ਸ਼ਾਇਦ ਰੰਮੀ ਮੰਨ ਜਾਏ

Tuesday, Apr 14, 2020 - 12:14 PM (IST)

ਅਜਮੇਰ ਸਿੱਧੂ

ਮੈਨੂੰ ਕੱਲ ਦਾ ਸੱਤੇ ਦੀਆਂ ਅੱਖਾਂ ਦੀ ਲਾਲੀ ਤੋਂ ਭੈਅ ਨਹੀਂ ਆਇਆ। ਮੈਨੂੰ ਤਾਂ ਡਾਂਸਰ ਕੁੜੀ ਦੀ ਖੁਮਾਰੀ ਚੜ੍ਹੀ ਹੋਈ ਆ । ਭਰ ਜਵਾਨ, ਗੋਰੀ-ਚਿੱਟੀ, ਤਿੱਖੇ ਤਰਾਸ਼ੇ ਹੋਏ ਨਕਸ਼ ਸਨ ਉਹਦੇ। ਮੋਟੀਆਂ-ਮੋਟੀਆਂ ਬਿੱਲੀਆਂ ਅੱਖਾਂ, ਜਿਨ੍ਹਾਂ 'ਚ ਅਚੰਭੇ ਦੀ ਛੁਹ ਸੀ। ਸਿੱਧੇ-ਸਾਦੇ ਗੁੰਦੇ ਹੋਏ ਵਾਲ, ਚਿਤੜਾਂ ਤੱਕ ਡਿੱਗਦੀ ਗੁੱਤ। ਭੋਲੀ-ਭਾਲੀ, ਹੱਸ-ਮੁਖ, ਖੁਲ੍ਹਾ-ਡੁਲ੍ਹਾ ਸੁਭਾਅ। ਸਟੇਜ 'ਤੇ ਤਾਂ ਉਹ ਪੈਲਾਂ ਪਾਉਂਦੀ ਫਿਰਦੀ ਸੀ। ਕੋਈ ਨੰਗ ਨਹੀਂ, ਕੋਈ ਅਸ਼ਲੀਲ ਹਰਕਤ ਨਹੀਂ। ਬੱਸ ਉਹਦੀ ਕਲਾ ਨੇ ਮੈਨੂੰ ਮੋਹ ਲਿਆ ਸੀ। ਜਦੋਂ ਉਸਦੇ ਗਰੁੱਪ ਨੇ 'ਬੂਹੇ ਬਾਰੀਆਂ' ਗੀਤ 'ਤੇ ਕੋਰਿਓਰਗ੍ਰਾਫ਼ੀ ਟਾਈਪ ਡਾਂਸ ਪੇਸ਼ ਕੀਤਾ, ਮੈਂ ਤਾਂ ਅੱਸ਼-ਅੱਸ਼ ਕਰ ਉੱਠੀ। ਉਹਦੀ ਕਲਾਕਾਰੀ ਨੇ ਜਿਵੇਂ ਮੇਰੇ 'ਤੇ ਟੂਣਾ ਕਰ ਦਿੱਤਾ ਹੋਵੇ। ਉਸ ਟੂਣੇਹਾਰੀ ਨੇ ਰਾਤ ਵੀ ਮੈਨੂੰ ਸੌਣ ਨਹੀਂ ਦਿੱਤਾ। ਮੈਂ ਰੰਮੀ ਨਾਲ ਉਹਦੀਆਂ ਗੱਲਾਂ ਕਰਦੀ ਰਹੀ। ਵਾਰ-ਵਾਰ ਫ਼ਗਵਾੜੇ ਦੇ ਉਸ ਪੈਲੇਸ ਦਾ ਜ਼ਿਕਰ ਕਰਦੀ ਰਹੀ, ਜਿੱਥੇ ਵਿਆਹ ਵਾਲੀ ਪਾਰਟੀ 'ਤੇ ਉਹਤੇ ਮੈਂ ਮਰੀ। ਮੇਰਾ ਚਿੱਤ ਕਰੇ ਕਿ ਕੁਲਜੀਤ ਨੂੰ ਕਹਾਂ- ਸਾਰੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਆਖ਼ਰ ਸੁਹੱਪਣ ਵੀ ਕੋਈ ਚੀਜ਼ ਹੁੰਦੀ ਆ।ਕਲਾ ਵੀ ਕੋਈ ਚੀਜ਼ ਹੁੰਦੀ ਆ।

ਇੱਕ ਪਾਸੇ ਉਹ ਟੂਣੇਹਾਰਨ, ਦੂਜੇ ਪਾਸੇ ਰੱਜੂ ਤੇ ਲੱਭੂ......ਤੀਜੀ ਮੇਰੀ ਧੀ ਰੰਮੀ। ਮੇਰੀ ਧੀ ਕਿਹੜਾ ਕਿਸੇ ਨਾਲੋਂ ਘੱਟ ਆ। ਇਹ ਸਾਰੀ ਦੀ ਸਾਰੀ ਦਿਲਕਸ਼ੀ ਵਾਲੀ ਆ। ਕਾਲੇ ਸੰਘਣੇ ਵਾਲ ਹਨ। ਸਿੱਧੇ ਸਵਾਹਰੇ ਪਿੱਠ 'ਤੇ ਪੈਂਦੇ ਨੇ। ਰੰਗ ਸਾਂਵਲਾ ਆ। ਚਿਹਰੇ 'ਤੇ ਉਦਾਸੀ ਆ। ਅੱਖਾਂ ਮੋਟੀਆਂ, ਸੁਰਮਈ, ਸਵਾਲਾਂ ਭਰੀਆਂ। ਆਪਣੇ ਮਾਮੇ ਸੱਤੇ ਦੀਆਂ ਅੱਖਾਂ ਵਰਗੀਆਂ। ਸੱਤੇ ਦੀਆਂ ਅੱਖਾਂ ਬਿਲਕੁਲ ਸੁਖਦੇਵ ਵਰਗੀਆਂ। ਸੱਤਾ ਭਗਤ ਸਿੰਘ ਜਿੰਨਾ ਸੋਹਣਾ ਨਹੀਂ ਸੀ ਪਰ ਸੁਖਦੇਵ ਤੇ ਉਹਦੀਆਂ ਅੱਖਾਂ ਦਾ ਭੁਲੇਖਾ ਪੈਂਦਾ। ਰੰਮੀ ਨੂੰ ਅੱਖਾਂ 'ਤੇ ਮਾਣ ਵੀ ਬੜਾ। 
"ਇਨ੍ਹਾਂ ਅੱਖਾਂ ਨੇ ਕੰਮ ਦੇਣਾ।"

ਮੈਂ ਹੁਣ ਰੰਮੀ ਦੀਆਂ ਇਨ੍ਹਾਂ ਗੱਲਾਂ ਨੂੰ ਭੁੱਲਣਾ ਚਾਹੁੰਦੀ ਹਾਂ। ਉਸ ਟੂਣੇਹਾਰੀ ਦੀ ਕਲਾ........ਉਹਦੇ ਅੰਗ-ਅੰਗ 'ਚ ਖੁਭੀ ਹੋਈ ਆਂ। ਉਹ ਸਾਰਿਆਂ 'ਚੋਂ ਅਲੱਗ ਹੀ ਦਿਸਦੀ ਸੀ। ਜਦੋਂ ਉਹ ਸਟੇਜ 'ਤੇ ਆਉਂਦੀ। ਹਾਲ ਤਾੜੀਆਂ ਨਾਲ ਗੂੰਜ ਜਾਂਦਾ। ਉਹਦੇ ਟਾਇਮ ਮਸਤੀ ਕਰ ਰਹੇ ਸ਼ਰਾਬੀ ਬੀਬੇ ਬਣ ਜਾਂਦੇ। ਉਸ ਨੇ ਮੇਰੀ ਦੋਚਿੱਤੀ ਤੋੜੀ ਹੈ। ਨਹੀਂ ਤਾਂ ਮੈਂ ਕਈ ਮਹੀਨਿਆਂ ਤੋਂ ਆਪਣੇ ਆਪ ਨਾਲ ਘੁਲ ਰਹੀ ਹਾਂ। ਇੱਕ ਪਾਸੇ ਸੱਤੇ ਦੀਆਂ ਅੱਖਾਂ ਦੀ ਲਾਲੀ ਦਾ ਭੈਅ..............ਦੂਜੇ ਪਾਸੇ ਬਿਮਲੇ ਦੇ ਚਿਹਰੇ ਦਾ ਨੂਰ। ਇਨ੍ਹਾਂ ਦੋਨਾਂ ਨੇ ਮੈਨੂੰ ਗਧੀ-ਗੇੜ 'ਚ ਪਾਇਆ ਹੋਇਆ ਸੀ। ਮੇਰੇ ਤੋਂ ਫੈਸਲਾ ਨਹੀਂ ਹੋ ਰਿਹਾ ਸੀ। ਵਾਹ ਨੀ, ਧੀਏ। ਰਾਜ਼ੀ ਰਹਿ। ਹੁਣ ਮੈਂ ਸੱਤੇ ਦੀਆਂ ਅੱਖਾਂ ਦੀ ਘੂਰ ਝੱਲ ਲਊਂ। ਮੇਰੀਆਂ ਅੱਖਾਂ 'ਚ ਸੁਪਨੇ ਦੀ ਧੁੰਦ ਏ। ਮੈਂ ਰੰਮੀ ਨੂੰ ਮਨਾ ਲੈਣਾ।

ਮੈਨੂੰ ਸਿਰਫ ਬਿਮਲਾ ਦਿਸਦੀ ਆ। ਉਸ ਦੀਆਂ ਧੀਆਂ ਰੱਜੂ ਤੇ ਲੱਭੂ........ ਕਾਰਾਂ ਕੋਠੀਆਂ। ਮੈਂ ਤਾਂ ਸੁੱਕੀ-ਸੁੱਕੀ, ਲਿੱਸੀ-ਲਿੱਸੀ, ਬੁਝੀ-ਬੁਝੀ.........ਔੜਾਂ ਮਾਰੇ ਇਲਾਕੇ ਦੀ ਤੀਵੀਂ ਮਾਨੀ। ਚਿੜੀ ਦੇ ਬੋਟ ਵਾਂਗ ਸਹਿਮੀ-ਸਹਿਮੀ ਤੇ ਨਿਆਸਰੀ ਹੋਈ, ਨੁਚੜੀ-ਨੁਚੜੀ ਲਗਦੀ ਹਾਂ। ਸਾਡੇ ਘਰ ਦਾ ਹਾਲ ਦੇਖ ਲਓ। ਤਿੰਨ-ਤਿੰਨ ਖਣ ਦੇ ਦੋ ਕਮਰੇ ਆ। ਤੀਜਾ ਪਸ਼ੂਆਂ ਵਾਲਾ। ਵਿਆਹ ਤੋਂ ਪਹਿਲਾਂ ਰੰਮੀ ਦੇ ਡੈਡੀ ਨੇ ਪਤਾ ਨਹੀਂ ਇਹ ਕਿੱਦਾਂ ਬਣਾ ਲਏ। ਜਿਸ ਦਿਨ ਦੀ ਮੈਂ ਇਸ ਘਰ 'ਚ ਵਿਆਹੀ ਆਈ ਹਾਂ, ਆਹ ਇੱਕ ਰਸੋਈ ਤੇ ਗੁਸਲਖਾਨਾ ਬਣਾਏ ਆ। ਨਹੀਂ ਤਾਂ ਮੰਜਾ ਖੜਾ ਕਰਕੇ ਨਹਾਉਣਾ ਪੈਂਦਾ ਸੀ।

ਮੱਝ ਅੜਿੰਗਣ ਲੱਗ ਪਈ ਹੈ।
ਪਹਿਲਾਂ ਤਾਂ ਇਹਨੂੰ ਪਾਣੀ ਪਿਲਾਵਾਂ। ਮਸ਼ੀਨ ਮੋਹਰੇ ਪੱਠੇ ਕੁਤਰੇ ਪਏ ਆ। ਉਹ ਇਹਨੂੰ ਪਾਵਾਂ। ਇਹਦੇ ਦੁੱਧ ਨਾਲ ਘਰ ਦਾ ਗੁਜ਼ਾਰਾ ਚੱਲਦਾ। ਰੰਮੀ ਨਾਲ ਬਾਅਦ 'ਚ ਗੱਲ ਕਰਦੀ ਆਂ। ਉਂਝ ਵੀ ਹੁਣ ਉਹ ਪੜ੍ਹਨ ਬੈਠ ਗਈ ਆ। ਇਹਦਾ ਚੌਥ ਨੂੰ ਹਿਸਟਰੀ ਦਾ ਪੇਪਰ ਆ।ਸਵੇਰ ਦੀ ਪੇਪਰ ਦੀ ਤਿਆਰੀ 'ਚ ਜੁਟੀ ਹੋਈ ਹੈ। ਮੁੰਡਾ ਵੀ ਆਉਣ ਵਾਲਾ। ਉਹਦੇ ਆਉਣ ਤੋਂ ਪਹਿਲਾਂ-ਪਹਿਲਾਂ ਪੜ੍ਹ ਲਏ। ਕਲੇਸ਼ ਦਾ ਕੀ ਪਤਾ.....।

ਕਮਜਾਤ ਨੇ ਉਂਗਲੀ ਲਹੂ-ਲੁਹਾਣ ਕਰ ਦਿੱਤੀ। ਖੁਰਲੀ 'ਚ ਐਦਾਂ ਮੂੰਹ ਮਾਰਨ ਨੂੰ ਦੌੜੀ, ਜਿੱਦਾਂ ਪੱਠਿਆਂ ਦਾ ਟੋਕਰਾ ਮੈਂ ਨਾਲ ਹੀ ਲੈ ਜਾਣਾ ਹੁੰਦਾ। ਇਹਦੇ ਸੰਗਲ ਦੀਆਂ ਅੜੀਆਂ ਥਾਂ-ਥਾਂ ਤੋਂ ਟੁੱਟੀਆਂ ਹੋਈਆਂ।..........ਉਂਗਲੀ ਮੂੰਹ ਨਾਲ ਚੂਸੀ ਕਈ ਵਾਰ। ਚਿੱਤ ਕਰਦਾ ਆ, ਫਹੁੜੇ ਨਾਲ ਲੱਤਾਂ ਭੰਨ ਦੇਵਾਂ ਕਮਜ਼ਾਤ ਦੀਆਂ। ਰੋਜ਼ ਦਾ ਇਹੀ ਕੰਜਰਖਾਨਾ। ਮੈਨੂੰ ਮੌਤ ਵੀ ਨਹੀਂ ਆਉਂਦੀ।ਚਿੱਤ ਕਰਦਾ ਏ, ਸਾਰੇ ਚੌਣੇ ਨੂੰ ਛੱਡ ਕੇ ਭੱਜ ਜਾਂ ਕਿਤੇ। ਸੋਚਦੀ ਹਾਂ, ਬਿਮਲਾ ਨੂੰ ਕਹਾਂ__

"ਭਾਬੋ ਰਾਣੀਏਂ, ਆਪਣੇ ਘਰ ਰੱਖ ਲੈ। ਭਾਵੇਂ ਨੌਕਰਾਣੀ ਬਣਾ ਕੇ ਰੱਖ ਲਈਂ। "
ਅੱਠ-ਨੌਂ ਮਹੀਨੇ ਪਹਿਲਾਂ, ਇਸ ਘਰ ਦੇ ਖਲਜਗਣ ਤੋਂ ਅੱਕੀ ਰੰਮੀ ਦੇ ਨਾਨਕੀਂ ਭਾਰਟੇ ਚਲੀ ਵੀ ਗਈ ਸੀ। ਬੀਜੀ ਤੇ ਬਾਊ ਜੀ ਵੱਲ ਵੇਖ ਕੇ ਮਨ ਹੋਰ ਖ਼ਰਾਬ ਹੋਇਆ ਸੀ। ਉਹਨੀਂ ਪੈਰੀਂ ਮੁੜਨ ਲੱਗੀ ਸੀ ਪਰ ਹੇਮੇ ਵੀਰ ਦੇ ਘਰ ਜਾ ਵੜੀ ਸੀ। ਮੈਨੂੰ ਦੇਖ ਕੇ ਬਿਮਲਾ ਭਾਬੀ ਦੀਆਂ ਵਾਛਾਂ ਖਿੜ ਗਈਆਂ__
"ਆ ਜਾ ਨਣਾਨੇਂ । ਕੋਈ ਕੋਲਡ ਡਰਿੰਕ ਪੀਣਾ ਜਾਂ........।"
ਮੈਂ ਉਹਦੀ ਜਾਂ ਤੋਂ ਡਰ ਗਈ ਸੀ। ਹੋਰ ਕਿਤੇ ਬਾਬਾ.......।
ਕੋਕ ਪੀ ਕੇ ਸਾਹ ਆਇਆ ਸੀ। ਮੈਂ ਡਰਦੀ-ਡਰਦੀ ਨੇ ਕੁਲਜੀਤ ਦੀ ਦੱਸੀ ਹੋਈ ਲੱਭੂ ਤੇ ਰੱਜੂ ਵਾਲੀ ਗੱਲ ਛੇੜੀ। ਉਹ ਖਿੜ ਖਿੜਾ ਕੇ ਹੱਸ ਪਈ__।
"ਕੁੜੇ ਤਾਰੋ, ਕਿਚਨ 'ਚ ਆਜਾ।"

