ਕਹਾਣੀਨਾਮਾ-14 : ਮੇਰਾ ਕਲਮੀ ਦੋਸਤ

05/10/2020 3:42:56 PM

ਅਰਵਿੰਦਰ ਸਿੰਘ ਨਾਗਪਾਲ

ਅੱਜਕਲ ਦੇ ਦੌਰ ਵਿਚ ਅਸੀਂ ਫੇਸਬੁੱਕ ਦੋਸਤ, ਵਟਸਐਪ ਦੋਸਤ, ਇੰਟਰਨੈਟ ਦੋਸਤ, ਗੁਗਲ ਗਰੁੱਪ, ਕਿੱਟੀ ਦੋਸਤ ਦੀ ਗੱਲ ਕਰਦੇ ਹਾਂ ਤਾਂ ਕਲਮੀ ਦੋਸਤ ਦੀ ਗੱਲ ਕਰਨਾ ਬੜਾ ਪਿਛਾਹ ਖਿੱਚੂ ਲੱਗਦਾ ਹੈ ਪਰ ਚਾਰ ਦਹਾਕਿਆ ਪਹਿਲਾਂ ਤਾਂ ਇਹ ਸੱਚਾਈ ਸੀ।

ਮੈਂ ਪੰਜਾਬ ਦੇ ਇਕ ਪਿੰਡ ਵਿਚ ਰਹਿੰਦਾ ਸੀ ਅਤੇ ਪਿੰਡ ਵਿਚਲੇ ਸਰਕਾਰੀ ਸਕੂਲ ਵਿਚ ਹੀ ਪੜ੍ਹਦਾ ਸੀ। ਉਦੋਂ ਵੀ ਮੇਰਾ ਸ਼ੋਕ ਅਖਬਾਰਾਂ ਅਤੇ ਕਿਤਾਬਾਂ ਪੜ੍ਹਨਾ ਅਤੇ ਕਵਿਤਾਵਾਂ ਕਹਾਣੀਆਂ ਲਿਖਣਾ ਸੀ। ਪੰਜਾਬ ਸਕੂਲ ਸਿੱਖਿਆ ਬੋਰਡ ਉਸ ਸਮੇਂ ਪੰਖੜੀਆਂ ਨਾਂ ਦਾ ਰਿਸਾਲਾ ਸਕੂਲ ਵਿਦਿਆਰਥੀਆਂ ਲਈ ਕੱਢਦਾ ਹੁੰਦਾ ਸੀ। ਇਸ ਵਿਚ ਵਿਦਿਆਰਥੀਆਂ ਦੀਆਂ ਲਿਖਤਾਂ ਛਪਦੀਆਂ ਹੁੰਦੀਆਂ ਸਨ। ਮੇਰੀਆਂ ਲਿਖਤਾਂ ਇਸ ਵਿਚ ਛਪਣ ਅਤੇ ਸੰਪਾਦਕ ਦੀ ਡਾਕ ਵਿਚੋਂ ਤਾਂ ਪਤਾ ਲਗਦਾ ਸੀ ਕਿ ਕਿਸਨੂੰ ਉਹ ਪਸੰਦ ਆ ਰਹੀ ਹੈ ਪਰ ਉਨ੍ਹਾਂ ਨਾਲ ਸਿੱਧਾ ਰਾਬਤਾ ਨਹੀਂ ਸੀ ਹੋ ਸਕਦਾ। ਫਿਰ ਇਸ ਰਿਸਾਲੇ ਨੇ ਕਲਮੀ ਦੋਸਤ ਦਾ ਕਾਲਮ ਸ਼ੁਰੂ ਕੀਤਾ। ਮੇਰੀ ਉਮਰ ਦੇ ਕਈ ਬੱਚਿਆਂ ਨੇ ਮੇਰੇ ਨਾਲ ਕਲਮੀ ਦੋਸਤੀ ਕਰਨੀ ਚਾਹੀ। ਮੈਂ ਵੀ ਦੋ ਜਾਂ ਤਿੰਨ ਨੂੰ ਜਵਾਬ ਦਿੱਤਾ ਪਰ ਇਨ੍ਹਾਂ ਵਿਚ ਇਕ ਦੋਸਤ ਨਾਲ ਦੋਸਤੀ 40 ਸਾਲ ਜਾਰੀ ਰਹੀ ਅਤੇ ਅੱਜ ਤੀਕ ਵੀ ਕਾਇਮ ਹੈ। ਉਹ ਵੀ ਉਭਰਦਾ ਹੋਇਆ ਲਿਖਾਰੀ ਸੀ। ਅਸੀ ਆਪਣੀਆਂ ਕਵਿਤਾਵਾਂ ਕਹਾਣੀਆਂ ਇਕ ਦੂਜੇ ਨਾਲ ਸਾਂਝੀਆਂ ਕਰਦੇ ਹੁੰਦੇ ਸੀ। ਇਕ ਦੂਜੇ ਦੇ ਨਵਾਂ ਸਾਲ ਅਤੇ ਜਨੰ ਦਿਨ ਮੁਬਾਰਕ ਦੀਆਂ ਚਿੱਠੀਆਂ ਅਤੇ ਤਾਰਡ ਸੰਭਾਲ ਕੇ ਰਖਦੇ ਹੁੰਦੇ ਸੀ (ਕਈ ਮੇਰੀ ਅਲਮਾਰੀ ਵਿਚ ਅਜੇ ਵੀ ਪਏ ਹੋਣਗੇ)। ਉਨ੍ਹਾਂ ਦਿਨਾਂ ਵਿਚ ਟੈਲੀਫੋਨ ਨਹੀਂ ਹੁੰਦੇ ਸੀ, ਸੋ ਅਸੀਂ ਇਕ ਦੂਜੇ ਦੇ ਖਤ ਦੀ ਬਹੁਤ ਬੇਸਬਰੀ ਨਾਲ ਉਡੀਕ ਕਰਦੇ ਹੁੰਦੇ ਸੀ। ਆਪਣੀ ਦੋਸਤੀ ਸ਼ੁਰੂ ਹੋਣ ਦੇ ਬਹੁਤ ਸਾਲ ਬਾਅਦ ਮੈਂ ਉਸ ਨੂੰ ਹਕੀਕੀ ਤੌਰ ’ਤੇ ਮਿਲ ਸਕਿਆ।

