ਕਰਮਾਂਵਾਲੀਆਂ

Tuesday, May 01, 2018 - 04:23 PM (IST)

ਕਰਮਾਂਵਾਲੀਆਂ

'ਘਰਵਾਲੀ' ਇਕ ਅਜਿਹਾ ਸ਼ਬਦ ਹੈ ਜਿਸ ਉੱਪਰ ਲੱਖਾਂ ਹੀ ਲਤੀਫ਼ੇ ਅਸੀਂ ਨਿੱਤ ਦਿਹਾੜੀ ਪੜ੍ਹਦੇ/ਸੁਣਦੇ ਰਹਿੰਦੇ ਹਾਂ। ਅਸੀਂ ਆਪ ਵੀ ਅਜਿਹੇ ਲਤੀਫ਼ੇ ਘੜ੍ਹਦੇ ਰਹਿੰਦੇ ਹਾਂ ਜਿਸ ਵਿਚ ਔਰਤ/ਘਰਵਾਲੀ ਨੂੰ ਬੇਇੱਜ਼ਤ ਕੀਤਾ ਜਾਵੇ ਜਾਂ ਹਾਸੇ/ਮਖ਼ੌਲ ਦਾ ਪਾਤਰ ਬਣਾ ਕੇ ਪੇਸ਼ ਕੀਤਾ ਜਾਵੇ। ਅਜਿਹੇ ਲੇਖ/ਲਤੀਫ਼ੇ ਪੜ੍ਹ/ਸੁਣ ਕੇ ਸਾਨੂੰ ਬਹੁਤ ਆਨੰਦ ਆਉਂਦਾ ਹੈ ਜਾਂ ਅਸੀਂ ਬਹੁਤ ਖੁਸ਼ ਹੁੰਦੇ ਹਾਂ।  ਹੁਣ ਇਕ ਮਿੰਟ ਲਈ ਸੋਚੋ, ਜੇਕਰ ਤੁਹਾਡੀ ਪਤਨੀ ਦੀ ਮੌਤ ਹੋ ਜਾਵੇ (ਮੁਆਫ਼ ਕਰਿਓ)
ਆਪਣੇ ਘਰ ਬਾਰੇ ਰਤਾ-ਕੂ ਗੰਭੀਰ ਹੋ ਕੇ ਸੋਚਣਾ। ਆਪਣੇ ਜੁਆਕਾਂ ਦੇ ਚਿਹਰੇ, ਆਪਣੇ ਮਨ ਵਿਚ ਲਓ ਅਤੇ ਸੋਚੋ ਕਿ ਉਸ 'ਨਿਕੰਮੀ' ਔਰਤ ਤੋਂ ਬਿਨਾ ਇਹਨਾਂ ਜੁਆਕਾਂ ਦਾ ਕੀ ਹਾਲ ਹੋਵੇਗਾ? ਤੁਸੀਂ 'ਨਵੀਂ' ਔਰਤ ਲਿਆਉਣ ਬਾਰੇ ਸੋਚ ਸਕਦੇ ਹੋ ਪਰ ਤੁਹਾਡੇ ਗੁੱਸੇ ਨੂੰ ਇਹ 'ਨਿਕੰਮੀ ਔਰਤ' ਕਿਵੇਂ ਸਹਿਣ ਕਰਦੀ ਹੈ, ਕਦੇ ਸੋਚਿਆ ਹੈ? ਤੁਹਾਡੇ ਬੱਚਿਆਂ ਨੂੰ ਕਿਸ ਤਰ੍ਹਾਂ ਲਾਡ ਕਰਦੀ ਹੈ, ਤੁਸੀਂ ਕਦੇ ਸੋਚਿਆ ਨਹੀਂ ਹੋਵੇਗਾ ਕਿਉਂਕਿ ਕਦਰ ਉਸ ਚੀਜ਼ ਦੀ ਹੁੰਦੀ ਹੈ ਜਿਹੜੀ ਸਾਡੇ ਕੋਲ ਨਹੀਂ ਹੁੰਦੀ। 
ਬਾਜ਼ਾਰ 'ਚੋਂ ਖ਼ਰੀਦਦਾਰੀ ਕਰਦਿਆਂ ਜਦੋਂ ਇਹ 'ਨਿਕੰਮੀ' ਔਰਤ 'ਕੁਝ ਨਹੀਂ' ਲੈਣ ਬਾਰੇ ਆਖਦੀ ਹੈ ਤਾਂ ਤੁਹਾਨੂੰ ਬਹੁਤ ਗੁੱਸਾ ਚੜ੍ਹਦਾ ਹੈ ਪਰ ਜਦੋਂ ਇਹ ਔਰਤ ਨਾ ਰਹੀ ਤਾਂ 'ਨਵੀਂ' ਬਾਰੇ ਵੀ ਜ਼ਰਾ-ਕੂ ਸੋਚ ਕੇ ਰੱਖਿਓ ਆਪਣੇ ਦਿਮਾਗ 'ਚ। ਸਾਰੀਆਂ ਔਰਤਾਂ ਪੈਸਾ ਉੱਡਾਉਣ ਵਾਲੀਆਂ ਨਹੀਂ ਹੁੰਦੀਆਂ ਪਰ ਜਿਹੜੀ ਤੁਹਾਡੇ ਪੱਲੇ ਨਾਲ ਬੱਝੀ ਹੈ ਉਸ ਵਰਗੀ ਦੂਜੀ ਲੱਭਣਾ ਮੁਸ਼ਕਲ ਹੈ।
ਤੁਹਾਡਾ ਫੋਨ ਆਉਣ 'ਤੇ, ਪਹਿਲਾ ਸਵਾਲ 'ਘਰ ਆਉਣ' ਬਾਰੇ ਪੁੱਛਣ ਵਾਲੀ 'ਨਿਕੰਮੀ' ਜਦੋਂ ਨਾ ਰਹੀ ਤਾਂ ਸੋਚ ਕੇ ਦੇਖੋ ਕਿ ਤੁਹਾਨੂੰ ਘਰ ਆਉਣ ਬਾਰੇ ਕੌਣ ਪੁੱਛੂ? ਤੁਹਾਡੇ ਰਤਾ ਜਿੰਨੇ ਗੁੱਸੇ ਤੋਂ ਡਰਨ ਵਾਲੀ 'ਨਿਕੰਮੀ' ਔਰਤ ਜਦੋਂ 'ਨਾ ਰਹੀ' ਤਾਂ ਤੁਹਾਡੀ ਦੁਨੀਆਂ ਦਾ ਅੰਦਾਜ਼ਾ ਤੁਸੀਂ ਆਪ ਵਧੀਆ ਢੰਗ ਨਾਲ ਲਗਾ ਸਕਦੇ ਹੋ, ਕੋਈ ਹੋਰ ਨਹੀਂ।
ਘਰਾਂ 'ਚ ਨਿੱਕੇ-ਮੋਟੇ ਗੁੱਸੇ/ ਰੋਸੇ ਚੱਲਦੇ ਰਹਿੰਦੇ ਹਨ ਪਰ ਸੋਚ ਕੇ ਦੇਖੋ ਜੇਕਰ ਤੁਹਾਡੀ ਹਮਸਫ਼ਰ ਅੱਧ- ਵਿਚਾਲੇ ਤੁਹਾਡਾ ਸਾਥ ਛੱਡ ਕੇ ਤੁਰ ਗਈ ਤਾਂ ਤੁਹਾਡੀ ਜ਼ਿੰਦਗੀ ਕਿਵੇਂ ਦੀ ਹੋਵੇਗੀ? ਤੁਸੀਂ ਆਪਣੀ ਰਹਿੰਦੀ ਜ਼ਿੰਦਗੀ ਸੁੱਖ ਨਾਲ ਜੀਓਗੇ ਜਾਂ ਦੁੱਖ ਨਾਲ। ਤੁਹਾਨੂੰ ਇਹ ਜ਼ਿੰਦਗੀ ਸਵਰਗ ਜਾਪੇਗੀ ਜਾਂ ਫਿਰ ਨਰਕ। ਇਹ ਸੋਚਣਾ ਤੁਹਾਡਾ ਕੰਮ ਹੈ ਕਿਉਂਕਿ ਤੁਹਾਡੇ ਤੋਂ ਵਧ ਤੁਹਾਨੂੰ ਹੋਰ ਕੋਈ ਨਹੀਂ ਜਾਣਦਾ।