ਲੱਭੂ ਤੇ ਰੱਜੂ ਵੀ ਉਸ ਮੌਕੇ ਘਰ ਆ ਵੜੀਆਂ ਸਨ। ਬਿਮਲਾ ਨੇ ਕੰਗਣੀ ਵਾਲੇ ਗਲਾਸ ਮੇਰੇ ਸਾਹਮਣੇ ਰੱਖੇ। ਦੁੱਧ ਦੇ ਭਰੇ। ਉਨ੍ਹਾਂ ਦੇ ਹੱਥਾਂ 'ਚ ਫੜਾ ਦਿੱਤੇ। ਉਹ ਪੀਈ ਜਾਣ। ਇਹ ਉਨ੍ਹਾਂ ਦੀ ਪਿੱਠ ਥਾਪੜੀ ਜਾਵੇ। ਉੱਥੋਂ ਦੂਜੇ ਦਿਨ ਘਰ ਮੁੜ ਆਈ।
ਮੇਰੇ ਸਾਹਮਣੇ ਟੂਣੇਹਾਰੀ, ਬਿਮਲਾ, ਲੱਭੂ, ਰੱਜੂ ਤੇ ਰੰਮੀ ਏ। ਮੈਂ ਬਿਮਲਾ ਵਾਂਗ ਕਰਨ ਲੱਗੀ ਹਾਂ। ਰਸੋਈ 'ਚ ਵੜੀ ਆਂ। ਕਿਸੇ ਨਾਲ ਕੰਬ ਗਈ ਆਂ।ਸੈਲਫ਼ ਤੇ ਗਲਾਸ ਰੱਖ ਦਿੱਤਾ। ਸੋਚਦੀ ਆਂ ਪਹਿਲਾਂ ਰੰਮੀ ਨਾਲ ਗੱਲ ਕਰ ਲਵਾਂ। ਗੱਲ ਵੀ ਕਿਸੇ ਤਰੀਕੇ ਨਾਲ ਕਰਨੀ ਪੈਣੀ ਆ।ਇਹਦਾ ਕਲਹਿਣੀ ਦਾ ਕੀ ਪਤਾ। ਨਾਲੇ ਸੱਤੇ ਦਾ.........। ਮੈਨੂੰ ਇੱਕ ਗੱਲ ਸਮਝ ਨਹੀਂ ਲਗਦੀ। ਮੈਂ ਹੁਣ ਕਿਉਂ ਸੱਤੇ ਤੋਂ ਡਰਦੀ ਆਂ। ਦੇਖ ਖਾਂ ਤਾਂ ਰੂਪੇ ਨੂੰ।
ਡੇਢ ਕੁ ਸਾਲ ਪਹਿਲਾਂ, ਮੇਰਾ ਛੋਟਾ ਅਲਜੀਤ ਮੋਬਾਈਲ ਲੈਣ ਦੀ ਅੜੀ ਕਰਨ ਲੱਗ ਪਿਆ।ਮੋਬਾਈਲ਼ ਖ਼ਰੀਦਣ ਦੀ ਮੇਰੇ ਕੋਲ ਹਿੰਮਤ ਨਹੀਂ ਸੀ। ਥੇਹ ਪੈਣੇ ਨੇ ਅੱਤ ਚੁੱਕ ਲਈ.__।
"ਅੱਜ ਕਲ ਭਈਏ ਮੋਬਾਈਲ ਲਈ ਫਿਰਦੇ ਆ।.....ਨਾ ਘਰ 'ਚ ਲੈਂਡ ਫੋਨ ਆ।......ਆਹ ਸਾਲਾ ਟੁੱਟਿਆ ਜਿਹਾ ਬਲੈਕ ਐਂਡ ਵਾਈਟ ਟੀ.ਵੀ. ਪਿਆ। ਭੁੱਖੇ ਨੰਗੇ ਕਿਤੋਂ ਦੇ। ਸਾਨੂੰ ਕਾਹਨੂੰ ਜਮਾਉਣਾ ਸੀ ਜੇ.......।"
"ਤੂੰ ਪਟਿਆਲੇ ਵਾਲੇ ਮਹਾਰਾਜੇ ਦੇ ਘਰ ਜੰਮਿਆਂ? ਪਿਓ ਤੇਰੇ ਦਾ ਕੋਈ ਚੱਜ ਆਚਾਰ ਨਹੀਂ। ਦਿਹਾੜੀ ਲਾਉਂਦਾ। ਡੱਫਣ ਬਹਿ ਜਾਂਦਾ। "

ਮੈਂ ਬਥੇਰਾ ਕਲਪੀ ਸੀ ਪਰ ਇਹ ਮੁੰਡਾ ਟੱਸ ਤੋਂ ਮੱਸ ਨਾ ਹੋਇਆ। ਇਹਦੇ ਵੀ ਪਿਓ ਵਾਲੇ ਚਾਲੇ ਐ। ਮੈਂ ਸੋਚਦੀ ਆਂ, ਪੜ੍ਹ ਜਾਵੇ। ਕੋਈ ਨੌਕਰੀ ਮਿਲ ਜਾਊਗੀ। ਮੇਰਾ ਪੁਲਸੀਆ ਭਾਣਜਾ ਕਹਿੰਦਾ ਸੀ- ਭਰਤੀ ਕਰਵਾ ਦਊਂਗਾ ਪਰ ਇਸ ਕੰਜਰ ਨੂੰ ਨਾ ਘਰ ਦੀ ਹਾਲਤ ਦਿਖਦੀ ਆ, ਨਾ ਮੈਂ ਭੰਸੜਾ ਭੰਨਾਉਂਦੀ। ਕਹਿੰਦਾ- ਪੜ੍ਹਨ ਤਾਂ ਜਾਣਾ, ਜੇ ਮੋਬਾਇਲ ਲੈ ਕੇ ਦਿਉਗੇ। ਮੈਂ ਇਹਦੇ ਪਿਉ ਨੂੰ ਕਿਹਾ। ਉਹ ਚਾਰੇ ਖੁਰ ਚੁੱਕ ਕੇ ਪੈ ਗਿਆ__।
"ਤੇਰੇ ਪਿਉ ਨੇ ਮੈਨੂੰ ਨੋਟ ਦਿੱਤੇ ਸੀ। ਮੇਰੀ ਕਮਾਈ ਤਾਂ ਭਾਰਟੇ ਨੂੰ ਢੌਈ ਜਾਂਦੀ ਏ।......ਆਹ ਗੰਦੀ ਔਲਾਦ ਪਤਾ ਨਹੀਂ ਕਿੱਥੋਂ ਲੈ ਆਈ।"
ਉਹਨੇ ਹੋਰੇ ਪੁਆੜਾ ਪਾ ਲਿਆ ਸੀ । ਰੰਮੀ ਨੇ ਪਿਓ ਵੱਲ ਡੇਲੇ ਕੱਢ ਕੇ ਦੇਖਿਆ ਸੀ। ਪਤਾ ਨਹੀਂ ਉਹਨੂੰ ਹੋਰ ਕੀ-ਕੀ ਬੋਲਦਾ। ਸਵੇਰੇ ਘੁੱਟ ਲਾਈ ਬੈਠਾ ਸੀ। ਉਹਨੂੰ ਭੌਂਕਦੇ ਨੂੰ ਛੱਡ ਕੇ ਮੈਂ ਭਾਰਟੇ ਨੂੰ ਤੁਰ ਪਈ। ਸੋਚਿਆ ਕਿ ਬਿਮਲਾ ਦੇ ਨਿਆਣਿਆਂ ਦਾ ਮਿੰਨਤ ਤਰਲਾ ਕਰਾਂ। ਉਹ ਤਾਂ ਸਾਰੇ ਜਣੇ ਦੋ –ਦੋ ਤਿੰਨ-ਤਿੰਨ ਲਈ ਫਿਰਦੇ ਨੇ। ਕਿਸੇ ਨੇ ਇੱਕ ਕੰਨ ਨਾਲ ਲਾਇਆ ਹੁੰਦਾ ਤੇ ਦੂਜਾ ਗਲੇ 'ਚ ਲਟਕਾਇਆ ਹੁੰਦਾ। ਆਪਣੀ ਬੀਹੀ ਵੜੀ। ਬਿਮਲਾ ਉਪਰਲੀ ਮੰਜ਼ਿਲ ਤੇ ਟਹਿਲ ਰਹੀ ਸੀ। ਹੱਥ ਨਾਲ ਅੰਦਰ ਨੂੰ ਸੱਦੀ ਜਾਵੇ। ਫੋਨ ਸੁਨਣ ਵਿੱਚ ਮਸਤ ਸੀ। ਬਾਹਰੋਂ ਫੋਨ ਆਇਆ ਹੋਣਾ ਏ। ਉਹਦਾ ਮੁੰਡਾ ਕਿੰਦਾ ਇਟਲ਼ੀ ਆ । ਹੇਮਾ ਵੀਰ ਵੀ ਉਹਨੂੰ ਮਿਲਣ ਗਿਆ ਐ ਇਟਲੀ। ਉਹਨਾਂ ਦਾ ਹਊ ਜਾਂ........। ਇਨ੍ਹਾਂ ਦੇ ਬਥੇਰੇ......।

ਛੋਟਾ ਗੇਟ ਖੁੱਲ੍ਹਾ ਸੀ । ਮੈਂ ਅੰਦਰ ਜਾ ਵੜੀ। ਡਰਾਇੰਗ ਰੂਮ ਦੇ ਨਾਲ ਦੇ ਕਮਰੇ 'ਚ ਸੀ.ਡੀ. ਪਲੇਅਰ ਚੱਲ ਰਿਹਾ ਸੀ। ਮੈਂ ਦਰਵਾਜ਼ਾ ਖੋਲ੍ਹਿਆ, ਲੱਭੂ ਤੇ ਰੂਪਾ ਗੀਤ ਤੇ ਨੱਚ ਰਹੇ ਸਨ। ਗੁਆਂਢੀਆਂ ਦੇ ਸੱਤ-ਅੱਠ ਸਾਲ ਦੇ ਤਿੰਨ ਨਿਆਣੇ ਵੀ ਉਨਾਂ ਦੀ ਨਕਲ ਕਰ ਰਹੇ ਸਨ। ਪਹਿਲਾਂ ਤਾਂ ਮੈਨੂੰ ਕੁੜੀ ਦੇ ਕੱਪੜੇ ਵੇਖ ਕੇ ਤਰੇਲੀ ਆ ਗਈ। ਅੰਡਰ ਸ਼ਰਟ ਵਰਗੀ ਝੱਗੀ ਜਿਹੀ ਪਾਈ ਸੀ। ਸਾਰਾ ਲੱਕ ਤੇ ਢਿੱਡ ਨੰਗਾ। ਦਾਦੇ ਮਗਾਣਾ ਮੋਹਰੇ ਕੱਟ.........। ਤੋਬਾ-ਤੋਬਾ.........। ਦੋਨੋਂ ਛਾਤੀਆਂ ਬਾਹਰ ਡਿੱਗਣ ਨੂੰ ਫਿਰਨ। ਰੂਪਾ ਗੀਤ ਦੇ ਬੋਲਾਂ 'ਤੇ ਇਸ਼ਾਰੇ ਕਰੇ ਤਾਂ ਉਂਗਲੀ ਛਾਤੀ ਤੱਕ ਲੈ ਕੇ ਜਾਵੇ। ਜਦੋਂ ਸੰਗੀਤ ਦੀ ਧੁੰਨ ਵੱਜੇ, ਛਾਤੀਆਂ ਨੂੰ ਮੁੰਡੇ ਦੇ ਮੂਹਰੇ ਕਰਕੇ ਹਿਲਾਵੇ। ਜਿੱਦਾਂ ਸਟੇਜ ਤੇ ਡਾਂਸਰਾਂ ਹਿਲਾਉਂਦੀਆਂ ਹੁੰਦੀਆਂ। ਆਹ ਕੱਲ ਫਗਵਾੜੇ ਪੈਲੇਸ 'ਚ ਕੁੜੀ ਨੇ ਛਾਤੀ ਤੋਂ ਚੁੰਨੀ ਨਹੀਂ ਲਾਹੀ।ਬੰਦ ਗਲੇ ਦਾ ਸੂਟ ਪਾਇਆ ਸੀ। ਲੱਭੂ ਨੇ ਤਾਂ......। ਗੱਲ ਈ ਛੱਡੋ। ਧੁੰਨ ਤੇਜ਼ ਹੋਈ ਤਾਂ ਲੱਭੂ ਜ਼ਿਆਦਾ ਹਿਲਾਉਣ ਲੱਗ ਪਈ। ਉਸ ਦੀ ਰੀਸੇ ਨਿਆਣਿਆਂ 'ਚੋਂ ਦੋ ਬੱਚੀਆਂ ਵੀ ਹਿੱਕ ਹਿਲਾਉਣ ਲੱਗ ਪਈਆਂ। ਲੱਭੂ ਦੀ ਬਰਾ ਦੀ ਹੁੱਕ ਖੁੱਲ੍ਹ ਗਈ। ਉਹਨੇ ਸੀ.ਡੀ. ਪਲੇਅਰ ਬੰਦ ਕਰ ਦਿੱਤਾ।
"ਭੂਆ ਜੀ, ਨਮਸਤੇ। ਬੈਠੋ.....। ਅਸੀਂ ਰੀਹਰਸਲ ਕਰਦੇ ਪਏ ਆਂ।"ਰੁਮਾਲ ਨਾਲ ਪਸੀਨਾ ਪੂੰਝਦੀ ਲੱਭੂ ਨੇ ਮੈਨੂੰ ਗਲਵਕੜੀ ਪਾਈ।
"ਪੈਰੀਂ ਪੈਂਦਾ, ਭੂਆ ਜੀ।" ਰੂਪਾ ਮੱਥਾ ਟੇਕ ਕੇ ਕੁਰਸੀ ਚੁੱਕ ਲਿਆਇਆ।
"ਰੂਪੇ, ਪਹਿਲਾਂ ਮੇਰੀ ਹੁੱਕ ਲਾ।" ਲੱਭੂ ਨੇ ਝੱਗੀ ਜਿਹੀ ਦਾ ਪਿਛਲਾ ਪਾਸਾ ਚੁੱਕ ਦਿੱਤਾ ਸੀ।
ਰੂਪੇ ਨੇ ਦੋਨਾਂ ਹੱਥਾਂ ਨਾਲ ਬੈਲਟਾਂ ਫੜੀਆਂ ਤੇ ਹੁੱਕ ਲਾ ਦਿੱਤੀ। ਮੇਰਾ ਉਪਰਲਾ ਸਾਹ ਉੱਪਰ ਤੇ ਹੇਠਲਾ ਹੇਠਾਂ।....... ਲੱਭੂ ਨੇ ਮੈਨੂੰ ਕੋਕ ਫੜਾਇਆ ਸੀ। ਸਵਿੱਚ ਆਨ ਕਰਕੇ ਫੇਰ ਰੀਹਰਸਲ ਕਰਨ ਲੱਗ ਪਏ ਸਨ। ਗੀਤ ਦੇ ਬੋਲ ਗੂੰਜੇ :-
' ਬਾਬਾ ਵੇ ਕਲਾ ਮਰੋੜ
ਨਿੱਕੀਏ ਨੀ ਲਾ ਦੇ ਜ਼ੋਰ।'
ਬੋਲਾਂ 'ਤੇ ਉਹਨਾਂ ਦੇ ਐਕਸ਼ਨ ਦੇਖ-ਦੇਖ ਕੇ ਮੈਂ ਧਰਤੀ 'ਚ ਧਸਦੀ ਜਾਵਾਂ। ਹੈਂਅ! ਸਕੇ ਭੈਣ ਭਰਾ ਤੇ.......। ਉਤੋਂ ਹੋਰ ਸਿਤੱਮ ਉਹ ਨਿੱਕੇ-ਨਿਕੇ ਨਿਆਣੇ ਵੀ ਉਨਾਂ ਵਾਂਗ ਕਰਨ। ਮੈਂ ਉੱਠ ਕੇ ਤੁਰਨ ਲੱਗੀ ਸੀ। ਹਸੂੰ-ਹਸੂੰ ਕਰਦੀ ਬਿਮਲਾ ਅੰਦਰ ਵੜੀ। ਮੇਰਾ ਕਲਾਵਾ ਭਰ ਕੇ ਮੈਨੂੰ ਤੋਲ ਦਿੱਤਾ। ਉਹ ਮੈਨੂੰ ਡਰਾਇੰਗ ਰੂਮ 'ਚ ਸੋਫੇ 'ਤੇ ਲੈ ਕੇ ਬਹਿ ਗਈ। ਮੋਬਾਇਲ ਫੋਨ ਨੂੰ ਟੇਬਲ 'ਤੇ ਰੱਖ ਕੇ ਬੋਲੀ-
"ਅਮਰੀਕਾ ਤੋਂ ਕੁੜੀਆਂ ਦੇ ਪ੍ਰਮੋਟਰਾਂ ਦਾ ਫੋਨ ਸੀ। ਰੱਜੂ ਨੂੰ ਛੇ ਮਹੀਨੇ ਲਈ ਅਮਰੀਕਾ ਲੈ ਕੇ ਜਾਣਾ। ਸੱਭਿਆਚਾਰਕ ਪ੍ਰੋਗਰਾਮ ਕਰਨੇ।"ਉਹਦਾ ਚਿਹਰਾ ਦਗ-ਦਗ ਕਰ ਰਿਹਾ ਸੀ।
ਮੈਂ ਵਧਾਈਆਂ ਦੇ ਦਿੱਤੀਆਂ, ਪਰ ਮੈਂ ਅੰਦਰ ਵਾਲੇ ਦ੍ਰਿਸ਼ਾਂ ਨਾਲ ਦੋ ਚਾਰ ਹੋ ਰਹੀ ਸੀ। ਬਿਮਲਾ ਸੀਡੀਆਂ ਚੁੱਕ ਲਿਆਈ। ਕੰਪਿਊਟਰ 'ਤੇ ਲਾ ਕੇ ਵਿਖਾਉਣ ਲੱਗ ਪਈ। ਉਹ ਸੀਡੀਆਂ ਲੱਭੂ ਤੇ ਰੱਜੂ ਦੇ ਵੱਖ-ਵੱਖ ਸਟੇਜੀ ਪ੍ਰੋਗਰਾਮਾਂ ਦੀਆਂ ਸਨ। ਕਈ ਸੀਨ ਦੇਖ ਕੇ ਮੈਂ ਸਿਰ ਗੋਡਿਆਂ 'ਚ ਦੇ ਲੈਂਦੀ। ਬਿਮਲਾ ਖਿੜੀ ਪਈ ਸੀ। ਉਹ ਇਕੱਲੇ-ਇਕੱਲੇ ਪ੍ਰੋਗਰਾਮ ਬਾਰੇ ਦੱਸ ਰਹੀ ਸੀ। ਰੂਪਾ ਤੇ ਲੱਭੂ ਪਸੀਨੋ ਪਸੀਨਾ ਹੋਈ ਡਰਾਇੰਗ ਰੂਮ 'ਚ ਆ ਵੜੇ ਸਨ।
"ਪੁੱਤ, ਕਿਚਨ 'ਚ ਤੁਹਾਡਾ ਦੁੱਧ ਪਿਆ।" ਬਿਮਲਾ ਨੇ ਲੱਭੂ ਦੀਆਂ ਗੱਲ੍ਹਾਂ ਥਪਥਪਾਈਆਂ ਸਨ।
"ਓ ਨੋ ਮੰਮ.......। ਚਿਲਡ ਬੀਅਰ......।" ਲੱਭੂ ਨੇ ਗਲਮਾ ਕੂਲਰ ਮੋਹਰੇ ਕੀਤਾ। ਬਰਾ ਦੀ ਬੈਲਟ ਨੂੰ ਠੀਕ ਕੀਤਾ।
"ਦੇਖ ਲੈ ਨਣਾਨੇ। ਨਿਆਣਿਆਂ ਦੇ ਟੇਸਟ। ਅਸੀਂ ਪੰਜ ਕਿਲੋ ਦੁੱਧ ਲੈਂਦੇ ਆਂ। ਪੀਂਦੇ ਨਹੀਂ। ਕੁੱਤਿਆਂ ਬਿੱਲਿਆਂ ਦੇ ਮੂੰਹ ਲਗਦਾ।"
ਮੱਝ ਤਾਂ ਸਾਡੀ ਵੀ ਪੰਜ ਕਿਲੋ ਦੁੱਧ ਦਿੰਦੀ ਆ। ਚਾਰ ਕਿਲੋ ਵੇਚ ਦੇਈਦਾ ਆ। ਕਿਲੋ ਨਾਲ ਗੁਜ਼ਾਰਾ ਕਰੀਦਾ ਆ। ਮੈਂ ਘਰ ਨੂੰ ਭੁੱਲਣਾ ਚਾਹੁੰਦੀ ਹਾਂ। ਪਰ ਘਰ .........।
ਲੱਭੂ ਕੂਲਰ ਮੋਹਰੇ ਬਹਿ ਗਈ। ਰੂਪਾ ਠੋਡੀ ਉਹਦੇ ਮੋਢੇ ਉੱਤੇ ਰੱਖ ਕੇ ਬਹਿ ਗਿਆ। ਉਹਦੀ ਨੱਥ ਨਾਲ ਛੇੜਖਾਨੀ ਕਰਨ ਲੱਗ ਪਿਆ। ਮੈਂ ਕਦੇ ਰੂਪੇ ਵੱਲ ਦੇਖਾਂ ਤੇ ਕਦੇ ਲੱਭੂ ਵੱਲ। ਚਿਹਰੇ ਤੇ ਮੁਸਕਰਾਹਟ ਵੀ ਲਿਆਂਦੀ। ਮੇਰੇ ਅੰਦਰ ਖੌਰੂ ਪੈਣ ਲੱਗਾ। ਜੇ ਸੱਤਾ ਆ ਜਾਵੇ।
ਸਾਡੀ ਗਲੀ 'ਚ ਨੰਜੋ ਦੇ ਭਰਾ ਕਾਲੇ ਦਾ ਵਿਆਹ ਸੀ। ਬਰਾਤ ਵਿਆਹੁਣ ਗਈ ਹੋਈ ਸੀ। ਨੰਜੋ ਮੇਰੇ ਨਾਲ ਸਕੂਲ 'ਚ ਦਸਵੀਂ ਤੱਕ ਪੜ੍ਹਦੀ ਰਹੀ ਆ। ਮੇਲਣਾਂ ਨੇ ਨੱਚ-ਨੱਚ ਵਿਹੜਾ ਨੀਵਾਂ ਕੀਤਾ ਪਿਆ ਸੀ। ਨੰਜੋ ਨੇ ਮੈਨੂੰ ਵੀ ਖਿੱਚ ਲਿਆ ਸੀ। ਮੈਂ ਸਿਰ 'ਤੇ ਚੁੰਨੀ ਦੀ ਪੱਗ ਬੰਨ੍ਹੀ।
'ਸਭਨਾਂ ਨੇ ਪੀਤੀ ਤਿਪਕਾ ਤਿਪਕਾ, ਕਾਲੇ ਨੇ ਪੀਤੀ ਬਾਟੇ ਨਾਲ।
ਚੜ੍ਹ ਗਈ ਓ ਛਰਾਟੇ ਨਾਲ, ਚੜ੍ਹ ਗਈ ਓ....................।'

