"ਕੀਰਤਨੀਏ ਰਾਇ ਬਲਵੰਡ ਤੇ ਰਾਇ ਸੱਤਾ ਜੀ "

Wednesday, May 20, 2020 - 05:42 PM (IST)

"ਕੀਰਤਨੀਏ ਰਾਇ ਬਲਵੰਡ ਤੇ ਰਾਇ ਸੱਤਾ ਜੀ "

ਅਲੀ ਰਾਜਪੁਰਾ
94176-79302

ਰਾਇ ਬਲਵੰਡ ਅਤੇ ਸੱਤਾ ਦਾ ਪਿਛੋਕੜ ਦੁਆਬੇ ਦੇ ਮਸ਼ਹੂਰ ਸ਼ਹਿਰ ਬੰਗਾ (ਨਵਾਂ ਸ਼ਹਿਰ) ਦਾ ਸੀ। ਉਂਝ ਇਹ ਖਡੂਰ ਸਾਹਿਬ ਰਹਿਣ ਲੱਗੇ ਸਨ। ਇਹ ਮੀਰ ਆਲਮ ਘਰਾਣੇ ਨਾਲ ਸੰਬੰਧਿਤ ਸਨ ਅਤੇ ਇਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ’ਚ ਕੀਰਤਨ ਕਰਿਆ ਕਰਦੇ ਸਨ। ਇਨ੍ਹਾਂ ਨੇ ਗੁਰੂ ਜੀ ਦੇ ਦਰਬਾਰ ’ਚ ਲੰਮਾ ਸਮਾਂ ਕੀਰਤਨ ਦੀ ਸੇਵਾ ਨਿਭਾਈ। ਕੁਝ ਸਾਖੀਆਂ ’ਚ ਇਸ ਤਰ੍ਹਾਂ ਜ਼ਿਕਰ ਮਿਲਦਾ ਹੈ ਕਿ ‘ ਸੱਤਾ ’ ਦੀ ਲੜਕੀ ਦਾ ਵਿਆਹ ਸੀ। ਉਨ੍ਹਾਂ ਨੇ ਵਿਆਹ ਠਾਠ-ਬਾਠ ਨਾਲ ਕਰਨ ਦੀ ਸਲਾਹ ਕੀਤੀ ਕੇ ਗੁਰੂ ਜੀ ਕੋਲ਼ ਬੇਨਤੀ ਲੈ ਕੇ ਗਏ ਕਿ ਇਕ ਦਿਨ ਦਾ ਚੜ੍ਹਾਵਾ ਉਹ ਲੈ ਲੈਣਗੇ ਤੇ ਉਨ੍ਹਾਂ ਦਾ ਵਿਆਹ ਦਾ ਕਾਰਜ ਸੁਖਾਲਾ ਸਿਰੇ ਚੜ੍ਹ ਜਾਵੇਗਾ। ਇਨ੍ਹਾਂ ਦੀ ਗੱਲ ਸੁਣ ਕੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ, “ ਉਹ ਵਿਆਹ ਦੀ ਚਿੰਤਾ ਨਾ ਕਰਨ… ਤੁਸੀਂ ਗੁਰੂ ਘਰ ਦੇ ਲੜ ਲੱਗੇ ਹੋਏ ਓ… ਤੁਹਾਨੂੰ ਕਿਸ ਚੀਜ਼ ਦਾ ਘਾਟਾ ਹੈ…?” ਪਰ ਦੋਵੇਂ ਭਰਾਵਾਂ ਦੇ ਚਿਤ ਨੂੰ ਕੋਈ ਚੈਨ ਨਹੀਂ ਪਿਆ। ਜਿਸ ਨੂੰ ਗੁਰੂ ਜਾਣ ਗਏ ਸਨ। ਗੁਰੂ ਜੀ ਨੇ ਫੇਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ.. ਉਹ ਕੁਦਰਤ ਦੀ ਹੋਣੀ ਤੋਂ ਅਣਜਾਣ ਸਨ।