PunjabKesari

ਮੈਂ ਡਾਕਟਰੀ ਕਿੱਤਾ ਅਪਨਾਉਣ ਬਾਰੇ ਸੋਚਿਆਂ ਅਤੇ ਗੌਰਮਿੰਟ ਮੈਡੀਕਲ ਕਾਲਜ਼ ਪਟਿਆਲਾ ਵਿਚ ਦਾਖਲਾ ਲੈ ਲਿਆ। ਮੇਰੇ ਦੋਸਤ ਨੇ ਮਾਰਥਿਕ ਤੰਗੀ ਕਰਕੇ ਦਸਵੀਂ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਸੀ ਪਰ ਪ੍ਰਾਈਵੇਟ ਤੌਰ ’ਤੇ ਪੜ੍ਹਦਾ ਰਿਹਾ ਅਤੇ ਨਾਲ-ਨਾਲ ਪੱਤਰਕਾਰੀ ਦੇ ਖੇਤਰ ਵਿਚ ਉੱਤਰ ਗਿਆ। ਉਹ ਇਕ ਛੋਟਾ ਜਿਹਾ ਹਫਤਾਵਾਰੀ ਅਖਬਾਰ ਛਾਪਦਾ ਹੁੰਦਾ ਸੀ। ਉਸ ਦਾ ਸ਼ਹਿਰ ਪਟਿਆਲੇ ਦੇ ਨੇੜੇ ਹੋਣ ਕਰਕੇ ਇਕ ਅਖਬਾਰ ਦੀ ਛਪਾਈ ਲਈ ਉਹ ਪਟਿਆਲੇ ਇਕ ਪ੍ਰੈੱਸ ’ਤੇ ਆਉਂਦਾ ਹੁੰਦਾ ਸੀ। ਮੇਰੇ ਹੋਸਟਲ ਦੇ ਕਮਰੇ ਵਿਚ ਬੈਠਕੇ ਹੀ ਉਸ ਦੇ ਅਖਬਾਰ ਦੀ ਰੂਪਰੇਖਾ ਤਿਆਰ ਹੁੰਦੀ ਹੈ। ਇਸ ਵਿਚਾਰ ਵਟਾਂਦਰੇ ਨਾਲ ਇਕ ਤਾਂ ਸਾਡੀ ਦੋਸਤੀ ਹੋਰ ਵਧੀ ਫੁੱਲੀ ਅਤੇ ਦੂਸਰਾ ਮੈਨੂੰ ਆਪਣੇ ਸ਼ੋਕ ਨੂੰ ਪੂਰਾ ਕਰਨ ਦਾ ਮੌਕਾ ਮਿਲਦਾ ਰਿਹਾ।

