ਕਬੀਰ ਸੂਖੁ ਨਾ ਏਹ ਜੁਗਿ ਕਰਹਿ ਜੁ ਬਹੂਤੈ ਮੀਤ

Monday, Jul 02, 2018 - 01:28 PM (IST)

ਕਬੀਰ ਸੂਖੁ ਨਾ ਏਹ ਜੁਗਿ ਕਰਹਿ ਜੁ ਬਹੂਤੈ ਮੀਤ

ਰਿਸ਼ੀਆਂ-ਮੁਨੀਆਂ, ਪੀਰ-ਫ਼ਕੀਰਾਂ ਇੱਕੋ ਗੱਲ ਸਮਝਾਈ, 
ਏਕ ਪਿਤਾ ਏਕਸ ਕੇ ਬਾਰਿਕ ਬਣ ਕੇ ਰਹੋ ਮੇਰੇ ਭਾਈ।
ਕਿਹਾ ਜਾਂਦਾ ਹੈ ਕਿ ਜੀਵਨ ਦੁੱਖਾਂ ਤੇ ਸੁੱਖਾਂ ਦਾ ਸੁਮੇਲ ਹੈ। ਇੱਥੇ ਸੁੱਖ ਦੇ ਪਲ ਵੀ ਆਉਂਦੇ ਨੇ ਤੇ ਦੁੱਖ ਦੇ ਪਲ ਵੀ। ਸੁੱਖ ਦੇ ਪਲ ਆਪਣਾ ਸਮਾਂ ਲੰਘਾ ਕੇ ਵਾਪਸ ਚਲੇ ਜਾਂਦੇ ਹਨ ਤੇ ਦੁੱਖ ਦੇ ਪਲ ਆਪਣਾ ਕਬਜ਼ਾ ਜਮ੍ਹਾ ਕੇ ਬੈਠ ਜਾਂਦੇ ਹਨ। ਫਿਰ ਦੁੱਖਾਂ ਦਾ ਕਬਜ਼ਾਂ ਮਾਨਵਤਾ ਨੂੰ ਚੋਭਾਂ ਮਾਰਨ ਲੱਗਦਾ ਹੈ ਜਾਂ ਇੰਝ ਕਹਿ ਲਓ ਕਿ ਹੱਦੋਂ ਵਧ ਜ਼ਹਿਰੀਲੇ ਨਾਗ ਦਾ ਰੂਪ ਧਾਰ ਕੇ ਮਨੁੱਖਤਾ ਨੂੰ ਡੰਗਣਾ ਸ਼ੁਰੂ ਕਰ ਦਿੰਦਾ ਹੈ ਦੂਸਰੇ ਸ਼ਬਦਾਂ ਵਿਚ ਇਹ ਵੀ ਕਹਿ ਲਓ ਕਿ ਮਾਨਵਤਾ ਦੇ ਦੁਸ਼ਮਣ ਜਦੋਂ ਮਾਨਵਤਾ ਦਾ ਘਾਣ ਕਰਕੇ ਮਾਨਵਤਾ ਦੇ ਦੁੱਖਾਂ ਦਾ ਕਾਰਨ ਬਣ ਕੇ ਮਾਨਵਤਾ ਦਾ ਲਹੂ ਨਿਚੋੜਨਾ ਸ਼ੁਰੂ ਕਰ ਦੇਣ ਤਾਂ ਅਜਿਹੀ ਪ੍ਰਸਿਥੀ ਵਿਚ ਕਿਸੇ ਨਾ ਕਿਸੇ ਗੁਰੂ, ਪੀਰ, ਪੈਗੰਬਰ ਜਾਂ ਸੰਤਾਂ-ਮਹਾਂਪੁਰਸ਼ਾਂ ਨੂੰ ਇਸ ਧਰਤੀ 'ਤੇ ਅਵਤਾਰ ਧਾਰ ਕੇ ਆਉਂਣਾ ਹੀ ਪੈਂਦਾ ਹੈ ਅਤੇ ਮਹਾਪੁਰਸ਼ ਆਪਣੇ ਪ੍ਰਵਚਨਾਂ ਰੂਪੀ ਬਾਣੀ ਦੇ ਰਾਹੀਂ ਮਾਨਵਤਾ ਦੇ ਦੁੱਖਾਂ ਦੀ ਦਵਾ ਦਾਰੂ ਕਰਨਾ ਪੈਂਦਾ ਹੈ।
ਦੇਖਿਆ ਜਾਵੇ ਤਾ ਮਹਾਂਪੁਰਸ਼ਾਂ ਤੇ ਪਰਮਾਤਮਾ ਵਿਚ ਕੋਈ ਭੇਦ ਨਹੀਂ ਹੁੰਦਾ। ਜਗਤਗੁਰੂ ਰਵਿਦਾਸ ਜੀ ਮਹਾਰਾਜ ਜੀ ਨੇ ਵੀ ਇਸ ਗੱਲ ਨੂੰ ਆਪਣੀ ਬਾਣੀ ਰਾਹੀਂ ਸਮਝਾਇਆ ਹੈ-      
