ਕੁਦਰਤਿ ਕਵਣ ਕਹਾ ਵੀਚਾਰੁ!

Friday, Nov 23, 2018 - 11:30 AM (IST)

ਕੁਦਰਤਿ ਕਵਣ ਕਹਾ ਵੀਚਾਰੁ!

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਉਹਨਾਂ ਦੀ ਬਾਣੀ ਬਾਰੇ ਜੋ ਮੈਂ ਪਿਛਲੇ ਕਈ ਸਾਲ ਤੋਂ ਚਿੰਤਨ ਕਰ ਰਿਹਾ ਹਾਂ, ਉਸ ਦੀ 'ਕ ਝਲਕ ਪਾ ਰਿਹਾ ਹਾਂ। ਅੱਜ ਬਾਬੇ ਨੂੰ ਨਮਨ ਕਰਨ ਵਾਸਤੇ ਇਹ ਸਹੀ ਸਮਝਿਆ। 
ਕੁਦਰਤਿ ਕਵਣ ਕਹਾ ਵੀਚਾਰੁ!
£ ਜਪੁ£
ਆਦਿ ਸਚੁ ਜੁਗਾਦਿ ਸਚੁ£ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ£ ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ£ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ£ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ£ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ£ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ£ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ£ ੧£
ਕੁਝ ਨੁਕਤੇ
1. ਪਹਿਲੀ ਪਾਉੜੀ-
* ਸਭ ਤੋਂ ਪਹਿਲਾਂ ਤਾਂ ਉਸ 'ਪਰਮੇਸ਼ਵਰ' (ਜਿਸਨੂੰ ਗੁਰੂ ਜੀ ਨੇ ਕੁਦਰਤੀ ਕਿਹਾ ਹੈ) ਦੀ ਉਸਤਤ ਹੈ ਕਿ ਉਹ ਆਦਿ ਤੋਂ, ਯੁੱਗਾਂ-ਯੁੱਗਾਂ ਤੋਂ ਸੱਚ ਹੈ। ਉਹ ਅੱਜ ਵੀ ਸੱਚ ਹੈ ਤੇ ਕੱਲ•ਵੀ ਸੱਚ ਹੀ ਹੋਵੇਗਾ। ਇੱਥੇ ਫਿਰ ਨੰਬਰ ਇਸਤੇਮਾਲ ਕੀਤਾ ਹੈ, ਯਾਨੀ ਕਿ ਉਸਦੇ 'ਸੱਤ' ਉੱਤੇ ਪਹਿਲੀ ਮੋਹਰ ਹੈ। ਇਹੀ ਸੱਚ ਹੈ, ਇਸੇ ਨੂੰ ਜਾਨਣਾ ਹੈ, ਪਾਉਣਾ ਹੈ। ਸਾਰੀਆਂ ਪਾਉੜੀਆਂ ਇਸੇ ਦੁਆਲੇ ਘੁੰਮਣਗੀਆਂ। ਇਹਨਾਂ ਦੀ ਤੋਰ ਕੀ ਹੈ, ਤਕਨੀਕ ਕੀ ਹੈ, ਕਿਵੇਂ ਸਮਝਾਉਣਗੇ, ਕਿਵੇਂ ਡੀਲ ਕਰਨਗੇ ਮਸਲਿਆਂ ਨਾਲ ਇਹ ਦੇਖਣ ਵਾਲੀ ਗੱਲ ਹੈ। ਮਸਲੇ ਬਹੁਤ ਪੇਚੀਦਾ ਨੇ। ਬਹੁਤ ਸਾਰੇ ਸਵਾਲ ਪੈਦਾ ਹੋ ਜਾਂਦੇ ਨੇ ਮਨ ਅੰਦਰ ਇਨ੍ਹਾਂ ਸਤਰਾਂ ਨੂੰ ਪੜਦਿਆਂ ਹੀ। ਆਖਰ ਜੋ ਸੱਚ ਹੈ, ਉਹ ਹੈ ਕੀ? ਕੀ ਉਸਦੀ ਥਾਹ ਪਾਈ ਜਾ ਸਕਦੀ ਹੈ? ਉਸਨੂੰ ਪਹਿਲੇ ਤੇ ਬਾਅਦ ਵਾਲੇ ਫਿਲਾਸਫਰਾਂ ਨੇ ਕਿਵੇਂ ਡਿਫਾਈਨ ਕੀਤਾ ਹੈ, ਕਿਵੇਂ ਡੀਲ ਕੀਤਾ ਹੈ? ਬਹੁਤ ਕੁਝ ਹੈ, ਜਿਸ ਬਾਰੇ ਜਾਨਣ ਦੀ ਉਤਸੁਕਤਾ ਪੈਦਾ ਹੋ ਜਾਂਦੀ ਹੈ।
* ਇਸ ਪਾਉੜੀ ਦਾ ਅਗਲਾ ਨੁਕਤਾ ਸਿੱਧਾ ਹੀ ਉਸ ਵੱਲ ਆ ਡਿੱਗਦਾ ਹੈ, ਜੋ ਝੂਠ ਹੈ, ਜਿਸਦਾ ਕੰਟਰਾਸਟ ਹੈ। ਸੱਚ ਇਕ ਪਾਸੇ ਹੈ, ਅਡੋਲ ਤੇ ਨਾਲ ਹੀ ਝੂਠ ਸਾਡੇ ਸਾਹਮਣੇ ਪੇਸ਼ ਕਰ ਦਿੱਤਾ ਜਾਂਦਾ ਹੈ, ਜੋ ਟੇਢੇ ਢੰਗ ਨਾਲ ਉਸੇ ਸੱਚ ਨਾਲ ਜੁੜਿਆ ਕਿਹਾ ਜਾਂਦਾ ਹੈ। ਲੋਕ ਕਹਿੰਦੇ ਨੇ। ਕੁਝ ਉਸ ਤਰ੍ਹਾਂ ਦੇ ਲੋਕ ਕਹਿੰਦੇ ਨੇ, ਜਿਹੜੇ ਆਪਣੇ ਹਲਵੇ ਮੰਡੇ ਲਈ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਉਹਨਾਂ ਨਾਲ ਇਕ ਕਿਸਮ ਦਾ ਸੰਵਾਦ ਹੀ ਸ਼ੁਰੂ ਹੋ ਜਾਂਦਾ ਹੈ। ਸੰਵਾਦ ਹੀ ਕਹਿ ਸਕਦੇ ਹਾਂ। ਕਿਉਂਕਿ ਗੁਰੂ ਜੀ ਕਹਿ ਰਹੇ ਨੇ ਅਗਲੀ ਹੀ ਲਾਈਨ ਵਿਚ ਕਿ ਸੋਚੈ ਸੋਚਿ ਨਾ ਹੋਵਈ ਜੇ ਸੋਚੀ ਲੱਖ ਵਾਰ। ਹੁਣ ਮਸਲਾ ਇਹ ਹੈ ਕਿ ਉਸ ਦੀ ਪ੍ਰਾਪਤੀ ਲਈ ਸੁੱਚਮ ਦੀ ਗੱਲ ਕੀਤੀ ਜਾਂਦੀ ਹੈ। ਪਰੰਤੂ ਉਹ ਕਹਿੰਦੇ ਕਿ ਸੁੱਚਮ ਤਾਂ ਹੈ ਹੀ ਨਹੀਂ, ਹੋ ਹੀ ਨਹੀਂ ਸਕਦੀ। ਸੁੱਚਮ ਤਾਂ ਬਾਹਰੀ ਹੈ। ਇਸ ਸੁੱਚਮ ਦਾ ਕੀ ਕਰਨਾ। ਬਹੁਤ ਗਹਿਰਾ ਸੰਵਾਦ ਹੈ। ਕੋਈ ਸੁੱਚਮ ਉੱਤੇ ਟਿਕ ਗਿਆ ਹੈ ਤੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਸੁੱਚਮ ਹੋ ਹੀ ਨਹੀਂ ਸਕਦਾ। ਲੱਖ ਵਾਰੀ ਸਾਫ ਕਰ ਲਵੋ, ਕੋਈ ਸੁੱਚਮਤਾ ਨਹੀਂ ਹੈ। ( ਗੁਰੂ ਰਵਿਦਾਸ ਜੀ ਦਾ ਸ਼ਬਦ- ਦੂਧ ਤਾ ਬਛਰੇ ਥਨਹੋ ਬਿਟਾਰਿਓ, ਫੂਲ ਭਵਰ ਜਲੁ ਮੀਨ ਬਿਗਾਰਿਓ..ਮਾਈ ਗੋਵਿੰਦ ਪੂਜਾ ਕਾਹੇ ਰੇ ਕਰਾਵੋ)
* ਉਸ ਉਪਰੰਤ ਨੁਕਤਾ ਹੈ ਕਿ ਲਿਵ ਲਾ ਕੇ, ਚੁੱਪ ਰਹਿ ਕੇ ਵੀ ਦੇਖ ਲਓ। ਦੂਣਾ ਸ਼ੋਰ ਮਚੇਗਾ ਤੁਹਾਡੇ ਅੰਦਰ। ਜਿਵੇਂ-ਜਿਵੇਂ ਤਾੜੀ ਲਾਉਣ ਦੀ ਕੋਸ਼ਿਸ਼ ਹੈ, ਸ਼ੋਰ ਵਧਦਾ ਹੈ। ਕੋਈ ਵੀ ਅਨੁਭਵ ਕਰ ਸਕਦਾ ਹੈ। ਚੁੱਪ ਵੀ ਨਹੀਂ ਹੋ ਸਕਦੇ, ਲਿਵ ਲਾ ਕੇ ਵੀ ਦੇਖ ਲਵੋ। ਚੁੱਪ ਦੇ ਭਾਵ ਹੀ ਬਦਲ ਗਏ। ਬਾਹਰੀ ਜੋ ਹੈ, ਉਸ ਉੱਪਰ ਕਾਟਾ ਮਾਰ ਦਿੱਤਾ। ਚੁੱਪ ਨਹੀਂ ਹੋ ਸਕਦਾ। 
* ਭੁਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ। ਭੁੱਖ ਨਹੀਂ ਉਤਰ ਰਹੀ। ਰੱਜ ਹੀ ਨਹੀਂ ਰਿਹਾ। ਪੁਰੀਆਂ ਦੇ ਖਾਣੇ ਦੇ ਦਿਓ। ਧਰਤੀ, ਆਕਾਸ਼, ਪਤਾਲ ਦੇ ਭਾਰ ਬੰਨ• ਦਿਓ, ਤਾਂ ਵੀ ਭੁੱਖ ਨਹੀਂ ਉਤਰਦੀ। ਰੱਜ ਨਹੀਂ ਆਉਂਦਾ।
