ਮਿੰਨੀ ਕਹਾਣੀ—ਡੰਗ

Tuesday, May 28, 2019 - 12:50 PM (IST)

ਮਿੰਨੀ ਕਹਾਣੀ—ਡੰਗ

ਝੋਨੇ ਨੂੰ ਪਾਣੀ ਲਗਾ ਰਹੇ ਗੁਰਜੀਤ ਸਿੰਘ ਦੇ ਜਹਿਰੀਲੇ ਸੱਪ ਨੇ ਡੰਗ ਮਾਰ ਦਿੱਤਾ। ਗੁਰਜੀਤ ਸਿੰਘ ਦਾ ਚੀਕ–ਚਿਹਾੜਾ ਸੁਣ ਕੇ ਲਾਗਲੇ ਖੇਤਾਂ ਵਾਲੇ ਗੁਰਜੀਤ ਸਿੰਘ ਨੂੰ ਚੁੱਕ ਕੇ ਹਸਪਤਾਲ ਲੈ ਗਏ। ਗੁਰਜੀਤ ਸਿੰਘ ਦੀ ਜਾਨ ਤਾਂ ਬੱਚ ਗਈ ਤੀਜੇ–ਚੋਥੇ ਦਿਨ ਉਸ ਨੂੰ ਹਸਪਤਾਲੋਂ ਛੁੱਟੀ ਵੀ ਮਿਲ ਗਈ, ਚੰਗੇ ਸੁਭਾਅ ਦਾ ਹੋਣ ਕਰਕੇ ਗੁਰਜੀਤ ਸਿੰਘ ਦੀ ਖਬਰਸਾਰ ਲੈਣ ਸਾਰਾ ਪਿੰਡ ਹੀ ਆਇਆ। ਬਹਾਨੇ ਨਾਲ ਗੁਰਜੀਤ ਸਿੰਘ ਦਾ ਸ਼ਰੀਕ ਨਰਿੰਦਰ ਸਿਉਂ ਵੀ ਆ ਧਮਕਿਆ। ਉਪਰੋਂ–ਉਪਰੋਂ ਗੁਰਜੀਤ ਸਿੰਘ ਦਾ ਹਾਲ–ਚਾਲ ਪੁੱਛਣ ਤੋਂ ਬਾਅਦ ਨਰਿੰਦਰ ਸਿਉਂ ਆਲਾ–ਦੁਆਲਾ ਦੇਖ ਕੇ ਹੋਲੀ ਜੇਹੇ ਬੋਲਿਆ, “ਗੁਰਜੀਤ ਸਿਆਂ, ਤੂੰ ਤਾਂ ਸਾਰਾ ਦਿਨ ਘਰੇ ਡੰਗਰਾਂ ਨਾਲ ਡੰਗਰ ਹੋਇਆ ਰਹਿਨਾਂ ਤੇ ਬਾਹਰ ਖੇਤਾਂ 'ਚ ਮਿੱਟੀ ਨਾਲ ਮਿੱਟੀ ਤੇ ਤੇਰਾ ਭਰਾ ਸੁਰਜੀਤ ਨਸ਼ਾ ਖਾ ਕੇ ਸਾਰਾ ਦਿਨ ਗਲੀਆਂ 'ਚ ਘੁੰਮਦਾ ਰਹਿੰਦਾ, ਛੱਡ ਪਰਾਂ ਤੂੰ ਵੀ ਕੰਮਾਂ ਨੂੰ ਤੇ ਲਾਣੇਦਾਰੀ ਨੂੰ, ਜਿੱਥੇ ਓਹਦਾ ਸਰਦਾ ਓਥੇ ਤੇਰਾ ਵੀ ਸਰਜੂ।” ਏਨਾ ਕਹਿ ਕੇ ਨਰਿੰਦਰ ਆਪਣੇ ਘਰ ਵੱਲ ਨੂੰ ਚਲਾ ਗਿਆ।

ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਤਹਿਸੀਲ ਸਮਰਾਲਾ,
ਜ਼ਿਲਾ ਲੁਧਿਆਣਾ।


Related News