ਮੈਂ ਅਜੇ ਸ਼ਰਾਬੀ ਦੇ ਵਾਂਗ ਦੀ ਨਕਲ ਉਤਾਰਨ ਲਈ ਬੋਲੀ ਚੁੱਕੀ ਹੀ ਸੀ। ਸੱਤਾ ਮੇਰੇ ਮੋਹਰੇ ਖੜ੍ਹਾ ਸੀ। ਲਾਲ ਅੱਖਾਂ.........। ਅੱਖਾਂ 'ਚੋਂ ਅੰਗਿਆਰ ਡਿੱਗਣ। ਮੇਰਾ ਉਹਦੀਆਂ ਅੱਖਾਂ ਵੱਲ ਮੁੜ ਦੇਖਣ ਦਾ ਹੀਆ ਨਹੀਂ ਪਿਆ। ਘਰ ਨੂੰ ਭੱਜ ਲਈ ਸੀ। ਦੌੜ੍ਹਦੀ ਦੀ ਮੇਰੀ ਚੁੰਨੀ ਵੀ ਉੱਥੇ ਰਹਿ ਗਈ ਸੀ। ਭਰਾ ਤਾਂ ਉਹ ਮੇਰਾ ਸੀ। ਪਰ ਬੀਹੀ ਦੀਆਂ ਸਾਰੀਆਂ ਕੁੜੀਆਂ ਉਹਤੋਂ ਡਰਦੀਆਂ ਸਨ।
"ਜਾਹ, ਸ਼ਹਿਰੋਂ ਪਿਜ਼ਾ ਲਿਆ। ਦੋ ਕੁ ਬਰਗਰ ਵੀ ਫੜ ਲਿਆਈਂ। ਭੂਆ ਤੇਰੀ ਨੂੰ ਲੰਚ ਕਰਾਈਏ।"ਬਿਮਲਾ ਨੇ ਪੰਜ ਸੌ ਦਾ ਨੋਟ ਮੁੰਡੇ ਦੇ ਹੱਥ 'ਤੇ ਰੱਖਿਆ ਸੀ।
ਰੂਪਾ ਮੋਟਰ ਸਾਇਕਲ ਲੈ ਕੇ ਉੱਡ ਗਿਆ ਸੀ। ਲੱਭੂ ਰਸੋਈ 'ਚ ਗਈ, ਮੂੰਹ ਪੂੰਝਦੀ ਸਾਡੇ ਕੋਲ ਆ ਕੇ ਬੈਠ ਗਈ। ਮੋਬਾਇਲ ਫ਼ੋਨ ਕੰਨਾਂ ਨੂੰ ਲਾ ਲਿਆ। ਟੂਣੇਹਾਰਨ ਵੀ ਇੱਦਾਂ ਹੀ ਕਰਦੀ ਹੋਊ? ਜੇ ਮੇਰੀ ਰੰਮੀ ਇੱਦਾਂ ਕਰੇ। ਸੱਤਾ ਤਾਂ ਹੁਣ.............। ਮੇਰੀਆਂ ਅੱਖਾਂ ਭਰ ਆਈਆਂ ਸਨ ਪਰ ਮੈਂ ਉਹਨਾਂ ਨੂੰ ਪਤਾ ਨਾ ਲੱਗਣ ਦਿੱਤਾ। ਸਗੋਂ ਬਿਮਲਾ ਦੇ ਹਾਸਿਆਂ 'ਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਦੀ ਰਹੀ। ਉਹ ਗੁਸਲਖਾਨਾ ਦਿਖਾਉਣ ਲੈ ਤੁਰੀ ਸੀ।
"ਇਹ ਰੱਜੂ ਦਾ ਵਾਸ਼-ਰੂਮ ਆ।ਆਹ ਉਪਰੋਂ ਰੇਨਿੰਗ ਵਾਟਰ ਡਿੱਗਦਾ। ਸਾਈਡ ਤੋਂ ਮਸ਼ਾਜ ਵਾਟਰ ਆ। ਆਹ.....। ਆਹ.....। ਬਾਕੀ ਤਿੰਨਾਂ ਦੇ ਵੀ ਇੱਦਾਂ ਦੇ ਬਣਾਉਣੇ ਆ।"
ਮੈਂ ਉਹਦੀ ਬੋਲੀ ਤੋਂ ਹੈਰਾਨ ਹੋਈ ਸੀ। ਉਹਨੂੰ ਪੌਣਾਹਾਰੀ ਨਹੀਂ ਸੀ ਕਹਿਣਾ ਆਉਂਦਾ। ਹੇਮੇ ਵੀਰੇ ਨੇ ਸ਼ਾਹਤਲਾਈ ਬਾਬਾ ਪੌਣਾਹਾਰੀ ਕਹਾ-ਕਹਾ ਕੇ ਟਿੱਲ ਲਾ ਲਿਆ ਸੀ। ਭਾਈ, ਪੈਸਾ ਆਉਣ ਨਾਲ ਸਭ ਕੁਸ਼ ਆ ਜਾਂਦਾ। ਹੁਣ ਦੇਖ ਲਓ, ਅੱਧੀ ਅੰਗਰੇਜ਼ੀ ਬੋਲਦੀ ਏ ਤੇ ਅੱਧੀ ਪੰਜਾਬੀ। ਇਕੱਲੇ-ਇਕੱਲੇ ਮੈਂਬਰ ਕੋਲ ਬੈਡ ਰੂਮ ਆ। ਦੋ ਕਾਰਾਂ ਖੜ੍ਹੀਆਂ।
"ਓ ਡੀਅਰ ਰੂਪ, ਆਈ ਐਮ ਹੰਗਰੀ.........ਹਰੀ ਅੱਪ।"ਲੱਭੂ ਨੇ ਮੋਬਾਈਲ 'ਤੇ ਹੀ ਰੌਲਾ ਪਾ ਲਿਆ ਸੀ।
ਰੂਪਾ ਪਿਜ਼ਾ ਤੇ ਬਰਗਰ ਲੈ ਆਇਆ ਸੀ।........ ਮੇਰੇ ਅੰਦਰ ਨਾ ਲੰਘਣ। ਰੇਸ਼ੇ ਜਿਹੇ....... ਤਾਰਾਂ ਜਿਹੀਆਂ ਤੋਂ ਕਚਿਆਣ ਆਵੇ।
ਦੱਸ ਭਲਾ ਪਿਜ਼ੇ ਤੇ ਕੋਕ ਦਾ ਕੀ ਮੇਲ। ਚਾਹ ਜਾਂ ਦੁੱਧ ਨਾਲ ਤਾਂ ਇੱਦਾਂ ਦੀ ਚੀਜ਼ ਖਾਧੀ ਜਾ ਸਕਦੀ ਆ। ਮੈਂ ਕੋਕ ਪੀਣ ਤੋਂ ਡਰਾਂ। ਮੁੰਡਾ ਕੁੜੀ ਬੀਅਰ ਦੇ ਗਲਾਸ ਭਰ-ਭਰ ਪੀਣ ਲੱਗੇ ਹੋਏ। ਤਿੰਨੋਂ ਜਣੇ ਇੱਕ ਦੂਜੇ ਤੋਂ ਖੋਹ-ਖੋਹ ਕੇ ਖਾਣ। ਸੌਸ ਨਾਲ ਲਿਬੜੀਆਂ ਉਂਗਲੀਆਂ ਵੀ ਚੱਟੀ ਜਾਣ।
ਖਾਣ ਪੀਣ ਤੋਂ ਵਿਹਲੇ ਹੋਏ। ਮੈਂ ਅਸਲ ਮੁੱਦੇ 'ਤੇ ਆਈ। ਰੂਪਾ ਆਪਣੇ ਬੈਡ ਰੂਮ 'ਚ ਗਿਆ। ਸੈਟ ਲਿਆ ਕੇ ਮੇਰੇ ਹੱਥ 'ਤੇ ਰੱਖ ਦਿੱਤਾ।
"ਭੂਆ ਜੀ, ਇਹਦੀ ਸਿਮ ਪੈਣ ਵਾਲੀ ਆ। ਅਲਜੀਤ ਨੂੰ ਕਿਹੋ ਕਿ ਪੁਆ ਲਏ।"

ਮੈਂ ਸਾਰੇ ਟੱਬਰ ਨੂੰ ਅਸੀਸਾਂ ਦਿੰਦੀ ਆਪਣੇ ਘਰ ਵੜੀ ਸੀ। ਬੀਜੀ ਨੇ ਰੋਟੀ ਲਾਹੀ ਸੀ। ਮੈਂ ਆਪ ਖਾਧੀ ਤੇ ਬਾਊ ਜੀ ਨੂੰ ਖੁਆ ਕੇ ਤੁਰ ਪਈ। ਸ਼ਾਮ ਨੂੰ ਖੱਟਕੜ ਕਲਾਂ ਪੁੱਜੀ ਸੀ। ਰੰਮੀ ਦਾ ਪਿਓ ਟੱਲੀ ਹੋਇਆ ਬੈਠਾ ਸੀ। ਅਲਜੀਤ ਮੋਬਾਇਲ ਲੈ ਕੇ ਸ਼ਹਿਰ ਜਾ ਵੜਿਆ। ਨ੍ਹੇਰੇ ਹੋਏ ਮੁੜਿਆ ਸੀ। ਕਦੇ ਕਿਸੇ ਨੂੰ ਘੰਟੀ ਮਾਰ ਦਿਆ ਕਰੇ। ਕਦੇ ਕਿਸੇ ਨੂੰ। ਮੈਸੇਜ਼ ਭੇਜੀ ਜਾਵੇ। ਕਿੱਥੇ ਜੰਮ ਪਈ ਮੇਰੇ ਘਰ ਬਾਂਦਰ ਔਲਾਦ। ਰੰਮੀ ਮੈਨੂੰ ਬਥੇਰਾ ਕਹਿੰਦੀ ਰਹੀ......ਇਹਨੂੰ ਪੜ੍ਹਨ ਕਾਲਜ ਨਾ ਲਾਓ। ਬਾਰ੍ਹਵੀਂ ਤਾਂ ਨਕਲ ਮਾਰ ਕੇ ਕਰ ਗਿਆ। ਕਾਲਜ ਜਾ ਕੇ ਫੂਕ ਨਿਕਲ ਗਈ। ਸੜੇ ਮੋਬਾਇਲਾਂ ਜੋਗਾ ਰਹਿ ਗਿਆ। ਦਿਨ ਹੋਵੇ ਰਾਤ ਹੋਵੇ, ਇਹਦੇ ਕੰਨਾਂ ਨੂੰ ਮੋਬਾਇਲ ਲੱਗਾ ਹੋਊ। ਭਾਣਜੇ ਤੋਂ ਭਰਤੀ ਵੀ ਨਹੀਂ ਕਰਾ ਹੋਇਆ। ਉਹ ਵੀ ਕੀ ਕਰੇ। ਕਿਹੜਾ ਕੋਈ ਨੌਕਰੀ ਨਿਕਲੀ ਆ। ਹਾਰ ਕੇ ਰੰਮੀ ਨੇ ਆਈ. ਟੀ. ਆਈ. ਕਰਨ ਲਾਇਆ ।

