" ਕਾਸ਼! ਉਹ ਦਿਨ ਮੁੜ ਆ ਜਾਵਣ "

06/28/2020 2:06:43 PM

ਗੱਲਾਂ ਉਨ੍ਹਾਂ ਦਿਨਾਂ ਦੀਆਂ ਹਨ ਜਦ ਅਸੀਂ 5ਵੀਂ-6ਵੀਂ ’ਚ ਪੜ੍ਹਦੇ ਸਾਂ। ਵੈਸੇ 10ਵੀਂ ਤੱਕ ਦੀ ਪੜ੍ਹਾਈ ਅਸਾਂ ਸ਼ਹਿਰ ਦੇ ਪ੍ਰਸਿੱਧ ਵਿੱਦਿਅਕ ਅਦਾਰੇ ਇਸਲਾਮੀਆ ਹਾਈ ਸਕੂਲ (ਹੁਣ ਦੇ ਸੀਨੀਅਰ ਸੈਕੰਡਰੀ ਸਕੂਲ) ਵਿਖੇ ਕੀਤੀ। ਵਧੇਰੇ ਮੁਸਲਿਮ ਭਾਈਚਾਰੇ ਦੇ ਬੱਚੇ ਅੱਜ ਵੀ ਇਸੇ ਸਕੂਲ ਵਿੱਚ ਪੜ੍ਹਿਆ ਕਰਦੇ ਹਨ। ਸ਼ਹਿਰ ’ਚ ਅੱਜ ਦੀ ਤਰ੍ਹਾਂ ਪ੍ਰਾਈਵੇਟ ਸਕੂਲ ਨੁਮਾ ਦੁਕਾਨਾਂ ਨਹੀਂ ਸਨ ਤੇ ਨਾ ਹੀ ਲੋਕੀ ਅੱਜ ਵਾਂਗ ਬੱਚਿਆਂ ਨੂੰ ਮਾਡਲ ਸਕੂਲ ਵਿਚ ਪੜ੍ਹਾਉਣਾ ਸਿੰਬਲ ਸਟੇਟਸ ਖਿਆਲ ਕਰਦੇ ਸਨ। ਸਰਦੀਆਂ ਵਿਚ ਅਕਸਰ ਸਕੂਲਾਂ ਚਾਰ ਵਜੇ ਛੁੱਟੀ ਹੋਇਆ ਕਰਦੀ ਸੀ। ਐਤਵਾਰ ਆਲੇ ਦਿਨ ਸਾਨੂੰ ਸਕੂਲ ’ਚੋਂ ਡੇਢ ਘੰਟਾ ਪਹਿਲਾਂ ਛੁੱਟੀ ਹੁੰਦੀ ਅਤੇ ਸ਼ੁੱਕਰਵਾਰ ਦੀ ਪੂਰੀ ਛੁੱਟੀ ਹੋਇਆ ਕਰਦੀ ਸੀ।

ਉਨ੍ਹੀਂ ਦਿਨੀਂ ਬੱਚਿਆਂ ਦੇ ਸ਼ੌਕ ਅਵੱਲੇ ਹੀ ਸਨ ਜਿਵੇਂ ਕਿ ਪਤੰਗ ਉਡਾਉਣਾ, ਕੱਚ ਦੇ ਬੰਟੇ, ਅਖਰੋਟ ਖੇਡਣਾ, ਗਲੀਆਂ ਮੁਹੱਲਿਆਂ ਵਿਚ ਸਾਇਕਲ ਚਲਾਉਣਾ, ਪਿੱਠੂ ਗਰਮਾ-ਗਰਮ, ਅੰਨਾ ਝੋਟਾ ਅਤੇ ਲੁਕਣ ਮਿਟੀ, ਪਟ-ਪਟ ਪਟੀਲੀਓ, ਗੁੱਲੀ ਡੰਡਾ ਆਦਿ ਖੇਡਾਂ ਦਾ ਬੱਚਿਆਂ ਵਧੇਰੇ ਪ੍ਰਚਲਨ ਹੋਇਆ ਕਰਦਾ ਸੀ। 

ਇਨਸਾਨੀ ਜ਼ਿੰਦਗੀ ਅੰਦਰ 70 ਫੀਸਦੀ ਰੋਗ ਜਾਨਵਰਾਂ ਤੋਂ ਹੀ ਆਏ ਹਨ (ਵੀਡੀਓ)

ਪਤੰਗ ਉਡਾਉਣ ਦਾ ਸ਼ੌਕ ਤਾਂ ਜਿਵੇਂ ਜਨੂਨ ਦੀ ਹੱਦ ਤਕ ਹੁੰਦਾ ਸੀ। ਉਸ ਸਮੇਂ ਅੱਜ-ਕੱਲ੍ਹ ਵਾਂਗ ਚਾਇਨਾ ਡੋਰ ਦਾ ਚਲਣ ਨਹੀਂ ਸੀ। ਜਿਸ ਨਾਲ ਅੱਜ ਪੰਛੀ ਅਤੇ ਇਨਸਾਨ ਆਮ ਜ਼ਖਮੀ ਹੁੰਦੇ ਵੇਖੇ ਜਾ ਸਕਦੇ ਸਨ। ਪਤੰਗ ਉਡਾਉਣ ਦੇ ਸ਼ੌਕੀਨ ਅਕਸਰ ਆਪ ਹੀ ਮਾਂਜੇ ਲਾ ਕੇ ਡੋਰ ਬਨਾਉਂਦੇ। ਮੈਨੂੰ ਯਾਦ ਹੈ ਅਸੀਂ ਖੁਦ ਮੁਰਗਾ, ਰੇਲ ਦੇ ਇੰਜਣ ਮਾਰਕੇ ਵਾਲੀਆਂ ਪੱਕੇ ਧਾਗੇ ਦੀਆਂ ਰਿੱਲੀਆਂ ਲਿਆਇਆ ਕਰਦੇ ਸਾਂ। ਇਹ ਰੀਲਾਂ ਜੋ ਉਨ੍ਹਾਂ ਦਿਨਾਂ ਵਿੱਚ ਦੋ, ਤਿੰਨ ਰੁਪਏ ਦੀਆਂ ਆਮ ਮਿਲ ਜਾਂਦੀਆਂ ਸਨ। ਧਾਗੇ ਦੀਆਂ ਰੀਲਾਂ ਉਸ ਸਮੇਂ ਸ਼ਹਿਰ ਦੇ ਕੈਲੋਂ ਗੇਟ ਦੀਆਂ ਅੰਦਰੂਨੀ ਦੋ ਛੋਟੀਆਂ ਛੋਟੀਆਂ ਦੁਕਾਨਾਂ ’ਚੋਂ ਮਿਲ ਜਾਇਆ ਕਰਦੀਆਂ ਸਨ । ਉਨ੍ਹਾਂ ਦੁਕਾਨਾਂ ਤੋਂ ਡੋਰ ਨੂੰ ਮਾਂਜੇ ਲਾਉਣ ਵਾਲਾ ਹੋਰ ਸਾਮਾਨ ਵੀ ਮਿਲਦਾ ਸੀ । ਰਿੱਲੀ ਦੇ ਨਾਲ ਹੀ ਮਾਂਜਾ ਲਗਾਉਣ ਲਈ ਸੁਰੇਸ਼ ਦੀਆਂ ਟਿਕੀਆਂ ਜੋ ਕਿ ਆਮ ਪਾਪੜ( ਅੰਬਾਂ ਦੇ ਪਾਪੜ) ਵਰਗੀਆਂ ਹੋਇਆ ਕਰਦੀਆਂ ਸਨ।

