ਬੇਬਸ਼ ਪ੍ਰੀਜ਼ਾਇਡਿੰਗ ਅਫਸਰ

02/28/2019 3:35:59 PM

ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਿਹਾ ਜਾਂਦਾ ਹੈ ਅਤੇ ਹਰ ਭਾਰਤਵਾਸੀ ਆਪਣੇ ਆਪ ਨੂੰ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਤਰ ਦਾ ਹਿੱਸਾ ਸਮਝ ਕੇ ਮਾਣ ਮਹਿਸੂਸ ਕਰਦਾ ਹੈ, ਪਰ ਸਮੇਂ ਦੇ ਹਾਕਮਾਂ ਨੇ ਆਪਣੇ ਰਾਜਨੀਤਿਕ ਸੁਪਨਿਆਂ ਨੂੰ ਪੂਰਾ ਕਰਨ ਲਈ ਕਈ ਵਾਰੀ ਆਪਣੀ ਤਾਕਤ ਦੀ ਦੁਰਵਰਤੋਂ ਵੀ ਕੀਤੀ ਹੈ। ਕਦੇ ਕੇਂਦਰ ਦੀਆਂ ਸਰਕਾਰਾਂ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੂੰ ਭੰਗ ਕਰ ਦਿੰਦੀਆਂ ਰਹੀਆਂ ਹਨ ਅਤੇ ਕਦੇ  ਪ੍ਰਦੇਸ਼ਾਂ ਦੇ ਮੁੱਖ ਮੰਤਰੀ ਸਮੇਂ ਤੋਂ ਪਹਿਲਾਂ ਹੀ ਵਿਧਾਨ ਸਭਾਵਾਂ ਨੂੰ ਭੰਗ ਕਰਵਾ ਕੇ ਰਾਜਨੀਤਿਕ ਲਾਭ ਲੈਣ ਦੀ ਕੋਸ਼ਿਸ਼ ਕਰਦੇ ਹਨ। ਜਿੱਥੇ ਇਹ ਰਾਜਨੀਤਿਕ ਲੋਕ ਦੇਸ਼ ਦੇ ਕਰਦਾਤਾਵਾਂ ਵਲੋਂ ਆਪਣੀ ਖੂਨ ਪਸੀਨੇ ਦੀ ਕਮਾਈ ਵਿੱਚੋਂ ਟੈਕਸ ਦੇ ਰੂਪ ਵਿੱਚ ਦਿੱਤੇ ਕਰੋੜਾਂ ਰੁਪਏ ਬਰਬਾਦ ਕਰਦੇ ਹਨ ਉਥੇ ਹੀ ਸਰਕਾਰੀ ਮੁਲਾਜਮਾਂ ਨੂੰ ਬਿਨਾਂ ਕਾਰਣ ਜਲੀਲ ਅਤੇ ਪ੍ਰੇਸ਼ਾਨ ਵੀ ਕਰਵਾਉਂਦੇ ਹਨ। ਪਿਛਲੇਂ ਦਿਨਾਂ ਵਿੱਚ ਮੇਰੀ ਡਿਊਟੀ ਪੰਜਾਬ ਵਿੱਚ ਹੋਈਆਂ ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਚੋਣਾਂ ਵਿੱਚ ਪ੍ਰੀਜ਼ਾਇਡਿੰਗ ਅਫਸਰ ਵਜੋਂ ਲੱਗੀ ਅਤੇ ਪਹਿਲੀ ਰਿਹਾਸਿਲ ਘਰ ਤੋਂ 70 ਕਿਲੋਮੀਟਰ ਦੂਰ ਹੋਈ। ਉਥੇ ਸਿਰਫ ਹਾਜ਼ਰੀ ਲਗਵਾ ਕੇ ਵਾਪਿਸ ਇਹ ਕਹਿ ਕੇ ਭੇਜ ਦਿੱਤਾ ਕਿ ਤੁਹਾਡੀ ਅਗਲੀ ਡਿਊਟੀ ਛੇਤੀ ਹੀ ਤੁਹਾਡੇ ਸਕੂਲ ਭੇਜ ਦਿੱਤੀ ਜਾਵੇਗੀ। ਪਹਿਲੀ ਰਿਹਾਸਿਲ ਤੋਂ ਬਾਅਦ ਲਗਭਗ ਸਾਰੇ ਕਰਮਚਾਰੀਆਂ ਦੇ ਸਟੇਸ਼ਨ ਬਦਲੇ ਗਏ ਤੇ ਲਗਭਗ ਹਰੇਕ ਮੁਲਾਜ਼ਮ ਨੂੰ ਦੂਸਰੇ ਬਲਾਕ ਵਿੱਚ ਬਦਲ ਦਿੱਤਾ ਗਿਆ। ਇੱਥੇ ਜ਼ਿਕਰਯੋਗ ਹੈ ਕਿ ਇਸ ਬਲਾਕ ਬਦਲੀ ਦੌਰਾਨ ਲਗਭਗ ਹਰੇਕ ਮੁਲਾਜ਼ਮ ਨੂੰ ਆਪਣੇ ਭਰ ਤੋਂ 70-80 ਕਿਲੋਮੀਟਰ ਦੂਰ ਚੋਣ ਡਿਊਟੀ ਤੇ ਭੇਜਿਆ ਗਿਆ । ਕਿਸਮਤ ਨਾਲ ਬਲਾਕ ਬਦਲੀ ਦੌਰਾਨ ਮੇਰੀ ਡਿਊਟੀ ਮੇਰੇ ਹੋਮ ਬਲਾਕ ਵਿੱਚ ਹੀ ਆ ਗਈ ਤੇ ਮੈਂ ਬਹੁਤ ਖੁਸ਼ ਹੋਇਆ ਕਿ ਇਸ ਵਾਰ ਖੱਜਲ-ਖੁਆਰੀ ਤੋਂ ਬੱਚ ਜਾਵਾਂਗਾ। ਦੂਸਰੀ ਰਿਹਾਸਿਲ ਦੌਰਾਨ ਸਾਨੂੰ ਸਿਖਲਾਈ ਦੇਣ ਲਈ ਤਾਇਨਾਤ ਸੁਪਰਵਾਇਜ਼ਰ ਸਾਹਿਬ ਵਲੋਂ ਕਿਹਾ ਗਿਆ ਕਿ ਤੁਸੀਂ ਆਪਣੇ ਬੂਥ ਦੇ ਇੰਚਾਰਜ ਹੋ ਅਤੇ ਤੁਹਾਡੇ ਕੋਲ ਮਜਿਸਟ੍ਰੇਟ ਦੇ ਅਧਿਕਾਰ ਹਨ ਅਤੇ ਤੁਸੀਂ ਆਪਣੇ ਬੂਥ ਤੇ ਸਮੇਂ ਅਨੁਸਾਰ ਕੋਈ ਵੀ ਫੈਸਲਾ ਲੈ ਸਕਦੇ ਹੋ ਅਤੇ ਹਾਜ਼ਰੀ ਲਗਵਾ ਕੇ ਅਗਲੇ ਦਿਨ ਚੋਣਾਂ ਲਈ ਪ੍ਰੀਜ਼ਾਇਡਿੰਗ ਡਾਅਰੀ ਲੈਣ ਲਈ ਬੁਲਾ ਲਿਆ। ਆਪਣੇ ਨਾਮ ਨਾਲ ਅਫਸਰ ਸ਼ਬਦ ਲਗਿਆ ਵੇਖ ਕੇ ਮੈਂ ਵੀ ਖੁਸ਼ੀ-ਖੁਸ਼ੀ ਘਰ ਗਿਆ। ਅਗਲੇ ਦਿਨ ਪ੍ਰੀਜ਼ਾਇਡਿੰਗ ਡਾਅਰੀ ਲੈ ਕੇ ਪੜਨ ਵਿੱਚ ਰੁੱਝ ਗਿਆ ਅਤੇ ਮੁੱਖ ਨੁਕਤੇ ਕਾਪੀ ਤੇ ਨੋਟ ਕਰਦਾ ਗਿਆ। ਅਗਲੇ ਦਿਨ ਚੋਣ ਸੱਮਗਰੀ ਪ੍ਰਾਪਤ ਕਰਨ ਲਈ ਸਵੇਰੇ 9 ਵਜੇ ਬੁਲਾ ਲਿਆ, ਪਹਿਲਾ ਤਾਂ 1 ਵਜੇ ਤੱਕ ਪੋਲਿੰਗ ਪਾਰਟੀਆਂ ਹੀ ਪੂਰੀਆਂ ਹੁੰਦੀਆਂ ਰਹੀਆਂ ਅਤੇ ਬਾਅਦ ਦੁਪਹਿਰ ਚੋਣ ਸੱਮਗਰੀ ਦਿੱਤੀ ਗਈ ਅਤੇ ਨਾਲ ਹੀ ਸੁਪਰਵਾਇਜ਼ਰ ਸਾਹਿਬ ਵਲੋਂ ਇਕ ਲਿਸਟ ਵਅਟਸਐਪ ਤੇ ਪਾ ਕੇ ਕਿਹਾ ਗਿਆ ਕਿ ਚੋਣ ਤੋਂ ਬਾਅਦ ਫਲਾਨਾਂ-ਫਲਾਨਾਂ ਲਿਫਾਫਾ ਜਮਾਂ ਕਰਵਾਉਣਾ ਹੈ। ਜਦੋਂ ਪੋਲਿੰਗ ਪਾਰਟੀ ਦੇ ਸਾਥੀਆਂ ਨੂੰ ਲੈ ਕੇ ਸਮਾਨ ਚੈਕ ਕੀਤਾ ਤਾਂ ਪਤਾ ਲਗਿਆ ਕਿ ਚੋਣ ਤੋਂ ਬਾਅਦ ਲਗਭਗ 25 ਲਿਫਾਫੇ ਜਮਾਂ ਹੋਣੇ ਹਨ ਅਤੇ ਕਿੱਟ ਵਿੱਚ ਕੇਵਲ 7 ਲਿਫਾਫੇ ਹੀ ਪਾਏ ਹਨ ,ਜਦੋਂ ਇਸ ਵਾਰੇ ਸੁਪਰਵਾਇਜ਼ਰ ਨਾਲ ਗੱਲ ਕੀਤੀ ਤਾਂ ਉਹ ਵਿਚਾਰਾ ਚੰਗਾ ਇਨਸਾਨ ਸੀ ਤੇ ਉਸ ਨੇ ਇੱਧਰੋਂ ਉੱਧਰੋਂ 7 ਲਿਫਾਫਿਆਂ ਦਾ ਪ੍ਰਬੰਧ ਕਰਕੇ ਦਿੱਤਾ। ਬਾਕੀ ਲਿਫਾਫਿਆਂ ਦੇ ਪ੍ਰਬੰਧ ਕਰਨ ਦੇ ਫਿਕਰ ਨਾਲ ਸਮਾਨ ਲੈ ਕੇ ਬੱਸ ਵਿੱਚ ਜਾ ਬੈਠਾ । ਜਦੋਂ ਪੋਲਿੰਗ ਬੂਥ ਤੇ ਪੁੱਜੇ ਤਾਂ ਹੋਸ਼ ਉਡ ਗਏ ਕਿਉਂਕਿ ਬੂਥ ਇੱਕ 3 ਕਮਰਿਆਂ ਵਾਲੀ ਧਰਮਸ਼ਾਲਾ ਵਿਚ ਬਣਾਇਆ ਗਿਆ ਸੀ ਜਿਸ ਦੇ 2 ਛੋਟੇ ਕਮਰਿਆਂ ਵਿੱਚ ਆਂਗਣਵਾੜੀ  ਸਕੂਲ ਚੱਲ ਰਿਹਾ ਸੀ ਅਤੇ ਤੀਸਰੇ ਕਮਰੇ ਵਿੱਚ ਪਿੰਡ ਦੇ ਨੋਜ਼ਵਾਨਾ ਲਈ ਜਿਮਖਾਨਾਂ ਚੱਲ ਰਿਹਾ ਸੀ। ਜਿਵੇਂ ਹੀ ਕਮਰਾ ਖੁਲਵਾਇਆ ਤਾਂ ਵੇਖਿਆ ਕਿ ਉਸ ਕਮਰੇ ਵਿੱਚ ਕਸਰਤ ਕਰਨ ਵਾਲੀਆਂ ਵੱਡੀਆਂ-ਵੱਡੀਆਂ ਮਸ਼ੀਨਾਂ ਪਈਆਂ ਹਨ।  