* ਹੁਣ ਮਸਲਾ ਹੈ ਕਿ ਸਿਆਣਪਾਂ ਵੀ ਬਹੁਤ ਨੇ, ਪਰ ਨਾਲ ਇਕ ਨਹੀਂ ਚੱਲਣੀ। ਉੱਥੇ ਸਿਆਣਪ ਚੱਲਦੀ ਹੀ ਨਹੀਂ। ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ।। ਕੁਝ ਅਕਲ ਕੰਮ ਨਹੀਂ ਆਉਣੀ। (ਜਨ ਰਵਿਦਾਸ ਹਾਥ ਪਾਓ ਨੇਰੇ ਸਹਿਜੇ ਹੋਏ ਸੋ ਹੋਏ)  ਫਿਰ ਇਹ ਸਾਰਾ ਜੋ ਭ੍ਰਮ ਹੈ, ਜੋ ਝੂਠ ਹੈ, ਉਸਦੀ ਕਤਾਰ ਕਿਵੇਂ ਟੁੱਟਣੀ ਹੈ। ਇਕ ਝੂਠ ਨਹੀਂ ਹੈ, ਕਤਾਰ ਲੱਗੀ ਹੋਈ ਹੈ। ਇਕ ਤੋਂ ਬਾਅਦ ਇਕ ਝੂਠ ਹੈ, ਕੂੜ ਹੈ, ਫਰੇਬ ਹੈ। ਕਿਵ ਸਚਿਆਰਾ ਹੋਈਐ ਕਿਵ ਕੂੜੇ ਤੁਟੈ ਪਾਲਿ£ ਝੂਠ ਦੀ ਕਤਾਰ ਕਿਵੇਂ ਟੁੱਟਣੀ ਹੈ ਤੇ ਸਚਿਆਰ ਪਦ ਨੂੰ ਕਿਵੇਂ ਪ੍ਰਾਪਤ ਹੋਣਾ ਹੈ। 
ਜਵਾਬ ਹੈ ਕਿ ਉਸ ਦੇ ਹੁਕਮ ਦੀ ਰਜਾ ਵਿਚ ਚੱਲਣਾ ਹੀ ਲਿਖਿਆ ਹੈ। ਜਿਵੇਂ ਉਹਦਾ ਹੁਕਮ ਹੈ, ਰਜਾ ਹੈ, ਉਸ ਮੁਤਾਬਿਕ ਹੀ ਚੱਲਣਾ ਹੈ। ਉਹ ਜੋ ਕਰ ਰਿਹਾ ਹੈ, ਜੋ ਘਟ ਰਿਹਾ ਹੈ, ਉਸ ਮੁਤਾਬਿਕ ਢਾਲ ਲੈਣਾ ਹੈ। ਇਹੀ ਸੁੱਚਮਤਾ ਹੈ, ਇਹੀ ਲਿਵ ਹੈ, ਇਹੀ ਭੁੱਖ ਮਿਟਾਉਂਦਾ ਹੈ, ਇਹੀ ਅਕਲ ਤੋਂ ਵੀਲੀਨਤਾ ਵੱਲ ਲੈ ਕੇ ਜਾਣ ਦਾ ਰਾਹ ਹੈ। ਇਸ ਪੌੜੀ ਦਾ ਤੱਤ ਸਾਰ ਜੋ ਹੈ ਉਹ ਵੀਲੀਨਤਾ ਹੀ ਹੈ। ਉਹਦੇ ਹੁਕਮ ਨੂੰ ਪ੍ਰਵਾਨ ਕਰਨਾ ਤੇ ਰਜਾ ਵਿਚ ਰਹਿਣਾ। ਇੱਥੇ ਅਸੀਂ ਹੁਕਮ ਬਾਰੇ ਸਮਝਾਂਗੇ ਕਿ ਆਖਿਰ ਹੁਕਮ ਕੀ ਹੈ? ਇਸ ਦੀ ਪਰਿਭਾਸ਼ਾ ਗੁਰੂ ਸਾਹਬ ਕਿਵੇਂ ਕਰਦੇ ਨੇ। ਕਿਉਂਕਿ ਕੇਂਦਰੀ ਨੁਕਤਾ ਹੀ ਹੁਕਮ ਹੈ, ਉਹ ਕੀ ਹੈ, ਉਸਦੀ ਰਜਾ ਜੋ ਹੈ, ਉਹ ਕੀ ਹੈ, ਇਸ ਨੂੰ ਸਮਝਣਾ ਪਵੇਗਾ। 
