ਕਵਿਤਾਵਾਂ : ਪੀੜਾਂ, ਅਕਸ,

8/9/2020 4:50:05 PM

ਰਮਿੰਦਰ ਰਮੀ 

( ਪੀੜਾਂ )  

ਆਹ ਪੀੜਾਂ ! 
ਪੀੜਾਂ ਹੀ ਪੀੜਾਂ !! 
 
ਕੀ ਰਿਸ਼ਤਾ ਹੈ ਤੁਹਾਡਾ ਮੇਰੇ ਨਾਲ ! 
ਹਰ ਵੇਲੇ ਮੇਰੇ ਨਾਲ ਹੀ ਰਹਿੰਦੀਆਂ ਨੇ !! 
 
ਸੌਂਦੀ ਹਾਂ ਜਾਗਦੀ ਹਾਂ ! 
ਉੱਠਦੀ ਹਾਂ ਬੈਠਦੀ ਹਾਂ !! 
ਤੁਸੀਂ ਹਰ ਵੇਲੇ ਮੇਰੇ ਨਾਲ ਰਹਿੰਦੀਆਂ ਹੋ !!! 

 ਕੋਈ ਰੁੱਸ ਜਾਵੇ ਕੋਈ ਛੱਡ ਜਾਏ ! 
ਤੁਸੀਂ ਮੈਨੂੰ ਆ ਘੇਰਦੀਆਂ ਹੋ !! 
 
ਕੋਈ ਬੋਲ ਕਬੋਲ ਬੋਲੇ ਕੋਈ ਝਿੜਕਾਂ ਮਾਰੇ ! 
ਪੀੜਾਂ ਫਿਰ ਆ ਗਲ਼ਵੱਕੜੀ ਪਾ ਲੈਂਦੀਆਂ ਨੇ !!
 
ਕੋਈ ਦੁੱਖੀ ਹੋਵੇ ਕੋਈ ਬੀਮਾਰ ਹੋਵੇ !
ਕੋਈ ਦਾਜ ਦੀ ਬਲੀ ਚੜ੍ਹ ਜਾਵੇ !!
ਕਿਤੇ ਅਬਲਾ ਦੀ ਪੱਤ ਲੁੱਟੀ ਜਾਵੇ !!
ਕੋਈ ਨਸ਼ਿਆਂ ਵਿੱਚ ਜਾਨ ਗਵਾਏ !!
ਕੋਈ ਕਰਜ਼ੇ ਨਾਲ ਮਰ ਜਾਏ !!
ਤੁਸੀਂ ਫਿਰ ਮੇਰੇ ਕੋਲ ਭੱਜ ਆਂਉਂਦੀਆਂ ਹੋ !!! 

 ਬੱਸ ਕਰੋ ਹੁਣ ਬਹੁਤ ਹੋ ਗਿਆ ! 
ਕਦੀ ਤੇ ਮੈਨੂੰ ਇੱਕਲਾ ਛੱਡ ਦੇਵੋ !! 
ਛੱਡ ਦਿਉ ਹੁਣ ਮੇਰਾ ਦਾਮਨ ! 
ਮੁਕਤ ਕਰ ਦਿਉ ਹੁਣ ਮੈਨੂੰ !!
ਤੁਸੀਂ ਮੈਨੂੰ ਵਿੰਨ ਛੱਡਿਆ ਹੈ !
ਕੁਝ ਪੱਲ ਖ਼ੁਸ਼ੀ ਨਾਲ ਜੀਉਣ ਦੇਵੋ !! 
ਤੁਹਾਨੂੰ ਸਮੇਟਣ ਦੀ ਹੁਣ !
ਮੇਰੇ ਵਿੱਚ ਸਮੱਰਥਾ ਨਹੀਂ ਰਹੀ !!
     
            
( ਇਹ ਮੁੱਹਬਤ ਕੀ ਹੈ ) 

ਉਹ ਕਹਿੰਦਾ 
ਇਹ  ਮੁੱਹਬਤ ਕੀ ਹੈ !! 

ਮੈਂ ਹੱਸ ਕੇ ਕਿਹਾ !
ਝੱਲਿਆ !!
ਮੁੱਹਬਤ ਬੇਜੁਬਾਨ ਹੁੰਦੀ ਹੈ !
ਇਹ ਜ਼ਬਰਦਸਤੀ ਖਰੀਦੀ ਨਹੀਂ ਜਾਂਦੀ !! 
ਮੁੱਹਬਤ ਤਾਂ ਮਹਿਸੂਸ ਕੀਤੀ ਜਾਂਦੀ ਹੈ !!!