ਜਦੋਂ ਉਹ ਆਪਣੀ ਜ਼ਿੱਦ ’ਤੇ ਅੜੇ ਰਹੇ ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਚੜ੍ਹਾਵਾ ਲੈਣ ਦੀ ਹਾਮੀ ਭਰ ਦਿੱਤੀ। ਅਗਲੇ ਦਿਨ ਉਨ੍ਹਾਂ ਨੇ ਕੀਰਤਨ ਕਰਨਾ ਆਰੰਭ ਕੀਤਾ। ਉਨ੍ਹਾਂ ਦੀ ਸੁਰਤ ਮਾਇਆ ਵਿਚ ਹੋਣ ਕਰਕੇ ਲੈਅ ਟੁੱਟ ਗਈ, ਰਾਗ ਬਦਲ ਗਏ। ਉਨ੍ਹਾਂ ਦੀ ਇਕਾਗਰਤਾ ਭੰਗ ਹੋ ਚੁੱਕੀ ਸੀ ਬਾਣੀ ਗਾਉਂਦਿਆਂ ਕਈ ਉਣਤਾਈਆਂ ਰਹਿ ਗਈਆਂ ਤੇ ਚੜ੍ਹਾਵਾ ਵੀ ਉਨ੍ਹਾਂ ਦੀ ਕਿਆਸਰਾਈ ਤੋਂ ਕਿਤੇ ਘੱਟ ਹੋਇਆ। ਉਨ੍ਹਾਂ ਦੀ ਕੋਈ ਪੇਸ਼ ਨਾ ਗਈ। ਗੁਰੂ ਜੀ ਨੇ ਕੀਤੇ ਬਚਨਾਂ ਅਨੁਸਾਰ ਚੜ੍ਹਾਵਾ ਲੈ ਜਾਣ ਦੀ ਆਗਿਆ ਦੇ ਦਿੱਤੀ। ਗੁਰੂ ਜੀ ਨੇ ਉਨ੍ਹਾਂ ਨੂੰ ਦਿੱਤੇ ਬਚਨ ਪੁਗਾਉਣ ਲਈ ਕਿਹਾ। ਅਗਲੇ ਦਿਨ ਆਸਾ ਕੀ ਵਾਰ ਦਾ ਕੀਤਰਨ ਹੋਣਾ ਸੀ। ਉਨ੍ਹਾਂ ਨੇ ਦਰਬਾਰ ਵਿਚ ਨਾ ਜਾਣ ਦਾ ਫ਼ੈਸਲਾ ਕਰ ਲਿਆ। ਜਦੋਂ ਉਹ ਦਰਬਾਰ ਵਿਚ ਹਾਜ਼ਰ ਨਾ ਹੋਏ ਤਾਂ ਗੁਰੂ ਜੀ ਨੇ ਆਪਣੇ ਸਿੱਖ ਰਾਹੀਂ ਬੁਲਾਵਾ ਭੇਜਿਆ ਪਰ ਉਨ੍ਹਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ। ਗੁਰੂ ਜੀ ਨੇ ਫੇਰ ਭਾਈ ਗੁਰਦਾਸ ਜੀ ਨੂੰ ਕਿਹਾ ਕਿ ਉਹ ਰਬਾਬੀਆਂ ਨੂੰ ਸਤਿਕਾਰ ਸਹਿਤ ਦਰਬਾਰ ਵਿਚ ਲਿਆਉਣ। ਪਰ ਰਾਇ ਬਲਵੰਡ ਤੇ ਸੱਤਾ ਜੀ ਨੇ ਹੰਕਾਰੀ ਅਵਾਜ਼ ਨਾਲ ਕਿਹਾ ਕਿ ਉਹ ਗੁਰੂ ਦੇ ਦਰਬਾਰ ’ਚ ਹੁਣ ਕੀਰਤਨ ਨਹੀਂ ਕਰਨਗੇ।

ਭਾਈ ਗੁਰਦਾਸ ਜੀ ਨੂੰ ਖ਼ਾਲੀ ਪਰਤਿਆ ਦੇਖ ਗੁਰੂ ਜੀ ਆਪ ਚਲੇ ਗਏ। ਪਰ ਉਹ ਦੋਵੇਂ ਭਰਾ ਟੱਸ ਤੋਂ ਮੱਸ ਨਾ ਹੋਏ। ਉਨ੍ਹਾਂ ਨੇ ਖੜ੍ਹੇ ਹੋ ਕੇ ਜਾਂ ਝੁਕ ਕੇ ਗੁਰੂ ਜੀ ਦਾ ਸਤਿਕਾਰ ਕਰਨਾ ਵੀ ਮੁਨਾਸਿਬ ਨਾ ਸਮਝਿਆ। ਗੁਰੂ ਜੀ ਨੇ ਨਿਮਰਤਾ ਸਹਿਤ ਉਨ੍ਹਾਂ ਨੂੰ ਦਰਬਾਰ ਵਿਚ ਚੱਲਣ ਲਈ ਬੇਨਤੀ ਕੀਤੀ ਤਾਂ ਉਨ੍ਹਾਂ ਨੇ ਹੰਕਾਰ ਨਾਲ ਭਰਿਆਂ ਨੇ ਕਹਿ ਦਿੱਤਾ ਕਿ ਉਹ ਦਰਬਾਰ ਵਿਚ ਨਹੀਂ ਜਾਣਗੇ ਭਾਵੇਂ ਉਹ ਕਿਸੇ ਤੋਂ ਵੀ ਕੀਰਤਨ ਕਰਵਾ ਲੈਣ। ਉੱਤੋਂ ਇਹ ਬੋਲ ਸੁਣਾਇਆ ਕਿ , “ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਰਾਮ ਦਾਸ ਜੀ ਤੱਕ ਗੁਰੂ ਬਣਾਉਂਦੇ ਹਾਂ, ਜੇ ਅਸੀਂ ਕੀਰਤਨ ਨਾ ਕਰਦੇ ਇਨ੍ਹਾਂ ਨੂੰ ਗੁਰੂ ਕਿਸ ਨੇ ਮੰਨਣਾ ਸੀ…? ” ਗੁਰੂ ਜੀ ਨੂੰ ਉਨ੍ਹਾਂ ਦੇ ਇਨ੍ਹਾਂ ਬੋਲਾਂ ਨੇ ਸੱਟ ਮਾਰੀ…। ਗੁਰੂ ਜੀ ਵਾਪਿਸ ਪਰਤ ਆਏ। ਉਨ੍ਹਾਂ ਨੇ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਗੁਰੂ ਘਰ ਵਿਚ ਸਿੱਖ ਕੀਰਤਨ ਕਰਿਆ ਕਰਨਗੇ।