ਸਮਾਜ ਵਿਗਿਆਨੀਆਂ ਦਾ ਕਥਨ ਹੈ ਕਿ ਜਿਹੜੀ ਚੀਜ਼ ਤੁਹਾਡੇ ਕੋਲੋਂ ਦੂਰ ਚਲੀ ਜਾਂਦੀ ਹੈ ਜਾਂ ਖੁੱਸ ਜਾਂਦੀ ਹੈ ਉਸਦੀ ਅਹਿਮੀਅਤ ਬਾਅਦ ਵਿਚ ਪਤਾ ਲੱਗਦੀ ਹੈ। ਮਨੁੱਖ ਦੇ ਕੋਲ ਜਿਹੜੀ ਚੀਜ਼ ਹੁੰਦੀ ਹੈ ਉਹ ਉਸਦੀ ਰਤਾ ਜਿੰਨੀ ਵੀ ਕਦਰ ਨਹੀਂ ਕਰਦਾ ਪਰ ਬਾਅਦ ਵਿਚ ਪਛਤਾਵੇ ਦੇ ਹੰਝੂ ਜ਼ਰੂਰ ਵਹਾਉਂਦਾ ਹੈ ਪਰ ਲੰਘਿਆ ਵੇਲਾ ਕਦੇ ਮੁੜ ਕੇ ਵਾਪਸ ਨਹੀਂ ਆਉਂਦਾ।
ਜਿਹੜੀ ਔਰਤ ਤੁਹਾਡੇ ਲੜ੍ਹ ਲੱਗੀ ਹੈ ਉਹ ਸਿਰਫ਼ ਤੁਹਾਡੇ ਵੱਲ ਦੇਖਦੀ ਹੈ 'ਦੋ-ਬੋਲ ਪਿਆਰ' ਦੇ ਸੁਣਨ ਲਈ। ਪਰ ਅਸੀਂ ਹਉਮੈ ਦੇ ਮਾਰੇ, ਮਰਦ ਪ੍ਰਧਾਨ ਸਮਾਜ ਦੀ ਉਪਜ ਹਾਂ ਅਤੇ ਇਸੇ ਕਰਕੇ ਆਪਣੀ ਹਉਮੈ ਨੂੰ ਠਾਰਨ ਲਈ ਤਾ-ਉਮਰ ਆਪਣੀ ਪਤਨੀ ਨੂੰ 'ਸਾੜਦੇ' ਰਹਿੰਨੇ ਆਂ। ਇਕ ਵਾਰ ਆਪਣੀ ਹਉਮੈ ਨੂੰ ਕੁਝ ਮਿੰਟ ਲਈ ਪਾਸੇ ਰੱਖ ਕੇ ਦੇਖੋ ਤੁਹਾਨੂੰ ਆਪਣੀ ਹਮਸਫ਼ਰ 'ਪਰੀਆਂ' ਵਾਂਗ ਲੱਗੇਗੀ ਕਿਉਂਕਿ ਉਹ ਵੀ ਮਨੁੱਖ ਹੈ ਅਤੇ ਉਸਦੇ ਦਿਲ ਵਿਚ ਵੀ ਜਜ਼ਬਾਤ ਹਨ। ਅਸੀਂ ਚਾਹੁੰਦੇ ਹਾਂ ਕਿ ਸਾਡਾ ਘਰ ਸਾਫ਼ ਰਹੇ, ਸਾਡੇ ਬੱਚੇ ਚੰਗੇ ਕੱਪੜੇ ਪਾਉਣ ਅਤੇ ਸਾਨੂੰ ਵੀ ਹਰ ਸ਼ੈਅ ਵਕਤ ਨਾਲ ਮਿਲਦੀ ਰਹੇ ਪਰ ਇਹ ਸਭ ਕਰਨ ਵਾਲੀ ਨੂੰ ਅਸੀਂ ਕਦੇ ਅਹਿਮੀਅਤ ਨਹੀਂ ਦਿੰਦੇ। ਜਿਸ ਨਾਲ ਘਰ ਵਿਚ ਮਾਹੌਲ ਖੁਸ਼ਨੂਮਾ ਨਹੀਂ ਰਹਿੰਦਾ ਅਤੇ ਲੜ੍ਹਾਈ-ਝਗੜੇ ਹੁੰਦੇ ਰਹਿੰਦੇ ਹਨ।