ਮੇਰੀ ਕੁੜੀ ਬੀਬੀ ਆ। ਆਪਣੀ ਪੜ੍ਹਾਈ ਦਾ ਖ਼ਰਚਾ ਆਪ ਕਰਦੀ ਆ। ਟਿਊਸ਼ਨ ਪੜ੍ਹਾਉਂਦੀ ਆ ਸਕੂਲ ਦੇ ਬੱਚਿਆਂ ਨੂੰ। ਜਿਹੜੇ ਪੰਜ-ਸੱਤ ਨਿਆਣੇ ਕਨੇਡਾ ਅਮਰੀਕਾ ਵਾਲਿਆਂ ਦੇ ਆ। ਉਨ੍ਹਾਂ ਤੋਂ ਪੈਸੇ ਲੈਂਦੀ ਐ। ਗ਼ਰੀਬਾਂ ਦੇ ਨਿਆਣਿਆਂ ਨੂੰ ਮੁਫ਼ਤ ਪੜ੍ਹਾਉਂਦੀ ਆ। ਉਨ੍ਹਾਂ ਨੂੰ ਭਗਤ ਸਿੰਘ ਤੇ ਸੁਖਦੇਵ ਹੁਰਾਂ ਦੇ ਕਿਤਾਬਚੇ ਪੜ੍ਹਾਉਂਦੀ ਆ। ਆਪਣੀ ਪੜ੍ਹਾਈ ਦਾ ਵੀ ਖ਼ਿਆਲ ਰੱਖਦੀ ਆ। ਇਹਨੇ ਐਤਕੀਂ ਬੀ.ਏ. ਕਰ ਜਾਣੀ ਆ। ਅਗਾਂਹ ਕੁੱਝ ਸੁੱਝਦਾ ਨਹੀਂ। ਕੀ ਕਰੀਏ?........... ਸਰਕਾਰ ਕੋਈ ਨੌਕਰੀ ਵੀ ਨਹੀਂ ਦਿੰਦੀ। ਪ੍ਰਾਈਵੇਟ ਕੰਪਨੀਆਂ ਵਾਲੇ ਬਥੇਰੇ ਦਗੜ-ਦਗੜ ਕਰੀ ਫਿਰਦੇ ਆ। ਜਵਾਨ ਕੁੜੀਆਂ ਮੁੰਡਿਆਂ ਨੂੰ ਘਰਾਂ 'ਚ ਸਮਾਨ ਵੇਚਣ ਲਈ ਤੋਰ ਦਿੰਦੇ ਆ। ਸਾਡੀ ਜ਼ਿੰਦਗੀ ਲੱਗ ਗਈ ਨਿਆਣਿਆਂ ਨੂੰ ਪੜ੍ਹਾਉਂਦਿਆਂ। ਇਹ ਮਰ ਜਾਣੇ................। ਦਫ਼ਤਰਾਂ 'ਚ ਹਜ਼ਾਰ ਦੋ ਹਜ਼ਾਰ ਰੁਪਇਆਂ 'ਤੇ ਰੱਖ ਲੈਂਦੇ ਆ। ਸਾਰਾ ਖ਼ੂਨ ਚੂਸ ਲੈਂਦੇ ਨੇ।

ਹੁਣ ਆਹ ਕੁੜੀ ਦਿਨ ਰਾਤ ਕਿਤਾਬਾਂ ਨਾਲ ਮੱਥਾ ਮਾਰਦੀ ਆ। ਇਹਦੀਆਂ ਜਮਾਤਾਂ ਖ਼ੂਹ 'ਚ ਗਈਆਂ।ਮੈਂ ਤਾਂ ਆਹ ਫ਼ਗਵਾੜੇ ਵਾਲੇ ਪ੍ਰੋਗਰਾਮ ਤੋਂ ਪਹਿਲਾਂ ਈ ਬਿਮਲਾ ਦੀ ਮੰਨ ਲਈ ਆ। ਮੈਂ ਵੀ ਧੀ ਨੂੰ ਕੈਨੇਡਾ, ਅਮਰੀਕਾ, ਇੰਗਲੈਂਡ ਭੇਜਣ ਦੇ ਸੁਫ਼ਨੇ ਲੈਣ ਲੱਗੀ ਹਾਂ।............ਫੇਰ ਇਹਨੂੰ ਪੜ੍ਹਾਉਣਾ ਜ਼ਰੂਰੀ ਸੀ? ਲੱਭੂ ਤੇ ਰੱਜੂ ਦਸਵੀਂ ਨਹੀਂ ਟੱਪੀਆਂ। ਮੁੰਡੇ ਇੱਥੇ ਤੱਕ ਵੀ ਨਹੀਂ ਪਹੁੰਚੇ।.....ਚੱਲ ਰੋਟੀ ਤਾਂ ਚੱਜਦੀ ਖਾਂਦੇ ਆ। ਚੰਗਾ ਪਹਿਨਦੇ ਆ। ਨਿਆਣੇ ਤਰਸਦੇ ਤਾਂ ਨਹੀਂ। ਜੇ ਰੰਮੀ ਮੰਨ ਜਾਵੇ। ਸਾਰੇ ਧੋਣੇ ਧੋਤੇ ਜਾਣ।
ਮੈਂ ਘਬਰਾਈ ਹੋਈ ਅੰਦਰ ਵੜੀ ਹਾਂ। ਚਿਹਰੇ 'ਤੇ ਮੁਸਕਰਾਹਟ ਲਿਆਉਂਦੀ ਆਂ। ਧੀ ਨੂੰ ਕਲਾਵੇ 'ਚ ਲੈ ਕੇ ਮੱਥਾ ਚੁੰਮਦੀ ਆਂ। ਇਹ ਮੇਰੇ ਵੱਲ ਹੈਰਾਨੀ ਨਾਲ ਦੇਖਣ ਲੱਗ ਪਈ ਹੈ। ਮੇਰੀਆਂ ਬਾਂਹਾਂ 'ਚ ਬਿਮਲਾ ਜਿੰਨੀ ਜਾਨ ਨਹੀਂ। ਮੈਂ ਇਹਦੇ ਨਾਨਕਿਆਂ ਦੀਆਂ ਗੱਲਾਂ ਛੇੜ ਕੇ ਬਹਿ ਗਈ।

ਭਾਰਟੇ 'ਚ ਸਾਡੇ ਪੰਜ ਘਰ ਸਨ। ਪਹਿਲਾਂ ਤਾਂ ਹੋ ਸਕਦੈ-ਸਾਰੇ ਲਾਗੀ ਥੱਥੀ ਹੋਣ। ਜਦ ਮੈਂ ਹੋਸ਼ ਸੰਭਾਲੀ, ਮੇਰੇ ਬਾਊ ਜੀ ਨਲਕੇ ਲਾਉਣ ਦਾ ਕੰਮ ਕਰਦੇ ਸੀ। ਬੀਜੀ ਚਾਰ-ਪੰਜ ਘਰਾਂ ਦਾ ਖ਼ੁਸ਼ੀ-ਗਮੀਂ ਮੌਕੇ ਕੰਮ ਕਰ ਆਉਂਦੀ ਸੀ। ਕੰਮ ਵੀ ਸੁਨੇਹਾ ਦੇਣ ਦਾ ਕਰਦੀ। ਉਹਨੇ ਨਾ ਕਦੇ ਭਾਂਡੇ ਮਾਂਜੇ। ਨਾ ਕੋਈ ਹੋਰ ਕੰਮ। ਗੋਗਲੇ, ਸੀਰਨੀ, ਲੱਡੂ, ਭਾਜੀ ਵੰਡ ਆਉਂਦੀ ਸੀ। ਬਾਅਦ 'ਚ ਜਦ ਸੱਤੇ ਨੇ ਫ਼ੋਟੋਗਰਾਫ਼ਰ ਤੇ ਮੂਵੀ ਮੇਕਰ ਦੀ ਦੁਕਾਨ ਪਾ ਲਈ, ਉਹ ਕੰਮ ਵੀ ਛੱਡ ਦਿੱਤੇ। ਸ਼ਾਇਦ ਬੀਜੀ ਨਾ ਵੀ ਛੱਡਦੀ ਪਰ ਸੱਤੇ ਦੀ ਅੜੀ ਅੱਗੇ ਕੀਹਦਾ ਜ਼ੋਰ? ਕਹਿੰਦਾ ਆਪਣਾ ਕਮਾਵਾਂਗੇ ਤੇ ਆਪਣਾ ਖਾਵਾਂਗੇ। ਬੀਜੀ ਨੇ ਕੁੱਛ ਕਹਿਣਾ ਤਾਂ ਅੱਗੋਂ ਬੋਲ ਪੈਣਾ..
"ਤੁਹਾਨੂੰ ਕੰਮ ਕਰਨ ਦਾ ਕੁੱਝ ਮਿਲਦਾ? ਜੂਠ ਤੇ ਉਤਾਰ.........। ਏਹੋ ਗੱਲਾਂ ਤੁਹਾਨੂੰ ਸਾਰੀ ਉਮਰ ਉੱਠਣ ਨਹੀਂ ਦਿੰਦੀਆਂ। ਸਾਨੂੰ ਹੀਣ ਭਾਵਨਾ ਦਾ ਸ਼ਿਕਾਰ ਬਣਾਉਂਦੀਆਂ। ਇਨ੍ਹਾਂ ਗੱਲਾਂ ਕਰਕੇ ਅਸੀਂ ਅਗਲਿਆਂ ਦੇ ਬਰਾਬਰ ਨਹੀਂ ਖੜ੍ਹ ਸਕਦੇ। ਲੜਨਾ ਤਾਂ ਦੂਰ ਦੀ ਗੱਲ ਰਹੀ।"

ਉਹਨੂੰ ਬਹਿਸ 'ਚ ਕੋਈ ਜਿੱਤ ਨਹੀਂ ਸਕਦਾ ਸੀ। ਉਹਨੇ ਬੜਾ ਸੋਹਣਾ ਘਰ ਚਲਾ ਲਿਆ ਸੀ। ਮੇਰਾ ਵਿਆਹ ਕੀਤਾ। ਕਹਿੰਦਾ ਆਪਣਾ ਬਾਅਦ 'ਚ ਕਰਾਉਣਾ। ਤਾਂ ਕੀ ਹੋਇਆ, ਜੇ ਕੁੜੀ ਛੋਟੀ ਆ। ਬੱਸ ਇੱਕ ਗੱਲੋਂ ਧੋਖਾ ਖਾ ਗਿਆ। ਜਿਹੜਾ ਬਸਿਆਲੇ ਵਾਲੇ ਫੁੱਫੜ ਦੇ ਬਹਿਕਾਵੇ 'ਚ ਆ ਕੇ, ਮੈਨੂੰ ਸ਼ਰਾਬੀ ਦੇ ਗਲ ਲਾ ਦਿੱਤਾ। ਫੁੱਫੜ ਦੀ ਇੱਥੇ ਖਟਕੜ ਕਲਾਂ ਰਿਸ਼ਤੇਸਾਰੀ ਸੀ। ਉਹਨੇ ਮੇਰਾ ਰਿਸ਼ਤਾ ਕਰਾਇਆ ਸੀ। ਰੰਮੀ ਦਾ ਡੈਡੀ ਦੋ ਸਾਲ ਕੁਵੈਤ ਲਾ ਕੇ ਆਇਆ ਸੀ। ਕਹਿੰਦੇ ਸੀ ਵਿਆਹ ਕਰਵਾ ਕੇ ਚਲਾ ਜਾਊਗਾ। ਅੱਜ ਜਾਂਦਾ। ਇੱਥੇ ਗਲੀਆਂ ਸੜਕਾਂ ਵਿੱਚ ਖੰਘੂਰੇ ਮਾਰਦਾ ਫਿਰਦਾ। ਝੂਠ ਦੀਆਂ ਪੰਡਾਂ। ਬਣੀ ਫਿਰਦਾ ਰਾਜ ਮਿਸਤਰੀ। ਠੇਕੇਦਾਰ ਕਹਾ ਕੇ ਹੁੱਬਦਾ।
ਰੰਮੀ ਚਿੜ ਗਈ ਆ। ਪਿਓ ਦਾ ਨਾਂ ਲੈ ਕੇ ਨਹੀਂ ਰਾਜੀ। ਭੁੱਖਾ ਮਰਦਾ ਮਰ ਜਾਏ। ਰੋਟੀ ਨਹੀਂ ਦਿੰਦੀ। ਕਦੇ ਪਾਣੀ ਦਾ ਗਲਾਸ ਨਹੀਂ ਫੜਾਉਂਦੀ। ਭਾਵੇਂ ਵਿਲਕਦਾ ਰਵ੍ਹੇ। ਆਖੂਗੀ__
"ਜੇ ਸਾਡੇ ਨਾਲੋਂ ਸ਼ਰਾਬਾਂ ਚੰਗੀਆਂ, ਸਾਨੂੰ ਜੰਮਣ ਦੀ ਕੀ ਲੋੜ ਸੀ।"

ਇਹ ਤਾਂ ਕਲਿਹਣੀ ਭਰਾ ਦੇ ਕੱਪੜੇ ਨਹੀਂ ਧੋਂਦੀ। ਮੈਂ ਫਗਵਾੜੇ ਵਿਆਹ 'ਤੇ ਜਾਣ ਵੇਲੇ ਨਲਕੇ ਮੋਹਰੇ ਕੱਪੜੇ ਭੇਂਅ ਗਈ। ਇਹਨੂੰ ਧੋਣ ਲਈ ਕਹਿ ਗਈ। ਕੱਲ਼੍ਹ ਵਾਪਸ ਮੁੜੀ ਤਾਂ ਉਵੇਂ ਦੇ ਉਵੇਂ ਪਏ ਸਨ, ਜਿੱਦਾਂ ਰੱਖ ਕੇ ਗਈ ਸੀ। ਮੈਂ ਬੋਲੀ ਤਾਂ ਮੈਨੂੰ ਪੈ ਗਈ ਸੀ__
"ਕੋਈ ਪੈਂਟ ਕਮੀਜ਼ ਹੈਗੀ, ਜਿਹਦੇ ਵਿੱਚੋਂ ਮੁਸ਼ਕ ਨਾ ਆਉਂਦਾ ਹੋਵੇ। ਇੱਕ ਜੇਬ 'ਚ ਹੱਥ ਮਾਰੋ, ਤੰਬਾਕੂ ਨਿਕਲੂ। ਦੂਜੀ 'ਚ ਮਾਰੋ ਬੀੜੀਆਂ ਨਿਕਲੂ।"
ਇਹਨੇ ਤਾਂ ਟੂਣੁਹਾਰਨ ਦੇ ਡਾਂਸ ਦਾ ਸਵਾਦ ਮਾਰ ਦਿੱਤਾ ਸੀ। ਪਰ ਮੈਂ ਇਹਦੀਆਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਸੀ। ਇਹਨੂੰ ਕੌਣ ਮੱਤ ਦੇਵੇ। ਮੈਂ ਤਾਂ ਉਮਰ ਕੱਟ ਲਈ। ਇਹਦਾ ਕੀ ਬਣੂ। ਪਤਾ ਨਹੀਂ ਅੱਗਿਓਂ ਕਿੱਦਾਂ ਦੇ ਟੱਕਰਨੇ ਆ। ਇਹਦੀ ਜੂਨ ਸੁਧਾਰਨ ਲਈ ਵਾਰ-ਵਾਰ ਬਿਮਲਾ ਦੀਆਂ ਗੱਲਾਂ ਸੁਣਾਉਂਦੀ ਆਂ। ਇਹ ਤੇ ਹੁਣ ਥੁੰਨ ਵੱਟਾ ਬਣ ਕੇ ਬਹਿ ਗਈ। ਚਲੋ, ਹੁਣ ਮੈਂ ਇਹਦੇ ਪਿਓ ਤੇ ਅਲਜੀਤ ਦਾ ਨਾਂ ਨਹੀਂ ਲੈਂਦੀ। ਇਹਦੇ ਮਾਮੇ ਸੱਤੇ ਦੀਆਂ ਭਾਵੇਂ ਸਾਰਾ ਦਿਨ ਗੱਲਾਂ ਕਰੀ ਜਾਵੋ। ਫੇਰ ਨਹੀਂ ਰੱਜਦੀ। ਉਹਦੇ ਵਰਗੀਆਂ ਆਦਤਾਂ। ਕਹੂਗੀ__
"ਪੜ੍ਹਾਂਗੇ, ਕੁੱਛ ਕਰਾਂਗੇ........।"
"ਕੀ ਕਰੇਂਗੀ?"
ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਫ਼ੋਟੋ ਵੱਲ ਉਂਗਲੀ ਕਰ ਦੇਵੇਗੀ।
ਬਾਹਰ ਚਮੇਲੀ ਦੇ ਫੁੱਲਾਂ ਦਾ ਬੂਟਾ ਲਾਇਆ ਹੋਇਆ। ਉੱਥੋਂ ਫੁੱਲ ਲੈ ਆਊ। ਸੁਖਦੇਵ ਦੀ ਫ਼ੋਟੋ ਮੋਹਰੇ ਰੱਖ ਦੇਂਦੀ ਹੈ।
"ਤੂੰ ਵੀ ਸਾਨੂੰ ਘੱਟ ਪਿਆਰਾ ਨਹੀਂ, ਵੀਰ ਸੁਖਦੇਵ।"

ਇਹ ਜਿੰਨੇ ਮੋਹ ਨਾਲ ਸੱਤੇ ਨੂੰ ਮਾਮਾ ਕਹਿੰਦੀ ਆ, ਉੱਨੇ ਮੋਹ ਨਾਲ ਸੁਖਦੇਵ ਨੂੰ ਵੀਰ ਕਹਿੰਦੀ ਆ। ਮੇਰਾ ਚਿੱਤ ਕਰਦਾ - ਇਹ ਸੁਖਦੇਵ ਨੂੰ ਵੀ ਮਾਮਾ ਕਹੇ। ਸੋਚ ਕੇ ਚੁੱਪ ਕਰ ਜਾਂਦੀ ਆਂ। ਇਹਦੀਆਂ ਇਨ੍ਹਾਂ ਗੱਲਾਂ ਤੋਂ ਤਾਂ ਡਰਦੀ ਆਂ। ਸੱਤਾ ਵੀਰ ਵੀ ਇਸ ਤਰ੍ਹਾਂ ਕਰਦਾ ਹੁੰਦਾ ਸੀ। ਪਰ ਬਣਿਆਂ ਕੀ? ਸੱਤਿਆ.......। ਮੇਰਾ ਹਾਉਂਕਾ ਨਿਕਲ ਗਿਆ ਹੈ। ਇਹ ਮੈਨੂੰ ਟੁੱਟ ਕੇ ਪਈ ਹੈ। ਇਹਦੇ ਭਾਣੇ ਮੈਂ ਬਿਮਲਾ ਦੇ ਘਰ ਦੀ ਸਰੱਗੀ ਕਰਕੇ ਹਾਉਂਕਾ ਲਿਆ ਹੈ। ਲੈ ਉਨ੍ਹਾਂ ਦੀ ਸੁਣ ਲਵੇ। ਵੇਲੇ ਵੇਲੇ ਦੀ ਗੱਲ ਆ।

ਮੈ ਨਿਆਣੀ ਸੀ, ਜਦੋਂ ਹੇਮੇ ਵੀਰ ਦਾ ਬਿਮਲਾ ਨਾਲ ਵਿਆਹ ਹੋਇਆ। ਸਾਡੀ ਉਨ੍ਹਾਂ ਨਾਲ ਕੰਧ ਸਾਂਝੀ ਸੀ। ਰਾਮੀ ਤਾਈ ਨੇ ਦਾਣੇ ਭੁੰਨਣੇ । ਹੇਮੇ ਵੀਰ ਨੇ ਝੁਲਕਾ ਪਾਉਣਾ। ਸਾਧੂ ਤਾਏ ਨੇ ਬਾਲਣ ਲੈਣ ਤੁਰੇ ਰਹਿਣਾ। ਛੋਟੀ ਹੁੰਦੀ ਖੋਰੀ ਤਾਂ ਮੈਂ ਵੀ ਕਈ ਵਾਰ ਉਹਨਾਂ ਨਾਲ ਲੈ ਕੇ ਆਈ । ਵੱਡੀ ਹੋਈ ਤਾਂ ਸੱਤੇ ਦੀਆਂ ਅੱਖਾਂ ਲਾਲ ਹੋਣ ਲੱਗ ਪਈਆਂ ਸਨ। ਬਿਮਲਾ ਭਾਬੀ ਕਈ ਘਰਾਂ ਦਾ ਕੰਮ ਕਰਦੀ ਸੀ। ਇਹਦੇ ਹੱਥ ਕਾਲੇ ਪੀਲੇ ਹੁੰਦੇ। । ਬਿਆਈਆਂ ਪਾਟੀਆਂ ਹੁੰਦੀਆਂ। ਕੰਮ ਨੇ ਕਮਲੀ ਕੀਤੀ ਹੁੰਦੀ। ਕੋਈ ਸੁੱਧ-ਬੁੱਧ ਨਾ ਹੁੰਦੀ। ਹੇਮਾ ਵੀਰਾ ਚਾਰ ਦਿਨ ਹਲਵਾਈ ਨਾਲ ਲਾ ਕੇ ਦੋ ਮਹੀਨੇ ਘਰ ਬੈਠਾ ਰਹਿੰਦਾ।
ਮੇਰੇ ਸਾਹਮਣੇ ਉਸ ਵੇਲੇ ਦੀ ਤੇ ਅੱਜ ਦੀ ਬਿਮਲਾ ਆ। ਇਨ੍ਹਾਂ ਕੋਲ ਇੱਕ ਕੋਠਾ ਸੀ। ਇਨ੍ਹਾਂ ਦਾ ਵਿਆਹ ਹੋਇਆ ਤਾਂ ਤਾਈ ਰਾਮੀ ਤੇ ਤਾਏ ਸਾਧੂ ਨੂੰ ਮੱਝ ਵਾਲੇ ਕਮਰੇ ਵਿੱਚ ਸੌਣਾ ਪੈ ਗਿਆ ਸੀ। ਇਨ੍ਹਾਂ ਦੇ ਘਰ ਮਸੀਂ ਇੱਕ ਡੰਗ ਦੀ ਰੋਟੀ ਪੱਕਦੀ ਹੋਣੀ ਆ। ਇਧਰੋ ਉਧਰੋਂ ਖਾ ਆਉਣੀ। ਬਿਮਲਾ ਭਾਬੀ ਦਾ ਦੁਪਹਿਰਾ ਸਾਡੇ ਘਰ ਹੁੰਦਾ ਸੀ। ਇਹਦੇ ਚਾਰ ਨਿਆਣੇ ਹੋਏ। ਪਹਿਲਾਂ ਲੱਭੂ ਹੋਈ। ਰੱਜੂ ਵੇਲੇ ਕੁੜੀਆਂ ਤੋਂ ਰੱਜ ਗਏ। ਫੇਰ ਕਿੰਦਾ ਤੇ ਰੂਪਾ ਹੋਏ। ਚਾਰੇ ਨਿਆਣੇ ਸਾਡੇ ਘਰ ਪਲੇ ਆ। ਤਾਈ ਤਾਇਆ ਛੇਤੀ ਮੁੱਕ ਗਏ ਸਨ। ਇਨ੍ਹਾਂ ਦੇ ਨਿਆਣੇ ਬੀਜੀ ਸਾਂਭਦੀ। ਇਹ ਆਪ ਘਰਾਂ ਵਿੱਚ ਕੰਮ ਕਰਨ ਚਲੇ ਜਾਂਦੀ। ਬਾਊ ਜੀ ਨੇ ਸ਼ਹਿਰੋਂ ਚੀਜਾਂ ਲਿਆ-ਲਿਆ ਕੇ ਖੁਆਣੀਆਂ। ਬੀਜੀ ਨੇ ਘਰ ਦੇ ਕੰਮਾਂ ਵਿੱਚ ਜੁੱਟ ਜਾਣਾ। ਮੈਂ ਬੱਚੇ ਸਾਂਭ ਲੈਣੇ। ਵੱਡੇ ਤਿੰਨਾਂ ਨੂੰ ਬੈਠਣਾ, ਰੁੜਣਾ, ਤੁਰਨਾ....... ਖੁਆਉਣਾ ਮੈਂ ਸਿਖਇਆ।

ਰੰਮੀ ਦਾ ਮੇਰੀਆਂ ਗੱਲਾਂ ਵੱਲ ਧਿਆਨ ਘੱਟ ਹੈ। ਹੂੰ ਹਾਂ ਕਰੀ ਜਾਂਦੀ ਹੈ। ਕਿਤਾਬ ਦੇ ਪੰਨੇ ਪਲਟਾਈ ਜਾਂਦੀ ਆ। ਜਾਂ ਤਾਂ ਇਹਨੂੰ ਮੇਰੀਆਂ ਗੱਲਾਂ ਦਾ ਯਕੀਨ ਨਹੀਂ। ਜਾਂ ਫੇਰ ਮੇਰੀ ਸਮਝ 'ਤੇ ਸੋਚਦੀ ਹੋਊ। ਆਖ਼ਰ ਸੱਤੇ ਦੀ ਭਾਣਜੀ ਆ। ਮੈਂ ਇਹਨੂੰ ਹੁਣ ਦੀ ਬਿਮਲਾ ਤੇ ਲੈ ਕੇ ਆਉਣਾ ਚਾਹੁੰਦੀ ਆਂ। ਇਹ ਸੱਤੇ ਦੇ ਕਤਲ ਨੂੰ ਲੈ ਕੇ ਬਹਿ ਗਈ ਆ।
"ਮੰਮਾਂ, ਉਸ ਰਾਤ ਕੀ - ਕੀ ਹੋਇਆ ਸੀ।"
ਮੈਂ ਇਹਨੂੰ ਇਹ ਘਟਨਾ ਕਿੰਨੀ ਵਾਰ ਦੱਸ ਚੁੱਕੀ ਆਂ। ਪਤਾ ਨਹੀਂ ਇਹ ਕਿਉਂ ਵਾਰ-ਵਾਰ ਪੁੱਛਦੀ ਆ। ਇਹਨੂੰ ਫੇਰ ਦੱਸਣਾ ਪੈਣਾ। ਇਹ ਕਿਹੜਾ ਖਹਿੜਾ ਛੱਡਣ ਵਾਲੀ ਆ।ਮੈਂ ਤੇ ਚਾਹੁੰਦੀ ਆਂ ਇਹ ਕਿਸੇ ਤਰ੍ਹਾਂ ਲੱਭੂ ਤੇ ਰੱਜੂ.....।

ਉਸ ਦਿਨ ਬਰਾਦਰੀ ਨੇ ਛੱਪੜ 'ਚ ਬੇੜਾ ਛੱਿਡਆ ਸੀ। ਰਾਤ ਨੂੰ ਸਾਲ ਕਰਵਾਇਆ ਸੀ। ਜਿਸ ਪਾਸੇ ਕੁੜੀਆਂ ਬੁੜੀਆਂ ਬੈਠੀਆਂ ਸਨ। ਉਸ ਪਾਸੇ ਅਜੈਬ ਸੁੰਹ ਹੁੰਦਲ ਦਾ ਨਿੰਦੀ ਆਪਣੀ ਢਾਣੀ ਲੈ ਕੇ ਖੜ੍ਹ ਗਿਆ ਸੀ। ਸਾਰੇ ਦਾਰੂ ਨਾਲ ਰੱਜੇ ਪਏ ਸਨ। ਸੱਤਾ ਇਸ ਗਲੋਂ ਔਖਾ ਸੀ, ਕਿ ਉਹ ਕੁੜੀਆਂ ਵਾਲੇ ਪਾਸੇ ਕਿਉਂ ਖੜ੍ਹੇ ਆ। ਉਹ ਕੁੜੀਆਂ ਨਾਲ ਸ਼ਰਾਰਤ ਕਰਨੀ ਚਾਹੁੰਦੇ ਸਨ। ਫੇਰ ਉਹ ਨਚਾਰਾਂ ਨੂੰ ਸੱਦ-ਸੱਦ ਕੇ ਬੇਲਾਂ ਕਰਵਾਉਣ ਲੱਗ ਪਏ। ਪ੍ਰਬੰਧਕੀ ਕਮੇਟੀ ਨੇ ਇੱਕ-ਦੋ ਵਾਰ ਰੋਕੇ ਵੀ। ਉਹ ਕਿਤੇ ਮੰਨਣ ਵਾਲੀਆਂ ਜਿਨਸਾਂ ਸਨ। ਅਗਲੇ ਹੋਏ ਵੱਡਿਆਂ ਘਰਾਂ ਦੇ ਕਾਕੇ। ਉਨ੍ਹਾਂ ਸੱਤੇ ਨੂੰ ਗਾਲ੍ਹ ਕੱਢ ਦਿੱਤੀ ਸੀ ।
ਸੱਤੇ ਦੀਆਂ ਅੱਖਾਂ ਵਿੱਚ ਲਹੂ ਉੱਤਰ ਆਇਆ ਸੀ। ਉਹਨੇ ਨਿੰਦੀ ਨੂੰ ਧੱਕਾ ਮਾਰਿਆ। ਨਿੰਦੀ ਦੇ ਨਾਲ ਦੇ ਨੇ ਸੱਤੇ ਦੇ ਸਿਰ ਵਿੱਚ ਗੰਡਾਸੀ.....। ਰੌਲਾ ਪੈ ਗਿਆ ਸੀ। ਫੇਰ ਨਹੀਂ ਕੁੱਝ ਪਤਾ ਲੱਗਿਆ। ਹਸਪਤਾਲ ਤੀਏ ਦਿਨ....। ਉਹਨੇ ਬੱਚ ਜਾਣਾ ਸੀ ਪਰ ਡਾਕਟਰ ਵੀ ਉਨਾਂ ਨਾਲ......। ਉਹਨੇ ਆਖਰੀ ਸਾਹ ਲਿਆ , ਉਹਦੀਆਂ ਅੱਖਾਂ ਖੁੱਲ੍ਹੀਆਂ ਸਨ। ਸੁਰਖ ਲਾਲ.......।

ਮੇਰੇ ਸਰੀਰ ਵਿੱਚ ਭੋਰਾ ਜਾਨ ਨਹੀਂ ਰਹੀ।। ਝੂਠਾ ਪੈਂਦਾ ਜਾਂਦਾ। ਜਿਦਣ ਦਾ ਉਹ ਮੁੱਕਿਆ, ਬੀਜੀ ਤੇ ਬਾਊ ਜੀ ਜਮ੍ਹਾਂ ਈ ਰਹਿ ਗਏ। ਮੈਂ ਪਤਾ ਨੀ ਕਿਦਾਂ ਤੁਰੀ ਫਿਰਦੀ ਆ। ਮੈਂ ਰੰਮੀ ਵੱਲ ਦੇਖਦੀ ਹਾਂ। ਇਹਦੀਆਂ ਅੱਖਾਂ ਵਿੱਚ ਲਾਲੀ ਆ, ਇਹ ਇੱਕ ਟੱਕ ਕੰਧ ਵੱਲ ਦੇਖ ਰਹੀ ਹੈ। ਸਾਹਮਣੇ ਕੰਧ 'ਤੇ ਭਗਤ ਸਿੰਘ, ਸਰਾਭੇ ਤੇ ਗਦਰੀਆਂ ਦੀਆਂ ਫੋਟੋ ਹਨ। ਦੱਸ ਭਲਾ ਇਹ ਇਨ੍ਹਾਂ ਦੀ ਰੀਸ ਕਰ ਲਊ। ਇਹ ਸਾਰੇ ਜ਼ਮੀਨਾਂ ਜ਼ਾਇਦਾਦਾਂ ਵਾਲੇ ਸਨ। ਅਸੀਂ ਕੰਮੀ ਕਮੀਨਾਂ ਨੇ ਸਰਕਾਰ ਨਾਲ ਕੀ ਟੱਕਰ ਲੈਣੀ ਹੋਈ। ਰੱਜੂ ਤੇ ਲੱਭੂ ਹੁਣੀ ਵੀ ਕੁੜੀਆਂ ਆ। ਮੈਂ ਇਹਨੂੰ ਉਹਨਾਂ ਦੇ ਕਮਰੇ ਦਿਖਾ ਕੇ ਲਿਆਈ। ਐਸ਼ਵਰਿਆ ਰਾਏ, ਕਾਜੋਲ, ਕਰੀਨਾ..... ਪਤਾ ਨਹੀਂ ਕਿਹਦੇ-ਕਿਹਦੇ ਪੋਸਟਰ ਲਾਈ ਫਿਰਦੀਆਂ ਹਨ। ਫੇਰ ਉਨ੍ਹਾਂ ਵਰਗੇ ਆਪਣੇ ਵੀ ਪੋਸਟਰ ਬਣਾਏ ਹੋਏ ਹਨ। ਮੋਹਰੋਂ ਬੱਟਨ ਖੁੱਲ੍ਹੇ ਹੋਏ ਤੇ......।
ਇਹ ਉਨ੍ਹਾਂ ਦੇ ਘਰ ਬੋਲੀ ਨਾ। ਆਪਣੇ ਨਾਨੀ ਨਾਨੇ ਕੋਲ ਜਾ ਕੇ ਲੱਗ ਪਈ ਭਾਸ਼ਣ ਕਰਨ। ਬਾਊ ਜੀ ਵੀ ਇਹਦੇ ਨਾਲ ਰਲ ਗਏ ਸਨ। ਉਹ ਪਹਿਲਾਂ ਹੀ ਭਰੇ ਪੀਤੇ ਬੈਠੇ ਸਨ-
"ਮਾੜੀ ਮੋਟੀ ਸੱਤੇ ਵਾਲੀ ਅਣਖ ਕਿੰਦੇ ਵਿੱਚ ਸੀ। ਉਹ ਇਸ ਕੰਜਰਖਾਨੇ ਤੋਂ ਰੋਕਦਾ ਸੀ ਇਨ੍ਹਾਂ ਨੂੰ। ਉਹਨੂੰ ਇਟਲੀ ਭੇਜ ਕੇ ਉਹਦਾ ਫਾਹਾ ਵੱਢ ਦਿੱਤਾ।"
ਫੇਰ ਉਸ ਹੌਂਕਾ ਲਿਆ ਸੀ।
"ਸੱਤੇ ਨੂੰ ਨਿੰਦੀ ਹੁਰੀਂ ਇੱਕ ਵਾਰ ਮਾਰਿਆ ਸੀ। ਇਹ ਟੱਬਰ ਉਹਨੂੰ ਰੋਜ਼ ਕਤਲ ਕਰਦਾ ।"

ਮੈਂ ਭਾਰਟੇ ਜਾਂਦੀ ਜ਼ਰੂਰ ਆਂ। ਪਰ ਮੇਰੀ ਰੂਹ ਨਹੀਂ ਭਿੱਜਦੀ। ਉਸ ਪਿੰਡ ਵਿੱਚ ਸੱਤਾ ਨਹੀਂ ਦਿਸਦਾ। ਖੱਟਕੜ ਕਲਾਂ ਸੱਤਾ ਘੱਟੋ-ਘੱਟ ਮੌਜੂਦ ਤਾਂ ਰਹਿੰਦਾ ਏ। ਮੈਨੂੰ ਰੰਮੀ ਵੱਲ ਦੇਖ ਕੇ, ਕੰਧਾਂ ਤੇ ਲੱਗੀਆਂ ਫੋਟੋ ਦੇਖ ਕੇ ਲੱਗਦਾ ਸੱਤਾ ਮੋਇਆ ਨਹੀਂ। ਮੇਰੀ ਧੀ ਵਿੱਚ ਸੱਤੇ ਵਾਲੀ ਕਣੀ ਆ। ਸੁਖਦੇਵ ਨਾਲ ਰੱਜ ਕੇ ਮੋਹ ਕਰਦੀ ਏ। ਵਿਹੜੇ ਵਿੱਚ ਲਾਏ ਚਮੇਲੀ ਦੇ ਫੁੱਲਾਂ ਦਾ ਪੂਰਾ ਧਿਆਨ ਰੱਖਦੀ ਹੈ। ਅਖੇਗੀ__
"ਵੀਰ ਸੁਖਦੇਵ ਨੂੰ ਚਮੇਲੀ ਦੇ ਫੁੱਲ ਬਹੁਤ ਪਸੰਦ ਸਨ। ਇਹ ਸਦਾ ਬਹਾਰ ਫੁੱਲ ਹੈ। ਚੌਵੀ ਘੰਟੇ ਮਿੱਠੀ-ਮਿੱਠੀ ਸੁਗੰਧ ਛੱਡਦੇ ਆ। ਜਿਵੇਂ ਫਾਂਸੀ ਲੱਗਣ ਤੋਂ ਬਾਅਦ ਵੀ ਸੁੱਖਦੇਵ ਵੀਰ ਦੀ ਵਿਚਾਰਧਾਰਾ ਸੁਗੰਧ ਫੈਲਾ ਰਹੀ ਐ।"