ਭਾਰੀਆਂ ਮਸ਼ੀਨਾਂ ਵੇਖਦੇ ਹੀ ਪਸੀਨਾ ਛੁੱਟਣ ਲੱਗ ਪਿਆ ਕਿ ਇੱਥੇ ਬੂਥ ਕਿਵੇਂ ਬਣੇਗਾ? ਸੁਪਰਵਾਇਜ਼ਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਬੂਥ ਤਾਂ ਇੱਥੇ ਹੀ ਬਣੇਗਾ ਤੁਸੀਂ ਆਪਣੇ ਹਿਸਾਬ ਨਾਲ ਪ੍ਰਬੰਧ ਕਰ ਲਵੋ. ਜਿਵੇਂ-ਕਿਵੇਂ ਆਪਣੇ ਸਹਾਇਕ ਪ੍ਰੀਜ਼ਾਇਡਿੰਗ ਅਫਸਰ ਦੀ ਸਹਾਇਤਾ ਨਾਲ ਅਤੇ ਪਿੰਡੋਂ ਦੋ ਮੁੰਡੇ ਲੈ ਕੇ ਮਸ਼ੀਨਾਂ ਨੂੰ ਇਧਰ-ਉਧਰ ਕਰਕੇ ਥੋੜੀ ਜਿਹੀ ਜਗਾ• ਬਣਾਈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਦੋਂ ਅਸੀਂ ਮਸ਼ੀਨਾਂ ਖਿਚਕਾ ਰਹੇ ਸੀ ਤਾਂ ਪਿੰਡ ਦੇ ਦੋ ਬੰਦਿਆਂ ਨੇ ਸਾਨੂੰ ਤਾਂ ਨਹੀ ਬੁਲਾਇਆ ਪਰ ਇਮਾਰਤ ਦੇ ਲੇੜੇ ਪਏ ਕੁੜੇ ਦੇ ਢੇਰਾਂ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ । ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਅੱਜ ਦੇ ਦਿਨ ਅਜਿਹਾ ਨਾ ਕਰੋ ਕਿਉਂਕਿ ਕਮਰੇ ਵਿੱਚ ਧੂੰਆਂ ਆ ਜਾਵੇਗਾ ਤਾਂ ਅੱਗੋ ਜਵਾਬ ਮਿਲਿਆ ਕਿ ਕੀ ਫਰਕ ਪੈਂਦਾ? ਉਲਟਾ ਸਫਾਈ ਹੋ ਜਾਵੇਗੀ। ਪਿੰਡ ਦਾ ਸਰਪੰਚ ਘਰ ਨਹੀ ਸੀ ਉਸ ਦਾ ਮੁੰਡਾ ਆਇਆ ਤੇ ਅਸੀਂ ਉਸ ਤੋਂ ਰੋਟੀ ਅਤੇ ਸੋਣ ਲਈ ਮੰਜਿਆਂ ਅਤੇ ਬਿਸਤਰ ਦੀ ਮੰਗ ਕੀਤੀ। ਉਹ ਦੋ ਮੰਜੇ ਦੇ ਗਏ ਜਦੋਂ ਕਿ ਅਸੀਂ ਪੁਲਿਸ ਮੁਲਾਜ਼ਮਾਂ ਸਹਿਤ ਸੋਣ ਲਈ ਚਾਰ ਬੰਦੇ ਸੀ। ਇੱਕ ਮੰਜਾ ਆਂਗਣਵਾੜੀ ਕਮਰੇ ਵਿੱਚੋਂ ਮਿਲ ਗਿਆ ਕਮਰੇ ਵਿੱਚ ਇੱਕ ਸੀ.ਐਫ.ਐਲ. ਲਗਿਆ ਸੀ। ਸਰਪੰਚ ਦੇ ਮੁੰਡੇ ਨੇ ਕਿਸੇ ਦੀਆਂ ਮਿੰਨਤਾ ਕਰਕੇ ਇੱਕ ਐਲ.ਈ.