ਤਮਾਮ ਸਾਮਾਨ ਦੀ ਖਰੀਦਦਾਰੀ ਕਰਨ ਉਪਰੰਤ ਕੱਚ ਦੀਆਂ ਬੋਤਲਾਂ, ਪੁਰਾਣੀਆਂ ਫਿਊਜ਼ ਟਿਊਬਾਂ ਨੂੰ ਭੰਨ ਕੇ ਪੱਥਰ ਦੀ ਕੁੰਡੀ ਵਿੱਚ ਜਾਂ ਖਰਲ ਵਿੱਚ ਪੀਸ ਕੇ ਮੈਦੇ ਵਾਂਗ ਬਣਾ ਲੈਂਦੇ ਫਿਰ ਉਸ ਵਿਚ ਕਿਲੋ ਅੱਧਾ ਕਿਲੋ ਦਾ ਘਿਉ ਵਾਲਾ ਖਾਲੀ ਟੀਨ ਦਾ ਡਿੱਬਾ ਲਭੱਦੇ ਅਤੇ ਲੱਭਣ ਉਪਰੰਤ ਉਸ ਵਿਚ ਮਾਂਜਾ ਲਾਉਣ ਵਾਲਾ ਸਾਮਾਨ ਆਦਿ ਇੱਕਠਾ ਕਰ ਕੇ ਕਿਸੇ ਛੁੱਟੀ ਵਾਲੇ ਦਿਨ ਗੱਡੀ ਦੀ ਲਾਇਨ ਕੋਲ ਲੈ ਜਾਂਦੇ। ਜਿਥੇ ਦੋ ਇੱਟਾਂ ਲੈ ਕੇ ਚੁੱਲ੍ਹਾ ਬਣਾ ਲੈਂਦੇ ਤੇ ਅੱਗ ਬਾਲ ਕੇ ਟੀਨ ਦੇ ਡਿੱਬੇ ਵਿਚ ਪਾਣੀ ਪਾ ਕੇ ਤੇ ਸੁਰੇਸ਼ ਪਾ ਕੇ ਅੱਗ ਉਪਰ ਧਰ ਦਿੰਦੇ।

ਵਾਤਾਵਰਣ ’ਚ ਹੋਏ ਪਰਿਵਰਤਨ ਸਦਕਾ ਹੋ ਸਕਦੈ ਮੌਸਮੀ ਬਦਲਾਅ ਤੇ ਖੰਘ-ਜ਼ੁਕਾਮ ਦਾ ਖ਼ਤਰਾ

ਜਦੋਂ ਸੁਰੇਸ਼ ਪਿਘਲ ਕੇ ਪਾਣੀ ਬਣ ਜਾਂਦਾ ਤਾਂ ਉਸ ਵਿਚ ਪੀਸਿਆ ਹੋਇਆ ਕੱਚ ਪਾ ਦਿੰਦੇ ਤੇ ਫਿਰ ਉਸ ਨੂੰ ਸੇਕ ਲਵਾਉਂਦੇ ਤੇ ਕਿਸੇ ਡੱਕੇ ਨਾਲ ਖੂਬ ਹਿਲਾਉਂਦੇ । ਬੱਚਿਆਂ ਵਿਚ ਉਨ੍ਹਾਂ ਦਿਨਾਂ ਵਿਚ ਇਹ ਦੰਦ ਕਥਾ ਖੂਬ ਪ੍ਰਚਲਤ ਸੀ ਕਿ ਜੇਕਰ ਮਾਂਜਾ ਲਾਉਣ ਵਾਲੇ ਘੋਲ ’ਚ ਇੱਲ (ਚੀਲ) ਦਾ ਅੰਡਾ ਪਾਇਆ ਜਾਵੇ ਤਾਂ ਡੋਰ ਵਧੇਰੇ ਤਿੱਖੀ ਬਣ ਜਾਂਦੀ ਹੈ ਤੇ ਦੂਜੀਆਂ ਮੁਕਾਬਲੇ ਵਿੱਚ ਚੜਨ ਵਾਲੀਆਂ ਪਤੰਗਾਂ ਨੂੰ ਗਾਜਰ ਮੂਲੀ ਵਾਂਗ ਕੱਟ ਕੱਟ ਮਾਰਦੀ ਹੈ। 