                  ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ ਕਨਕ ਕਟਿਕ ਜਲ ਤਰੰਗ ਜੈਸਾ£
ਕਿਹਾ ਜਾਂਦਾ ਹੈ ਕਿ ਦੁਨੀਆ ਇੱਕ ਨਰਕ ਦਾ ਦੁਆਰ ਹੈ। ਇਸ ਨਰਕ ਦੇ ਦੁਆਰ ਵਿਚੋਂ ਜੀਵ ਨੂੰ ਕੱਢਣ ਲਈ ਸਮੇਂ ਗੁਰੂ-ਪੀਰ, ਪੈਗੰਬਰ ਜਿਵੇਂ ਕਿ ਜਗਤਗੁਰੂ ਰਵਿਦਾਸ ਜੀ ਮਹਾਰਾਜ, ਨਾਮਦੇਵ ਜੀ ਮਹਾਰਾਜ, ਸਤਿਗੁਰੂ ਕਬੀਰ ਸਾਹਿਬ ਜੀ, ਸਤਿਗੁਰੂ ਸੈਨ ਜੀ ਮਹਾਰਾਜ ਅਤੇ ਗੁਰੂ ਨਾਨਕ ਦੇਵ ਜੀ ਆਦਿ ਇਸ ਧਰਤੀ 'ਤੇ ਅਵਤਾਰ ਧਾਰ ਕੇ ਆਏ।
ਜਦ ਸਤਿਗੁਰੂ ਕਬੀਰ ਸਾਹਿਬ ਜੀ ਦਾ ਜ਼ਿਕਰ ਆਉਂਦਾ ਹੈ ਤਾਂ ਸਤਿਗੁਰੂ ਕਬੀਰ ਸਾਹਿਬ ਜੀ ਦੇ ਜਨਮ ਦੇ ਸੰਬੰਧ ਵਿਚ ਅਨੇਕਾਂ ਕਹਾਣੀਆਂ ਜੁੜੀਆਂ ਹੋਈਆਂ ਹਨ। ਕੁਝ ਲੋਕਾਂ ਦਾ ਮੰਨਣਾ ਹੈ ਕਿ ਸਤਿਗੁਰੂ ਜੀ ਰਾਮਾ ਨੰਦ ਜੀ ਮਹਾਰਾਜ ਨੇ ਗ਼ਲਤੀ ਨਾਲ 'ਕਾਂਸ਼ੀ' ਦੀ ਇਕ ਵਿਧਵਾ ਬ੍ਰਾਹਮਣੀ ਨੂੰ ਪੁੱਤਰਵਤੀ ਹੋਣ ਦਾ ਆਸ਼ੀਰਵਾਦ ਦਿੱਤਾ ਸੀ ਤੇ ਉਹ ਉਸ ਨਵ-ਜੰਮੇ ਬੱਚੇ ਨੂੰ 'ਲਹਿਰਤਾਰਾ ਤਲਾਬ' ਦੇ ਕੋਲ ਰੱਖ ਕੇ ਚਲੀ ਆਈ ਸੀ। ਕਬੀਰ ਸਾਹਿਬ ਜੀ ਦੇ ਮਾਤਾ-ਪਿਤਾ 'ਨੀਰੂ' ਤੇ 'ਨੀਮਾ' ਦੇ ਬਾਰੇ ਇਹ ਕਿਹਾ ਗਿਆ ਹੈ ਕਿ ਸਤਿਗੁਰੂ ਮਹਾਰਾਜ ਉਨਾਂ ਦੀ ਵਾਸਤਵਿਕ ਸੰਤਾਨ ਸਨ ਜਾਂ ਇਨਾਂ ਨੇ ਹੀ ਸਤਿਗੁਰੂ ਮਹਾਰਾਜ ਦਾ ਪਾਲਨ-ਪੋਸ਼ਣ ਹੀ ਕੀਤਾ ਸੀ। ਸਤਿਗੁਰੂ ਕਬੀਰ ਸਾਹਿਬ ਜੀ ਮਹਾਰਾਜ ਨੇ ਆਪਣੀ ਬਾਣੀ ਵਿਚ ਆਪਣੇ ਆਪ ਨੂੰ ਜੁਲਾਹਾ ਕਹਿ ਕੇ ਪੇਸ਼ ਕੀਤਾ ਹੈ          
            ਜਾਤਿ ਜੁਲਾਹਾ ਨਾਮੁ ਕਬੀਰਾ ਬਨ ਬਨ ਫਿਰਹੁ ਉਦਾਸੀ