ਇਹ ਤੇ ਰੂਹਾਂ ਦਾ ਮਿਲਨ ਹੈ ! 
ਜੋ ਪੱਲ ਭਰ ਵਿੱਚ !
ਜ਼ਿੰਦਗੀ  ਭਰ ਲਈ !
ਇਕ ਦੂਜੇ ਦੇ ਹੋ ਜਾਂਦੇ ਨੇ !!


ਮੁੱਹਬਤ ਤੇ ਇਕ ਅਹਿਸਾਸ ਹੈ !
ਜੋ ਦਿਲ ਵਿੱਚ ਇਕ ਵਾਰ ਵੱਸ ਜਾਏ 
ਉਸ ਨੂੰ ਕਦੀ ਭੁਲਾਇਆ ਨਹੀਂ ਜਾਂਦਾ !!
ਮੁੱਹਬਤ ਤੇ ਰੂਹ ਦੀ ਖ਼ੁਰਾਕ ਹੈ !!! 

ਮੁੱਹਬਤ ਨੂੰ ਗੂੰਗੇ ਤੇ ਬੋਲੇ ਵੀ !
ਪਸ਼ੂ ਪੰਛੀ ਤੇ ਜਾਨਵਰ ਵੀ !!
ਬਾਖੂਬੀ ਪੜ੍ਹ ਤੇ ਸਮਝ ਲੈਂਦੇ ਨੇ !!
ਇਹ ਚੋਰਾਂ ਨੂੰ ਵੀ ਸਾਧ 
ਬਣਾ ਦਿੰਦੀ ਹੈ !!


ਮੁੱਹਬਤ ਕਬਜ਼ਾ ਨਹੀਂ !
ਪਹਿਚਾਣ ਹੈ !!
ਇਹ ਪਾਉਣ ਦਾ ਨਾਮ ਨਹੀਂ !
ਦੇਣ ਦਾ ਨਾਮ ਹੈ !! 
ਕੁਰਬਾਨੀ ਦਾ ਨਾਮ ਹੈ !!!

ਇਹ ਮੁੱਹਬਤ ਕੀ ਹੈ! 
ਸੱਸੀ ਨੂੰ ਪੁੱਛ ਕੇ ਵੇਖੋ !
ਪੁਨੂੰ ਦੀ ਭਾਲ ਵਿੱਚ !
ਥਲਾਂ ਵਿੱਚ ਪਹੁੰਚ ਜਾਂਦੀ ਹੈ !!

ਸੋਹਣੀ ਮਹੀਂਵਾਲ ਨੂੰ 
ਮਿਲਨ ਦੀ ਖਾਤਿਰ !
ਕੱਚੇ ਘੜੇ ਤੇ ਤੈਰ ਕੇ 
ਦਰਿਆ ਪਾਰ ਕਰ ਜਾਂਦੀ ਹੈ !!

ਮੁੱਹਬਤ ਦੀ ਖਾਤਿਰ !
ਹੀਰ ਨੂੰ ਜ਼ਹਿਰ ਦਾ 
ਪਿਆਲਾ ਪੀਣਾ ਪਿਆ!!

ਮੁੱਹਬਤ ਵਿੱਚ ਆਪਣੇ
ਪਿਆਰੇ ਨੂੰ ਮਿਲਨ ਲਈ !!
ਹਰ ਘੜੀ ਹਰ ਪੱਲ 
ਬੈਚੇਨ ਰਹਿਣਾ !!
ਦਰਦ ਹਉਕੇ  ਜੁਦਾਈ ਤੜਪ 
ਲਗਨ ਚਾਹਤ ਬੇਬਸੀ 
ਇਹੀ ਸਹਿਣਾ ਪੈਂਦਾ ਹੈ !!!

ਮੁੱਹਬਤ ਵਿੱਚ ਆਪਾ ਭੁੱਲ ਜਾਂਦਾ ਹੈ 
ਜਾਤ ਪਾਤ ਰੰਗ ਰੂਪ ਉਮਰ 
ਕੋਈ ਮਾਅਨੇ ਨਹੀਂ ਰੱਖਦੇ!!
ਇਹ ਇਨਸਾਨ ਨੂੰ ਇਬਾਦਤ 
ਤੱਕ ਲੈ ਜਾਂਦੀ ਹੈ !!!

ਇਸੇ ਲਈ ਬੁੱਲੇ ਸ਼ਾਹ  ਕਹਿੰਦਾ ਹੈ 
ਰਾਂਝਾ ਰਾਂਝਾ ਕਰਦੀ ਨੀ ਮੈਂ 
ਆਪੇ ਰਾਂਝਾ ਹੋਈ !
ਸੱਦੋ ਨੀ ਮੈਨੂੰ ਧੀਦੋ ਰਾਂਝਾ 
ਹੀਰ ਨਾ ਆਖੋ ਕੋਈ !! 

