ਕਵਿਤਾ ਖਿੜਕੀ : ਚੇਤੇ ਆਉਂਦਾ ਉਹੀ ਸਾਈਕਲ...
Tuesday, Jul 25, 2023 - 01:11 PM (IST)

ਚੇਤੇ ਆਉਂਦਾ ਉਹੀ ਸਾਈਕਲ
ਅੱਜ ਚੇਤੇ ਆਉਂਦਾ ਉਹੀ ਸਾਈਕਲ
ਬਾਪੂ ਮੈਨੂੰ ਤੇਰਾ ਵੇ।
ਜਿਹਦੇ ਡੰਡੇ 'ਤੇ ਬੰਨ ਕੇ ਚੁੰਨੀ
ਅਸੀਂ ਨਾਨਕੇ ਮਾਰਦੇ ਗੇੜਾ ਵੇ।
ਤੂੰ ਨਹਿਰ ਦੇ ਨਾਲੋਂ ਨਾਲ ਕੰਢੇ 'ਤੇ
ਸਾਈਕਲ ਚਲਾਈ ਜਾਣਾ,
ਮੈਂ ਅੱਗੇ ਬੈਠੀ ਨੇ ਤੈਨੂੰ
ੳ ਅ ਸੁਣਾਈ ਜਾਣਾ।
ਮੇਰੇ ਨਿੱਕੇ ਨਿੱਕੇ ਹੱਥਾਂ 'ਚ ਕਲਮ ਫੜਾ,
ਤੂੰ ਲਿਖਣਾ ਮੈਨੂੰ ਸਿਖਾਇਆ ਸੀ।
ਇੱਕ ਤੇਰੀ ਮੇਹਨਤ ਸਦਕੇ ਅੱਜ ਵੀ
ਧੀ ਤੇਰੀ ਦਾ ਨਾਂ ਅਵੱਲ ਆਇਆ ਜੀ।
ਵੀਰ ਵੱਡਾ ਜੋ ਗਲ ਲਾ ਕੇ ਚੁੱਪ ਕਰਵਾਏ
ਬਾਪੂ ਉਹ ਤੇਰਾ ਹੀ ਪਰਛਾਵਾਂ ਹੈ,
ਲੰਬੀਆਂ ਉਮਰਾਂ ਮਾਣੇ ਉਹ
ਇਕੱਲਾ ਹੀ ਮੇਰੀਆਂ ਦੋ ਬਾਹਵਾਂ ਹੈ।
ਛੋਟੇ ਨੂੰ ਸਮਝ ਨਾ ਕੋਈ
ਅੱਜ ਵੀ ਸਮਝਦਾ ਖ਼ੁਦ ਨੂੰ ਉਹ ਨਿਆਣਾ ਹੈ
ਮੈਨੂੰ ਕਹਿੰਦਾ ਫਿਰ ਕੀ ਹੋਇਆ
ਤੂੰ ਵੀ ਇੱਕ ਦਿਨ ਓਥੇ ਜਾਣਾ ਹੈ।
ਦਵਿੰਦਰ ਨੂੰ ਰਹਿਣਾ ਬਸ ਇੱਕੋ ਪਛਤਾਵਾ
ਤੇਰੇ ਆਖਰੀ ਬੋਲਾਂ ਨੂੰ ਨਹੀਂ ਪੁਗਾ ਹੋਣਾ,
ਕਿੱਥੇ ਹੋਈ ਜੋਈਨਿੰਗ ਬਾਪੂ ਮੇਰੀ
ਇਹ letter ਲਿਖ ਕੇ ਨਹੀਂ ਪਾ ਹੋਣਾ
ਇੱਛਾ ਸੀ ਮੇਰੀ ricky ਵਾਂਗੂੰ ਹੀ
ਤੈਨੂੰ ਗੱਡੀ ਵਿਚ ਸ਼ਹਿਰ ਘੁੰਮਾਉਣੇ ਦੀ
ਤੂੰ ਸਾਈਕਲ 'ਤੇ ਕਮਾ ਐਸ਼ ਕਰਾਈ ਸੀ
ਸੋਚ ਕੇ ਦੇਖ ਬਾਪੂ ਹੁਣ ਐਸ਼ ਕਰਾਉਣੇ ਦੀ
ਵਾਰੀ ਮੇਰੀ ਆਈ ਸੀ..
