ਕਹਾਣੀਨਾਮਾ-15 : ਗੁਆਚਾ ਬਚਪਨ

5/10/2020 4:56:49 PM

ਗੁਆਚਾ ਬਚਪਨ

ਸਤਵੀਰ ਸਿੰਘ ਚਾਨੀਆਂ

" ਮੈਂ ਨਿੰਦਰ ਪੁੱਤਰ ਪਤਾ ਨਹੀਂ ਪਿੱਤਰੀ ਪਿੰਡ ਤੇ ਜ਼ਿਲਾ ਪਤਾ ਨਹੀਂ ਪਰ ਹਾਲ-ਆਬਾਦ ਪਿੰਡ ਬਜੂਹਾਂ ਖੁਰਦ ਤਹਿ: ਨਕੋਦਰ ਜ਼ਿਲਾ ਜਲੰਧਰ ਤੋਂ ਬੋਲ ਰਿਹੈਂ। ਮਾਲਕੋ ਸਾਡੀ ਕਹਾਣੀ ਵੀ ਬੜੀ ਅਜੀਬੋ ਗਰੀਬ ਹੈ। ਉਹ ਕਹਿੰਦੇ ਹੁੰਦੇ ਨਾ-'ਬਿਨਾਂ ਦਰਦ ਸੀਨੇ ਨਈਂ ਛੇਕ ਪੈਂਦਾ-ਛੇਕ ਬਾਝ ਨਈਂ ਮੋਤੀ ਪਰੋਏ ਜਾਂਦੇ। 'ਮੇਰਾ ਜਨਮ ਯੂ.ਪੀ ਦੇ ਕਿਸੇ ਪਿੰਡ ਦਾ ਹੈ। ਯੂ.ਪੀ ਦੇ ਹੀ ਕਿਸੇ ਭਈਏ ਪਰਿਵਾਰ ਦੀ ਉਲਾਦ ਹਾਂ। ਉਧਰ ਲੁਧਿਆਣੇ ਨੇੜਲਾ ਕੋਈ ਪੰਜਾਬੀ ਡਰੈਵਰ ਯੂ.ਪੀ ਕੋਈ ਗੇੜਾ ਲੈ ਕੇ ਗਿਆ। ਮੁੜਦਾ ਹੋਇਆ ਉਧਰ ਕਿਧਰੇ ਢਾਬੇ ਅਤੇ ਚਾਹ ਪੀਣ ਲਈ ਰੁਕਿਆ। ਅਸੀਂ 4-5 ਜਾਣੇ ਬਾਲ ਇਲਤਾਂ ਕਰਦੇ ਟਰੱਕ ਵਿਚ ਚੜ੍ਹ ਗਏ। ਮੇਰੀ ਉਮਰ ਉਸ ਵਕਤ 3-4 ਸਾਲ ਦੇ ਕਰੀਬ ਹੋਵੇਗੀ। ਡਰੈਵਰ ਨੇ ਜਿਵੇਂ ਹੀ ਟਰੱਕ ਭਜਾ ਲਿਆ। ਮੇਰੇ ਨਾਲ ਦੇ ਤਾਂ ਛਾਲਾਂ ਮਾਰ ਕੇ ਚਲਦੇ ਟਰੱਕ ਵਿਚੋਂ ਉਤਰ ਗਏ ਪਰ ਮੈਂ ਡਰਦਾ ਰਿਹਾ ਅਤੇ ਰੋਣ ਤੋਂ ਸਿਵਾ ਕੁਝ ਕਰ ਨਾ ਸਕਿਆ।

