ਉੱਲੂ ਉਜਾੜ ਭਾਲਦਾ

11/21/2017 5:51:07 PM

ਸਾਡੇ ਘਰ ਦੇ ਪਿਛਲੇ ਪਾਸੇ ਨਿੰਮ ਦਾ ਬਹੁਤ ਭਾਰਾ ਦਰਖਤ ਸੀ । ਉੱਡਦੇ ਜਾਂਦੇ ਪੰਛੀ ਨਿੰਮ ਤੇ ਆ ਕੇ ਬੈਠ ਜਾਂਦੇ ਸਨ । ਚਿੜੀਆਂ ਦੀ ਚਾਂ ਚਾਂ ਤੇ ਘੁਗੀਆਂ ਦੀ ਘੂੰ ਘੂੰ ਕੰਨੀ ਪੈਂਦੀ ਰਹਿੰਦੀ ਸੀ । ਨਿੰਮ ਦੀ ਛਾਂ ਵੀ ਬਹੁਤ ਗੂੜੀ ਸੀ ।         
          ਇੱਕ ਦਿਨ ਆਥਣ ਤੋਂ ਬਾਅਦ ਮੂੰਹ ਹਨੇਰੇ ਇੱਕ ਉੱਲੂ ਦੀ ਆਵਾਜ਼ ਆਈ ਤੇ ਹਨੇਰੇ ਹੋਣ ਤੇ ਉਹ ਉਡਿਆ ਫਿਰਦਾ ਦਿਖਾਈ ਦਿੱਤਾ । ਉਹ ਉਡਿਆ ਕਰੇ ਤੇ ਫਿਰ ਨਿੰਮ ਤੇ ਆ ਕੇ ਬੈਠ ਜਾਇਆ ਕਰੇ । ਲਗਾਤਾਰ ਇਦਾਂ ਹੀ ਤਿੰਨ ਚਾਰ ਦਿਨ ਚੱਲਦਾ ਰਿਹਾ । ਉੱਲੂ ਦੇ ਨਾਲ ਹੁਣ ਦੋ ਹੋਰ ਛੋਟੇ ਛੋਟੇ ਉੱਲੂ ਵੀ ਰੋਜ਼ ਏਥੇ ਆਉਣ ਲੱਗ ਪਏ । ਸ਼ਾਇਦ ਉਹ ਏਸ ਦੇ ਬੱਚੇ ਸੀ ।
       ਆਖਰ ਹਫਤੇ ਕੂ ਬਾਅਦ ਸਾਰਾ ਆਸ ਗਵਾਂਡ ਗੱਲਾਂ ਕਰਨ ਲੱਗਾ ਵੀ ਆਹ ਉੱਲੂ ਰੋਜ਼ ਹੀ ਆ ਕੇ ਏਥੇ ਬੈਠਣ ਲੱਗ ਗਏ ਹਨ। ਇਹ ਮਾੜਾ ਹੁੰਦਾ ਹੈ । ਏਨੇ ਨੂੰ ਗਵਾਡੀਆਂ ਦੀ ਬੁੜੀ ਬੋਲੀ ਵੇ ਭਾਈ ਏਨੂੰ ਮਾਰ ਕੇ ਭਜਾਓ ਏਹ ਤਾਂ ਉਜਾੜ ਭਾਲਦਾ । ਇਹ ਗੱਲ ਸੁਣ ਕੇ ਸਾਰਿਆਂ ਉਹਦੀ ਹਾਂ ਵਿੱਚ ਹਾਂ ਮਿਲਾਈ । 
     ਅਗਲੇ ਦਿਨ ਆਥਣ ਨੂੰ ਉੱਲੂ ਨੂੰ ਮਾਰਨ ਦੀ ਸਕੀਮ ਤਿਆਰ ਸੀ । ਪਸ਼ੂਆਂ ਵਾਲੀ ਮਸ਼ਰਦਾਨੀ ਲੈ ਕੇ ਉਹਨੂੰ ਨਿੰਮ ਤੇ ਜਾਲ ਦੀ ਤਰਾਂ ਬੰਨਿਆ ਗਿਆ । ਦੋ ਤਿੰਨ ਬੰਦਿਆਂ ਨੇ ਹੱਥਾਂ ਵਿੱਚ ਸੋਟੀਆਂ ਫੜ ਕਾ ਉਹਦੇ ਸਿਰੇ ਤੇ ਕੱੜਾ ਲਪੇਟ ਕੇ ਅੱਗ ਲਾ ਲਈ ਵੀ ਅੱਗ ਤੋਂ ਉੱਲੂ ਡਰਦਾ । ਏਨੇ ਚਿਰ ਨੂੰ ਰਾਤ ਹੋਈ ਤਾਂ ਉੱਲੂ ਅਤੇ ਉਹਦੇ ਬੱਚੇ ਸਿੱਧੇ ਨਿੰਮ ਤੇ ਆਣ ਬੈਠੇ ਤੇ ਬੁਰੀ ਤਰਾਂ ਜਾਲ ਵਿੱਚ ਉਲਝ ਗਏ । ਫਿਰ ਫਟਾਫਟ ਗਵਾਡੀਆਂ ਦਾ ਕਾਕਾ ਨਿੰਮ ਤੇ ਚੜਿਆ ਤੇ ਜਾਲ ਵਿੱਚ ਫਸੇ ਵੱਡੇ ਉੱਲੂ ਦੇ ਸਿੱਧੀ ਡਾਂਗ ਮਾਰੀ ਉਹ ਵਿਚਾਰਾ ਓਥੇ ਹੀ ਤੜਫਣ ਲੱਗਿਆ ਤੇ ਉਹਦੇ ਬੱਚੇ ਜੋ ਜਾਲ ਵਿੱਚ ਫਸੇ ਸੀ ਉਹ ਜਾਲ ਦੀਆਂ ਚਾਰੇ ਕੰਨੀਆਂ ਫੜ ਕੇ ਜਾਲ ਦੇ ਵਿੱਚ ਉਲਝਾ ਲਏ । ਕਾਕੇ ਨੇ ਥੱਲੇ ਉੱਤਰ ਕੇ  ਜਾਲ ਨੂੰ ਦੋ ਤਿੰਨ ਵਾਰ ਜਮੀਨ ਤੇ ਪੂਰੀ ਜੋਰ ਨਾਲ ਮਾਰਿਆ ਤੇ ਉਹਨਾਂ ਦੇ ਪਰਾਨ ਵੀ ਓੱਥੇ ਨਿਕਲ ਗਏ ।ਹੁਣ ਸਾਰੇ ਸ਼ੁਕਰ ਮਨਾ ਰਹੇ ਸੀ ਵੀ ਆਹ ਉੱਲੂ ਮਰਗੇ ਕਿਉਕਿਂ ਭਾਈ ਇਹ ਤਾਂ ਉਜਾੜ ਭਾਲਦੇ ਆ ਤੇ ਇਹ ਹੱਸਦਾ ਵੱਸਦਾ ਇਲਾਕਾ ਵਾ । 
       ਮੈਂ ਇੱਕ ਪਾਸੇ ਬੈਠਾ ਸੋਚ ਰਿਹਾ ਸੀ ਵੀ ਆਹ ਉੱਲੂ ਇੰਨੇ ਦਿਨਾਂ ਤੋਂ ਨਿੰਮ ਤੇ ਆ ਕੇ ਰਹਿ ਰਹੇ ਸੀ ਪਰ ਇੰਨਾ ਕਿਸੇ ਨੂੰ ਕੁਝ ਨਹੀਂ ਕਿਹਾ ਤੇ ਨਾ ਕਿਸੇ ਨੂੰ ਉਜਾੜਿਆ । ਪਰਰਰਰ ਅੱਜ ਚੰਗੇ ਭਲੇ ਅਕਲਮੰਦ ਇਨਸਾਨਾਂ ਨੇ ਆਹ ਉੱਲੂ ਨੂੰ ਮਾਰ ਕੇ ਉਹਦਾ ਹੱਸਦਾ ਵੱਸਦਾ ਪਰਿਵਾਰ ਉਜਾੜ ਦਿੱਤਾ । ਹੁਣ ਮੈਨੂੰ ਪਤਾ ਲੱਗਿਆ ਵੀ ਉਜਾੜ ਕੌਣ ਭਾਲਦਾ ਤੇ ਅਸਲੀ ਉੱਲੂ ਕੌਣ ਆ । 
ਸੁਖ ਜਗਰਾਓ
97816 20022


Related News