ਪਰ ਇਲ ਦੇ ਆਲਣੇ ’ਚੋਂ ਅੰਡੇ ਦੀ ਪ੍ਰਾਪਤੀ ਕਰਨਾ ਵੀ ਜਿਵੇਂ ਸ਼ੇਰ ਦੇ ਮੂੰਹ ’ਚੋਂ ਬੋਟੀ ਖੋਹਣ ਦੇ ਤੁਲ ਹੁੰਦਾ ਸੀ ਸੋ ਅਕਸਰ ਮੁਰਗੀ ਦਾ ਅੰਡਾ ਪਾ ਕੇ ਹੀ ਮੰਨ ਨੂੰ ਧਰਵਾਸਾ ਦੇ ਲੈਂਦੇ। ਜਦੋਂ ਘੋਲ ਤਿਆਰ ਹੋ ਜਾਂਦਾ ਤਾਂ ਇਕ ਸੁੱਤੀ ਕਪੜੇ ਦੀ ਲੀਰ ਉਂਗਲੀਆਂ ਤੇ ਅੰਗੂਠੇ ’ਤੇ ਲਪੇਟ ਕੇ ਟਾਹਲੀਆਂ ਦੇ ਇੱਕ ਟਾਹਲੀ ਤੋਂ ਦੂਜੀ ਟਾਹਲੀ ਆਲੇ ਦੁਆਲੇ ਮਾਂਜਾ ਲਾਉਂਦੇ ਤੇ ਫਿਰ ਡੋਰ ਦੇ ਸੁਕਣ ਤੇ ਕਾਗਜ਼ ਦੀ ਇੱਕ ਛੋਟੀ ਜਿਹੀ ਗੇਂਦ ਬਣਾ ਲਪੇਟ ਕੇ ਉਸ ਦਾ ਪਿੰਨਾ ਬਣਾਉਂਦੇ ਜਾਂ ਫਿਰ ਕਿਸੇ ਪੁਰਾਣੀ ਚਰਖੜੀ ’ਤੇ ਲਪੇਟ ਲੈਂਦੇ। 

‘ਡਾ. ਰਾਣਾ ਪ੍ਰੀਤ ਗਿੱਲ’ ਇੱਕ ਵੈਟਨਰੀ ਡਾਕਟਰ, ਜੋ ਕੁੜੀਆਂ ਲਈ ਉਮੀਦ ਹੈ 

ਉਸ ਸਮੇਂ ਪੱਚੀ ਦੱਸ ਪੈਸੇ, ਪੱਚੀ ਪੈਸੇ ਅਤੇ ਪੰਜਾਹ ਪੈਸੇ ਦਾ ਵੱਡਾ ਅੱਖਲ ਪਤੰਗ ਆਮ ਮਿਲ ਜਾਇਆ ਕਰਦਾ ਸੀ ਤੇ ਇੱਕ ਰੁਪਏ ਦਾ ਵੱਡਾ ਪਤੰਗ (ਛੱਜ) ਜਾਂ ਪਰੀ ਮਿਲ ਜਾਂਦੀ ਸੀ ।ਉਨ੍ਹੀਂ ਦਿਨੀਂ ਘਰਾਂ ਦੀਆਂ ਛੱਤਾਂ ’ਤੇ ਲੱਗੇ ਐਂਟੀਨੇ ਪਤੰਗਾਂ ਸੱਭ ਤੋਂ ਵੱਡੇ ਦੁਸ਼ਮਣ ਸਮਝੇ ਜਾਂਦੇ ਸਨ, ਜਿਨ੍ਹਾਂ ਵਿਚ ਅਕਸਰ ਪਤੰਗ ਉਡਾਉਂਦੇ ਸਮੇਂ ਫਸ ਕੇ ਬਿਨ ਆਈ ਮੌਤ ਮਰ ਜਾਇਆ ਕਰਦੇ ਸਨ ਕਈ ਵਾਰ ਲਾਂਗੜ ਪਾ ਪਾ ਉਨ੍ਹਾਂ ਨੂੰ ਕੱਢਣ ਦੀ ਕੋਸ਼ਿਸ਼ ਕਰਨੀ ਵੀ ਅਜਾਈਂ ਜਾਇਆ ਕਰਦੀ ਸੀ। ਕਿਸੇ ਨਾਲ ਪੈਚਾ ਪਾਉਂਦੇ ਸਮੇਂ ਕੱਟੀ ਪਤੰਗ ਤਾਂ ਜਿਵੇਂ ਕਿਵੇਂ ਜਰ ਲਈ ਜਾਂਦੀ ਸੀ, ਕਿਉਂਕਿ ਉਸ ਨੂੰ ਸ਼ਹੀਦ ਹੀ ਸਮਝਿਆ ਜਾਂਦਾ ਸੀ ਪਰ ਟੈਲੀਵਿਜ਼ਨ ਦੇ ਐਂਟੀਨੇ ਵਿੱਚ ਫਸੀ ਪਤੰਗ ਦਾ ਦਰਦ ਨਹੀਂ ਸੀ ਜਰਿਆ ਜਾਂਦਾ। ਅਕਸਰ ਪੈਸੇ ਨਹੀਂ ਹੋਣ ਦੀ ਸੂਰਤ ਪੋਲੀਥੀਨ ਮੋਮੀ ਦੇ ਲਿਫਾਫੇ ਦੇ ਪਤੰਗ ਝਾੜੂ ਦੀਆਂ ਤਿਲੀਆਂ ਦੀ ਮਦਦ ਨਾਲ ਬਣਾ ਲਿਆ ਕਰਦੇ, ਜੋ ਉਡਣ ਵਿੱਚ ਕਈ ਵਾਰ ਮੁੱਲ ਦੇ ਪਤੰਗਾਂ ਤੋਂ ਵੀ ਸੁੱਧ ਉਡਿਆ ਕਰਦੇ ਸਨ।