ਇਹ ਦੋਸਤੀ ਚਾਰ ਦਹਾਕੇ ਇਸ ਕਰਕੇ ਚੱਲਦੀ ਰਹੀ, ਕਿਉਂਕਿ ਇਸ ਵਿਚ ਕਿਸੇ ਦਾ ਕੋਈ ਸਵਾਰਥ ਸ਼ਾਮਲ ਨਹੀਂ ਸੀ। ਅਸੀਂ ਆਪਣੀ ਦੋਸਤੀ ਦੇ ਦਾਇਰੇ ਵਿਚ ਹਰ ਚੀਜ਼ ’ਤੇ ਬਹਿਸ ਕਰ ਸਕਦੇ ਸੀ ਅਤੇ ਆਪਣੇ ਸੀਕਰੇਟ ਇਕ ਦੂਜੇ ਨੂੰ ਦੱਸ ਸਕਦੇ ਸੀ। ਉਸ ਦੇ ਪਰਿਵਾਰ ਦੇ ਫੰਕਸ਼ਨਾਂ ਵਿਚ ਵੀ ਮੈਨੂੰ ਬੁਲਾਇਆ ਜਾਂਦਾ ਰਿਹਾ। ਉਸ ਨੇ ਪੱਤਰਕਾਰਿਤਾ ਵਿਚ ਬਹੁਤ ਉੱਚਾ ਮੁਕਾਮ ਹਾਸਲ ਕੀਤਾ। ਪੋਸਟਗਰੈਜੂਏਸ਼ਨ ਕਰਕੇ ਪੱਤਰਕਾਰਿਤਾ ਦਾ ਅਧਿਆਪਕ ਵੀ ਬਣਿਆ। ਅਸੀਂ ਕਿੰਨੇ ਵੀ ਰੁੱਝ ਗਏ ਪਰ ਜ਼ਿੰਦਗੀ ਦੇ ਮਸਲਿਆਂ ’ਤੇ ਸਾਡਾ ਵਿਚਾਰ ਵਿਮਰਸ਼ ਹਮੇਸ਼ਾ ਜਾਰੀ ਰਿਹਾ। 

ਹੁਣ  ਉਸ ਦੇ ਬੱਚਿਆਂ ਦੇ ਵਿਆਹ ਵੀ ਹੋ ਚੁੱਕੇ ਹਨ। ਉਹ ਪੱਤਰਕਾਰੀ ਵਿਚ ਬਹੁਤ ਖੁਸ਼ ਹੈ। ਅਸੀਂ ਹੁਣ ਇਕ ਦੂਜੇ ਨੂੰ ਪੱਤਰ ਨਹੀਂ ਲਿਖਦੇ ਪਰ ਫੇਸਬੁੱਕ ਅਤੇ ਈਮੇਲ ਰਾਹੀਂ ਇਕ ਦੂਜੇ ਦੇ ਸੰਪਰਕ ਵਿਚ ਰਹਿੰਦੇ ਹਾਂ। 

 ਜਦੋਂ ਦੋਸਤਾਂ ਵਿਚ ਬੈਠੇ ਹੋਈਦਾ ਤਾਂ ਕੋਈ ਵੀ ਇਸ ਗੱਲ ਦਾ ਯਕੀਨ ਨਹੀਂ ਕਰਦਾ ਕਿ 40 ਸਾਲ ਪਹਿਲਾਂ ਸ਼ੁਰੂ ਹੋਈ ਸਾਡੀ ਦੋਸਤੀ ਕਲਮੀ ਦੋਸਤ ਬਣਨ ਤੋਂ ਸ਼ੁਰੂ ਹੋਈ ਸੀ ਅਤੇ ਮੈਂ ਅੱਜ ਵੀ ਮਾਣ ਨਾਲ ਉਸ ਨੂੰ ਆਪਣਾ ਕਲਮੀ ਦੋਸਤ ਕਹਿੰਦਾ ਹਾਂ।


rajwinder kaur

Content Editor

Related News