( ਪਹਿਲੀ ਪਾਉੜੀ ਜੋ ਹੈ, ਉਹ ਸਚਿਆਰ ਪਦ ਪਾਉਣ ਲਈ ਇਕ ਜੁਗਤ ਹੈ। ਪਹਿਲੀ ਗੱਲ ਤਾਂ ਇਹ ਕਿ ਜੋ ਸੱਚ ਹੈ,ਉਹ ਸਿਰਫ ਨਿਰੰਕਾਰ ਹੀ ਹੈ। ਫਿਰ ਉਸ ਸੱਚ ਨਾਲ ਸਚਿਆਰ ਕਿਵੇਂ ਹੋਣਾ ਹੈ, ਉਹ ਹੁਕਮ ਪਛਾਣ ਕੇ। ਉਸ ਹੁਕਮ ਵਿਚ, ਉਸ ਦੀ ਰਜਾ 'ਚ ਚੱਲ ਕੇ। ਸਚਿਆਰ ਪਦ ਤੱਕ ਦਾ ਬਿਰਤਾਂਤ ਹੈ ਪਹਿਲੀ ਪਾਉੜੀ। ਹੁਣ ਸਚਿਆਰ ਪਦ ਤੋਂ ਅਗਾਂਹ ਅਗਲਾ ਪੌਡਾ ਹੈ। ਅਗਲਾ ਪੜਾਅ ਹੈ, ਜਿਸ ਬਾਰੇ ਜਾਨਣਾ ਹੈ ਤੇ ਉਸ ਨੂੰੰ ਸਰ ਕਰਨਾ ਹੈ। ਪਹਿਲੇ ਪੌਡੇ ਨੂੰ ਸਰ ਕਰਨ ਦਾ ਰਾਹ ਉਸ ਦੀ ਰਜਾ ਵਿਚ ਚੱਲਣਾ ਹੈ। ਇਹ ਯਾਦ ਰੱਖਣ ਵਾਲੀ ਗੱਲ ਹੈ। ਮਨੁੱਖ ਲਈ ਨੁਕਤਾ ਹੈ ਕਿ ਪਹਿਲੀ ਪਾਉੜੀ 'ਤੇ ਉਸ ਦੇ ਹੁਕਮ ਨੂੰ ਜਾਨਣਾ ਹੈ, ਉਸ ਦੀ ਰਜਾ 'ਚ ਰਹਿਣਾ ਹੈ। ਇਸ ਨਾਲ ਤੁਸੀਂ ਸਚਿਆਰ ਪਦ ਨੂੰ ਪਾ ਲਵੋਗੇ।)
2. ਦੂਜੀ ਪਾਉੜੀ
* ਸਾਰੀ ਜੋ ਹੋਂਦ ਹੈ, ਜੋ ਆਕਾਰ ਹੈ, ਜੋ ਸਥੂਲ ਜਾਂ ਸੂਕਸ਼ਮ ਹੈ, ਉਹ ਹੁਕਮ ਅੰਦਰ ਹੀ ਹੈ। ਉਹਦੇ ਹੁਕਮ ਨਾਲ ਹੀ ਹੋ-ਵਾਪਰ ਰਿਹਾ ਹੈ, ਪਰੰਤੂ ਹੁਕਮ ਨੂੰ ਕਿਹਾ ਨਹੀਂ ਜਾ ਸਕਦਾ। ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ£ ਸਭ ਉਸ ਦੇ ਹੁਕਮ 'ਚ ਹੋ ਰਿਹਾ ਹੈ, ਘਟ ਰਿਹਾ ਹੈ, ਆਕਾਰ ਪੈਦਾ ਹੋ ਰਹੇ ਨੇ, ਪਰੰਤੂ ਇਸ ਹੁਕਮ ਨੂੰ ਕਿਹਾ ਨਹੀਂ ਜਾ ਸਕਦਾ। ਵਿਆਖਿਆ ਨਹੀਂ ਹੋ ਸਕਦੀ। 