ਕਿਸੇ ਕੱਟੀ ਹੋਈ ਪਤੰਗ ਦੀ ਡੋਰ ਲੁੱਟਣ ਦਾ ਇੱਕ ਅਲੱਗ ਹੀ ਲੁਤਫ ਆਉਂਦਾ। ਕੱਟੇ ਹੋਏ ਪਤੰਗ ਦਾ ਲੁੱਟਣਾ ਜਿਵੇਂ ਮੈਦਾਨ ਏ ਜੰਗ ਫਤਿਹ ਕਰਨ ਦੇ ਤੁਲ ਹੁੰਦਾ। 

ਖੇਡ ਰਤਨ ਪੰਜਾਬ ਦੇ : ਕੁਸ਼ਤੀ 'ਚ ਕਮਾਲਾਂ ਕਰਦਾ ‘ਕਰਤਾਰ ਸਿੰਘ’

ਜੀਵਨ ਦੀ ਰਫਤਾਰ ਉਨ੍ਹੀਂ ਦਿਨੀਂ ਅੱਜ ਵਰਗੀ ਤੇਜੀ ਨਹੀਂ ਸੀ ਤੇ ਨਾ ਹੀ ਬੱਚਿਆਂ ਦੇ ਹੱਥੀਂ ਮੋਬਾਈਲ ਹੁੰਦੇ ਸਨ। ਇੰਟਰਨੈੱਟ, ਫੇਸਬੁੱਕ ਵਾਟਸ-ਐਪ ਯੂ-ਟਿਊਬ ਇੰਸਟਾਗਰਾਮ ਅਤੇ ਗੂਗਲ ਆਦਿ ਕਿਸ ਚਿੜੀਆ ਦੇ ਨਾਂ ਹਨ। ਬੱਚਿਆਂ ਨੂੰ ਛੱਡ ਵੱਡਿਆਂ ਨੂੰ ਵੀ ਨਹੀਂ ਸੀ ਪਤਾ ਹੁੰਦਾ। ਪੂਰੇ ਮੁਹੱਲੇ ਵਿਚ ਲੈ ਦੇ ਕੇ ਕਿਸੇ ਇੱਕ ਜਾਂ ਦੋ ਘਰਾਂ ਵਿੱਚ ਟੈਲੀਫੋਨ ਹੋਇਆ ਕਰਦਾ ਸੀ ਤੇ ਸਾਰੇ ਮੁਹੱਲੇ ਨੇ ਉਹੀ ਟੈਲੀਫੋਨ ਨੰਬਰ ਆਪਣੇ ਸਾਰੇ ਦੂਰ ਦੁਰਾਡੇ ਦੇ ਰਿਸ਼ਤੇਦਾਰਾਂ ਨੂੰ ਦਿੱਤਾ ਹੁੰਦਾ ਤਾਂ ਜੋ ਕਿਸੇ ਹੀਮ-ਕੀਮ ਵੇਲੇ ਸੁਨੇਹਾ ਹਾਸਲ ਕੀਤਾ ਜਾ ਸਕੇ । ਅਗਰ ਕਿਸੇ ਨੇ ਬਾਹਰਲੇ ਸ਼ਹਿਰ ਵਿਚ ਕੋਈ ਫੋਨ ਕਰਨਾ ਹੁੰਦਾ ਤਾਂ ਪਹਿਲਾਂ ਸਥਾਨਕ ਟੈਲੀਫੋਨ ਐਕਸਚੇਂਜ ’ਚੋਂ ਕਾਲ ਬੁੱਕ ਕਰਵਾਉਣੀ ਪੈਂਦੀ, ਫਿਰ ਟੈਲੀਫੋਨ ਐਕਸਚੇਂਜ ਵਾਲੇ ਕੁਝ ਸਮਾਂ ਬਾਅਦ ਉਸ ਬੂਕਿੰਗ ਕਰਨ ਵਾਲੇ ਨੂੰ ਬੈਕ ਕਾਲ ਕਰਦਿਆਂ ਬੁਕ ਕੀਤੇ ਨੰਬਰ ’ਤੇ ਗੱਲ ਕਰਾਉਂਦੇ। 

