ਨਜ਼ਮ : "ਮੈਂ ਕਿਸਾਨ ਹਾਂ"
Friday, Sep 25, 2020 - 11:35 AM (IST)
"ਮੈਂ ਕਿਸਾਨ ਹਾਂ"
ਮੈਂ ਸੰਗਲਾਖ ਚੱਟਾਨਾਂ ਦੀ ਹਿੱਕ ਚੀਰ
ਨਦੀਆਂ ਨੂੰ ਖੇਤਾਂ ਵਲ ਵਹਾਇਆ...
ਤੇ ਮਿੱਟੀ ਨਾਲ ਮਿੱਟੀ ਹੋ ਧਰਤੀ ’ਚੋਂ ਸੋਨਾ ਉਗਾਇਆ
ਮੈਂ ਬੰਜਰ ਜ਼ਮੀਨਾਂ ਨੂੰ ਆਪਣੀ ਮਿਹਨਤ ਸਦਕਾ
ਵਾਹੀ ਯੋਗ ਉਪਜਾਊ ਬਣਾਇਆ
ਮੈਂ ਇਕ ਸਾਧਾਰਨ ਕਿਸਾਨ ਹਾਂ...
ਮੈਂ ਖੁਦ ਨੂੰ ਭੁੱਖਾ ਰੱਖ ਦੁਨੀਆ ਨੂੰ ਰਜਾਇਆ
ਆਪ ਨੰਗੇ ਪਿੰਡੇ ਰਹਿ ਲੋਕਾਈ ਨੂੰ ਲਿਬਾਸ ਪਹਿਨਾਇਆ
ਮੈਂ ਜਿਸ ਨੇ ਸਰਦ ਮੌਸਮਾਂ ’ਚ ਧਰਤੀ ਨੂੰ ਸ਼ਿੰਗਾਰਿਆ
ਤਪਦੀਆਂ ਦੁਪਹਿਰਾਂ ’ਚ ਜ਼ਮੀਨਾਂ ਦਾ ਸੀਨਾ ਠਾਰਿਆ
ਮੈਂ ਇਕ ਆਮ ਕਿਸਾਨ ਹਾਂ...
ਕਹਿਣ ਨੂੰ ਸਾਸ਼ਕ ਮੈਨੂੰ ਅੰਨਦਾਤਾ ਕਹਿ ਕੇ ਵਡਿਆਉਂਦੇ ਨੇ
ਤੇ ਅਕਸਰ ਆਪਣੇ ਅੰਨ ਭੰਡਾਰਾਂ ਨੂੰ ਭਰਨ ਲਈ
ਜੈ ਕਿਸਾਨ ਦਾ ਨਾਅਰਾ ਲਾਉਂਦੇ ਨੇ।
ਪਰ ਇਹ ਨਾ ਸਮਝੋ ਕਿ ਮੈਂ ਹਾਕਮਾਂ ਦੀਆਂ
ਕੋਝੀਆਂ ਚਾਲਾਂ ਤੋਂ ਅਨਜਾਣ ਹਾਂ..!
ਮੈਂ ਇਕ ਆਮ ਕਿਸਾਨ ਹਾਂ...
ਮੈਂ ਭਲੀਭਾਂਤੀ ਜਾਣਦਾ ਸਾਸ਼ਕਾਂ ਨੇ
ਜੋ ਮੇਰੀ ਹਮਦਰਦੀ ਚ' ਪ੍ਰਗਟਾਏ ਸ਼ਬਦ ਨੇ
ਨਿਰੀ ਲੱਫਾਜੀ ਤੋਂ ਬਿਨਾਂ ਕੁੱਝ ਨਹੀਂ
ਮੈਂ ਜੋ ਮੁੱਦਤਾਂ ਤੋਂ ਸਮਾਜਿਕ ਚੱਕੀ ਦੇ ਪੁੜਾਂ ’ਚ
ਪਿਸਦਾ ਆ ਰਿਹਾ ਹਾਂ, ਤੇ ਅਜਲ ਤੋਂ ਆਪਣੇ ਵਜੂਦ ਲਈ
ਸੰਘਰਸ਼ ਕਰਦਾ ਆ ਰਿਹਾ ਹਾਂ।
ਮੈਂ ਇਕ ਸਾਧਾਰਨ ਕਿਸਾਨ ਹਾਂ...
ਮੈਂ ਨੱਕੇ ਹੀ ਨਹੀਂ ਸਮਾਂ ਆਉਣ ਤੇ ਦਰਿਆਵਾਂ ਦੇ ਰੁੱਖ ਮੋੜੇ ਨੇ
ਆਪਣੇ ਵਜੂਦ ਦੀ ਖਾਤਰ ਲੋੜ ਪੈਣ ’ਤੇ
ਸਮੇਂ ਦੇ ਹਰ ਜਾਬਰ ਦੇ ਘੁਮੰਡ ਤੋੜੇ ਨੇ
ਅੱਜ ਵੀ ਜਾਬਰਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਤਿਆਰ ਹਾਂ
ਮੈਂ ਇਕ ਸਾਧਾਰਨ ਕਿਸਾਨ ਹਾਂ...
Health Tips: ਕੀ ਤੁਸੀਂ ਵੀ ਪੀਂਦੇ ਹੋ ਖ਼ਾਲੀ ਢਿੱਡ ''ਚਾਹ'', ਤਾਂ ਹੋ ਸਕਦੇ ਹੋ ਇਨ੍ਹਾਂ ਬੀਮਾਰੀਆਂ ਦਾ ਸ਼ਿਕਾਰ
ਅੱਬਾਸ ਧਾਲੀਵਾਲ
ਮਾਲੇਰਕੋਟਲਾ ।
ਸੰਪਰਕ ਨੰਬਰ 9855259650
ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ ਲਿੰਕ