾ ਵਸੇ, ਜਿਥੇ ਉਹ ਬਹੁਤ ਖੁਸ਼ਹਾਲ ਹਨ।
ਹੁਣ ਪਿਛਲੇ ਛੇ ਸੱਤ ਸਾਲਾਂ ਤੋਂ ਪੰਜਾਬ ਵਿੱਚੋਂ ਪਰਵਾਸ ਦਾ ਇਕ ਨਵਾਂ ਦੌਰ ਆਇਆ ਹੈ। ਪਰਿਵਾਰ ਛੋਟੇ ਹੋ ਗਏ। ਇੱਕ ਜਾਂ ਦੋ ਬੱਚੇ ਹੋਣ ਕਾਰਨ ਮਾਂ-ਬਾਪ ਆਪਣੇ ਬੱਚਿਆਂ ਲਈ ਸਭ ਤੋਂ ਵਧੀਆ ਪੜ੍ਹਾਈ ਅਤੇ ਨੌਕਰੀ ਚਾਹੁੰਦੇ ਹਨ। ਜਦੋਂ ਪੰਜਾਬ ਵਿਚ ਨੌਕਰੀਆਂ ਦਾ ਕਾਲ ਪੈ ਗਿਆ ਤਾਂ ਉਨ੍ਹਾਂ ਨੇ ਏਜੰਟਾਂ ਦੀ ਮਦਦ ਨਾਲ ਆਪਣੇ ਬੱਚਿਆਂ ਨੂੰ ਪੜਾਈ ਲਈ ਬਾਹਰ ਭੇਜਣਾ ਸ਼ੁਰੂ ਕਰ ਦਿੱਤਾ। ਇਸ ਕਰਕੇ ਪਰਵਾਸ ਨਾਲ ਸਬੰਧਤ ਧੰਦਿਆਂ ਦੀਆਂ ਦੀਆਂ ਦੁਕਾਨਾਂ ਗਲੀ-ਗਲੀ ਖੁੱਲ੍ਹ ਗਈਆਂ। ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ ਵਿੱਚ ਪਰਵਾਸ ਦੇ ਕਾਨੂੰਨ ਕਾਫੀ ਨਰਮ ਹਨ। ਏਜੰਟਾਂ ਦੀ ਦੱਸੀ ਹੋਈ ਰਕਮ ਨੂੰ ਮਾਪੇ ਕਰਜ਼ਾ ਲੈ ਕੇ, ਜ਼ਮੀਨ ਵੇਚ ਕੇ ਜਾਂ ਕਿਸੇ ਹੋਰ ਤਰੀਕੇ ਭਰ ਦਿੰਦੇ ਹਨ ਤਾਂ ਕਿ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋ ਸਕੇ।
ਚੀਨ ਨਾਲੋਂ ਵਪਾਰਕ ਸਾਂਝ ਤੋੜਨਾ ਭਾਰਤ ਲਈ ਸਿੱਧ ਹੋਵੇਗਾ ਨੁਕਸਾਨ ਦੇਹ, ਸੁਣੋ ਇਹ ਵੀਡੀਓ
ਆਈਲੈਟਸ ਦੇ ਟ੍ਰੇਨਿੰਗ ਸੈਂਟਰ ਸੈਂਕੜਿਆਂ ਦੀ ਗਿਣਤੀ ਵਿੱਚ ਖੁੱਲ੍ਹ ਗਏ। ਇਹ ਸਾਰੀ ਸੁਪਨਿਆਂ ਦੇ ਸੌਦਾਗਰ ਹੀ ਤਾਂ ਹਨ। ਮਸ਼ਹੂਰੀ ਇੰਨੀ ਕਰਦੇ ਹਨ, ਗਰੰਟੀ ਇਨੀ ਦਿੰਦੇ ਹਨ ਕਿ ਮਾਂ-ਪਿਓ ਭੰਬਲਭੂਸੇ ਵਿੱਚ ਪੈ ਕੇ ਦਸਵੀਂ ਜਾਂ ਬਾਰ੍ਹਵੀਂ ਤੋਂ ਬਾਅਦ ਆਪਣੇ ਬੱਚਿਆਂ ਨੂੰ ਇਨ੍ਹਾਂ ਕੇਂਦਰਾਂ ਵਿੱਚ ਦਾਖਲ ਕਰਵਾ ਦਿੰਦੇ ਹਨ। ਹੁਣ ਜਿਹੜੇ ਬੱਚਿਆਂ ਨੇ ਸਕੂਲ ਵਿੱਚ ਛੁੱਟੀ ਦੀ ਅਰਜ਼ੀ ਵੀ ਅੰਗਰੇਜ਼ੀ ਵਿੱਚ ਨਹੀਂ ਸੀ ਲਿਖੀ, ਆਈਲੈਟਸ ਵਿਚ ਸੱਤ ਬੈਂਡ ਲੈਣ ਦੀ ਚਾਹਤ ਕਰਨ ਲੱਗਦੇ ਹਨ।
ਮੇਰੇ ਦੋਸਤ ਕੈਨੇਡਾ ,ਆਸਟਰੇਲੀਆ, ਅਮਰੀਕਾ ਵਿੱਚ ਰਹਿੰਦੇ ਹਨ। ਉਹ ਮੈਨੂੰ ਦੱਸਦੇ ਹਨ ਕਿ ਜਦੋਂ ਇਹ ਬੱਚੇ ਉਥੇ ਪਹੁੰਚਦੇ ਹਨ ਤਾਂ ਉਨ੍ਹਾਂ ਦਾ ਕੀ ਹਾਲ ਹੁੰਦਾ ਹੈ। ਯੂਨੀਵਰਸਿਟੀਆਂ ਦੇ ਨਾਂ ’ਤੇ ਪੜ੍ਹਾਈ ਦੀਆਂ ਦੁਕਾਨਾਂ ਖੋਲ੍ਹ ਕੇ ਰੱਖੀਆਂ ਹੋਈਆਂ ਹਨ। ਗੁਜ਼ਾਰੇ ਲਈ ਮੁੰਡੇ-ਕੁੜੀਆਂ ਛੋਟੀਆਂ-ਛੋਟੀਆਂ ਦੁਕਾਨਾਂ, ਹੋਟਲਾਂ ’ਤੇ ਨੌਕਰੀ ਕਰਦੇ ਹਨ। ਉਨ੍ਹਾਂ ਦੇ ਹਵਾਈ ਮਹਿਲ ਪਹਿਲੇ ਛੇ ਮਹੀਨਿਆਂ ਵਿਚ ਹੀ ਚਕਨਾਚੂਰ ਹੋ ਜਾਂਦੇ ਹਨ। ਪਿੱਛੇ ਮਾਪਿਆਂ ਨੂੰ ਇਸ ਦੇ ਬਾਰੇ ਕੁਝ ਨਹੀਂ ਦੱਸਦੇ ਤਾਂ ਕਿ ਉਹ ਉਦਾਸ ਨਾ ਹੋ ਜਾਣ। ਹੁਣ ਲੱਖਾਂ ਵਿਦਿਆਰਥੀਆਂ ਨੂੰ ਨਾਗਰਿਕਤਾ ਕਿਹੜਾ ਦੇਸ਼ ਦੇ ਸਕਦਾ ਹੈ।
ਗਲਵਾਨ ਘਾਟੀ ਦੇ ਯੋਧੇ : ‘ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ’