ਸਮਾਂ ਆਪਣੀ ਤੋਰ ਤੁਰਦਾ ਗਿਆ। ਦੋਵੇਂ ਭਰਾਵਾਂ ਨੂੰ ਕੋਹੜ ਫੁੱਟ ਪਿਆ। ਲੋਕ ਉਨ੍ਹਾਂ ਤੋਂ ਮੂੰਹ ਫੇਰਨ ਲੱਗੇ। ਉਨ੍ਹਾਂ ਦੀ ਦਸ਼ਾ ਦਿਨੋ-ਦਿਨ ਭੈੜੀ ਹੁੰਦੀ ਗਈ। ਉਹ ਬਹੁਤ ਪਛਤਾ ਰਹੇ ਸਨ। ਮੁੜ ਗੁਰੂ ਦੇ ਦਰਬਾਰ ਵਿਚ ਜਾਣ ਦਾ ਹੌਸਲਾ ਨਹੀਂ ਸੀ ਪੈ ਰਿਹਾ। ਉਨ੍ਹਾਂ ਨੂੰ ਲਾਹੌਰ ਵਿਚ ਭਾਈ ਲੱਧਾ ਜੀ ਮਿਲੇ ਤੇ ਰਾਇ ਬਲਵੰਡ ਤੇ ਸੱਤਾ ਜੀ ਨੇ ਸਾਰੀ ਵਿੱਥਿਆ ਦੱਸੀ ਅਤੇ ਕਿਹਾ ਕਿ ਉਹ ਗੁਰੂ ਜੀ ਕੋਲ਼ ਜਾ ਕੇ ਉਹ ਉਨ੍ਹਾਂ ਦੀ ਭੁੱਲ ਬਖਸ਼ਾ ਦੇਣ। ਭਾਈ ਲੱਧਾ ਜੀ ਨੇ ਗੁਰੂ ਜੀ ਨੂੰ ਉਨ੍ਹਾਂ ਦੀ ਦਸ਼ਾ ਬਾਰੇ ਜਾਣੂੰ ਕਰਵਾਇਆ ਤੇ ਕਿਹਾ ਕਿ ਉਨ੍ਹਾਂ ਨੂੰ ਖ਼ਿਮਾ ਕਰ ਦੇਣ। ਗੁਰੂ ਜੀ ਨੇ ਕਿਹਾ ਕਿ ਉਨ੍ਹਾਂ ਨੇ ਗੁਰੂ ਦਾ ਨਿਰਦਾਰ ਕੀਤਾ ਹੈ, ਜਿਵੇਂ- ਜਿਵੇਂ ਗੁਰੂ ਦਾ ਜੱਸ ਗਾਉਣਗੇ ਤਿਉਂ- ਤਿਉਂ ਉਨ੍ਹਾਂ ਦਾ ਕੋਹੜ ਕੱਟਿਆ ਜਾਵੇਗਾ…। ਇਨ੍ਹਾਂ ਭਰਾਵਾਂ ਵੱਲੋਂ ਲਿਖੀ ਰਾਮਕਲੀ ਕੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 966 ਅੰਗ ’ਤੇ ਦਰਜ ਹੈ। 

ਨਾਉ ਕਰਤਾ ਕਾਦਰੂ ਕਰੇ, 
ਕਿਉ ਬੋਲੁ ਹੋਵੈ ਜੋਖੀਵਦੈ।।

PunjabKesari


author

rajwinder kaur

Content Editor

Related News