ਹਾਂ, ਜੇਕਰ ਤੁਸੀਂ ਆਪਣੀ ਹਉਮੈ ਨੂੰ ਪਰਾਂ ਨਹੀਂ ਰੱਖ ਸਕਦੇ ਤਾਂ ਫਿਰ ਇਕ ਵਾਰ ਆਪਣੀ ਪਤਨੀ ਦੀ ਮੌਤ ਦੇ ਕਲਪਿਤ ਵੀਡੀਓ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਚਲਾਓ।
ਸ਼ਮਸ਼ਾਨਘਾਟ ਤੋਂ ਮੁੜਦਿਆਂ ਆਪਣੇ ਜੁਆਕਾਂ ਦੇ ਚਿਹਰੇ ਦੇਖੋ। ਆਪਣੇ ਬੁੱਢੇ ਮਾਂ-ਬਾਪ ਦੇ ਚਿਹਰੇ ਨੂੰ ਪੜ੍ਹਣ ਦਾ ਯਤਨ ਕਰੋ। ਆਪਣੇ ਸੁੰਨੇ ਵਿਹੜੇ ਵੱਲ ਝਾਤੀ ਮਾਰ ਕੇ ਦੇਖੋ। ਆਪਣੀ ਆਉਣ ਵਾਲੀ ਜ਼ਿੰਦਗੀ ਬਾਰੇ ਰਤਾ-ਕੂ ਗੰਭੀਰਤਾ ਨਾਲ ਸੋਚ ਕੇ ਦੇਖੋ, ਸ਼ਾਇਦ ! ਤੁਹਾਨੂੰ ਉਸ 'ਕਰਮਾਂਵਾਲੀ' ਦੀ ਅਹਿਮੀਅਤ ਦਾ ਗਿਆਨ ਹੋ ਜਾਵੇ।
ਸਿਆਣਿਆਂ ਦਾ ਕਥਨ ਹੈ ਕਿ 'ਪਿਆਰ ਦੀ ਜੰਗ ਪਿਆਰ' ਨਾਲ ਹੀ ਜਿੱਤੀ ਜਾ ਸਕਦੀ ਹੈ।' ਇਕ ਵਾਰ ਇਸ ਹੱਥਿਆਰ ਦੀ ਵਰਤੋਂ ਕਰਕੇ ਵੀ ਦੇਖੋ ਤਾਂ ਕਿ ਤੁਹਾਡੀ ਜਿੰਥਦਗੀ ਵਿੱਚ ਕਿਤੇ ਕੋਈ ਪਿਆਰ ਦੀ ਵਰਖ਼ਾ ਦਾ ਸਬੱਬ ਬਣ ਜਾਵੇ। ਇਹ ਗ੍ਰਹਿਸਥ ਜੀਵਨ ਸਵਰਗ ਦੇ ਵਾਂਗ ਲੱਗੇ। ਜੀਉਂਦੇ-ਵੱਸਦੇ ਰਹੋ ਸਭ ਆਪਣੇ ਘਰਾਂ ਵਿਚ, ਆਪਣੀਆਂ 'ਕਰਮਾਂਵਾਲੀਆਂ' ਨਾਲ।
ਡਾਥ ਨਿਸ਼ਾਨ ਸਿੰਘ ਰਾਠੌਰ
ਮੋਬਾਈਲ ਨੰ. 075892-33437


Related News