ਗਿਆਨ ਦੀ ਮਹਿਕ ਵੰਡਣ ਵਾਲਾ ਵਣਜਾਰਾ ਪ੍ਰੋ.ਅਛਰੂ ਸਿੰਘ

05/28/2021 1:28:46 PM

ਕਦੀ ਸੁਣਿਆ ਜਾਂ ਵੇਖਿਆ ਹੈ ਕਿ ਕਿਸੇ ਵਿਅਕਤੀ ਨੇ ਰੇਤਲੇ ਟਿੱਬਿਆਂ, ਉਡਦੀਆਂ ਗਰਦਾਂ, ਉਘੜ ਦੁਘੜੇ ਕੱਚੇ ਕਾਹੀ ਵਾਲੇ ਪੈਂਡਿਆਂ ਵਿਚੋਂ ਲੰਘਕੇ ਅਤੇ ਬਿਨਾਂ ਬਿਜਲੀ ਦੇ ਪਿੰਡ ਵਿਚੋਂ ਪੜ੍ਹਕੇ ਮਿਹਨਤ ਨਾਲ ਗਿਆਨ ਪ੍ਰਾਪਤ ਕੀਤਾ ਹੋਵੇ ਅਤੇ ਫਿਰ ਆਪਣੇ ਗਿਆਨ ਦੀ ਰੌਸ਼ਨੀ ਨਾਲ ਚਾਨਣ ਦੀਆਂ ਰਿਸ਼ਮਾਂ ਖਿਲਾਰਕੇ ਵਿੱਦਿਅਕ ਖੇਤਰ ਵਿਚ ਆਪਣੀ ਕਾਬਲੀਅਤ ਦਾ ਸਿੱਕਾ ਜਮਾਇਆ ਹੋਵੇ। ਮੋਤੀ ਨੂੰ ਲੱਭਣ ਦੀ ਲੋੜ ਨਹੀਂ ਹੁੰਦੀ, ਉਸਦੀ ਚਮਕ ਦਮਕ ਆਪਣੇ ਆਪ ਆਪਣੀ ਅਹਿਮੀਅਤ ਦਰਸਾ ਦਿੰਦੀ ਹੈ। ਅਜਿਹਾ ਹੀ ਇਕ ਮੋਤੀ ਰੇਤਲਿਆਂ ਟਿੱਬਿਆਂ ਤੇ ਉੜਦੀਆਂ

ਧੂੜਾਂ ਅਤੇ ਵਿਦਿਆ ਦੇ ਹਨ੍ਹੇਰਿਆਂ ਵਿਚੋਂ ਆਪਣਾ ਰਸਤਾ ਬਣਾਕੇ ਆਪ ਤਾਂ ਚਮਕਿਆ ਹੀ ਸਗੋਂ ਆਪਣੇ ਅਣਗਿਣਤ ਵਿਦਿਆਰਥੀਆਂ ਵਿਚ ਜ਼ਿੰਦਗੀ ਜਿਓਣ ਦੇ ਗੁਣ ਪੈਦਾ ਕਰਕੇ, ਉਨ੍ਹਾਂ ਨੂੰ ਬੁਲੰਦੀਆਂ 'ਤੇ ਪਹੁੰਚਾਇਆ। ਉਹ ਮਹਾਨ ਵਿਦਵਾਨ ਪ੍ਰੋ. ਅਛਰੂ ਸਿੰਘ ਹੈ, ਜਿਹੜਾ ਪੰਜਾਬ ਦੇ ਕਿਸੇ ਸਮੇਂ ਸਭ ਤੋਂ ਪਛੜੇ ਇਲਾਕੇ ਬਠਿੰਡਾ ਜ਼ਿਲ੍ਹੇ ਦੇ ਪਹਾੜਾਂ ਜਿਤਨੇ ਰੇਤਲੇ ਟਿੱਬਿਆਂ ਵਿਚ ਘਿਰੇ ਪਿੰਡ ਉਭਾ ਵਿਚ ਜਨਮ ਲੈ ਕੇ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਦੇ ਅੰਗਰੇਜ਼ੀ ਵਿਭਾਗ ਦੇ ਮੁਖੀ ਤੋਂ ਸੇਵਾ ਮੁਕਤ ਹੋਏ ਹਨ। 