ਡੀ. ਬੱਲਬ ਦਾ ਪ੍ਰਬੰਧ ਕਰ ਦਿੱਤਾ ਅਤੇ ਇਹ ਕਹਿ ਕੇ ਚੱਲਾ ਗਿਆ ਕਿ ਰੋਟੀ ਆ ਜਾਵੇਗੀ। ਘੱਟ ਵਾਟ ਹੋਣ ਕਰਕੇ ਐਲ.ਈ.ਡੀ. ਬੱਲਬ ਦੀ ਲਾਇਟ ਬਹੁਤ ਘੱਟ ਸੀ ਪਰ ਅੱਖਾਂ ਤੇ ਜ਼ੋਰ ਪਾ ਕੇ ਥੋੜਾ ਬਹੁਤ ਕੰਮ ਕਰਕੇ ਇਹ ਸੋਚ ਕੇ ਕੰਮ ਬੰਦ ਕਰ ਦਿੰਤਾ ਕਿ ਸਵੇਰੇ ਵੇਖਾਂਗੇ। ਰਾਤ 9 ਵਜੇ ਦੇ ਕਰੀਬ ਢਾਬੇ ਤੋਂ ਬਣੀ ਰੋਟੀ ਤਾਂ ਮਿਲ ਗਈ ਪਰ ਤੰਦੂਰੀ ਰੋਟੀਆਂ ਸਾਡੇ ਤੱਕ ਪਹੁੰਚਦੀਆਂ ਰਬੜ ਬਣ ਚੁੱਕੀਆਂ ਸਨ। ਥੋੜੀ ਜਿਹੀ ਰੋਟੀ ਖਾਦੀ ਤੇ ਸੁਪਰਵਾਇਜ਼ਰ ਸਾਹਿਬ ਨੂੰ ਬੇਨਤੀ ਕੀਤੀ ਕਿ ਕਿਸੇ ਤਰੀਕੇ ਨਾਲ ਇੱਕ ਹੋਰ ਮੰਜੇ ਦਾ ਪ੍ਰਬੰਧ ਕਰਵਾ ਦਿÀ। ਬੇਚਾਰੇ ਨੇ ਪੁਰਾਣੇ ਸਰਪੰਚ ਨੂੰ ਸਾਡੇ ਕੋਲ ਭੇਜਿਆ ਤੇ ਅਸੀਂ ਉਹਨਾ ਨੂੰ ਇਕ ਮੰਜੇ ਅਤੇ ਬਿਸਤਰਿਆਂ ਦੀ ਮੰਗ ਕੀਤੀ । ਉਹ ਕੁੱਝ ਚਾਦਰਾਂ ਅਤੇ ਇੱਕ ਮੰਜਾ ਸਾਨੂੰ ਦੇ ਗਏ। ਮੈਂ ਆਪਣੇ ਘਰੋਂ ਲਿਆਉਦੀ ਚਾਦਰ ਵਿੱਛਾ ਦੇ ਮੰਜੇ ਤੇ ਸੋਣ ਦੀ ਕੋਸ਼ਿਸ਼ ਕੀਤੀ ਪਰ ਸ਼ਾਮ ਵੇਲੇ ਦੀ ਅੱਗ ਕਾਰਣ ਕਮਰੇ ਵਿੱਚ ਧੂੰਏ ਦੀ ਬਦਬੂ ਅਤੇ ਬਿਨਾਂ ਗੱਦੇ ਕਾਰਣ ਰਾਤ ਸਾਢੇ ਬਾਰਾਂ ਵੱਜੇ ਹੀ ਨੀਂਦ ਖੁੱਲ ਗਈ। ਫਿਰ ਕਦੇ ਪ੍ਰੀਜ਼ਾਇਡਿੰਗ ਡਾਅਰੀ ਪੜ ਕੇ, ਕਦੇ ਡੱਬਿਆਂ ਨੂੰ ਖੋਲਣ ਅਤੇ ਬੰਦ ਕਰਣ ਦੀ ਵੀਡਿÀ ਵੇਖ ਕੇ ਅਤੇ ਕਦੇ ਸਵੇਰੇ ਪ੍ਰਯੋਗ ਹੋਣ ਵਾਲੇ ਲਿਫਾਫਿਆਂ ਦੀ ਲਿਸਟਾਂ ਬਣਾ ਕੇ ਰਾਤ ਗੁਜਾਰਣ ਦੀ ਕੋਸ਼ਿਸ਼ ਕੀਤੀ। ਸਵੇਰੇ 4 ਵਜੇ ਨਵੀਂ ਚਿੰਤਾ ਇਹ ਪੈਦਾ ਹੋਈ ਕਿ ਹੁਣ ਜੰਗਲ-ਪਾਣੀ ਕਿੱਥੇ ਜਾਵਾਂਗੇ ਕਿਉਂਕਿ ਬੂਥ ਨੇੜੇ ਕੋਈ ਟਾਇਲਟ ਨਹੀ ਸੀ। ਕਿਸਮਤ ਚੰਗੀ ਕਿ ਥੋੜੀ ਦੇਰ ਬਾਅਦ ਸਾਹਮਣੇ ਇਕ ਘਰ ਦੀ ਲਾਇਟ ਜਗੀ ਤੇ ਥੋੜੀ ਦੇਰ ਉਸ ਘਰੋਂ ਇੱਕ ਬਜ਼ੁਰਗ ਹੱਥ ਵਿੱਚ ਟਾਰਚ ਫੜੀ ਸਾਡੇ ਕੋਲ ਆਏ ਤੇ ਕਹਿਣ ਲੱਗੇ ਕਿ ਜੰਗਲ-ਪਾਣੀ  ਲਈ ਤੁਸੀ ਸਾਡੇ ਬਾਥਰੂਮ ਪ੍ਰਯੋਗ ਕਰ ਸਕਦੇ ਹੋ ਅਤੇ ਚਾਹ ਦੱਸੋਂ ਕਿੰਨੇ ਵਜੇ ਪੀਣੀ ਹੈ? ਪਰੇਸ਼ਾਨੀ ਵਿੱਚ ਗੁਜਾਰੀ ਰਾਤ ਤੋਂ ਬਾਅਦ  ਬਜ਼ੁਰਗ ਦੀ ਗੱਲ ਸੁਣ ਕੇ ਇੰਝ ਲੱਗਾ ਜਿਵੇਂ ਰੱਬ ਨੇ ਸਾਡੇ ਕੋਲ ਕੋਈ ਫਰਿਸ਼ਤਾ ਭੇਜ ਦਿੱਤਾ ਹੋਵੇ। ਉਹਨਾਂ ਦੇ ਘਰ ਅਸੀਂ ਵਾਰੀ ਵਾਰੀ ਜਾ ਕੇ ਇਸਨਾਨ ਵਗੈਰਾ ਕਰਕੇ 8 ਵਜੇ ਵੋਟਿੰਗ ਸ਼ੁਰੂ ਕਰੀ ਦਿੱਤੀ। ਆਗਣਵਾੜੀ ਸੈਂਟਰ ਵਿੱਚ ਪਏ ਪੁਰਾਣੇ ਪੋਸਟਰਾਂ ਨੂੰ ਕੱਟ ਕੇ ਲੋੜੀਂਦੇ ਲਿਫਾਫੇ ਪੂਰੇ ਕਰਕੇ ਚੋਣ ਦਾ ਕੰਮ ਨਿਪਟਾਇਆ ਅਤੇ ਚੋਣ ਸਮੱਗਰੀ ਲੈ ਕੇ ਵਾਪਿਸ ਸਮਾਨ ਜਮਾਂ ਕਰਵਾਉਣ ਲਈ ਤੁਰ ਪਏ। ਬੱਸ ਵਿੱਚ ਵਾਪਿਸ ਆਉਂਦੇ ਮੰਨ ਵਿੱਚ ਇਕੋ ਸਵਾਲ ਪੈਦਾ ਹੈ ਰਿਹਾ ਸੀ ਕਿ ਕਿਹੜੇ ਕੰਮ ਦੀਆਂ ਤੇਰੀਆਂ ਉਹ ਮਜਿਸਟ੍ਰੇਟਰੀ ਪਾਵਰਾਂ?, ਜੋ ਕੁੱਝ ਲਿਫਾਫੇ ਵੀ ਨਹੀ ਮੰਗਵਾ ਸਕੀਆਂ, ਫਿਰ ਮੰਨ ਨੂੰ ਸਮਝਾਇਆ ਕਿ ਪਾਗਲਾਂ  ਤੂੰ ਇੱਕ ਅਧਿਆਪਕ  ਹੈ ਅਤੇ ਅਧਿਆਪਕ ਬਣ ਕੇ ਹੀ ਰਹਿ ,ਇਹਨਾਂ ਇੱਕ ਦਿਨ ਦੀਆਂ ਮਜਿਸਟ੍ਰੇਟਰੀ ਪਾਵਰਾਂ ਦੇ ਚੱਕਰ ਵਿੱਚ ਆਪਣੀ ਹੋਂਦ ਨਾ ਗਵਾ ਬੈਠੀਂ।

ਤਰਸੇਮ ਸਿੰਘ
ਮਾਡਲ ਟਾਊਨ ਮੁਕੇਰੀਆਂ
9464730770


Aarti dhillon

Content Editor

Related News