ਸੱਤੇ ਦੇ ਨਾਲ ਇੱਕ ਕੁਚ ਦਾੜ੍ਹੀ ਵਾਲਾ ਭਾਈ ਘਰ ਆਉਂਦਾ ਹੁੰਦਾ ਸੀ। ਉਹਦੇ ਨਾਲ ਇੱਕ ਸੋਹਣੀ ਜਿਹੀ ਜ਼ਨਾਨੀ ਹੁੰਦੀ ਆ। ਉਹਦਾ ਨਾਂ ਚੇਤਨਾ ਹੈ।। ਰੰਮੀ ਉਨ੍ਹਾਂ ਨਾਲ ਤੁਰੀ ਫਿਰਦੀ ਏ। ਸੱਤੇ ਦੇ ਕਤਲ ਤੋਂ ਬਾਅਦ ਮੈਂ ਟੁੱਟ ਗਈ ਸੀ। ਉਦੋਂ ਉਨ੍ਹਾਂ ਮੈਨੂੰ ਸਾਂਭਿਆ ਸੀ। ਉਹਨੀਂ ਮੈਨੂੰ ਤੱਕੜੀ ਕੀਤਾ ਸੀ। ਉਨ੍ਹਾਂ ਦੇ ਆਖੇ ਲੱਗ ਕੇ ਮੈਂ ਵੀ ਸੱਤੇ ਦੇ ਰਾਹ ਤੁਰਨ ਦਾ ਫ਼ੈਸਲਾ ਕੀਤਾ ਸੀ। ਮੈਂ ਪਿੰਡੋਂ ਸੱਤੇ ਦੀਆਂ ਕਿਤਾਬਾਂ ਚੁੱਕ ਲਿਆਈ ਸੀ। ਉਹ ਦੋਨੋਂ ਘਰ ਆਉਂਦੇ। ਪਰਚਾ ਦੇ ਜਾਂਦੇ ਤੇ ਹੋਰ ਕਿਤਾਬਾਂ ਦੇ ਜਾਂਦੇ। ਰੰਮੀ ਦੇ ਪਿਓ ਨੂੰ ਮਰਦ ਜਾਤ ਬਹੁਤੀ ਭਾਉਂਦੀ ਨਹੀਂ। ਮੇਰੇ 'ਤੇ ਕਈ ਰੋਕਾਂ ਲੱਗ ਗਈਆਂ ਸਨ। ਫੇਰ ਮੈਂ ਘਰ ਦੇ ਖਲਜਗਣ ਵਿੱਚ ਉਲਝ ਕੇ ਰਹਿ ਗਈ ਸੀ। ਹੁਣ ਰੰਮੀ ਉਹਨਾਂ ਨਾਲ ਧਰਨਿਆਂ ਮੁਜ਼ਾਹਰਿਆ ਤੇ ਜਾਂਦੀ ਏ। ਆਪਣੇ ਕਾਲਜ ਦੀ ਸਟੂਡੈਂਟ ਯੂਨੀਅਨ ਦੀ ਲੀਡਰ ਹੈ। ਪਿੰਡ ਬੁੱਤ 'ਤੇ ਸ਼ਹੀਦੀ ਦਿਨ ਮਨਾਉਣ ਲਈ ਮੋਹਰੇ ਹੁੰਦੀ ਏ। ਮਜ਼ਦੂਰਾਂ ਦੇ ਬਿਜਲੀ ਬਿੱਲ ਮੁਆਫ ਕਰਾਉਣ ਲਈ ਘੋਲ ਚੱਲ ਰਿਹਾ ਏ। ਉਥੇ ਤਾਂ ਮੈਨੂੰ ਵੀ ਲੈ ਜਾਂਦੀ ਏ। ਮੈਨੂੰ ਸੁਖਦੇਵ ਹੁਰਾਂ ਦੀ ਸਿਆਸਤ ਸਮਝਾਉਣ ਲੱਗ ਪੈਂਦੀ ਆ।ਉਹ ਰੱਜੂ ਤੇ ਲੱਭੂ ਵੀ ਕਿਸੇ ਦੀਆਂ ਕੁੜੀਆਂ ਆ। ਜਿਹੜੀਆਂ ਲੋਕਾਂ ਨੂੰ ਉਂਗਲੀਆਂ ਤੇ ਨਚਾਈ ਫਿਰਦੀਆਂ ਹਨ।

ਸਾਡੇ ਪਿੰਡ ਵਾਲਾ ਰੇਵਲ ਸਿੰਘ ਸੰਧੂ ਦਾ ਪਰਿਵਾਰ ਮੁੰਡੇ ਦਾ ਵਿਆਹ ਕਰਨ ਇੰਗਲੈਂਡ ਤੋਂ ਆਇਆ ਹੋਇਆ ਸੀ। ਮੇਰੇ ਸਹੁਰੇ ਉਨ੍ਹਾਂ ਦੇ ਲਾਗੀ ਰਹੇ ਆ। ਵਿਆਹ 'ਤੇ ਸਾਨੂੰ ਵੀ ਸੱਦਾ ਸੀ। ਰੰਮੀ ਜਾਣ ਲਈ ਮੰਨੀ ਨਾ। ਮੈਂ ਪੈਲੇਸ ਵਿੱਚ ਪਾਰਟੀ ਖਾਣ ਚਲੀ ਗਈ। ਪੈਲੇਸ ਦੇ ਅੰਦਰ ਮੁੰਡੇ ਟਹਿਕੇ ਲਾਉਣ -
"ਹਾਏ ਓਏ! ਰਾਜੀ ਰਾਜਦੀਪ ਤੇ ਪ੍ਰੀਤੀ ਲਵਪ੍ਰੀਤ ਨੂੰ ਲਿਆਓ।"

ਸਟੇਜ ਸਕੱਤਰ ਵੀ ਕੁੜੀਆਂ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹੀਂ ਜਾਵੇ। ਨੰਤੀਆਂ ਪਾਈ ਖੜ੍ਹੇ ਮੁੰਡੇ ਸੀਟੀਆਂ ਮਾਰਨ ਲੱਗ ਪਏ। ਉਨ੍ਹਾਂ ਤੋਂ ਹੋਰ ਇੰਤਜ਼ਾਰ ਨਹੀਂ ਸੀ ਹੋ ਰਹੀ। ਉਹ ਸ਼ਰਾਬ ਦੇ ਗਿਲਾਸ ਉੱਪਰ ਨੂੰ ਚੁੱਕਦੇ, ਅਵਾਜ਼ਾਂ ਕੱਸਦੇ। ਸਟੇਜ ਸਕੱਤਰ ਨੇ ਝੱਟ ਚਾਰ ਕੁੜੀਆਂ ਸਟੇਜ ਤੇ ਲੈ ਆਉਂਦੀਆਂ। ਉਨ੍ਹਾਂ ਦੇ ਸਰੀਰ ਗੀਤ ਦੇ ਬੋਲਾਂ ਤੇ ਥਿਰਕਣ ਲੱਗ ਪਏ। ਮੁੰਡਿਆਂ ਦੀਆਂ ਸੀਟੀਆਂ ਤੇ ਮੱਘੇ ਹੋਰ ਉੱਚੇ ਹੋ ਗਏ। ਕੁੜੀਆਂ ਨੱਚ ਸੋਹਣਾ ਰਹੀਆਂ ਸਨ। ਸਾਰੇ ਹਾਲ ਵਿੱਚ ਧਮਾਲ ਪੈ ਰਹੀ ਸੀ। ਚਾਰੇ ਕੁੜੀਆਂ ਹਿਰਨੀਆਂ ਵਰਗੀਆਂ। ਮੋਟੀਆਂ-ਮੋਟੀਆਂ ਅੱਖਾਂ ਵਿਚਲੇ ਇਸ਼ਾਰਿਆਂ ਨੇ ਕੀ ਮੁੰਡੇ ਤੇ ਕੀ ਬੁੱਢੇ.......ਸੱਭ ਕਮਲੇ ਕਰ ਦਿੱਤੇ ਸਨ। ਤਿੱਖੇ ਭਰਵੱਟੇ ਤੇ ਆਈ ਸ਼ੈਡੋ ਵਾਲੀਆਂ ਅੱਖਾਂ 'ਚੋਂ ਨਸ਼ਾ ਕਿਰਦਾ ਪਿਆ ਸੀ। ਵਾਲਾਂ ਦੇ ਸਟਾਈਲ ਤੋਂ ਉਨ੍ਹਾਂ ਨੱਢੀਆਂ ਦੀਆਂ ਸੂਰਤਾਂ ਪਛਾਣੀਆਂ ਨਹੀਂ ਜਾ ਰਹੀਆਂ ਸਨ।
ਉਨ੍ਹਾਂ ਵਿਚੋਂ ਜਿਹੜਾ ਚਿਹਰਾ ਜ਼ਿਆਦਾ ਖਿੱਚ ਪਾਉਂਦਾ। ਉਹਤੇ ਰੰਮੀ ਦਾ ਚਿਹਰਾ ਲਾ ਦਿੰਦੀ। ਪਰ ਜਲਦੀ ਮੇਰਾ ਸੁਪਨਾ ਟੁੱਟ ਜਾਂਦਾ। ਮੇਰੀ ਕੁੜੀ ਇੰਨੇ ਜੋਗੀ ਕਿਥੋਂ।ਜਿੰਨਾ ਉਨ੍ਹਾਂ ਨੇ ਮੇਕਅੱਪ ਕੀਤਾ ਹੋਇਆ ਸੀ, ਇਹ ਕਰ ਲਊ? ਇਹਨੇ ਕਦੇ ਨੇਲ ਪਾਲਿਸ਼ ਨੀ ਲਾਇਆ। ਨੱਕ ਤਾਂ ਕੀ ਕੰਨ ਨਹੀਂ ਬਿੰਨਣ ਦਿੱਤੇ। ਕੋਈ ਛੱਲਾ, ਚੂੜੀ ਜਾਂ ਗਾਨੀ ਨਹੀਂ ਪਾਈ। ਬਿਊਟੀ ਪਾਰਲਰਾਂ ਨੂੰ ਨਫ਼ਰਤ ਕਰਦੀ ਆ। ਇਹਦੇ ਕੋਲਂੋ ਸੁਖਦੇਵ ਦੇ ਕੱਪੜਿਆਂ ਦਾ ਪੁੱਛ ਲਵੋ। ਦੱਸ ਦੇਵੇਗੀ। ਇਨਕਲਾਬੀ ਦਲ ਦੇ ਮੈਂਬਰਾਂ ਦੀ ਡਰੈੱਸ ਪੁੱਛ ਲਓ, ਉਹ ਦੱਸ ਦੇਵੇਗੀ। ਇਹਦੇ ਅੰਦਰ ਤਾਂ ਕੁੱਚ ਦਾੜੀ ਵਾਲੇ ਦੇ ਨਾਲ ਦੀ ਚੇਤਨਾ ਵੜੀ ਹੋਈ ਆ।
ਚੋਹਾਂ ਕੁੜੀਆਂ ਦੀ ਖਿੱਚ ਮਨਮੋਹਨੀ ਸੀ । ਉਪਰਲਾ ਪੋਰਸ਼ਨ ਜ਼ਰੂਰ ਨੰਗਾ ਸੀ। ਹਰ ਗੀਤ 'ਤੇ ਡਰੈੱਸ ਬਦਲਦੀਆਂ। ਮੁੰਡੇ ਬੁੱਢੇ ਸੱਭ ਝੂਮ ਰਹੇ ਸਨ। ਇੱਕ ਹੱਥ ਵਿੱਚ ਗਲਾਸੀ ਤੇ ਦੂਜੇ ਹੱਥ ਵਿੱਚ ਨੋਟ। ਨੋਟ ਤੇ ਨੋਟ ਬਾਰੀ ਜਾਣ। ਥੱਦੀਆਂ ਦੀਆਂ ਥੱਦੀਆਂ ਖਿਲਾਰੀ ਜਾਣ।

ਛੇ ਉੱਚੇ ਲੰਮੇ ਗੱਭਰੂ ਭੰਗੜੇ ਦੇ ਜੋਹਰ ਦਿਖਾ ਰਹੇ ਸਨ। ਪੱਗਾਂ ਦੇ ਤੁਰਲਿਆਂ ਤੇ ਦਾਹੜੀਆਂ ਦੀ ਸ਼ਾਨ ਵੱਖਰੀ ਸੀ। ਦੋ ਤਾਂ ਸੰਧੂਆਂ ਦੀ ਰਿਸ਼ਤੇਦਾਰੀ ਵਿਚੋਂ ਸੀ। ਕੁੜੀਆਂ ਮੁੰਡਿਆਂ ਦੇ ਕਰਤੱਵ ਦੇਖਣ ਵਾਲੇ ਸਨ। ਬੇ-ਪ੍ਰਵਾਹ......। ਬੇਹੱਦ ਸਲਾਹੁਣਯੋਗ ਅਦਾਕਾਰੀ। ਕਦੇ ਕੁੜੀਆਂ ਮੁੰਡੇ ਇਕ ਦੂਜੇ ਦੀਆਂ ਬਾਹਾਂ ਵਿੱਚ ਬਾਹਾਂ ਪਾ ਲਿਆ ਕਰਨ। ਕਦੇ ਕਲਾਵੇ ਵਿੱਚ ਲੈ ਲਿਆ ਕਰਨ। ਕਦੇ ਮੁੰਡੇ ਕੁੜੀਆ ਨੂੰ ਚੁੱਕ ਕੇ ਘਨੇੜੀ ਚੜ੍ਹਾ ਲਿਆ ਕਰਨ। ਮੇਰੇ ਕੋਲ ਕੁਲਜੀਤ ਆ ਬੈਠੀ ਸੀ। ਰੇਵਲ ਸੁੰਹ ਹੁਣਾਂ ਦੇ ਵਿਚੋਂ ਈ ਆ। ਪ੍ਰਾਹੁਣੇ ਨੇ ਛੱਡ ਦਿੱਤੀ ਸੀ। ਹੁਣ ਕਈ ਸਾਲਾਂ ਦੀ ਪੇਕੀ ਰਹਿੰਦੀ ਏ। ਮੈਨੂੰ ਕੁੜੀਆਂ ਮੁੰਡਿਆਂ ਵਿੱਚ ਖੁੱਭੀ ਦੇਖ ਬੋਲੀ-
"ਸਾਰੇ ਤਾਂ ਪੈਸੇ ਇਨ੍ਹਾਂ ਚੋਂਹ ਨੇ ਲੁੱਟ ਕੇ ਲਿਜਾਣੇ ਆ। ਛੇਆਂ ਮੁੰਡਿਆਂ ਦੇ ਪੱਲੇ ਤਾਂ ਹੱਥ ਲਾ ਲੈਣਾ ਈ ਪੈਣਾ ਆ।"
ਸਟੇਜ ਸਕੱਤਰ ਰਾਜੀ ਰਾਜਦੀਪ ਤੇ ਪ੍ਰੀਤੀ ਲਵਪ੍ਰੀਤ ਦੇ ਨਾਂ ਤੇ ਲੋਕਾਂ ਦੀਆਂ ਜੇਬਾਂ ਵਿਚੋਂ ਪੈਸੇ ਕਢਾਈ ਜਾਂਦਾ ਸੀ। ਕੁੜੀਆਂ ਨੇ ਕੋਈ ਕਸਰ ਵੀ ਨਹੀਂ ਛੱਡੀ ਸੀ। ਮੈਨੂੰ ਇਦਾਂ ਲੱਗੇ ਜਿਦਾਂ ਕਿਤੇ ਦੇਖੀਆਂ ਹਨ। ਮੈਂ ਬਾਥਰੂਮ ਕਰਨ ਗਈ ਪਰਦੇ ਪਿਛੇ ਝਾਤੀ ਮਾਰ ਬੈਠੀ। ਮੂੰਹ ਧੋ ਕੇ ਹਟੀਆਂ ਸਨ।
"ਫੋਅਟ ਗਦੂਤਾਂ ਦੇ। ਇਹ ਤਾਂ ਲੱਭੂ ਰੱਜੂ ਆ। ਲਗਦੀਆਂ ਰਾਜੀ ਰਾਜਦੀਪ ਤੇ ਪ੍ਰੀਤੀ ਲਵਪ੍ਰੀਤ ਦੀਆਂ।"ਮੇਰੇ ਮੂੰਹੋ ਗਾਲ੍ਹ ਨਿਕਲਦੀ- ਨਿਕਲਦੀ ਰਹਿ ਗਈ।