ਹਰਫਨ ਮੌਲਾ ਅਧਿਆਪਕ
ਹੁਣ ਇਹ ਪਿੰਡ ਮਾਨਸਾ ਜ਼ਿਲ੍ਹੇ ਵਿਚ ਪੈਂਦਾ ਹੈ। ਉਹ 36 ਸਾਲ ਦਿਹਾਤੀ ਇਲਾਕੇ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਪੜ੍ਹਾਉਂਦੇ ਰਹੇ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਜਿਸ ਇਲਾਕੇ ਬਾਰੇ ਕਿਹਾ ਜਾਂਦਾ ਸੀ ਕਿ ਇੱਥੋਂ ਦੇ ਲੋਕਾਂ ਨੂੰ ਸਮਾਜਿਕ ਤਾਣੇ ਬਾਣੇ ਵਿਚ ਵਿਵਹਾਰ ਕਰਨਾ ਹੀ ਨਹੀਂ ਆਉਂਦਾ, ਉਥੋਂ ਦਾ ਜੰਮਿਆ ਪਲਿਆ ਅਛਰੂ ਸਿੰਘ ਅੰਗਰੇਜ਼ੀ ਦਾ ਪ੍ਰੋਫੈਸਰ ਬਣਿਆ। ਇੱਥੇ ਹੀ ਬਸ ਨਹੀਂ ਤੁਸੀਂ ਹੈਰਾਨ ਹੋਵੋਗੇ ਕਿ ਉਹ ਮਾਨਸਾ ਕਾਲਜ ਵਿਚ ਸੂਤਰਧਾਰ ਦਾ ਕੰਮ ਕਰਦਾ ਰਿਹਾ। ਉਹ ਕਾਲਜ ਵਿਚ ਹਰਫਨ ਮੌਲਾ ਅਧਿਆਪਕ ਦੇ ਤੌਰ 'ਤੇ ਵਿਚਰਦੇ ਰਹੇ। ਯੁਵਕ ਭਲਾਈ, ਸਭਿਆਚਾਰ ਪ੍ਰੋਗਰਾਮਾਂ, ਐੱਨ ਐੱਸ ਐੱਸ ਅਤੇ ਭੰਗੜੇ ਦੀ ਟੀਮ ਦੇ ਇਨਚਾਰਜ ਸਨ।ਇਸ ਤੋਂ ਇਲਾਵਾ ਕਾਲਜ ਮੈਗਜ਼ੀਨ ਦੇ ਅੰਗਰੇਜ਼ੀ ਸੈਕਸ਼ਨ ਦੇ ਸਟਾਫ ਇਨਚਾਰਜ ਰਹੇ। ਖ਼ੂਨ ਦਾਨ ਦੇ ਕੈਂਪ ਆਯੋਜਿਤ ਕਰਦੇ ਸਨ। ਇਲਾਕੇ ਵਿਚ ਬਾਲਗ ਵਿੱਦਿਆ ਦਾ ਪ੍ਰਬੰਧ ਵੀ ਕਰਦੇ ਸਨ। ਕਹਿਣ ਤੋਂ ਭਾਵ ਕਾਲਜ ਦੇ ਹਰ ਪ੍ਰੋਗਰਾਮ ਨੂੰ ਉਹ ਆਯੋਜਤ ਕਰਦੇ ਸਨ। 

ਅਸਲ ਵਿਚ ਉਨ੍ਹਾਂ ਇਕ ਸੰਸਥਾ ਜਿੰਨਾ ਕੰਮ ਕੀਤਾ ਹੈ। ਜਿਸ ਇਲਾਕੇ ਦੇ ਲੋਕਾਂ ਬਾਰੇ ਪੰਜਾਬੀਆਂ ਨੂੰ ਹੰਦੇਸ਼ਾ ਸੀ ਕਿ ਉਨ੍ਹਾਂ ਦਾ ਵਿਵਹਾਰ ਉਚ ਪੱਧਰ ਦਾ ਨਹੀਂ, ਉਸ ਇਲਾਕੇ ਦੇ ਵਿਦਵਾਨ ਪ੍ਰੋ. ਅਛਰੂ ਸਿੰਘ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਤੋਂ ਸੇਵਾ ਮੁਕਤੀ ਤੋਂ ਬਾਅਦ ਦੇਸ਼ ਭਗਤ ਯੂਨੀਵਰਸਿਟੀ ਗੋਬਿੰਦਗੜ੍ਹ ਵਿਖੇ ਹਿਊਮੈਨਟੀਜ਼ ਦੇ ਪ੍ਰੋਫ਼ੈਸਰ ਲੱਗ ਗਏ ਅਤੇ ਸੱਤ ਸਾਲ ਵਿਦਿਆਰਥੀਆਂ ਨੂੰ ਮਨੁੱਖੀ ਕਦਰਾਂ ਕੀਮਤਾਂ ਬਾਰੇ ਪੜ੍ਹਾਉਂਦੇ ਰਹੇ। ਭਾਵ ਉਨ੍ਹਾਂ ਨੇ ਆਪਣੇ ਜੀਵਨ ਦੇ 43 ਸਾਲ ਵਿੱਦਿਆ ਵਿਭਾਗ ਨੂੰ ਸਮਰਪਿਤ ਕੀਤੇ। 

