ਬੈਲ-ਗੱਡੀ

08/13/2020 12:43:53 PM

ਬੈਲ-ਗੱਡੀ ਦੇ ਨਾਂ ਤੋਂ ਈ ਜਾਣ ਜਾਂਦੇ ਹਾਂ ਕਿ ਬਲਦਾਂ ਵਾਲੀ ਗੱਡੀ। ਇਕ ਰੇਹੜੀ ਵੀ ਹੁੰਦੀ  ਆ ,ਉਹ ਵੱਡੀ ਹੁੰਦੀ ਆ ਪਰ ਹੁਣ ਰੇਹੜੀਆਂ ਵੀ ਘੱਟ ਗਈਆਂ ਪਿੰਡਾਂ ਚ ਬਹੁਤਿਆਂ ਨੇ ਛੋਟੇ ਰੇੜੇ ਬਣਾ ਲਏ। ਤਰੱਕੀ 'ਤੇ ਹਾਂ ਅਸੀਂ ਪਰ ਅੱਗੇ ਨਾਲੋਂ ਪਿੱਛਾ ਭਲਾ। ਬੈਲ-ਗੱਡੀ ਛੋਟੀ ਹੁੰਦੀ ਆ ਇਹਨੂੰ ਬਲਦ ਦੋ ਈ ਜੁੜਦੇ ਆ ਪਰ ਬੈਠਣ ਲਈ ਜਗ੍ਹਾ ਸਿਰਫ ਇਕ ਬੰਦੇ ਦੀ ਹੁੰਦੀ ਆ ,ਕਿਸੇ ਵੇਲੇ ਇਹ ਗੱਡੀ ਪਿੰਡਾਂ ਦੇ ਟੂਰਨਾਮੈਂਟਾਂ ਦੀ ਸ਼ਾਨ ਤੇ ਖਿੱਚ ਹੁੰਦੀ ਸੀ। ਕਈ ਇਲਾਕਿਆਂ ਚ ਇਸ ਨੂੰ * ਠੋਕਰ* ਵੀ ਕਿਹਾ ਜਾਂਦਾ ਹੈ । ਟੂਰਨਾਮੈਂਟ ਤੇ ਇਕ ਦਿਨ ਬੈਲ ਗੱਡੀਆਂ ਦੀਆਂ ਦੌੜਾਂ ਲਈ ਰੱਖਿਆ ਜਾਂਦਾ ਸੀ। ਜਦੋਂ ਬੈਲ ਗੱਡੀਆਂ ਦੇ ਸ਼ੌਕੀਆਂ ਨੂੰ ਬੰਨੇ ਚੰਨੇ ,ਟੂਰਨਾਮੈਂਟ ਤੇ ਖੇਡ ਮੇਲਿਆਂ ਦਾ ਪਤਾ ਲੱਗਣਾ ,ਉਨ੍ਹਾਂ ਨੇ ਬਲਦਾਂ, ਵਹਿੜਿਆਂ ਦੀ ਖੂਬ ਸੇਵਾ ਕਰਨੀ ਬਲਦਾਂ ਨੂੰ ਪਿੰਡ ਵਿੱਚ ਇਕ-ਦੂਜੇ ਦੇ ਬਲਦਾਂ ਨਾਲ ਭਜਾ, ਭਜਾ ਕੇ ਪ੍ਰੈਕਟਿਸ ਵੀ ਕਰਵਾਉਣੀ। ਬਲਦਾਂ, ਵਹਿੜਿਆਂ ਦੇ ਪਿਆਰ ਨਾਲ ਨਾਮ ਵੀ ਰੱਖੇ ਹੁੰਦੇ ਸੀ ,ਖੀਰਾ,ਦੁਗਾ ,ਗੋਰਾ ਤੇ ਲਾਖਾ ਆਦਿ । ਪੂਰੀ ਤਿਆਰੀ ਨਾਲ ਮੁਕਬਲੇ ਵਾਲੀ ਥਾਂ ਜਾ ਕੇ ਐਂਟਰੀ ਪਾਉਣੀ। 