200 ਕੁ ਕਿ:ਮੀ: ਅੱਗੇ ਜਾ ਕੇ ਜਦ ਡਰੈਵਰ ਨੇ ਪਟਰੌਲ ਪੰਪ ’ਤੇ ਟਰੱਕ ਰੋਕਿਆ ਤਾਂ ਮੈਂ ਮੁੜ ਉੱਚੀ-ਉੱਚੀ ਰੋਣ ਲੱਗਾ। ਉਸ ਨੇ ਮੈਨੂੰ ਦੇਖਿਆ ਪਰ ਪਿੱਛੇ ਮੋੜਨ ਜਾਂ ਉੱਥੇ ਹੀ ਉਤਾਰਨ ਦੀ ਬਜਾਏ ਪੰਜਾਬ ਹੀ ਨਾਲ ਲੈ ਆਇਆ। ਕੁਝ ਮਹੀਨੇ ਉਸ ਨੇ ਮੈਨੂੰ ਲੁਧਿਆਣੇ ਨੇੜਲੇ ਆਪਣੇ ਪਿੰਡ ਹੀ ਰੱਖਿਆ। ਫਿਰ ਆਪਣੇ ਸਹੁਰੇ ਫਗਵਾੜਾ ਨਜ਼ਦੀਕ ਸ਼ੇਖੂਪੁਰੇ ਛੱਡ ਗਿਆ। ਇਥੇ ਹੀ ਮੈਂ ਹੋਸ਼ ਸੰਭਾਲੀ। ਇਥੋਂ ਦੇ ਪਹਿਲੇ ਬਚਪਨ ਬਾਰੇ ਮੈਨੂੰ ਕੁਝ ਵੀ ਨਹੀਂ ਪਤਾ, ਇਹ ਮੈਂ ਮਾਲਕਾਂ ਤੋਂ ਹੀ ਸੁਣਿਆਂ ਹੈ। ਇਥੇ ਖੇਤੀਬਾੜੀ ਦੇ ਕਾਮੇ ਵਜੋਂ 6 ਸਾਲ ਕੰਮ ਕੀਤਾ। ਮਾਲਕ ਮੈਨੂੰ ਜਿੱਥੇ ਕੁੱਟਦਾ ਸੀ, ਉਥੇ ਕੰਮ ਵੀ ਬਹੁਤਾ ਲੈਂਦਾ ਸੀ। ਗੁਆਂਢੀ ਖੂਹ ਵਾਲਾ ਸ. ਬਾਵਾ ਸਿੰਘ ਬੜਾ ਭਲਾ ਬੰਦਾ ਸੀ। ਉਹ ਮੇਰੇ ਦਰਦ ਨੂੰ ਸਮਝਦਾ ਸੀ। ਮੈਂ ਕਈ ਬਾਰ ਉਸ ਕੋਲ ਜਾ ਕੇ ਰੋ ਲੈਂਦਾ ਸੀ। ਅਜਿਹੇ ਹੀ ਤਰਾਂ ਇਕ ਦਿਨ ਮੇਰੇ ਮਾਲਕ ਨੇ ਫਿਰ ਮੈਨੂੰ ਬਹੁਤ ਕੁੱਟਿਆ ਤਾਂ ਮੈਂ ਬਾਵਾ ਸਿੰਘ ਪਾਸ ਜਾਕੇ ਫਿਰ ਬਹੁਤ ਰੋਇਆ। ਉਸ ਨੂੰ ਬੇਨਤੀ ਕੀਤੀ ਕਿ ਉਹ ਮੈਨੂੰ ਆਪਣੇ ਪਾਸ ਨੌਕਰ ਰੱਖ ਲਏ। ਉਸ ਨੇ ਅਸਮਰਥਾ ਜਤਾਈ ਅਤੇ ਕਿਹਾ ਕਿ ਜੇ ਮੈਂ ਤੈਨੂੰ ਰੱਖਿਆ ਤਾਂ ਮੇਰਾ ਤੇਰੇ ਮਾਲਕ ਨਾਲ ਵਿਗਾੜ ਪਏਗਾ ਸੋ ਆਪਾਂ ਕੋਈ ਹੋਰ ਸਬੀਲ ਬਣਾ ਲੈਂਦੇ ਹਾਂ।