ਕਾਬਲੀਅਤ ਅਤੇ ਨੌਕਰੀ 
ਅਛਰੂ ਸਿੰਘ ਦਾ ਜਨਮ ਮੱਧ ਵਰਗੀ ਪਰਿਵਾਰ ਵਿਚ ਸਰਟੀਫ਼ਿਕੇਟਾਂ ਅਨੁਸਾਰ 3 ਮਈ 1948 ਨੂੰ ਹੋਇਆ ਪ੍ਰੰਤੂ ਪਰਿਵਾਰ ਉਨ੍ਹਾਂ ਦੇ ਜਨਮ ਦੀ ਮਿਤੀ 1 ਜਨਵਰੀ 1949 ਦੱਸ ਰਿਹਾ ਹੈ। ਉਨ੍ਹਾਂ ਹਾਇਰ ਸੈਕੰਡਰੀ ਤੱਕ ਦੀ ਪੜ੍ਹਾਈ ਖਾਲਸਾ ਹਾਇਰ ਸੈਕੰਡਰੀ ਸਕੂਲ ਮਾਨਸਾ ਤੋਂ ਪ੍ਰਾਪਤ ਕੀਤੀ। ਹਰ ਇਮਤਿਹਾਨ ਵਿਚ ਉਹ ਪਹਿਲੇ ਨੰਬਰ 'ਤੇ ਆਉਂਦੇ ਰਹੇ। ਉਨ੍ਹਾਂ ਦੇ ਜੀਵਨ ਦੀਆਂ ਕਈ ਗੱਲਾਂ ਵੱਖਰੀਆਂ ਅਤੇ ਵਿਲੱਖਣ ਹਨ। ਉਨ੍ਹਾਂ ਨੇ 1970 ਵਿਚ ਐੱਮ.ਏ. ਅੰਗਰੇਜ਼ੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਾਸ ਕੀਤੀ। ਨਤੀਜੇ ਤੋਂ ਤੁਰੰਤ ਬਾਅਦ 1970 ਵਿਚ ਹੀ ਨਹਿਰੂ ਮੈਮੋਰੀਅਲ ਕਾਲਜ ਵਿਚ ਲੈਕਚਰਾਰ ਅੰਗਰੇਜ਼ੀ ਨੌਕਰੀ ਸ਼ੁਰੂ ਕਰ ਲਈ। ਉਨ੍ਹਾਂ ਦੀ ਕਾਬਲੀਅਤ ਦਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿੱਥੇ ਵੀ ਉਹ ਹੋਰ ਕਈ ਥਾਵਾਂ ਤੇ ਇੰਟਰਵਿਊ ਲਈ ਗਏ ਹਰ ਥਾਂ 'ਤੇ ਚੁਣੇ ਗਏ। ਉਨ੍ਹਾਂ ਨੇ ਅਖ਼ੀਰ ਆਪਣੇ ਜੱਦੀ ਇਲਾਕੇ ਵਿਚ ਨੌਕਰੀ ਕਰਕੇ ਵਿਦਿਆਰਥੀਆਂ ਦਾ ਭਵਿਖ ਸੁਨਹਿਰਾ ਬਣਾਉਣ ਦਾ ਫ਼ੈਸਲਾ ਕਰਕੇ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਚ ਨੌਕਰੀ ਕਰ ਲਈ।