PunjabKesari

ਬਹੁਤੇ ਤੁਰ ਕੇ ਈ ਇਕ ਦਿਨ ਪਹਿਲਾਂ ਪਹੁੰਚ ਜਾਂਦੇ ਜਾਂ ਫੇਰ ਸਾਂਝ ਪਾ ਕੇ ਟਰੈਕਟਰ ਟਰਾਲੀ 'ਚ ਗੱਡੀ ਬੌਲਦ ਲੈ ਕੇ ਮੁਕਾਬਲੇ ਜਾ ਹਿੱਸਾ ਲੈਂਦੇ।ਮੈਨੂੰ ਯਾਦ ਆ ਜਦੋਂ ਕਦੇ ਮੇਰੇ ਨਾਨਕੇ ਬਰਮਾਲੀ ਪੁਰ ਤੇ ਭੁਮੱਦੀ ਮੇਰੀ ਮਾਸੀ ਦੇ ਪਿੰਡ ਦੇ ਆਲੇ ਦੁਆਲੇ ਬੈਲ- ਗੱਡੀਆਂ ਦਾ ਮੁਕਾਬਲਾ ਹੁੰਦਾ ਤਾਂ ਮੇਰੇ ਨਾਨਕੇ, ਮਾਸੀ ਦੇ ਘਰ ਵਿਆਹ ਵਰਗਾ ਮਹੌਲ ਹੁੰਦਾ, ਦੇਗਿਆਂ ਚ ਸਬਜ਼ੀਆਂ,ਦਾਲਾਂ ਤੇ ਵੱਡੀ ਲੋਹੇ ਦੀ ਕੜਾਹੀ 'ਚ ਸੂਜੀ ਦਾ ਕੜਾਹ ਬਣਾਇਆ ਜਾਂਦਾ ਕਿਉਂਕਿ ਮੇਰੇ ਮਾਮਾ ਜੀ ਸਰਦਾਰ ਮੇਜਰ ਸਿੰਘ ਹੇਅਰ, ਸਵਰਗਵਾਸੀ ਮਾਸੜ ਜੀ ਜਰਨੈਲ ਸਿੰਘ ਭੁਮੱਦੀ ਵਧੀਆ ਬਲਦ ਰੱਖਣ ਤੇ ਗੱਡੀਆਂ ਭਜਾਉਣ ਦਾ ਸ਼ੌਂਕ ਰੱਖਦੇ ਸਨ। ਮੈਂ ਸੁਣਿਆ ਹੋਇਆ ਕਿ ਮਾਸੜ ਜੀ ਤੇ ਮਾਮਾ ਜੀ ਘਰ ਦਾ ਖਾਲਸ ਘਿਓ ਵਹਿੜਿਆਂ ਨੂੰ ਚਾਰ ਦਿੰਦੇ ਸੀ ਹੋਰ ਖੁਰਾਕ ਵੱਖਰੀ ਜਿਵੇ ਜੌਆਂ ਦੇ ਆਟੇ ਦੀਆਂ ਪੇੜੀਆਂ ਤੇ ਗੁੜ। ਮਾਮੇ ਤੇ ਮਾਸੜ ਦਾ ਪੂਰਾ ਜੁੱਟ ਸੀ, ਸਾਈਕਲ 'ਤੇ ਈ ਤੁਰੇ ਰਹਿੰਦੇ ਦੂਰ-ਦੁਰਾਡੇ ਵੀ ਗੱਡੀਆਂ ਦੀ ਦੌੜਾਂ ਵੇਖਣ। ਪਿੱਛੇ ਤਾਂ ਮੇਰਾ ਬਾਪੂ ਵੀ ਨਾ ਰਹਿੰਦਾ ਉਨ੍ਹਾਂ ਨਾਲੋਂ ਪਰ ਸਾਡੇ ਘਰ ਦਾ ਮਹੌਲ ਕੁੱਝ ਵੱਖਰਾ ਸੀ ,ਗੱਲ ਕੀ ਮੇਰੇ ਦਾਦਾ ਜੀ ਦਾ ਸੁਭਾਅ ਕਾਫੀ ਸਖਤ ਸੀ।

