ਮੁਲਾਕਾਤ...
Saturday, Sep 21, 2019 - 12:03 PM (IST)
ਉਹਦੀ ਦੀਦ ਦੀ ਤੜਫ,
ਮੇਰੇ ਅੱਖਾਂ ਵਿੱਚ ਸੀ,
ਗਿਣਤੀ ਚਾਹਤ ਵਾਲੇ ਸਾਹਾਂ ਦੀ,
ਵੀ ਲੱਖਾਂ ਵਿੱਚ ਸੀ,
ਉਹਨੂੰ ਸਮਝ ਨਾ ਆਏ,
ਮੇਰੇ ਜ਼ਜਬਾਤ ਮੇਰੇ ਹਾਣੀਉ,
ਏਸੇ ਕਰਕੇ ਨਾ ਹੋਈ ਸਾਡੀ,
ਕਦੇ ਮੁਲਾਕਾਤ ਮੇਰੇ ਹਾਣੀਉ।
ਜੀਹਨੂੰ ਆਪਣੇ ਆਪ ਵਿੱਚ,
ਮੰਨ ਬੈਠੇ ਸੀ ਹਜ਼ੂਰ,
ਸਾਨੂੰ ਕੀ ਪਤਾ ਸੀ ਹੈਗਾ,
ਉਹਨੂੰ ਬੜਾ ਆਪਣਾ ਗਰੂਰ,
ਆਕੜਾਂ 'ਚ ਮਾਰੀ ਨਹੀਂ ਉਨ੍ਹਾਂ,
ਕਦੇ ਝਾਤ ਮੇਰੇ ਹਾਣੀਉ,
ਏਸੇ ਕਰਕੇ ਨਾ ਹੋਈ ਸਾਡੀ,
ਕਦੇ ਮੁਲਾਕਾਤ ਮੇਰੇ ਹਾਣੀਉ।
ਖਿਆਲਾਂ ਵਿੱਚ ਰੱਖਿਆ ਮੈਂ,
ਜੀਹਦੀ ਤਸਵੀਰ ਨੂੰ,
ਬਣ ਲੱਗ ਗਿਆ ਰੋਗ ਉਹੋ,
ਮੇਰੀ ਤਕਦੀਰ ਨੂੰ,
ਹੁਣ ਗਮਾਂ ਵਿੱਚ ਲੰਘੇ,
ਹਰ ਰਾਤ ਮੇਰੇ ਹਾਣੀਉ,
ਏਸੇ ਕਰਕੇ ਨਾ ਹੋਈ ਸਾਡੀ,
ਕਦੇ ਮੁਲਾਕਾਤ ਮੇਰੇ ਹਾਣੀਉ।
ਸਾਨੂੰ ਕਰਕੇ ਵੀ ਕਦੇ ਨਾ,
ਦੁਆਵਾਂ ਮਿਲੀਆਂ,
ਕੁੱਝ ਬਿਨ੍ਹਾਂ ਹੀ ਕਸੂਰ ਦੇ,
ਸਜਾਵਾਂ ਮਿਲੀਆਂ,
ਹੁਣ ਭੇਜਣੀ ਨਹੀਂ ਹੋਰ ਕੋਈ,
ਸੌਗਾਤ ਮੇਰੇ ਹਾਣੀਉ,
ਏਸੇ ਕਰਕੇ ਨਹੀਂ ਹੋਣੀ ਸਾਡੀ,
ਹੁਣ ਮੁਲਾਕਾਤ ਮੇਰੇ ਹਾਣੀਉ।
ਪਰਮਿੰਦਰ ਸਿੰਘ ਸਿਵੀਆ
ਪਿੰਡ-ਨੰਦਗੜ੍ਹ
ਮੋਬਾ.ਨੰ- 81468-22522