ਕਿਤਾਬਾਂ ਅਤੇ ਮਾਨ-ਸਨਮਾਨ
ਪ੍ਰੋ. ਅਛਰੂ ਸਿੰਘ ਨੇ ਲਗਪਗ 70 ਪੁਸਤਕਾਂ ਪ੍ਰਕਾਸ਼ਤ ਕਰਵਾਈਆਂ। ਇਨ੍ਹਾਂ ਵਿਚ ਤਿੰਨ ਦਰਜਨ ਅੰਗਰੇਜ਼ੀ ਦੇ ਮਹਾਨ ਵਿਦਵਾਨਾ ਦੀਆਂ ਪੁਸਤਕਾਂ ਦਾ ਪੰਜਾਬੀ ਵਿਚ ਅਨੁਵਾਦ ਕੀਤਾ, ਤਿੰਨ ਪੰਜਾਬੀ ਦੀਆਂ ਪੁਸਤਕਾਂ ਅੰਗਰੇਜ਼ੀ ਵਿਚ ਅਨੁਵਾਦ ਕੀਤੀਆਂ, ਇਕ ਦਰਜਨ ਅੰਗਰੇਜ਼ੀ ਦੀਆਂ ਪੁਸਤਕਾਂ ਸੰਪਾਦਤ ਕੀਤੀਆਂ, 10 ਪੰਜਾਬੀ ਦੀਆਂ ਮੌਲਿਕ ਪੁਸਤਕਾਂ ਅਤੇ ਦੋ ਹੋਰ ਪੁਸਤਕਾਂ ਪ੍ਰਕਾਸ਼ਤ ਕਰਵਾਈਆਂ ਜਿਨ੍ਹਾਂ ਵਿਚ ਪੰਚਤੰਤਰ ਦੀਆਂ 50 ਚੋਣਵੀਆਂ ਕਹਾਣੀਆਂ ਅਤੇ ਪੁਰਾਤਨ ਭਾਰਤੀ ਕਥਾ ਕਹਾਣੀਆਂ ਸ਼ਾਮਲ ਹਨ। ਪ੍ਰੋ. ਅਛਰੂ ਸਿੰਘ ਦੀਆਂ ਮੌਲਿਕ ਪੁਸਤਕਾਂ ਕੀਟਾ ਆਈ ਰੀਸ ਜੀਵਨੀ, ਜੀਵਨ ਦੇ ਰੰਗ ਵਿਰਸਾ ਅਤੇ ਸਭਿਆਚਾਰ, ਦੇਖਿਆ ਸੁਣਿਆ ਅਤੇ ਹੰਢਾਇਆ, ਸਿੱਖ ਧਰਮ ਅਤੇ ਜੀਵਨ ਦਰਸ਼ਨ, ਜੀਵਨ ਬਾਤਾਂ, ਸ਼ਖ਼ਸੀਅਤ ਵਿਕਾਸ, ਕੋਮਲ ਹੁਨਰ, ਮਾਨਵੀ ਕਦਰਾਂ ਕੀਮਤਾਂ ਅਤੇ ਚਾਨਣ ਭਰੀ ਚੰਗੇਰ ਹਨ। 20 ਤੋਂ ਵੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਿਦਿਅਕ ਕਾਨਫਰੰਸਾਂ ਅਤੇ ਸੈਮੀਨਾਰਾਂ ਵਿਚ ਹਿੱਸਾ ਲਿਆ। ਇਸੇ ਤਰ੍ਹਾਂ 30 ਖ਼ੂਨ ਦਾਨ, ਯੂਥ ਲੀਡਰਸ਼ਿਪ, ਰਾਸ਼ਟਰੀ ਏਕਤਾ ਅਤੇ ਸਮਾਗਮ ਸ਼ਖ਼ਸੀਅਤ ਵਿਕਾਸ ਕੈਂਪਾਂ ਦਾ ਆਯੋਜਨ ਕੀਤਾ।