ਕਬੀਰ ਪੰਥੀਆਂ ਅਨੁਸਾਰ ਕਬੀਰ ਜੀ ਮਹਾਰਾਜ ਦਾ ਜਨਮ ''ਲਹਿਰਤਾਰਾ ਤਲਾਬ' ਵਿਚ ਉੱਗੇ ਹੋਏ ਕਮਲ ਦੇ ਫੁੱਲ ਵਿਚੋਂ ਬਾਲਕ ਦੇ ਰੂਪ ਵਿਚ ਹੋਇਆ ਮੰਨਿਆ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਕਬੀਰ ਸਾਹਿਬ ਜੀ ਜਨਮ ਦੇ ਮੁਸਲਮਾਨ ਸਨ ਤੇ ਯੁਵਾ-ਅਵੱਸਥਾ ਵਿੱਚ ਰਾਮਾ ਨੰਦ ਜੀ ਪਾਸੋਂ ਉਨਾਂ ਨੂੰ ਹਿੰਦੂ-ਧਰਮ ਦਾ ਗਿਆਨ ਪ੍ਰਾਪਤ ਹੋਇਆ ਸੀ। ਇਹ ਵੀ ਮੰਨਿਆ ਜਾਂਦਾ ਹੈ ਕਿ ਕਬੀਰ ਸਾਹਿਬ ਇਕ ਦਿਨ 'ਪੰਚਗੰਗਾ ਘਾਟ' ਤੇ ਡਿੱਗ ਪਏ ਸਨ ਤੇ ਰਾਮਾ ਨੰਦ ਜੀ ਇਸ਼ਨਾਨ ਕਰਨ ਲਈ ਪੌੜੀਆਂ ਉਤਰ ਰਹੇ ਸਨ ਤੇ ਅਚਾਨਕ ਉਨਾਂ ਦਾ ਪੈਰ ਕਬੀਰ ਸਾਹਿਬ ਦੇ ਸਰੀਰ ਨਾਲ ਲੱਗ ਗਿਆ ਤੇ ਉਨਾਂ ਦੇ ਮੁੱਖ ਵਿਚ ਉਸੇ ਸਮੇਂ 'ਰਾਮ-ਰਾਮ' ਨਿਕਲ ਗਿਆ ਤੇ ਉਸੇ ਰਾਮ ਨੂੰ ਕਿ ਕਬੀਰ ਸਾਹਿਬ ਨੇ ਆਪਣੀ ਦੀਖਿਆ ਮੰਨ ਕੇ ਰਾਮ ਚੰਦਰ ਜੀ ਨੂੰ ਆਪਣਾ ਗੁਰੂ ਮੰਨ ਲਿਆ। ਬਾਕੀ ਦੂਜੀਆਂ ਜਾਤੀਆਂ ਦਾ ਇਹ ਮੰਨਣਾ ਹੈ ਕਿ ਕਬੀਰ ਸਾਹਿਬ ਜੀ ਨੇ ਹਿੰਦੂ-ਮੁਸਲਮਾਨ ਦੇ ਭੇਦ ਨੂੰ ਖ਼ਤਮ ਕਰਕੇ ਹਿੰਦੂ ਭਗਤਾਂ ਤੇ ਮੁਸਲਮਾਨ ਫ਼ਕੀਰਾਂ ਦਾ ਸਤਿਸੰਗ ਕੀਤਾ ਹੈ। ਇਹ ਮੰਨਿਆਂ ਗਿਆ ਹੈ ਕਿ ਕਬੀਰ ਸਾਹਿਬ ਦੇ ਪੁੱਤਰ ਦਾ ਨਾਮ ਕਮਲ ਅਤੇ ਪੁੱਤਰੀ ਦਾ ਨਾਮ ਕਮਾਲੀ ਹੈ।
ਗੁਰੂ ਨਾਨਕ ਦੇਵ ਜੀ ਨੇ ਜਦੋਂ ਸੱਚਾ ਸੌਦਾ ਕੀਤਾ ਸੀ ਉਸ ਸਮੇਂ ਉਹਨਾਂ ਮਹਾਂਪੁਰਸ਼ਾਂ ਵਿਚ ਸਤਿਗੁਰੂ ਕਬੀਰ ਸਾਹਿਬ ਜੀ ਵੀ ਸਨ। ਖੋਜ ਮੁਤਾਬਕ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੁਆਰਾ ਪਹਿਲੀ ਉਦਾਸੀ ਵਿਚ ਕਬੀਰ ਸਾਹਿਬ ਵੀ ਕਾਂਸ਼ੀ ਤੋਂ ਉਨਾਂ ਨਾਲ ਗਏ ਸਨ ਤੇ ਉਨਾਂ ਦੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਸਪੁੱਤਰ ਵਿਜੇ ਦਾਸ ਜੀ ਵੀ ਸਨ। ਸਤਿਗੁਰੂ ਕਬੀਰ ਸਾਹਿਬ ਇਕੋ ਪ੍ਰਭੂ ਨੂੰ ਮੰਨਦੇ ਸਨ। ਕਬੀਰ ਸਾਹਿਬ ਕਰਮਕਾਂਡਾਂ ਦੇ ਕੱਟੜ ਵਿਰੋਧੀ ਸਨ। ਕਬੀਰ ਸਾਹਿਬ ਪ੍ਰਭੂ-ਪਰਮਾਤਮਾ ਨੂੰ ਮਾਤਾ-ਪਿਤਾ ਅਤੇ ਪਤੀ ਦੇ ਰੂਪ ਵਿਚ ਦੇਖਦੇ ਹਨ। ਕਿਹਾ ਜਾਂਦਾ ਹੈ ਕਿ ਕਬੀਰ ਸਾਹਿਬ ਦਾ ਬਹੁਤਾ ਸਮਾਂ ਕਾਂਸ਼ੀ ਵਿਚ ਬੀਤਿਆ ਤੇ ਅੰਤ ਸਮੇਂ 'ਮਘਹਰ' ਚਲੇ ਗਏ ਤੇ 119 ਸਾਲ ਦੀ ਅਵਸਥਾ ਵਿਚ ਕਬੀਰ ਸਾਹਿਬ ਦਾ ਦਿਹਾਂਤ ਹੋ ਗਿਆ। ਕਬੀਰ ਸਾਹਿਬ ਨੇ ਆਪਣੀ ਬਾਣੀ ਵਿਚ ਇਹੋ ਗੱਲ ਸਮਝਾਈ ਹੈ ਕਿ ਜੀਵਨ ਦਾ ਸੱਚਾ ਸੁੱਖ ਮੌਤ ਤੋਂ ਬਾਅਦ ਵਿਚ ਪ੍ਰਾਪਤ ਹੁੰਦਾ ਹੈ ਇਸੇ ਲਈ ਕਬੀਰ ਸਾਹਿਬ ਜੀ ਫਰਮਾਉਂਦੇ ਹਨ- 
                    ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨੁ ਅਨੰਦ
                        ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦ
ਕਬੀਰ ਸਾਹਿਬ ਨੇ ਕੇਵਲ ਇਕੋ ਪਰਮਾਤਮਾ ਨਾਲ ਪ੍ਰੀਤ ਕਰਨ ਦੀ ਸਿੱਖਿਆ ਦਿੱਤੀ ਹੈ। ਕਬੀਰ ਸਾਹਿਬ ਫ਼ਰਮਾਉਂਦੇ ਹਨ ਕਿ
              ਕਬੀਰ ਪ੍ਰੀਤਿ ਇਕੁ ਸਿਉ ਕੀ ਆਨੁ ਦੁਬਿਧਾ ਜਾਇ
                 ਭਾਵੈ ਲਾਂਬੇ ਕੇਸ ਕਰਹੁ ਭਾਵੈ ਘਰਰਿ ਮੁੰਡਾਇ 