ਉਦਾਂ ਮੈਂ ਆਪਣੀਆਂ ਕੁੜੀਆਂ ਦੇਖ ਕੇ ਖੁਸ਼ ਵੀ ਹੋਈ ਸੀ। ਹੁੱਬ ਕੇ ਮਿਲੀ ਸੀ। ਇਨ੍ਹਾਂ ਤੇ ਹੁੰਦੀ ਰੁਪਇਆਂ ਦੀ ਵਰਖਾ ਦੇਖ ਕੇ ਸੜੀ ਸੀ। ਉਨ੍ਹਾਂ ਦੀ ਕੋਠੀ ਤੇ ਆਪਣੇ ਘਰ ਬਾਰੇ ਸੋਚ-ਸੋਚ ਕਮਲੀ ਹੋ ਗਈ ਸੀ। ਮੋਟੀ ਕੁਲਜੀਤ ਖਾਣ ਤੋਂ ਨਾ ਹਟੇ। ਕਦੇ ਚਿਕਨ ਤੇ ਕਦੇ ਮੱਛੀ ਵਾਲੇ ਪਕੌੜੇ, ਕਦੇ....। ਮੇਰੇ ਅੰਦਰ ਪਕੌੜੇ ਨਾ ਲੰਘਣ। ਅੰਦਰ ਜਾ ਕੇ ਫੁੱਲਣ ਲੱਗ ਪਏ।
ਮੈਂ ਇਹ ਗੱਲਾਂ ਰੰਮੀ ਨਾਲ ਕਰਨਾ ਚਾਹੁੰਦੀ ਆਂ। ਇਹ ਆਪਣਾ ਮਨ ਬਣਾ ਲਏ। ਸਾਡੇ ਵੀ ਪਾਰ ਉਤਾਰੇ ਹੋ ਜਾਣ। ਉਨ੍ਹਾਂ ਦੀ ਸਫਲਤਾ ਦੀਆਂ ਗੱਲਾਂ ਛੇੜ ਕੇ ਬਹਿ ਗਈ ਹਾਂ।
ਦੋਨਾਂ ਕੁੜੀਆਂ ਨੇ ਮਿਹਨਤ ਬੜੀ ਕੀਤੀ। ਪੰਜ-ਛੇ ਸਾਲ ਆਰਕੈਸਟੇ ਵਾਲਿਆਂ ਨਾਲ ਰਹੀਆਂ। ਜਦੋਂ ਆਰਕੈਸਟੇ ਵਾਲਿਆਂ ਖਿਲਾਫ ਗੱਲਾਂ ਹੋਣ ਲੱਗੀਆਂ, ਇਨ੍ਹਾਂ ਕਲਚਰਲ ਗਰੁੱਪ ਬਣਾ ਲਿਆ। ਉਹ ਵੀ ਆਪਣਾ। ਇਹਨੀਂ ਸੱਭ ਕੁੱਝ ਕੀਤਾ। ਦਿਨ ਰਾਤ ਸਟੇਜਾਂ ਤੇ ਇੱਕ ਕੀਤਾ। ਆਪਣੇ ਸਰੀਰ ਨੂੰ ਤੋੜਿਆ। ਕਰਦੀਆਂ ਵੀ ਕੀ। ਹੁਣ ਕਿਹੜੇ ਕੰਮ ਰਹਿ ਗਏ ? ਮੈਰਿਜ ਪੈਲੇਸ ਵਾਲਿਆਂ ਨੇ ਪਤਾ ਨਹੀਂ ਕਿੰਨਿਆਂ ਦੇ ਢਿੱਡ ਤੇ ਲੱਤ ਮਾਰੀ ਤੇ ਕਿੰਨਿਆਂ ਨੂੰ ਰੋਟੀ ਦਿੱਤੀ। ਅਗਲੀਆਂ ਨੇ ਡੱਟ ਕੇ ਮਿਹਨਤ ਕੀਤੀ। ਕਿੰਦੇ ਨੂੰ ਇਟਲੀ ਭੇਜਿਆ। ਰੂਪੇ ਨੂੰ ਅਡਜਸਟ ਕੀਤਾ। ਹੁਣ ਗਰੁੱਪ ਦਾ ਇੰਚਾਰਜ ਬਣਾਇਆ ਹੋਇਆ ਆ। ਕੋਠੀ ਬਣਾਈ। ਮਾਂ-ਬਾਪ ਨੂੰ ਰਾਜ ਬਿਠਾਇਆ। ਹੁਣ ਬਿਮਲਾ ਦੇ ਖਾਨਾਬਦੋਸ਼ੀ ਦੇ ਦਿਨ ਲੱਦ ਗਏ।ਇਦਾਂ ਦੀਆਂ ਧੀਆਂ ਰੱਬ ਸੱਭ ਨੂੰ ਦੇਵੇ। ਰੱਬ ਨੇ ਰੂਪ ਵੀ ਦੱਬ ਕੇ ਦਿਤਾ।
"ਮੰਮੀ, ਆਪਣਾ ਪਿੰਡ ਭਗਤ ਸਿੰਘ ਦਾ ਐ। ਭਗਤ ਸਿੰਘ ਬਾਰੇ ਜਾਂ ਸਾਥੀਆਂ ਬਾਰੇ ਕੁੱਝ ਪਤਾ ? ਉਨਾਂ ਦੀ ਵਿਚਾਰਧਾਰਾ ਜਾਂ ਕੁਰਬਾਨੀ ?"
ਲਓ, ਹੋਰ ਸੁਣ ਲਓ। ਮੈਂ ਇਹਦੇ ਨਾਲ ਕਿਹੜੀਆਂ ਗੱਲਾਂ ਕਰਨੀਆਂ ਚਾਹੁੰਦੀ ਆ ਤੇ ਇਹ....।
"ਇਨਕਲਾਬੀ ਦਲ ਨੇ ਲੋਟੂ ਰਾਜ ਪ੍ਰਬੰਧ ਦਾ ਖਾਤਮਾ ਕਰਕੇ, ਕਿਰਤੀਆਂ ਦਾ ਰਾਜ ਪ੍ਰਬੰਧ ਸਥਾਪਤ ਕਰਨ ਦਾ ਨਾਹਰਾ ਦਿੱਤਾ। ਧਰਮ ਨਿਰਪੱਖ ਰਾਜ ਜਿਹਦੇ ਵਿੱਚ ਜਾਤ ਪਾਤ ਨੂੰ ਲੋਈ ਥਾਂ ਨਹੀਂ।"
ਇਹ ਕੁੜੀ ਆਪਣੇ ਮਾਮੇ ਵਾਂਗੂੰ ਕਮਲੀਆਂ ਮਾਰੀ ਜਾਂਦੀ ਆ। ਇਹਨੂੰ ਆਪਣੇ ਘਰ ਦਾ ਨਰਕ ਨਹੀਂ ਦਿੱਸਦਾ। ਇਹਨੂੰ ਬੂਹਿਓਂ ਉਠਾਉਣ ਦੀ ਚਿੰਤਾ ਹੈ। ਮੁੰਡਿਆਂ ਵਾਲਿਆਂ ਪਤਾ ਕਿਡੇ-ਕਿਡੇ ਮੂੰਹ ਅੱਡੇ ਹੋਏ ਹਨ। ਜੇ ਇਹ ਮੰਨ ਜਾਵੇ। ਸਾਰੇ ਟੱਬਰ ਦੇ ਧੌਣੇ ਧੋਤੇ ਜਾਣ। ਬਿਮਲਾ ਨੇ ਜ਼ਿਮੇਵਾਰੀ ਲਈ ਆ । ਉਹ ਵੀ ਮਾਂ ਆ। ਉਹਦਾ ਜਿਗਰਾ ਦੇਖੋ। ਇਕੱਲੀਆਂ ਕੁੜੀਆਂ ਨੂੰ ਰਾਤ ਬਿਰਾਤੇ ਪਤਾ ਨ੍ਹੀਂ ਕਿਥੇ-ਕਿਥੇ ਤੋਰੀ ਰੱਖਦੀ ਆ।
ਤੇ ਕੁਲਜੀਤ........।
ਉਹ ਵੀ ਜਾਂਦੀ ਆ। ਜ਼ਮੀਨਾਂ ਜਾਇਦਾਦਾਂ ਦੀ ਮਾਲਕ ਆ। ਮੇਰੇ ਨਾਲ ਗੱਲ ਕਰ ਲੈਂਦੀ ਆ। ਪਹਿਲਾਂ ਤਾਂ ਇੱਧਰ ਉੱਧਰ ਦੀਆਂ ਹੀ ਮਾਰਦੀ ਰਹਿੰਦੀ ਸੀ। ਜਲਦੀ ਬੁਝਾਰਤਾਂ ਵਿਚੋਂ ਬਾਹਰ ਨਿਕਲ ਆਈ।
"ਆਜਿਆ ਕਰ। ਚਾਰ ਪੈਸੇ ਬਣਦੇ ਆ। ਚਾਰ ਦਿਨ ਸੁੱਖ ਦੇ ਕੱਟ ਲਓ। ਕਾਹਨੂੰ ਛੋਟੀਆਂ-ਛੋਟੀਆਂ ਚੀਜ਼ਾਂ ਲਈ ਤਰਸੀ ਜਾਣਾ।"
ਮੈਂ ਉਸਦੀ ਪੂਰੀ ਗੱਲ ਸੁਣੀ ਨਹੀਂ ਸੀ। ਗਾਹੇ-ਬਿਗਾਹੇ ਮਿਲਣ ਲੱਗੀ। ਕੁੜੀਆਂ ਸਪਲਾਈ ਕਰਦੀ ਹੈ।
"ਤੇਰੇ ਮੇਰੇ ਵਰਗੀਆਂ ਦਾ ਤਾਂ ਦੋ-ਤਿੰਨ ਸੌ ਮਿਲਣਾ। ਲਵਪ੍ਰੀਤ ਤੇ ਰਾਜਦੀਪ ਵਰਗੀਆਂ ਤਾਂ ਨਾਈਟ ਦਾ ਦੋ-ਦੋ ਹਜ਼ਾਰ ਲੈਂਦੀਆਂ। ਜੇ ਬਾਹਰਲੀ ਸਾਮੀ ਮਿਲ ਜਾਏ। ਫੇਰ ਤਾਂ ਪੌਂ ਬਾਰਾਂ।"
ਲੱਭੂ ਤੇ ਰੱਜੂ ਦਾ ਸੁਣ ਕੇ ਮੇਰਾ ਮੂੰਹ ਖੁਲ੍ਹਾ ਰਹਿ ਗਿਆ ਸੀ। ਮੇਰਾ ਮਨ ਮੰਨਿਆਂ ਨਹੀਂ ਸੀ। ਐਨੀਆਂ ਸੋਹਣੀਆਂ ਕੁੜੀਆਂ। ਉੱਤੋਂ ਕਮਾਲ ਦੀਆਂ ਡਾਂਸਰਾਂ।
"ਢਕੀ ਰਹਿ। ਵਿਆਹ ਪਾਰਟੀਆਂ ਸਾਰਾ ਸਾਲ ਹੁੰਦੇ ਆ? ਤੁਹਾਨੂੰ ਬਾਂਦਰ ਜਾਤ ਨੂੰ ਕੌਣ ਅਕਲ ਦੇਵੇ। ਇਹ ਗਿੱਧੇ, ਭੰਗੜੇ, ਆਰਕੈਸਟੇ, ਸੱਭਿਆਚਾਰਕ ਪ੍ਰੋਗਰਾਮ ਤਾਂ ਬਹਾਨੇ ਐ। ਅਗਲੇ ਪਾਰਟੀ 'ਚੋਂ ਮੁੱਲ ਪਾ ਕੇ ਲੈ ਜਾਂਦੇ ਆ। ਹੁਣੇ ਕਰਾਂ ਫ਼ੋਨ?"
ਕੁਲਜੀਤ ਨੇ ਝੱਟ ਮੋਬਾਇਲ ਫ਼ੋਨ ਕੱਢ ਕੇ ਰੱਜੂ ਨੂੰ ਲਾ ਲਿਆ ਸੀ। ਉਹਨਾਂ ਦੀਆਂ ਗੱਲਾਂ ਸੁਣ ਕੇ ਵੀ ਮੈਨੂੰ ਚੈਨ ਨਹੀਂ ਆਇਆ ਸੀ। ਦੂਜਾ ਘਰੋਂ ਅੱਕੀ ਹੋਈ ਸੀ। ਭਾਰਟੇ ਜਾ ਕੇ ਸਾਹ ਲਿਆ ਸੀ।
ਇਹ ਗੱਲ ਮੈਂ ਡਰਦੀ-ਡਰਦੀ ਨੇ ਬਿਮਲਾ ਨਾਲ ਕੀਤੀ। ਉਹ ਖਿੜਖਿੜਾ ਕੇ ਹੱਸ ਪਈ ਸੀ।
"ਨੀਂ, ਤਾਰੋ। ਛੱਡ ਪਰ੍ਹਾਂ।"ਉਹਨੇ ਮੇਰਾ ਹੱਥ ਪਲੋਸਿਆ ਸੀ, ਫੇਰ ਮੈਨੂੰ ਰਸੋਈ ਵਿੱਚ ਲੈ ਵੜੀ। ਦੋ ਗਲਾਸ ਚੁੱਕੇ। ਸਕਰੱਬਰ ਨਾਲ ਵਿਮ ਲਾਇਆ। ਲਿਸ਼ਕਾ ਕੇ ਮੇਰੇ ਮੋਹਰੇ ਰੱਖ ਦਿੱਤੇ। ਮੈਂ ਸਮਝੀ ਨਾ, ਮੇਰੇ ਹੱਥ ਫੜਾ ਦਿੱਤੇ।
"ਜਦੋਂ ਮੇਰੀਆਂ ਧੀਆਂ ਕੰਮ ਤੋਂ ਆਉਂਦੀਆਂ, ਮੈਂ ਇਹ ਕੰਗਣੀ ਵਾਲੇ ਗਲਾਸ ਦੁੱਧ ਦੇ ਭਰ ਕੇ ਪਿਲਾਂਦੀ ਆਂ। ਹੁਣ ਤਾਂ ਬੀਅਰ੍ਰ ਤੋਂ ਉਰੇ ਗੱਲ ਨਹੀਂ ਕਰਦੀਆਂ।"

ਰੱਜੂ ਤੇ ਲੱਭੂ ਵੀ ਆ ਗਈਆਂ ਸਨ। ਚੀਂਢ ਲਾ ਕੇ ਦੁੱਧ ਪੀ ਗਈਆਂ। ਮੈਂ ਰਾਤ ਮੁੜਨਾ ਚਾਹੁੰਦੀ ਸੀ। ਬਿਮਲਾ ਨੇ ਮੁੜਨ ਨਹੀਂ ਦਿੱਤਾ ਸੀ। ਰਾਤ ਵੀ ਆਪਣੇ ਕੋਲ ਪਾ ਲਿਆ। ਸਾਰੀ ਰਾਤ ਗੱਲਾਂ ਕਰਦੀਆਂ ਰਹੀਆਂ, ਕਿੱਦਾਂ ਕੁੜੀਆਂ ਨੇ ਬਿਜਨੈੱਸ ਸੈਟ ਕੀਤਾ। ਉਹ ਸਾਰੇ ਗੁਰਮੰਤਰ ਮੈਨੂੰ ਵੀ ਦੱਸਦੀ ਰਹੀ। ਰੰਮੀ ਬਾਰੇ ਮਨ ਬਣਾ ਕੇ ਉੱਥੋਂ ਤੁਰੀ ਸੀ। ਬੀਜੀ ਤੇ ਬਾਊ ਜੀ ਕੋਲ ਬਹੁਤਾ ਸਮਾਂ ਠਹਿਰੀ ਨਹੀਂ ਸੀ। ਸ਼ਹਿਰ ਤੱਕ ਮੇਰੇ ਅੰਦਰ ਉੱਥਲ-ਪੁੱਥਲ ਹੁੰਦੀ ਰਹੀ। ਗਲਾਸ ਲੈਣ ਬਾਜ਼ਾਰ ਵੀ ਚਲੇ ਗਈ। ਮੇਰੇ ਤੋਂ ਗਲਾਸ ਖ੍ਰੀਦ ਨਹੀਂ ਹੋਇਆ ਸੀ। ਸੱਤੇ ਦੀਆਂ ਅੱਖਾਂ ਦੀ ਲਾਲੀ ਮੇਰਾ ਪਿੱਛਾ ਕਰ ਰਹੀ ਸੀ। ਮੈਂ ਦੁਬਿਧਾ ਵਿੱਚ ਫ਼ਸੀ ਘਰ ਨੂੰ ਮੁੜ ਆਈ ਸੀ।