ਜਦੋਂ ਗੱਡੀ ਮੁਕਾਬਲੇ ਵਾਲੀ ਥਾਂ ਪਹੁੰਚਦੀ ਬਲਦਾਂ ਤੇ ਗੱਡੀ ਨੂੰ ਸ਼ਿੰਗਾਰਿਆ ਜਾਂਦਾ ਸੀ ,ਫੁੰਮਣ ਬੰਨੇ ਜਾਂਦੇ ਗੱਡੀ ਨੂੰ ਬਲਦਾਂ ਦੇ ਟੱਲੀਆਂ ਪਾਈਆਂ ਜਾਂਦੀਆਂ, ਬਲਦਾਂ ਦੀਆਂ ਟੱਲੀਆਂ ਜਦੋਂ ਖਹਿ ਕੇ ਵੱਜਦੀਆਂ ਤਾ ਸੋਹਣਾ ਸੰਗੀਤ ਪੈਦਾ ਹੁੰਦਾ।ਸਿਆਲਾਂ ਚ ਬਲਦਾਂ ਤੇ ਝੁੱਲ ਦਿੱਤੇ ਜਾਂਦੇ ਜੋ ਸਾਡੀਆਂ ਬੀਬੀਆਂ ਦੁਆਰਾ ਦਰੀ ਵਾਂਗ ਬੁਣੇ ਜਾਂਦੇ ਸੀ ਗੱਲ ਕੀ ਪੂਰਾ ਸ਼ਿੰਗਾਰ ਕਰਕੇ ਗੱਡੀ ਮੁਕਾਬਲੇ ਚ ਭੱਜਦੀ ਸੀ। ਗੱਡੀਆਂ ਕੱਚੇ ਪਹੇ ਤੇ ਭਜਾਈਆਂ ਜਾਂਦੀਆਂ ਸੀ।ਜਦੋਂ ਸਾਡੇ ਪਿੰਡ ਟੂਰਨਾਮੈਂਟ ਤੇ ਗੱਡੀਆਂ ਭਜਾਉਣ ਦੇ ਮੁਕਾਬਲੇ ਹੁੰਦੇ ਤਾਂ ਮਾਮੇ,ਮਾਸੜ ਦੇ ਬੇਲੀ ਸਾਡੇ ਘਰ ਦੋ ਦਿਨ ਚੰਗੀ ਰੌਣਕ ਰਹਿੰਦੀ ਸੀ। ਮੈਨੂੰ ਅੱਜ ਵੀ ਯਾਦ ਆ ਪਿੰਡ ਗੱਡੀਆਂ ਸੂਏ ਬੰਨ੍ਹੀ ਭਜਾਈਆਂ ਜਾਂਦੀਆਂ ਤੇ ਜੋ ਗੱਡੀ ਹੱਕਦੇ ਸਨ ਉਨ੍ਹਾਂ ਦੇ ਲਲਕਾਰੇ ਘਰ ਸੁਣਦੇ ਸੀ * ਓ ਚੱਲ ਬਈ ਨਗੌਰੀਆ*ਨਗੌਰ ਦੀ ਮੰਡੀ ਦੇ ਬਲਦ ਬਹੁਤ ਮਸ਼ਹੂਰ ਸਮਝੇ ਜਾਂਦੇ ਸੀ।ਗੱਡੀ ਭਜਾਉਣ ਵੇਲੇ ਚੰਗਾ ਤਜਰਬੇਕਾਰ ਇਨਸਾਨ ਗੱਡੀ ਤੇ ਬਿਠਾਇਆ ਜਾਂਦਾ,ਉਹਦੇ ਕੋਲ ਬਲਦਾਂ ਨੂੰ ਹੱਕਣ ਲਈ ਪਰਾਣੀ ਹੁੰਦੀ ਜਿਸ ਦੇ ਇਕ ਸਿਰੇ ਤੇ ਆਰ ਲਵਾਈ ਹੁੰਦੀ ਸੀ,ਉਹ ਤੇਜ ਭਜਾਉਣ ਲਈ ਬਲਦਾਂ ਦੇ ਆਰ ਖੁਭੋ ਦਿੰਦਾ। ,ਹਰੇਕ ਨਹੀਂ ਬਹਿ ਸਕਦਾ। ਬਲਦਾਂ ਨੂੰ ਹੱਲਾਸ਼ੇਰੀ ਦੇਣ ਵਾਲਾ ਤੇ ਦਿਲੋਂ ਤਕੜਾ ,ਮਾੜੇ ਧੀੜੇ ਦਾ ਕੰਮ ਨਹੀਂ ਸੀ ਗੱਡੀਆਂ ਭਜਾਉਣਾ।