ਵਾਰੀ ਮੇਰੀ ਆਈ ਸੀ।
ਦਵਿੰਦਰ ਕੌਰ
----------------------
ਤੋਹਫ਼ਾ
ਅਗਰ ਕੁੱਝ ਦਿੱਤਾ ਹੀ ਹੋਵੇ,
ਉਸ ਦੇ ਖ਼ੁਦਾ ਨੇ ਤੋਹਫ਼ੇ ਵਜੋਂ ਉਸਨੂੰ,,,,,
ਵਾਰ-ਵਾਰ ਨਹੀਂ "ਮੈਂ" ਸ਼ਬਦ ਸੁਣਾਈਦਾ !!!
ਕਦਰ ਕੀਮਤ ਤਾਂ ਹੁੰਦੀ 'ਅਸਲ' ਵੱਡੇ ਦਿਲ ਦੀ, ਜਾਨ ਸੱਜਣਾਂ ,
ਫ਼ਕੀਰ ਦੀ ਫ਼ਕੀਰੀ ਹੀ ਹੁੰਦੀ ਏ, ਉਸਦੀ ਅਸਲੀ, ਸ਼ਾਨ ਸੱਜਣਾਂ।
ਅਹਿਸਾਨਾਂ ਨੂੰ ਦੇ ਕੇ, ਕਦੇ ਮੁੱਲ ਨਹੀਂ ਪਾਈਦਾ,
ਧੋਖਾ ਦੇ ਕੇ ਦਗ਼ਾ ਕਮਾਉਣਾ, ਕਾਲਪਨਿਕ ਅਨੁਮਾਨ ਨਹੀਂ ਲਗਾਈਦਾ,
ਨਰ ਸੰਦੀਪ ਦੁਨੀਆ ਦੇ ਪਿੱਛੇ ਲੱਗ, ਆਪਣਾ ਆਪਾ ਨਹੀਂ ਗਵਾਈਦਾ।
ਪਾਣੀ ਤਾਂ ਦੇਣਾ ਪੁੰਨ ਹੁੰਦਾ 'ਸੁਣੇਂ, ਕਹਿੰਦੇ ਮੈਂ ਸਿਆਣੇ,
ਪਾਣੀ ਤਾਂ ਕੁਦਰਤੀ ਐ, ਲੱਗਦਾ ਉਹ ਆਪ ਜਾਨੀ ਜਾਨ ਏ।
ਮਿਲ ਕੇ ਵਰਤਣ ਸਭ ਕੁਦਰਤ ਨੂੰ ਹੈ ਏਕ ਅਨਮੋਲ ਖ਼ਜ਼ਾਨਾ,
ਕਿਉਂਕਿ ,
ਇਤਫ਼ਾਕ ਕਰਨ 'ਤੇ ਉਸਨੂੰ ਕਰਵਾਉਣ ਵਾਲਾ ਚਾਹੀਦਾ।
ਤੇਰੀਆਂ ਗੱਲਾਂ ਕਹਿਣ ਜੋਗੀਆਂ !
ਅਮਲ ਕਰਨ 'ਤੇ ਕਰਾਉਣ ਵਾਲਾ ਚਾਹੀਦਾ,
ਸਮਝਦਾਰ ਨੂੰ ਇਸ਼ਾਰਾ ਕਾਫ਼ੀ, ਸਮਝਾਉਣ ਵਾਲਾ ਚਾਹੀਦਾ।
ਲੋਭ ਲਾਲਚ ਵਿੱਚ ਆ ਕੇ ਕੁਫ਼ਰ ਤੋਲੋ, ਸਭ ਕੁੱਝ ਸਿੱਧਾ ਨਾ ਬੋਲੇ,
'ਅੱਤ ਦਾ ਅੰਤ' ਆਖ਼ਿਰ ਨੂੰ ਤੈਨੂੰ ਦਿਖਾਉਣ ਵਾਲਾ ਚਾਹੀਦਾ।
ਸੰਦੀਪ ਕੁਮਾਰ ਨਰ ਬਲਾਚੌਰ
------------------------
ਦੋਭਾਗ ਛੰਦ:- ਰੱਬ ਦੇ ਰੰਗ
ਚਾਰੇ ਪਾਸੇ ਵੇਖੋ ਜਲ਼-ਥਲ ਹੋ ਗਿਆ।
ਮਰ ਗਈ ਫ਼ਸਲ ਕੱਚਾ ਕੋਠਾ 'ਚ ਗਿਆ।
ਕਹਿਣ ਵਿਗਿਆਨੀ ਜੀ ਸਮੁੰਦ ਸੁੱਕ ਜੂ।