ਜ਼ਰਾ ਸੋਚੋ ਇਕ 18 ,19 ਵਰ੍ਹੇ ਦੇ ਲੜਕੇ ਜਾਂ ਲੜਕੀ ਦੀ ਹਾਲਤ ਜੋ ਕਿ ਘਰ ਤੋਂ ਹਜ਼ਾਰਾਂ ਮੀਲ ਦੂਰ ਇੱਕ ਨਵੇਂ ਮੁਲਕ ਵਿੱਚ ਆਪਣੀ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਰਕਾਰ ਵੀ ਇਸ ਸਾਰੇ ਧੰਦੇ ਬਾਰੇ ਜਾਣੂੰ ਹੈ। ਕਈ ਏਜੰਟ ਲੋਕਾਂ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਚੁੱਕੇ ਹਨ। ਸਰਕਾਰ ਨੇ ਬਲੈਕ ਲਿਸਟ ਵੀ ਕੀਤੇ ਹਨ। ਉਧਰ ਪੰਜਾਬ ਵਿਚ ਪਿਛਲੇ ਦਹਾਕਿਆਂ ਵਿੱਚ ਖੁੱਲ੍ਹੀ ਤਕਨੀਕੀ ਅਤੇ ਹੋਰ ਵਿਦਿਅਕ ਸੰਸਥਾਵਾਂ ਮੁਸ਼ਕਲ ਵਿੱਚ ਹਨ। ਅੱਧੀਆਂ ਸੀਟਾਂ ਵੀ ਨਹੀਂ ਭਰਦੀਆਂ। ਇਸ ਊਣਤਾਈ ਨੂੰ ਠੀਕ ਕਰਨ ਲਈ ਸਖ਼ਤ ਕਦਮ ਚੁੱਕਣੇ ਪੈਣਗੇ। ਉੱਚ ਵਿਦਿਆ ਖੇਤਰ ਨੂੰ ਸੁਧਾਰਨਾ ਪਵੇਗਾ। ਸਕੂਲ ਤੋਂ ਬਾਅਦ ਕਿੱਤਾ ਮੁਖੀ ਸਿੱਖਿਆ ’ਤੇ ਜ਼ੋਰ ਦੇਣਾ ਪਏਗਾ ਤਾਂ ਕੀ ਸਿੱਖਿਆ ਤੇ ਨੌਕਰੀ ਦਾ ਸੁਮੇਲ ਹੋ ਸਕੇ ।
ਲੋਕਾਂ ਨੂੰ ਜਾਣਕਾਰੀ ਪਹੁੰਚਾਉਣ ਦੀ ਲੋੜ ਹੈ। ਸਹੀ ਤਸਵੀਰ ਸਾਹਮਣੇ ਆਉਣੀ ਚਾਹੀਦੀ ਹੈ। ਭਾਰਤ ਇਕ ਵਿਕਾਸਸ਼ੀਲ ਦੇਸ਼ ਹੈ। ਇਸਨੂੰ ਅੱਗੇ ਵਧਣ ਲਈ ਆਪਣੇ ਨੌਜਵਾਨਾਂ ਦੀ ਲੋੜ ਹੈ। ਜੇ ਨੌਜਵਾਨ ਪੀੜ੍ਹੀ ਇਹ ਫੈਸਲਾ ਕਰ ਲਵੇ ਕਿ ਅਸੀਂ ਆਪਣੇ ਦੇਸ਼ ਵਿੱਚ ਹੀ ਰਹਿਣਾ ਹੈ ਤੇ ਇਸ ਨੂੰ ਬੁਲੰਦੀਆਂ ਤੇ ਲੈ ਕੇ ਜਾਣਾ ਹੈ ਤਾਂ ਦੁਨੀਆਂ ਦੀ ਕੋਈ ਵੀ ਤਾਕਤ ਭਾਰਤ ਨੂੰ ਮਹਾਨ ਬਣਨ ਤੋਂ ਨਹੀਂ ਰੋਕ ਸਕਦੀ।
ਕਾਲੇ ਹੋਏ ਭਾਂਡਿਆਂ ਨੂੰ ਮੁੜ ਤੋਂ ਚਮਕਾਉਣ ਲਈ ਵਰਤੋ ਇਹ ਨੁਸਖ਼ੇ, ਹੋਣਗੇ ਲਾਹੇਵੰਦ ਸਿੱਧ
ਡਾਕਟਰ ਅਰਵਿੰਦਰ ਸਿੰਘ ਨਾਗਪਾਲ
9815177324