ਇਸੇ ਤਰ੍ਹਾਂ ਮਨੋਰੰਜਨ ਦਾ ਸਾਧਨ ਰੇਡੀਓ, ਟੀ ਵੀ ਹੋਇਆ ਕਰਦੇ ਸਨ।" ਆਲ ਇੰਡੀਆ ਰੇਡੀਓ ਕੀ ਉਰਦੂ ਸਰਵਿਸ" ਤੋਂ ਨਸ਼ਰ ਹੋਣ ਵਾਲੇ ਤਬਸਰੇ ਗੀਤਾਂ ਦੇ ਪ੍ਰੋਗਰਾਮ ਵਿਚ ਆਪ ਕੀ ਫਰਮਾਇਸ਼, ਤਾਅਮੀਲ ਏ ਇਰਸ਼ਾਦ ਅਤੇ ਹਫਤਾਵਾਰੀ "ਆਓ ਬੱਚੋ " ਪ੍ਰੋਗਰਾਮ ਜਿਵੇਂ ਕੰਨਾਂ ਵਿੱਚ ਰੱਸ ਘੋਲਦੇ ਮਹਿਸੂਸ ਹੁੰਦੇ। ਇਸੇ ਪ੍ਰਕਾਰ ਟੀ ਵੀ ਤੇ ਹਫਤੇ ਵਿਚ ਇਕ ਫਿਲਮ ਆਇਆ ਕਰਦੀ ਸੀ ਤੇ ਫਿਲਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਅੱਧਾ ਘੰਟਾ ਮਸ਼ਹੂਰੀਆਂ ਆਇਆ ਕਰਦੀਆਂ ਤੇ ਸਾਰੇ ਮੁਹੱਲੇ ਦੇ ਬੱਚੇ ਉਸ ਘਰ ਪਹੁੰਚ ਜਾਂਦੇ ਜਿਸ ਘਰ ਟੀ ਵੀ ਹੁੰਦਾ। ਫਿਲਮ ਦੇ ਵਿਚਕਾਰ ਖਬਰਾਂ ਪ੍ਰਸਾਰਿਤ ਹੋਇਆ ਕਰਦੀਆਂ ਸਨ। 

ਸਰਕਾਰ-ਏ-ਖਾਲਸਾ ਦੇ ਸ਼ਾਸਕੀ ਮਾਡਲ ਦੀ ਪ੍ਰੇਰਨਾ ‘ਮਹਾਰਾਜਾ ਰਣਜੀਤ ਸਿੰਘ’