ਉਹ ਕਹਿੰਦਾ ! 
ਇਹ ਮੁੱਹਬਤ ਕੀ ਹੈ !!

ਮੈਂ ਹੱਸ ਕੇ ਕਿਹਾ ! 
ਹਾਂ ਹਾਂ !!
ਇਹ ਮੁੱਹਬਤ ਹੈ !!
ਇਹ ਮੁੱਹਬਤ ਹੈ !!! 

 

( ਅਕਸ ) 

ਉਹ ਸ਼ੀਸ਼ੇ ਅੱਗੇ ਖੜੀ !
ਆਪਣੇ ਅਕਸ ਨੂੰ ਨਿਹਾਰ ਰਹੀ ਸੀ !!
ਸੋਚਦੀ ਇਹ ਤੇ ਮੈਂ ਨਹੀਂ ਹਾਂ !
ਲੱਗਦਾ ਮੁੱਦਤਾਂ ਹੋ ਗਈਆਂ ਮੁਸਕਰਾਏ !!
ਸੁੰਨੀਆਂ ਜਿਹੀਆਂ ਅੱਖਾਂ ਵਿੱਚ !
ਹੰਝੂ ਤੈਰਦੇ ਹੋਏ ਦਿੱਸਦੇ ਨੇ !!
ਵਾਲਾਂ ਵਿੱਚ ਵੀ ਸਫ਼ੈਦੀ ਆ ਗਈ !
ਗੱਲਾਂ ਅੰਦਰ ਨੂੰ ਧੱਸ ਗਈਆਂ ਨੇ!!
ਚਿਹਰੇ ਤੇ ਦਰਦ ਦੀਆਂ ਲਕੀਰਾਂ !
ਰੰਗ ਵੀ ਕੁਝ ਕਾਲਾ ਹੋ ਗਿਆ ਹੈ !!
ਉਫ਼ ! ਜ਼ਿੰਦਗੀ ਖਤਮ ਹੋ ਗਈ !!
ਦੂਸਰਿਆਂ ਨੂੰ ਖ਼ੁਸ਼ ਕਰਦੇ ਕਰਦੇ !
ਆਪਣੇ ਲਈ ਕਦੇ ਸੋਚਿਆ ਨਹੀਂ !!
ਸਕੂਲ ਕਾਲਜ ਪੇਕਾ ਸੋਹਰਾ ਘਰ !
ਟੀਚਰ ਦੋਸਤ ਮਿੱਤਰ ਕੰਮ ਵਾਲੀ ਬਾਈ !!
ਆਸ ਪੜੋਸ ਰਿਸ਼ਤੇ ਨਾਤੇ ਬੱਚੇ ਭੈਣ ਭਰਾ !
ਸੱਭ ਦਾ ਖਿਆਲ ਰੱਖਦੇ ਰੱਖਦੇ !!
ਆਪਣਾ ਕਦੀ ਖਿਆਲ ਹੀ ਨਹੀਂ ਆਇਆ !
ਕਿਸੇ ਜੋ ਮੰਗਿਆ ਦੇ ਦਿੱਤਾ !!
ਜੋ ਕਿਸੇ ਕਿਹਾ ਕਰ ਦਿੱਤਾ !
ਪਰ ਤੇਰਾ ਤੇ ਕੋਈ ਨਹੀਂ ਕਰਨ ਵਾਲਾ !!
ਕੌਣ ਬਣਿਆ ਤੇਰਾ ਆਪਣਾ !
ਤੇਰਾ ਆਪਣਾ ਕੀ ਹੈ ਕੁਝ ਨਹੀਂ !!
ਆਪਣੇ ਤੇ ਸਿਰਫ਼ ਦਰਦ ਨੇ !
ਜਿਹਨਾਂ ਦੀ ਗੱਠੜੀ ਪੱਲੇ ਬੰਨੀ ਬੈਠੀ ਹਾਂ !!
ਹੰਝੂ ਪੂੰਝਦੀ ਆਪ ਮੁਹਾਰੇ ਸ਼ਿਵ ਦੀ !
ਨਜ਼ਮ  ਬੁਦਬੁਦਾਉਂਦੀ ਹੈ !!
ਕਿੰਨੀ ਬੀਤੀ ਤੇ ਕਿੰਨੀ ਬਾਕੀ ਹੈ !
ਮੈਨੂੰ ਇਹੋ ਹਿਸਾਬ ਲੈ ਬੈਠਾ !!


rajwinder kaur

Content Editor rajwinder kaur