PunjabKesari

ਉਜਾਗਰ ਸਿੰਘ

1976 ਵਿਚ ਭਾਰਤ ਸਰਕਾਰ ਦੇ ਯੁਵਕ ਅਤੇ ਸਭਿਆਚਾਰ ਮੰਤਰਾਲੇ ਦੇ ਵੱਖ-ਵੱਖ ਕਲਾਵਾਂ ਅਤੇ ਸਭਿਆਚਾਰਾਂ ਦੀ ਜਾਣਕਾਰੀ ਦੇਣ ਲਈ ਚੰਡੀਗੜ੍ਹ ਵਿਖੇ ਇਕ ਮਹੀਨੇ ਦੇ ਟ੍ਰੇਨਿੰਗ ਕੈਂਪ ਵਿਚ ਹਿੱਸਾ ਲਿਆ। ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਨੇ ਐੱਨ ਐੱਸ ਐੱਸ ਕੌਂਸਲ ਦੇ ਮੈਂਬਰ, ਲੈਂਗੂਏਜ਼ ਫੈਕਲਟੀ ਅਤੇ ਬੋਰਡ ਆਫ ਅੰਡਰ ਗ੍ਰੈਜੂਏਟ ਸਟੱਡੀਜ਼ ਇਨ ਇੰਗਲਿਸ਼ ਦੇ ਮੈਂਬਰ ਬਣਾਇਆ ਹੋਇਆ ਸੀ। ਉਨ੍ਹਾਂ ਨੂੰ ਕਈ ਸਰਕਾਰੀ ਅਤੇ ਗ਼ੈਰ ਸਰਕਾਰੀ ਸੰਸਥਾਵਾਂ ਵਲੋਂ ਮਾਨ ਸਨਮਾਨ ਵੀ ਮਿਲੇ ਹੋਏ ਹਨ ਜਿਨ੍ਹਾਂ ਵਿਚ ਭਾਸ਼ਾ ਵਿਭਾਗ ਪੰਜਾਬ ਦਾ ਗਿਆਨ ਸਾਹਿਤ ਦਾ ਸ਼ਰੋਮਣੀ ਸਾਹਿਤਕਾਰ ਸਨਮਾਨ 2014, ਸਿੱਖ ਧਰਮ ਜੀਵਨ ਅਤੇ ਦਰਸਸ਼ਨ ਪੁਸਤਕ ਲਈ ਐੱਮ ਐੱਸ ਰੰਧਾਵਾ ਗਿਆਨ ਸਾਹਿਤ ਪੁਰਸਕਾਰ ਅਤੇ ਆਪਣੀ ਲੜਕੀ ਕਰਾਂਤੀ ਨਾਲ ਸਾਂਝੀ ਪੁਸਤਕ ‘ਕਥਨ ਕੋਸ਼’ ਲਈ ਪ੍ਰਿੰਸੀਪਲ ਤੇਜਾ ਪੁਰਸਕਾਰ ਮਹੱਤਵਪੂਰਨ ਹਨ।

ਅੰਤਰਰਾਸ਼ਟਰੀ ਪੱਧਰ ਦੀਆਂ ਪੁਸਤਕਾਂ ਦੇ ਅਨੁਵਾਦ ਲਈ ਵੀ ਕਈ ਸੰਸਥਾਵਾਂ ਨੇ ਸਨਮਾਨ ਕੀਤਾ। ਸਮਾਜ ਸੇਵਾ ਦੀ ਪ੍ਰਵਿਰਤੀ ਕਰਕੇ ਉਨ੍ਹਾਂ ਨੇ ਗ਼ਰੀਬ ਕੁੜੀਆਂ ਦੇ ਵਿਆਹਾਂ ਵਿਚ ਵੱਡਾ ਯੋਗਦਾਨ ਪਾਇਆ ਜਿਸ ਕਰਕੇ ਵੀ ਸਨਮਾਨ ਕੀਤੇ ਗਏ। ਸ਼ਹੀਦ ਭਗਤ ਸਿੰਘ ਕਲਾ ਮੰਚ ਨੇ ਉਨ੍ਹਾਂ ਦੇ ਪਿੰਡ ਉਭਾ ਦਾ ਨਾਮ ਰੌਸ਼ਨ ਕਰਨ ਕਰਕੇ ਸਨਮਾਨ ਕੀਤਾ। ਆਜ਼ਾਦ ਸ਼ੋਸਲ ਵੈਲਫੇਅਰ ਕਲੱਬ ਮਾਨਸਾ ਨੇ ਪੰਜਾਬ ਰਤਨ ਪੁਰਸਕਾਰ , ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਦੀ ਓਲਡ ਸਟੂਡੈਂਟਸ ਐਸੋਸੀਏਸ਼ਨ ਨੇ ਪ੍ਰਾਈਡ ਆਫ ਦਾ ਆਲਮਾ ਮਾਟੇ ਐਵਾਰਡ, ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਨੇ ਸਰਟੀਫ਼ਿਕੇਟ ਆਫ ਆਨਰ, ਮਲਵਈ ਪੰਜਾਬੀ ਸੱਥ ਮੰਡੀ ਕਲਾਂ ਬਠਿੰਡਾ ਨੇ ਭਾਈ ਕਾਹਨ ਸਿੰਘ ਨਾਭਾ ਪੁਰਸਕਾਰ,ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐੱਨ ਐੱਸ ਐੱਸ ਵਿਭਾਗ ਨੇ ਜੀਵਨ ਗੌਰਵ ਪੁਰਸਕਾਰ, ਪੰਜਾਬ ਮੀਡੀਆ ਅਕਾਡਮੀ ਨੇ ਪੰਜਾਬ ਸੇਵਾ ਰਤਨ ਅਵਾਰਡ, ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਨੇ ਸਨਮਾਨ, ਆਰਟ ਕਲੱਬ ਮੰਡੀ ਗੋਬਿੰਦਗੜ੍ਹ ਨੇ ਕਲਮ ਅਵਾਰਡ ਅਤੇ ਦੇਸ਼ ਭਗਤਯੂਨੀਵਰਸਿਟੀ ਗੋਬਿੰਦਗੜ੍ਹ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ 350 ਵੇਂ ਪੁਰਬ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਸਨਮਾਨਤ ਕੀਤਾ। 