ਉਨ੍ਹਾਂ ਦਿਨਾਂ ਚ' ਅੱਜ ਵਾਂਗ ਨਿਊਜ ਚੈਨਲਾਂ ਦੀ ਭਰਮਾਰ ਨਹੀਂ ਸੀ ਤੇ ਨਾ ਹੀ ਚੈਨਲਾਂ ਤੇ ਕਿਸੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ। ਉਸ ਸਮੇਂ ਦੇ ਐੰਕਰ ਅੱਜ ਵਾਂਗ ਸਰਕਾਰਾਂ ਦੇ ਰੱਖਿਆ ਕਵੱਚ ਨਹੀਂ ਸਨ ਹੁੰਦੇ, ਤੇ ਨਾ ਹੀ ਐਂਕਰ ਅੱਜ ਦੇ ਐੰਕਰਾਂ ਵਾਂਗ ਵਿਰੋਧੀ ਪਾਰਟੀਆਂ ਦੇ ਬੁਲਾਰਿਆਂ ਤੇ ਚੀਖਦੇ ਸਨ। ਉਨ੍ਹਾਂ ਸਮਿਆਂ ਦੇ ਐਂਕਰ ਮਰਿਆਦਾ ਵਿੱਚ ਰਹਿੰਦੇ ਹੋਏ ਬੜੇ ਸਲੀਕੇ ਨਾਲ ਵਿਚਾਰ-ਵਟਾਂਦਰਾ ਕਰਦੇ ਅਤੇ ਸੱਤਾ ਪੱਖ ਦੀਆਂ ਕਮਜ਼ੋਰੀਆਂ ਨੂੰ ਲੋਕਾਂ ਸਾਹਮਣੇ ਲਿਆਂਉਂਦੇ । 

ਦਰਅਸਲ ਉਨ੍ਹੀਂ ਦਿਨੀਂ ਖਬਰਾਂ, ਖਬਰਾਂ ਹੋਇਆ ਕਰਦੀਆਂ ਸਨ, ਅੱਜ ਵਾਂਗ ਮੰਨੋਰੰਜਨ ਦਾ ਸਾਧਨ ਨਹੀਂ। ਨਾ ਹੀ ਨਫਰਤ ਫੈਲਾਉਣ ਲਈ ਬਹਿਸਾਂ ਦਾ ਆਯੋਜਨ ਹੁੰਦਾ ਤੇ ਨਾ ਹੀ ਪੈਨਲਾਂ ਦੇ ਮੈਂਬਰਾਂ ਵਿਚਕਾਰ ਕੁੱਕੜਾਂ ਵਾਂਗ ਲੜਾਈ ਤੇ ਨਾ ਹੀ ਸ਼ਰੀਫਾਂ ਨਾਲ ਕੋਈ ਕੁੱਤੇਖਾਣੀ..! 
ਲਿਖਣ ਨੂੰ ਬਹੁਤ ਕੁੱਝ ਹੈ ਪਰ ਬਸ ਇਹੋ ਕਹਿੰਦਿਆਂ ਆਪਣੀ ਗੱਲ ਨੂੰ ਵਿਰਾਮ ਦੇਵਾਂਗਾ ਕਿ ਬੇਸ਼ੱਕ ਉਨ੍ਹੀਂ ਦਿਨੀਂ ਸਹੂਲਤਾਂ ਇੰਨੀਆਂ ਨਹੀਂ ਸਨ ਪਰ ਇਸ ਦੇ ਬਾਵਜੂਦ ਜੀਵਨ ਅੱਜ ਨਾਲੋਂ ਵਧੇਰੇ ਖੁਸ਼ਹਾਲ ਅਤੇ ਸ਼ਾਂਤਮਈ ਸੀ।

PunjabKesari

ਲੇਖਕ : ਅੱਬਾਸ ਧਾਲੀਵਾਲ 
ਮਲੇਰਕੋਟਲਾ ।
ਸੰਪਰਕ :9855259650 
abbasdhaliwal72@gmail.com 

ਦੋ ਸਾਲਾਂ ਦੀ ਮੰਦੀ ਤੋਂ ਬਾਅਦ ਮੁੜ ਰਾਹਤ ਮਹਿਸੂਸ ਕਰਨ ਲੱਗੇ ਬਾਸਮਤੀ ਦੇ ‘ਐਕਸਪੋਰਟਰ’ ਤੇ ‘ਉਤਪਾਦਕ’


rajwinder kaur

Content Editor

Related News