ਉਸ ਦਿਨ ਤੋਂ ਮੈਂ ਮਾਹੌਲ ਬਣਾਉਣ ਵਿੱਚ ਲੱਗੀ ਹੋਈ ਆਂ। ਰੰਮੀ ਨੂੰ ਵਿਆਹ ਪਾਰਟੀਆਂ ਤੇ ਲਿਜਾਣ ਲਈ ਜ਼ੋਰ ਪਾਉਂਦੀ ਆਂ। ਇਹ ਨਹੀਂ ਜਾਂਦੀ। ਇਹਦੇ ਨਾਨੇ ਦੀ ਤਬੀਅਤ ਠੀਕ ਨਹੀਂ ਰਹਿੰਦੀ।ਮੈਂ ਇਹਨੂੰ ਇਹਦੇ ਨਾਨਕੇ ਲੈ ਕੇ ਤੁਰੀ ਰਹਿੰਦੀ ਆਂ। ਬਹਾਨਾ ਤਾਂ ਬਾਊ ਜੀ ਤੇ ਬੀਜੀ ਦੀ ਦਵਾਈ ਲੈਣ ਦਾ ਹੁੰਦਾ ਏ ਜਾਂ ਸੱਤੇ ਨਾਲ ਜੁੜੀਆਂ ਚੀਜ਼ਾਂ ਦਿਖਾਉਣ ਦਾ। ਪਰ ਮੇਰਾ ਨਿਸ਼ਾਨਾ ਇਹਨੂੰ ਬਿਮਲਾ ਦੇ ਘਰ ਲਿਜਾਣਾ ਹੁੰਦਾ ਹੈ। ਉਹਦੀ ਕੋਠੀ.......... ਕਾਰਾਂ ਦਿਖਾਉਂਦੀ ਆਂ। ਰੇਨਿੰਗ ਵਾਟਰ ਤੇ ਮਸਾਜ ਵਾਟਰ ਵਾਲੇ ਵਾਸ਼ਰੂਮਾਂ ਤੇ ਝਾਤੀ ਮਰਵਾਉਂਦੀ ਆਂ। ਬਿਮਲਾ ਇਹਨੂੰ ਜੱਫੀ 'ਚ ਲੈ ਕੇ ਬਹੁਤ ਚੱਟਦੀ ਚੁੰਮਦੀ ਆ। ਮੈਂ ਵਾਰ-ਵਾਰ ਉਸ ਘਰ ਦੀ ਚਕਾਚੌਂਧ ਇਹਨੂੰ ਦਿਖਾਉਂਦੀ ਆਂ। ਇਹ ਮੁਸਕਰਾ ਕੇ ਕਹਿੰਦੀ ਏ__
"ਮਾਮੀ, ਬੜੀ ਤਰੱਕੀ ਕਰ ਲਈ।"
ਮੈਨੂੰ ਲੱਗਾ ਜਿਵੇਂ ਕਿਹਾ ਹੋਵੇ - ਇਹਨੂੰ ਤਰੱਕੀ ਕਹਿੰਦੇ ਆ। ਮੈਂ ਚਾਹੁੰਨੀ ਆਂ - ਇਹ ਵੱਧ ਤੋਂ ਵੱਧ ਸੰਗਤ ਰੱਜੂ ਤੇ ਲੱਭੂ ਦੀ ਕਰੇ। ਪਰ ਇਹ ਉਨ੍ਹਾਂ ਵਿੱਚ ਭਿਜਦੀ ਨਹੀਂ। ਰੂਪਾ ਇਹਦੇ ਨਾਲ ਬੜਾ ਤੇਅ ਕਰਦਾ। ਉਹ ਇਹਨੂੰ ਲਿਆਉਣ ਜਾਂ ਛੱਡਣ ਜਾਣ ਲਈ ਝੱਟ ਕਾਰ ਕੱਢ ਲੈਂਦਾ ਏ। ਪਰ ਇਹ ਕੋਈ ਨਾ ਕੋਈ ਬਹਾਨਾ ਘੜ ਲੈਂਦੀ ਹੈ। ਉਹਦੇ ਨਾਲ ਕਾਰ ਵਿੱਚ ਨਹੀਂ ਬਹਿੰਦੀ। ਮੈਂ ਚਾਹੰਨੀ ਆਂ - ਇਹ ਕਿਸੇ ਨਾ ਕਿਸੇ ਤਰ੍ਹਾਂ ਲਾਈਨ ਤੇ ਆ ਜਾਵੇ।
ਫੇਰ ਸੋਚਿਆ, ਧੀ ਨੂੰ ਕਾਹਨੂੰ ਕਿੱਤੇ ਵਿੱਚ ਪਾਉਣਾ। ਇਹ ਕਿਹੜਾ ਟੂਣੇਹਾਰਨ ਆ, ਜਿਹੜੀ ਸਟੇਜ ਜਮਾ ਲਊਗੀ।ਬਿਗਾਨੇ ਛੱਡਦੇ ਆ ਕਿਤੇ। ਇਹ ਸਾਰੀ ਖੇਡ ਰਾਤਾਂ ਦੀ ਆ। ਦਿਨਾਂ ਨੂੰ ਕਿਹੜਾ ਆਰਾਮ ਕਰਨ ਦਿੰਦੇ ਆ।ਇੱਕ ਗੀਤ ਖ਼ਤਮ ਹੁੰਦਾ, ਨਾਲੇ ਦੂਜਾ ਸ਼ੂਰੂ। ਇਹਦੇ ਨਾਲੋਂ ਦਿਹਾੜੀ ਕਰਨੀ ਚੰਗੀ ਆ। ਉੱਥੇ ਬੰਦਾ ਸਾਹ ਲੈ ਸਕਦਾ। ਖਾਣ-ਪੀਣ ਦਾ ਟਾਇਮ ਹੁੰਦਾ। ਇੱਥੇ......ਪੁੱਛੋ ਨਾ। ਜਦੋਂ ਸਟੇਜ ਚੱਲ ਪਏ, ਫੇਰ ਨ੍ਹੀਂ ਕੁੱਸ਼ ਸੁੱਝਦਾ। ਅਗਲੇ ਬਾਂਹ ਤੋਂ ਫ਼ੜ ਕੇ ਲੈ ਜਾਂਦੇ ਆ। ਨੋਟ ਵਾਰਨ ਦੇ ਬਹਾਨੇ 'ਚ ਪਤਾ ਨਹੀਂ ਕਿੱਥੇ-ਕਿੱਥੇ ਹੱਥ ਲਾਉਂਦੇ ਆ। ਬਾਊ ਜੀ ਦੀ ਉਮਰ ਦੇ ਬੁੱਢੇ ਵੀ ਟੁੱਲ ਹੋਇਓ ਆ ਚਿੰਬੜਦੇ ਆ।
ਇਹ ਸਾਰਾ ਸੋਚ ਕੇ ਹੀ ਮੈਂ ਪਿੱਛੇ ਹਟੀ। ਸੋਚਿਆਂ, ਆਪ ਕੁਲਜੀਤ ਨਾਲ ਚਲੇ ਜਾਇਆ ਕਰੂੰਗੀ। ਜਾਣਾ ਤਾਂ ਮੈਂ ਵੀ ਨਹੀਂ ਸੀ। ਰੋਟੀ ਮਿਲੀ ਜਾਂਦੀ ਸੀ। ਉਹ ਤੇ ਰੰਮੀ ਦੇ ਡੈਡੀ ਨੇ ਜ਼ਿਆਦਾ ਪੀ ਲਈ। ਨ੍ਹੇਰਾ ਸੀ। ਟਰੱਕ ਵਾਲਾ ਸਾਈਕਲ ਸਮੇਤ ਦਰੜ ਕੇ ਸੁੱਟ ਗਿਆ। ਖੜ੍ਹੇ ਪੈਰ ਵੀਹ ਹਜ਼ਾਰ ਰੁਪਈਆ ਲੱਗਾ। ਰੇਵਲ ਸੁੰਹ ਦੇ ਭਰਾ ਤੋਂ ਫੜਿਆ। ਇੱਕ ਪਾਸੇ ਇਹਦਾ ਡੈਡੀ ਮੰਜੇ ਤੇ ਪਿਆ। ਰੇਵਲ ਸੁੰਹ ਦੇ ਭਰਾ ਦੇ ਪੈਸੇ?
ਮੈਂ ਸ਼ਹਿਰ ਕੁਲਜੀਤ ਨਾਲ ਚਲੇ ਗਈ ਸੀ। ਸੋਚਿਆ ਇੱਕ ਸਾਮੀ ਦਾ ਦੋ-ਤਿੰਨ ਸੌ ਰੁਪਈਆ ਦਿਹਾੜੀ ਨਾਲੋਂ ਚੰਗਾ।ਜਦੋਂ ਮੈਂ ਹੋਟਲ ਦੀਆਂ ਪੌੜੀਆਂ ਚੜ੍ਹਨ ਲੱਗੀ, ਮੇਰੇ ਪਿੱਛੇ ਟੱਪ-ਟੱਪ ਆਉਣ ਦੀ ਅਵਾਜ਼ ਆਈ। ਸੱਤੇ ਦੀ ਪੈੜ ਚਾਲ ਲੱਗੀ। ਮੇਰੇ ਤੋਂ ਅਗਾਂਹ ਨੂੰ ਪੈਰ ਨਾ ਪੁੱਟ ਹੋਣ। ਸਰੀਰ ਪਸੀਨੋ ਪਸੀਨਾ ਹੋ ਗਿਆ। ਮੈਂ ਪੀਲ ਪਾਵੇ ਨੂੰ ਫੜ ਲਿਆ। ਉਹਤੇ ਦੋ ਅੱਖਾਂ ਗੱਡੀਆਂ ਗਈਆਂ। ਲਾਲ.......। ਮੈਂ ਪਿੱਛੇ ਨੂੰ ਭੱਜ ਲਈ ਸੀ। ਘਰ ਆ ਕੇ ਸਾਹ ਲਿਆ ਸੀ। ਰਾਤ ਨੂੰ ਕੁਲਜੀਤ ਨੇ ਆ ਕੇ ਹੌਂਸਲਾ ਦਿੱਤਾ ਸੀ।

"ਤੇਰੇ ਅੰਦਰ ਸੱਤੇ ਦਾ ਡਰ ਬੈਠਾ ਹੋਇਆ। ਇਹਨੂੰ ਕੱਢ ਦੇ। ਨਾਲੇ ਇਹ ਕੰਮ ਤੇਰੇ ਤੋਂ ਨਹੀਂ ਹੋਣਾ। ਸੱਤੇ ਦੀਆਂ ਅੱਖਾਂ ਤੇਰਾ ਪਿੱਛਾ ਨਹੀਂ ਛੱਡਣ ਲੱਗੀਆਂ। ਰੰਮੀ ਤੋਂ.....।"
ਏਹੀ ਸਲਾਹ ਮੈਨੂੰ ਬਿਮਲਾ ਨੇ ਦਿੱਤੀ ਸੀ।ਮੈਂ ਕਦੇ ਵੀ ਰੰਮੀ ਬਾਰੇ ਫ਼ੈਸਲਾ ਨਾ ਕਰ ਸਕੀ। ਹਮੇਸ਼ਾਂ ਦੁਚਿੱਤੀ ਵਿੱਚ ਰਹੀ। ਪਰ ਕੱਲ੍ਹ ਫਗਵਾੜੇ ਵਾਲੀ ਪਾਰਟੀ ਨੇ ਗੱਲ ਇੱਕ ਬੰਨੇ ਲਾ ਦਿੱਤੀ। ਉਹ ਟੂਣੇਹਾਰਨ ਮੇਰੇ ਮਨ ਤੇ ਛਾਈ ਪਈ ਆ।ਮੈਂ ਉੱਥੋਂ ਫ਼ੈਸਲਾ ਕਰ ਕੇ ਤੁਰੀ ਸੀ। ਫ਼ੈਸਲਾ ਕੀ ਕਰਨਾ, ਕੰਗਣੀ ਵਾਲਾ ਗਲਾਸ ਫਗਵਾੜੇ ਤੋਂ ਖਰੀਦ ਕੇ ਘਰ ਮੁੜੀ ਸੀ।
ਕੱਲ੍ਹ ਦਾ ਗਲਾਸ ਰਸੋਈ ਵਿੱਚ ਰੱਖ ਕੇ ਬੈਠੀ ਹਾਂ। ਰਾਤ ਕੋਸ਼ਿਸ਼ ਕੀਤੀ ਸੀ, ਦੇ ਨਾ ਹੋਇਆ। ਪਿਉ ਵੀ ਰੱਜਿਆ ਸੀ ਤੇ ਪੁੱਤ ਵੀ। ਦੋਨਾਂ ਨੇ ਖੋਰੂ ਪਾਈ ਰੱਖਿਆ। ਸਵੇਰ ਦੀ ਕੰਮ ਨੇ ਮੱਤ ਮਾਰੀ ਹੋਈ ਆ। ਕੰਮ ਤੋਂ ਵਿਹਲੀ ਹੋਈ ਆਂ। ਦੁਪਹਿਰਾ ਚੜ੍ਹ ਆਇਆ ਹੈ। ਰੰਮੀ ਮਗਰ ਲੱਗੀ ਨੂੰ ਦੋ ਘੰਟੇ ਹੋ ਗਏ ਹਨ। ਜਦੋਂ ਮੈਂ ਅਸਲ ਗੱਲ 'ਤੇ ਪੁੱਜਦੀ ਆਂ, ਇਹ ਹੋਰ ਰਸਤੇ ਤੁਰ ਪੈਂਦੀ ਹੈ। ਬਿਮਲਾ ਨੇ ਸਾਰੇ ਢੰਗ ਤਰੀਕੇ ਦੱਸੇ ਵੀ ਸਨ।

ਮੈਂ ਰੰਮੀ ਨੂੰ ਇੱਕ ਪਾਰਟੀ 'ਤੇ ਲੈ ਗਈ। ਸੋਚਿਆ ਕਿ ਲੱਭੂ ਤੇ ਰੱਜੂ ਦੇ ਜੌਹਰ ਦਿਖਾਵਾਂ। ਹੌਲੀ-ਹੌਲੀ ਪ੍ਰਭਾਵ ਕਬੂਲੂਗੀ। ਸਟੇਜ ਸ਼ੁਰੂ ਹੋ ਗਈ। ਜਦੋਂ ਪ੍ਰੋਗਰਾਮ ਪੂਰੇ ਜੋਬਨ 'ਤੇ ਪੁੱਜਾ, ਇਹ ਵੀ ਸਟੇਜ ਤੇ ਚੜ੍ਹ ਗਈ।
"ਬੰਦ ਕਰੋ ਇਹ ਕੰਜਰਖਾਨਾ। ਜਿਹਨੇ ਨੱਚਣਾ, ਆਅ ਮੇਰੇ ਨਾਲ ਨੱਚੋ। ਆਪਣੀਆਂ ਧੀਆਂ ਨਾਲ ਨੱਚੋ। ਮੈਂ ਬੋਲੀ ਪਾਉਂਦੀ ਆ।"
ਇਹ ਰਾਤ ਮੈਨੂੰ ਸੁਪਨਾ ਆਇਆ ਸੀ। ਮੈਨੂੰ ਸਮਝ ਨਹੀਂ ਲੱਗੀ, ਇਹ ਸੁਪਨਾ ਮੈਨੂੰ ਕਿਉਂ ਆਇਆ।ਸੁਨਣ ਵਿੱਚ ਆਇਆ ਕਿ ਇਹਦੇ ਨਾਲ ਦੀ ਚੇਤਨਾ ਨੇ ਇਕ ਵਿਆਹ ਵਿੱਚ ਇੱਦਾਂ ਕੀਤੀ ਸੀ। ਉਹ ਤਾਂ ਜ਼ਮੀਨ ਵਾਲੀ ਆ। ਘਰ ਵਾਲਾ ਨੌਕਰੀ ਕਰਦਾ। ਤੇ ਇਹ.....।
ਮੈਂ ਰਸੋਈ ਵਿੱਚ ਅਈ ਹਾਂ। ਗਲਾਸ ਨੂੰ ਚੰਗੀ ਤਰਾਂ ਸਵਾਹ ਨਾਲ ਮਾਂਜਿਆ ਹੈ। ਉਬਾਲ ਕੇ ਦੁੱਧ ਪਾਇਆ ਹੈ।ਮੈਂ ਗਲਾਸ ਲੈ ਕੇ ਕਮਰੇ ਅੰਦਰ ਆਈ ਹਾਂ।
"ਜੇ ਭੁੱਖੇ ਮਰਦੇ ਆਂ। ਤਾਂ ਕੀ ਧੀਆਂ ਭੈਣਾਂ ਨੂੰ ਜਿਸਮ ਵੇਚਣ ਲਾ ਦੇਈਏ ? ਸਾਲਿਓ! ਸ਼ਰਮ ਕਰੋ।"
ਇਹ ਸੱਤੇ ਦੀ ਆਵਾਜ਼ ਲੱਗਦੀ ਹੈ। ਹੈਂਅ! ਫੋਟੋਆਂ..........ਸੱਤੇ ਦੀਆਂ ਅੱਖਾਂ ਵਿੱਚ ਲਾਲੀ ਆ ਗਈ ਲਗਦੀ ਹੈ।
"ਫੇਰ ਕਿਹੜੇ ਖੂਹ ਡਿੱਗ ਪਈਏ ?" ਮੇਰੇ ਬੁੱਲ੍ਹ ਤੇ ਹੱਥ ਕੰਬਣ ਲੱਗ ਪਏ ਆ।
ਰੰਮੀ ਦੀ ਮੇਰੇ ਵੱਲ ਪਿੱਠ ਐ। ਉਹ ਕੰਧ ਤੇ ਲਗੀਆਂ ਫੋਟੋ ਸਾਫ ਕਰ ਰਹੀ ਹੈ। ਸੁਖਦੇਵ ਦੀ ਫੋਟੋ ਤੇ ਚਮੇਲੀ ਦਾ ਫੁੱਲ ਟੰਗ ਰਹੀ ਹੈ।
"ਜੇ ਭੁੱਖੇ ਤਾਂ ਕੀ...........।" ਕਿੰਨੀਆਂ ਹੋਰ ਅਵਾਜ਼ਾਂ ਆਉਣ ਲੱਗ ਪਈਆਂ ਹਨ।
ਅੱਖਾਂ ਵਿੱਚੋਂ ਅੱਥਰੂ ਡਿਗੇ ਹਨ । ਮੇਰੇ ਹੱਥੋਂ ਗਲਾਸ ਡਿੱਗ ਪਿਆ ਹੈ। ਧੀ ਦੇ ਗਲ ਲੱਗ ਕੇ ਰੋਣ ਲੱਗ ਪਈ ਹਾਂ।
 


Iqbalkaur

Content Editor

Related News