ਥੋੜ੍ਹੇ ਸਾਲਾਂ ਤੱਕ ਕਹਿੰਦੇ ਪਾਣੀ ਮੁੱਕ ਜੂ ।
ਮੀਂਹ ਪਈ ਜਾਵੇ ਪਾਣੀ ਚੋਖਾ ਆ ਗਿਆ।
ਲੱਗਦਾ ਏ ਵੇਲ਼ਾ ਜਿਵੇਂ ਔਖਾ ਆ ਗਿਆ।
ਕਰੇ ਕੀ ਕਿਸਾਨ ਕਿਧਰ ਨੂੰ ਜਾਵੇ ਜੀ।
ਕਿਸੇ ਪਾਸੇ ਸੁੱਖ ਨਜ਼ਰੀਂ ਨਾ ਆਵੇ ਜੀ।
ਮਾਰ ਗਈ ਮਹਿੰਗਾਈ ਅੰਬਰਾਂ ਨੂੰ ਛੋਅ ਗਈ।
ਡੁੱਬੀ ਕਿਸਮਤ ਜਾਣੋਂ ਕਿਤੇ ਖੋਅ ਗਈ।
ਕਰੂ ਕੀ ਮਜ਼ਦੂਰ ਘਰੇ ਵ੍ਹੇਲਾ ਬਹਿ ਗਿਆ।
ਭਿੱਜ ਗਿਆ ਭਵਿੱਖ ਸੀਨੇਂ ਸੇਲ੍ਹਾ ਬਹਿ ਗਿਆ।
ਕਰਤੇ ਦਾ ਭੇਤ ਕਿਸੇ ਪਾਇਆ ਹੀ ਨਹੀਂ।
ਰੋਕ ਦੇਵੇ ਮੀਂਹ ਕੋਈ ਜਾਇਆ ਹੀ ਨਹੀਂ।
ਰੱਬਾ ਤੈਨੂੰ ਬੰਦਾ ਅੱਜ ਜਾਵੇ ਭੁੱਲਦਾ।
ਹੁਕਮ ਤੋਂ ਬਿਨਾਂ ਪੱਤਾ ਵੀ ਨਾ ਝੁਲਦਾ।
ਬੰਦਾ ਹਉਮੇਂ ਵਿੱਚ ਐਵੇਂ ਛਾਤੀ ਤਾਣਦਾ।
'ਰੱਬ ਦੇ ਰੰਗਾਂ' ਨੂੰ ਦੱਸੋ ਕੌਣ ਜਾਣਦਾ।
ਕਰਦਾ ਅਰਜ਼ 'ਸੈਦੋ' ਹੱਥ ਜੋੜਕੇ।
ਦੇਖੀਂ ਕਿਸਮਤ ਲੈ ਨਾ ਜਾਵੀਂ ਰੋੜ੍ਹਕੇ।
ਕੁਲਵੰਤ ਸਿੰਘ 'ਸੈਦੋਕੇ'
--------------------------------
ਬਾਪੂ
ਜਿਹਦੀ ਬੁੱਕਲ ਜੰਨਤ ਵਰਗੀ ਏ
ਕਿਸੇ ਮਾਂ ਦੀ ਮੰਨਤ ਵਰਗੀ ਏ
ਜਿਹੜਾ ਧੁਰਾ ਹੈ ਟੱਬਰਦਾਰੀ ਦਾ
ਜਿਹੜਾ ਥੰਮ ਹੈ ਜ਼ਿੰਮੇਵਾਰੀ ਦਾ
ਜਦ ਹੁੰਦੇ ਵਾਰ ਸ਼ਰੀਕਾਂ ਦੇ ਜਿਹਨੂੰ ਹਿੱਕ 'ਤੇ ਝੱਲਣੇ ਪੈਂਦੇ ਨੇ
ਓਹਨੂੰ ਬਾਪੂ ਬਾਪੂ ਕਹਿੰਦੇ ਨੇ ,ਓਹਨੂੰ ਜੱਗ 'ਤੇ ਬਾਪੂ ਕਹਿੰਦੇ ਨੇ
ਜਿਹੜਾ ਮਾਲੀ ਬਾਗ ਦੇ ਰੁੱਖਾਂ ਦਾ
ਜਿਹੜਾ ਮਾਣ ਹੈ ਧੀਆਂ ਪੁੱਤਾਂ ਦਾ
ਜਿਹੜਾ ਚਾਅ ਹੈ ਕਿਸੇ ਸੁਹਾਗਣ ਦਾ
ਜਿਹੜਾ ਰੋਹਬ ਹੈ ਕਿਸੇ ਮਜਾਜਣ ਦਾ