ਹੋਰ ਪ੍ਰਾਪਤੀਆਂ
ਉਨ੍ਹਾਂ ਨੇ ਇਕ ਦਰਜਨ ਦੇਸਾਂ ਦਾ ਸੈਰ ਸਪਾਟਾ ਵੀ ਕੀਤਾ, ਜਿਸ ਕਰਕੇ ਉਨ੍ਹਾਂ ਦੇ ਗਿਆਨ ਵਿਚ ਵਾਧਾ ਹੋਇਆ। ਉਨ੍ਹਾਂ ਦੇ ਅਖ਼ਬਾਰਾਂ ਵਿਚ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਨੈਤਿਕਤਾ ਦੇ ਵਿਸ਼ਿਆਂ 'ਤੇ ਲੇਖ ਪ੍ਰਕਾਸ਼ਤ ਹੁੰਦੇ ਰਹਿੰਦੇ ਹਨ। ਪ੍ਰੋ. ਅਛਰੂ ਸਿੰਘ ਦੇ ਵਿਅਕਤਤਿਵ ਦਾ ਉਨ੍ਹਾਂ ਦੇ ਪੂਰੇ ਪਰਿਵਾਰ 'ਤੇ ਗਹਿਰਾ ਪ੍ਰਭਾਵ ਪਿਆ ਜਿਸ ਕਰਕੇ ਉਨ੍ਹਾਂ ਦਾ ਮੁੰਡਾ ਪ੍ਰਿੰਸੀਪਲ ਧਰਮਿੰਦਰ ਸਿੰਘ ਉਭਾ, ਨੂੰਹ, ਪੋਤਰੀ ਸਾਰੇ ਹੀ ਆਪੋ ਆਪਣੇ ਖੇਤਰ ਵਿਚ ਨਾਮਣਾ ਖੱਟ ਰਹੇ ਹਨ ਅਤੇ ਪੰਜਾਬੀ ਤੇ ਅੰਗਰੇਜ਼ੀ ਦੇ ਲਿਖਾਰੀ ਹਨ। ਪ੍ਰੋ. ਅਛਰੂ ਸਿੰਘ ਦੀਆਂ ਰਚਨਾਵਾਂ 'ਤੇ ਸਾਂਝੇ ਤੌਰ ਪੀ.ਐੱਚ ਡੀ.ਅਤੇ ਐੱਮ ਫਿਲ ਦੀਆਂ ਖੋਜਾਂ ਵੀ ਕੀਤੀਆਂ ਗਈਆਂ ਹਨ। ਉਨ੍ਹਾਂ ਦੀ ਜ਼ਿੰਦਗੀ ਦੀਆਂ ਪ੍ਰਾਪਤੀਆਂ 'ਤੇ ਇਕ ਪੁਸਤਕ ਵੀ ਲਿਖੀ ਗਈ ਹੈ।

ਉਜਾਗਰ ਸਿੰਘ
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com


Harnek Seechewal

Content Editor

Related News