ਇਕ ਰਾਤ ਜਦ ਮੇਰਾ ਮਾਲਕ ਡੇਰੇ ਤੋਂ ਪਿੰਡ ਗਿਆ ਹੋਇਆ ਸੀ ਤਾਂ ਬਾਵਾ ਸਿੰਘ ਮੈਨੂੰ ਸਾਈਕਲ ’ਤੇ ਬਿਠਾ ਕੇ ਆਪਣੇ ਸਹੁਰੇ ਪਿੰਡ ਬਜੂਹਾਂ ਖੁਰਦ ਛੱਡ ਗਿਆ। ਇਸ ਦੇਵਤਾ ਪੁਰਸ਼ ਦੇ ਘਰੋਂ ਬੀਬੀ ਬੰਸੋ ਦੇ ਚਾਚਾ ਜੀ ਸ. ਮਲਕੀਅਤ ਸਿੰਘ ਮੀਤੂ ਦੇ ਖੂਹ ’ਤੇ ਕਾਮੇ ਵਜੋਂ ਲਗਾਤਾਰ 10 ਸਾਲ ਕੰਮ ਕੀਤਾ। ਫਿਰ 5 ਕੁ ਸਾਲ ਗੁਆਂਢੀ ਖੂਹ ਸ. ਦਰਸ਼ਣ ਸਿੰਘ ਕੇ ਕੰਮ ਕੀਤਾ। ਫਿਰ ਇਥੋਂ ਹੱਟ ਕੇ ਬੀਬੀ ਬੰਸੋ ਦੇ ਬਾਪ ਸ. ਬਿੱਕਰ ਸਿੰਘ ਕੇ ਹੀ ਟੱਬਰ ’ਚੋਂ ਦੇਵ ਪੁੱਤਰ ਸ. ਕਰਤਾਰ ਸਿੰਘ ਕੇ ਪਾਸ ਜਾ ਕੰਮੀ ਹੋਇਆ। ਇਥੇ ਟਿੱਕ ਕੇ ਲਗਾਤਾਰ 20 ਕੁ ਸਾਲ ਕੰਮ ਕੀਤਾ। ਇਹ ਬੰਦਾ ਵੀ ਦੇਵ ਪੁਰਸ਼ ਸੀ। ਕੇਵਲ 150 ਰੁ: ਪ੍ਰਤੀ ਮਹੀਨਾ ’ਤੇ ਲੱਗਾ ਸਾਂ। ਉਜਰਤ ਵੀ ਹੌਲੀ ਹੌਲੀ ਵਧਾਉਂਦਾ ਰਿਹਾ ਅਤੇ ਮੇਰਾ ਮਕਾਨ ਵੀ ਬਣਵਾ ਦਿੱਤਾ। ਇਹੀ ਨਹੀਂ ਸਗੋਂ ਖਾੜਕੂ ਦੌਰ ਦੀ ਕੋਈ ਪੀੜਤ ਲੋੜਬੰਦ ਕੁਦੇਸਣ ਭਿਖੀਵਿੰਡ ਤੋਂ ਦੀ ਕਿਸੇ ਦੱਸ ਪਾਈ ਤਾਂ ਮੇਰਾ ਚੁੱਲਾ ਵੀ ਬਲਦਾ ਕਰਵਾ ਦਿੱਤਾ।

PunjabKesari

ਪਿਛਲੇ ਸਾਲ ਦੇਵ ਹੋਰੀਂ ਚੜਾਈ ਕਰ ਗਏ। ਉਨ੍ਹਾਂ ਦਾ ਬਾਗ਼ ਪਰਿਵਾਰ ਪਹਿਲਾਂ ਹੀ ਬਾਹਰ ਹੈ ਸੋ ਉਨ੍ਹਾਂ ਦੀ ਮੌਤ ਉਪਰੰਤ ਖੂਹ ਦੇ ਕੰਮ ਧੰਦੇ ਵੀ ਤਮਾਮ ਹੋ ਗਏ। ਹੁਣ ਮੈਂ ਆਪਣਾ ਦਿਹਾੜੀ ਲੱਪਾ ਕਰਕੇ ਹੀ ਗੁਜ਼ਾਰਾ ਕਰਦਾ ਹਾਂ। ਮੇਰੀ ਪਤਨੀ ਗੀਤਾਂ ਚੰਗੀ ਸੁਘੜ ਸੁਆਣੀ ਹੈ। ਦੋ ਬੇਟੀਆਂ ਐੱਮ.ਏ. ਪਾਸ ਹਨ। ਵੱਡੀ ਜੋਤੀ ਬੈਂਕ ਵਿਚ ਨੌਕਰੀ ਕਰਦੀ ਹੈ। ਬੇਟਾ ਆਪਣਾ ਸੀਲਿੰਗ ਦਾ ਕੰਮ ਕਰਦਾ ਹੈ। ਜ਼ਿੰਦਗੀ ਦੀ ਗੱਡੀ ਬੜੀ ਰੈਲੀ ਚੱਲ ਰਹੀ ਹੈ। ਹੁਣ ਮੈਂ ਆਪਣੇ ਬੱਚਿਆਂ ਵੱਲ ਵੇਖ ਕਿ ਹੀ ਟੈਮ ਪਾਸ ਕਰਦਾ ਹਾਂ।-ਮੇਰੇ ਮਾਪੇ, ਪਿੰਡ ,ਬਚਪਨ, ਰਿਸ਼ਤੇ-ਨਾਤੇਦਾਰ ਬਾਰੇ ਕੁਝ ਵੀ ਪਤਾ ਨਹੀਂ ਹੈ ਤੇ ਨਾ ਹੀ ਕਦੇ ਇਸ ਬਾਰੇ ਮੈਂ ਉਜਰ ਕੀਤੈ। ਮੈਂ ਕੌਣ ਹਾਂ, ਕਿੱਥੋਂ ਆਇਐਂ, ਇਥੇ ਕਿਵੇਂ ਪਹੁੰਚੈ....ਸਭ ਕੁਦਰਤ ਦੀ ਕਾਦਰ ਦਾ ਖੇਲ ਹੈ। "ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

rajwinder kaur

Content Editor rajwinder kaur