ਅਣਖਾਂ ਲਈ ਮਸ਼ਹੂਰ ਬੜਾ ,
ਜਿਹਦੀ ਮੁੱਛ ਦੇ ਚਰਚੇ ਰਹਿੰਦੇ ਨੇ
ਉਸ ਸ਼ਹਿ ਨੂੰ ਬਾਪੂ ਕਹਿੰਦੇ ਨੇ, ਉਸ ਸਖਸ਼ ਨੂੰ ਬਾਪੂ ਕਹਿੰਦੇ ਨੇ
ਜੋ ਰਾਖਾ ਘਰ ਦੀਆਂ ਨੀਹਾਂ ਦਾ
ਵੱਧ ਪਿਆਰ ਲੈਂਦਾ ਜੋ ਧੀਆਂ ਦਾ
ਜਿਹੜਾ ਹੈ ਬੈਂਕਾਂ ਦੇ ਧਨ ਵਰਗਾ
ਮੋਢੇ 'ਤੇ ਰੱਖੀ ਗੰਨ ਵਰਗਾ
ਜਿਹਦੇ ਹੁੰਦਿਆਂ ਹੁੰਦੀ ਐਸ਼ ਸਦਾ
ਜੇਬਾਂ ਵਿਚ ਰਹਿੰਦਾ ਕੈਸ਼ ਸਦਾ
ਜਿਹਦੇ ਜਿਓਂਦਿਆਂ ਜੀ ਸਾਰੇ, ਸਦਾ ਨਜ਼ਾਰੇ ਲੈਂਦੇ ਨੇ
ਓਹਨੂੰ ਬਾਪੂ ਬਾਪੂ ਕਹਿੰਦੇ ਨੇ, ਉਸ ਸਖਸ਼ ਨੂੰ ਬਾਪੂ ਕਹਿੰਦੇ ਨੇ
ਜਿਹਦੀ ਘੂਰ ਲਿਆਕਤ ਦਿੰਦੀ ਏ
ਸ਼ਾਬਾਸ਼ੇ ਤਾਕਤ ਦਿੰਦੀ ਏ
ਜਿਹਦਾ ਦਬਕਾ ਸਬਕ ਸਿਖਾ ਜਾਂਦਾ
ਜਿਹਦਾ ਛਿੱਤਰ ਰਾਹੇ ਪਾ ਜਾਂਦਾ
ਜਿਹਦੇ ਹੁੰਦਿਆਂ ਕੋਈ ਝਾਕਾ ਨਹੀਂ
ਨਾ ਫਿਕਰ ਤੇ ਕੋਈ ਫਾਕਾ ਨਹੀਂ
ਓਹਦੇ ਕੱਪੜੇ ਭਾਵੇ ਸਸਤੇ ਨੇ ਪਰ ਨਖਰੇ ਥੋੜੇ ਮਹਿੰਗੇ ਨੇ
ਓਹਨੂੰ ਲੋਕੀਂ ਬਾਪੂ ਕਹਿੰਦੇ ਨੇ ਕਿ ਡੈਡੀ ਪਾਪਾ ਕਹਿੰਦੇ ਨੇ
ਜਿਹਦੀ ਪੱਗ 'ਚੋਂ ਅਣਖਾਂ ਝਲਕਦੀਆਂ
ਜਿਹਦੀ ਅੱਖ 'ਚੋਂ ਮੜਕਾਂ ਛਲਕਦੀਆਂ
ਦਾਹੜੀ ਦੇ ਮਤਲਬ ਵੱਡੇ ਨੇ
ਜਿਹਦੀ ਮੁੱਛ ਨੇ ਸਿਰ ਵੀ ਵੱਢੇ ਨੇ
ਜਿਹੜਾ ਗੇੜੀ ਵਾਂਗੂ ਗਿੜਦਾ ਏ
ਦੁੱਖ ਮੋਢੇ ਚੱਕੀ ਫਿਰਦਾ ਏ
ਨਿੱਤ ਫਿਕਰਾਂ ਦੇ ਵਿੱਚ ਘਿਰਦਾ ਏ
ਜਿਹਦੇ ਜਿਸਮ ਚੋਂ ਮੁੜਕਾ ਕਿਰਦਾ ਏ
ਜਿਹੜਾ ਡਾਣਸੀਵਾਲੀਆ ਦਬਦਾ ਨਹੀਂ
ਦੁੱਖ ਲੱਖਾਂ ਬਿਖੜੇ ਪੈਂਡੇ ਨੇ
ਓਹਨੂੰ ਬਾਪੂ ਬਾਪੂ ਕਹਿੰਦੇ ਨੇ ਕਈ ਡੈਡਾ ਪਾਪਾ ਕਹਿੰਦੇ ਨੇ
ਕੁਲਵੀਰ ਸਿੰਘ ਡਾਨਸੀਵਾਲ