ਇਕ-ਇਕ ਗੱਡੀ ਭਜਾਈ ਜਾਂਦੀ ,ਦਰਸ਼ਕ ਆਲੇ-ਦੁਆਲੇ ਖੜ੍ਹ ਕੇ ਵੇਖਦੇ ਇਹਨਾਂ ਦੇ ਮੁਕਾਬਲੇ ਦਾ ਸਮਾਂ ਵੀ ਕੁੱਝ ਸੈਕਿੰਡਾਂ ਦਾ ਈ ਹੁੰਦਾ। ਕਈ ਵਾਰ ਬਲਦ ਡਰ ਵੀ ਜਾਂਦੇ ਨੁਕਸਾਨ ਵੀ ਹੋ ਜਾਂਦਾ। ਪੰਜਾਬ ਚ ਮਿੰਨੀ ਉਲੰਪਿਕ ਖੇਡਾਂ ਕਿਲਾ ਰਾਏਪੁਰ ਚ ਗੱਡੀਆਂ ਦਾ ਮੁਕਾਬਲਾ ਜਿਆਦਾ ਵੇਖਣਯੋਗ ਹੁੰਦਾ।ਉੱਥੇ ਇਕੋ ਸਮੇ ਕੋਈ ਕਈ ਗੱਡੀਆਂ ਭਜਾਈਆਂ ਜਾਂਦੀਆਂ ਉਥੋਂ ਦੇ ਖੇਡ ਮੇਲੇ ਚ ਗੱਡੀਆਂ ਜਿਆਦਾ ਗਿਣਤੀ ਚ ਪਹੁੰਚਦੀਆਂ ਸਨ। ਜਰਖੜ ਦੇ ਖੇਡ ਮੇਲੇ ਵਿੱਚ ਵੀ ਗੱਡੀਆਂ ਦੀ ਦੌੜ ਵੇਖਣ ਵਾਲੀ ਹੁੰਦੀ ਸੀ।ਮਾਮਾ ਜੀ ਹੋਰੀਂ ਮੰਨਣਹਾਣਾ ਖੇਡ ਮੇਲੇ ਦੀਆਂ ਬਹੁਤ ਗੱਲਾਂ ਸੁਣਾਉਂਦੇ ਸਾਨੂੰ।ਸਰਕਾਰ ਵੱਲੋਂ ਕੁੱਝ ਕਾਰਨਾਂ ਕਰਕੇ ਇਸ ਮੁਕਾਬਲੇ ਪਾਬੰਦੀ ਲਗਾ ਦਿੱਤੀ ਸੀ,ਕਿਹਾ ਜਾਂਦਾ ਕਿ ਬਲਦਾਂ, ਵਹਿੜਿਆਂ ਤੇ ਤਸ਼ੱਦਦ ਕੀਤਾ ਜਾਂਦਾ ਤੇ ਕਈ ਬਲਦਾਂ ਨੂੰ ਟੀਕੇ ਲਾ ਕੇ ਤੇ ਸ਼ਰਾਬ ਪਿਲਾ ਕੇ ਭਜਾਉਣ ਲੱਗ ਪਏ ਜੋ ਕਿ ਬਹੁਤ ਹੀ ਗਲਤ ਹੈ,ਬੇਜੁਬਾਨਿਆਂ ਨਾਲ ਏਦਾਂ ਨਹੀਂ ਕਰਨਾ ਚਾਹੀਦਾ।ਹੁਣ ਤਾਂ ਏਦਾਂ ਲੱਗਦਾ ਜਿਵੇਂ ਪੰਜਾਬ ਵਿੱਚ ਨਸ਼ੇ ਤੋਂ ਬਿਨਾਂ ਕੋਈ ਮੁਕਾਬਲਾ ਹੀ ਨਹੀਂ ਹੁੰਦਾ, ਇਹ ਸਾਡੀ ਤਰਾਸਦੀ ਆ ਅਸੀਂ ਕਿੱਧਰ ਨੂੰ ਤੁਰ ਪਏ ਹਾਂ। ਆਓ ਨਸ਼ਿਆਂ ਦਾ ਤਿਆਗ ਕਰੀਏ ਤੇ ਆਪਣੇ ਅਮੀਰ ਵਿਰਸੇ ਨੂੰ ਸੰਭਾਲੀਏ।

PunjabKesari

ਜਤਿੰਦਰ ਕੌਰ ਬੁਆਲ ਸਮਰਾਲਾ


Lalita Mam

Content Editor

Related News