ਮਿੰਨੀ ਕਹਾਣੀ-ਬਲੀ
Thursday, Jul 18, 2019 - 05:12 PM (IST)
ਤਾਸ਼ ਦੀ ਬਾਜੀ ਖ਼ਤਮ ਹੋਣ ਤੋਂ ਬਾਅਦ ਸੱਥ 'ਚ ਬੈਠਾ ਬਲਵੀਰ ਸਿੰਘ ਬੋਲਿਆ, “ਦੋਸਤੋ, ਆਹ ਨਵੇਂ ਪਿੰਡ ਕੋਲ ਦੀ ਲੰਘਦੀ ਸੜਕ ਦੇ ਤਾਂ ਸਰਕਾਰ ਨੇ ਵੱਟ ਹੀ ਕੱਢ ਦਿੱਤੇ ਹਨ, ਉਸ ਨੂੰ ਦੇਖ ਕੇ ਮਨ ਖੁਸ਼ ਹੋ ਜਾਂਦਾ ਏ, ਐਨੀ ਸੋਹਣੀ ਬਣਾਈ ਹੈ।”
“ਬਿਲਕੁਲ ਸਹੀ ਛੋਟੇ ਭਾਈ, ਖੁੱਲ੍ਹੀ ਡੁੱਲੀ ਚਹੁੰ ਮਾਰਗੀ ਰੋਡ 'ਤੇ ਵ੍ਹੀਕਲ ਚਲਾ ਕੇ ਰੂਹ ਪ੍ਰਸੰਨ ਹੋ ਜਾਂਦੀ ਹੈ,” ਮਲਜੀਤ ਨੇ ਆਪਣੇ ਦਿਲ ਦੀ ਗੱਲ ਕਹਿ ਦਿੱਤੀ।
ਫਿਰ ਇੱਕ ਆਵਾਜ਼ ਗੂੰਜੀ ਸਾਰੇ ਪਾਸੇ ਛਨਾਟਾ ਛਾ ਗਿਆ, “ਜਿਨ੍ਹਾਂ ਹਰੇ–ਭਰੇ ਦਰੱਖਤਾਂ ਨੂੰ ਉਜਾੜ ਕੇ ਤੁਸੀਂ ਸਰਕਾਰੀ ਵਿਕਾਸ ਤੇ ਆਵਾਜਾਈ ਦੇ ਸਾਧਨਾਂ ਦੀ ਤਰੱਕੀ ਸਮਝਦੇ ਹੋ ਫਿਰ ਸ਼ੁੱਧ ਵਾਤਾਵਰਣ ਕਿਥੋਂ ਭਾਲਦੇ ਹੋ, ਉਹਨਾਂ ਦੀ ਕੁਰਬਾਨੀ ਦੇ ਕੇ ਤੁਸੀਂ ਆਉਣ ਵਾਲੀ ਪੀੜ੍ਹੀ ਲਈ ਕੰਢੇ ਬੀਜ ਰਹੇ ਹੋ ਤੇ ਗੰਧਲਾ ਤੇ ਨਰਕ ਭਰਿਆ ਜੀਵਨ ਬਤੀਤ ਕਰਨ ਲਈ ਮਜਬੂਰ ਕਰ ਰਹੇ ਹੋ।”
ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਤਹਿਸੀਲ ਸਮਰਾਲਾ,
ਜਿਲ੍ਹਾ ਲੁਧਿਆਣਾ।