* ਜੀਅ ਜੰਤੁ ਸਭ ਹੁਕਮ ਨਾਲ ਨੇ। ਇਸੇ ਹੁਕਮ ਨਾਲ ਸਾਨੂੰ ਵਡਿਆਈ ਮਿਲਦੀ ਹੈ। ਉਹ ਚਾਹੁੰਦਾ ਹੈ ਤਾਂ ਵਡਿਆਈ ਮਿਲਦੀ ਹੈ। ਉਸ ਦੇ ਹੁਕਮ ਨਾਲ ਹੀ। ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ£ ਉਹਦਾ ਹੁਕਮ ਹੀ ਹੈ ਜੋ ਕਿਸੇ ਨੂੰ ਸਤਿਕਾਰ ਮਿਲ ਰਿਹਾ ਹੈ, ਲੋਕ ਉਸ ਦੇ ਗੁਣ ਗਾ ਰਹੇ ਨੇ। 
* ਕੋਈ ਉੱਤਮ ਹੈ ਤੇ ਕੋਈ ਨੀਚ ਹੈ, ਸਭ ਉਸੇ ਦੇ ਹੁਕਮ ਦੇ ਬੱਧੇ ਨੇ। ਦੁੱਖ-ਸੁੱਖ ਉਸੇ ਦੇ ਹੁਕਮ ਦਾ ਪਾਸਾਰ ਹੈ। ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ£ ਜੋ ਹੈ, ਉਹ ਉਸਦਾ ਹੁਕਮ ਹੀ ਹੈ। ਸਭ ਕੁਝ, ਚੰਗਾ-ਮਾੜਾ, ਉੱਤਮ-ਨੀਚ, ਦੁਖ-ਸੁਖ।
* ਹੁਣ ਕੀ ਹੈ ਕਿ ਉਸਦੇ ਹੁਕਮ ਨਾਲ ਕਈ ਠਹਿਰ ਗਏ, ਸਹਿਜ ਹੋ ਗਏ ਤੇ ਕਈ ਅਜੇ ਤੱਕ ਚੱਕਰਾਂ 'ਚ ਪਏ ਨੇ, ਗੇੜੇ ਪਏ ਨੇ, ਆਵਾਗਮਨ 'ਚ ਨੇ। ਇਕਨਾ ਨੂੰ ਬਖਸ਼ਿਸ਼ ਹੋ ਗਈ। ਮਿਹਰ ਹੋ ਗਈ। ਉਹ ਠਹਿਰ ਗਏ। ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ£ ਇਕ ਅਜੇ ਭਾਉਂਦੇ ਫਿਰਦੇ ਨੇ, ਬੌਰੇ ਹੋਏ ਪਏ ਫਿਰਦੇ ਨੇ। (ਗੁਰੂ ਰਵਿਦਾਸ - ਨਾਥ ਕਛਹੁ ਨਾ ਜਾਣਿਓ, ਮਨ ਮਾਇਆ ਕੇ ਹਾਥ ਬਿਕਾਨਿਓ)
* ਹੁਣ ਅਗਲੀਆਂ ਜੋ ਲਾਈਨਾ ਸਮਝੌਤੀਆਂ ਨੇ। ਹੁਕਮੈ ਅੰਦਰਿ ਸਭ ਕੋ ਬਾਹਰਿ ਹੁਕਮ ਨ ਕੋਇ£ ਸਾਰੇ ਉਸ ਦੇ ਹੁਕਮ ਅੰਦਰ ਨੇ, ਕੋਈ ਵੀ ਹੁਕਮ ਤੋਂ ਬਾਹਰ ਨਹੀਂ ਹੈ। ਪਰੰਤੂ ਜਿਹੜਾ ਇਸ ਹੁਕਮ ਨੂੰ ਬੁੱਝ ਜਾਂਦਾ ਹੈ, ਉਹ ਪਾ ਲੈਂਦਾ ਹੈ। ਉਸ ਦਾ ਅਹੰਕਾਰ ਮਿਟ ਜਾਂਦਾ ਹੈ। ਹਉਮੈ ਖਤਮ ਹੋ ਜਾਂਦਾ ਹੈ। ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ£ ਜਿਸ ਨੇ ਹੁਕਮ ਜਾਣ ਲਿਆ, ਜਿਹੜਾ ਸਹਿਜ ਹੋ ਗਿਆ, ਜਿਸ ਉੱਪਰ ਬਖਸ਼ਿਸ ਹੋ ਗਈ, ਉਸ ਦਾ ਅਹੰਕਾਰ ਮਿਟ ਜਾਂਦਾ ਹੈ। ਜਦ ਉਲ ਦੇ ਵਿਚ ਵੀਲੀਨ ਹੀ ਹੋ ਗਿਆ, ਫਿਰ ਖੁਦ ਵੀ ਹੁਕਮ ਹੀ ਹੋ ਗਿਆ। ਅਹੰਕਾਰ ਹੀ ਜਾਂਦਾ ਰਿਹਾ। ਹੋਂਦ ਦਾ ਅਹੰਕਾਰ ਸੀ, ਵਡਿਆਈ ਦਾ ਅਹੰਕਾਰ ਸੀ, ਹੁਕਮ ਜਾਣਦਿਆਂ ਹੀ, ਬੁਝਦਿਆਂ ਹੀ ਅਹੰਕਾਰ ਖਤਮ। ਜਦ ਕਰ ਹੀ ਉਹ ਰਿਹਾ ਹੈ, ਫੇਰ ਅਸੀਂ ਕੌਣ? 
(ਪਹਿਲੀ ਪਾਉੜੀ ਵਿਚ ਸਚਿਆਰ ਪਦ ਪਾ ਲਿਆ। ਹੁਣ ਸਚਿਆਰ ਪਦ ਨੂੰ ਪਾ ਲਿਆ ਹੈ ਤਾਂ ਸਭ ਅਕਾਰ ਉਸ ਦੇ ਹੁਕਮ ਨਾਲ ਬਣਦੇ-ਬਿਗਸਦੇ ਨੇ, ਇਹ ਸਮਝਣਾ ਹੈ। ਜਦੋਂ ਇਹ ਜਾਣ ਲਿਆ ਤਾਂ ਅਹੰਕਾਰ ਮਿਟ ਗਿਆ। ਦੂਜਾ ਪੌਡਾ ਹੈ ਇਹ ਦੂਸਰਾ ਪੜਾਅ ਹੈ। ਸੱਭ ਉਸਦੇ ਹੁਕਮ ਅੰਦਰ ਨੇ, ਇਹ ਜਾਣ ਲੈਣਾ ਹੈ, ਜਦੋਂ ਜਾਣ ਲਿਆ ਤਾਂ ਅਹੰਕਾਰ ਮਿਟ ਗਿਆ। ਦੂਜੇ ਪੌਡੇ ਉੱਤੇ ਅਹੰਕਾਰ ਦੀ ਸਮਾਪਤੀ ਹੈ। ਸਚਿਆਰ ਤੋਂ ਬਾਦ ਜੋ ਅਹੰਕਾਰ ਦੀ ਕਣ ਸੀ, ਉਹ ਹੁਕਮ ਬੁੱਝ ਕੇ ਖਤਮ ਹੋ ਗਿਆ। ਦੂਸਰਾ ਪੜਾਅ ਪਾਰ ਕਰ ਲਿਆ। ਇਹ ਪੌੜੀ ਹੈ ਜੋ ਮਾਨਵਤਾ ਦੀ ਬੁਲੰਦੀ ਤੱਕ ਪਹੁੰਚਦੀ ਹੈ। ਇਸਦੇ ਪੜਾਅ ਨੇ ਜੋ ਪਾਰ ਕਰਨੇ ਨੇ। ਗੁਰੂ ਨਾਨਕ ਦੇਵ ਜੀ ਨੇ ਇਹਨਾਂ ਬਾਰੇ ਬੜੀ ਚਿੰਤਨਸ਼ੀਲ ਸ਼ੈਲੀ ਵਿੱਚ ਵਿਚਾਰ ਕੀਤੀ ਹੈ।


author

manju bala

Content Editor

Related News