ਕਬੀਰ ਜੀ ਮਹਾਰਾਜ ਜਾਤ-ਪਾਤ ਦਾ ਖੰਡਨ ਕਰਦੇ ਹੋਏ ਇਹ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਯਥਾਰਥ ਵਿਚ ਕੇਵਲ ਨੀਵੀਂ ਜਾਤ ਕਹੀ ਜਾਣ ਵਾਲੇ ਹੀ ਉੱਚੀ ਪਦਵੀਂ ਪ੍ਰਾਪਤ ਕਰ ਸਕਦੇ ਹਨ ਜਿਹੜੇ ਇਕ ਪ੍ਰਭੂ ਦਾ ਸਿਮਰਨ ਕਰਕੇ ਸਭ ਦਾ ਭਲਾ ਚਾਹੁੰਦੇ ਹਨ। ਸਾਹਿਬ ਜੀ ਫ਼ਰਮਾਉਂਦੇ ਹਨ ਕਿ
ਕਬੀਰ ਮੇਰੀ ਜਾਤਿ ਕਉ ਸਭੁ ਕੋ ਹਸਨੇਹਾਰੁ
ਬਲਿਹਾਰੀ ਇਸ ਜਾਤਿ ਕਉ ਜਿਹ ਜਪਿਓ ਸਿਰਜਨੁਹਾਰ
ਕਬੀਰ ਸਾਹਿਬ ਮਹਾਰਾਜ ਜੀ ਦੇ ਅਨੁਸਾਰ ਦੁਨੀਆਂ ਉੱਤੇ ਸਭ ਕੁਝ ਝੂਠਾ ਹੈ। ਅਰਥਾਤ ਸਾਰਾ ਸੰਸਾਰ ਹੀ ਝੂਠਾ ਹੈ। ਜੇਕਰ ਕੁਝ ਸੱਚਾ ਹੈ ਤਾਂ ਕੇਵਲ ਇਕ ਪ੍ਰਭੂ ਦਾ ਨਾਮ ਹੀ ਸੱਚਾ ਹੈ ਇਸ ਕਰਕੇ ਬਹੁਤੇ ਮਿੱਤਰ ਦੋਸਤ ਬਣਾਉਣ ਦੀ ਲਾਲਸਾ ਮਨ ਵਿਚੋਂ ਤਿਆਗ ਕੇ ਕੇਵਲ ਇੱਕ ਪ੍ਰਭੂ ਪਰਮਾਤਮਾ ਨਾਲ ਹੀ ਮਿੱਤਰਤਾ ਗੰਢ ਲੈਣ ਨਾਲ ਹੀ ਜੀਵ ਦੀ ਭਵਸਾਗਰ ਤੋਂ ਪਾਰ ਲੰਘ ਸਕਦਾ ਹੈ।
ਜਿਵੇਂ ਕਿ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਬਾਣੀ ਦੀਆਂ ਇਹ ਸਤਰਾਂ ਵੀ ਕੁਝ ਇਹੀ ਸਮਝਾਉਣ ਦਾ ਯਤਨ ਕਰ ਰਹੀਆਂ ਹਨ :-
ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭ ਸੰਸਾਰੁ
ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣੁਹਾਰ
ਕੂੜੁ ਸੋਇਨਾ ਕੂੜੁ ਰੂਪਾ ਕੂੜੁ ਪੈਨਣਹਾਰ
ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰ
ਕੂੜੁ ਮੀਆ ਕੂੜੁ ਬੀਬੀ ਖਪਿ ਹੋਇ ਖਾਰੁ।।
ਸੋ ਦੁਨੀਆਂ ਉੱਤੇ ਸਾਰੇ ਰਿਸ਼ਤੇ ਨਾਤੇ, ਸਾਕ-ਸੰਬੰਧੀ ਸਭ ਝੂਠੇ ਹਨ। ਜੇਕਰ ਕੁਝ ਸੱਚਾ ਹੈ ਤਾਂ ਉਹ ਕੇਵਲ ਪਰਮਾਤਮਾ ਭਾਵ ਪ੍ਰਭੂ ਦਾ ਨਾਮ ਹੀ ਹੈ। ਇਸਦਾ ਭਾਵ ਇਹ ਵੀ ਬਣਦਾ ਹੈ ਕਿ ਦੁਨੀਆ ਦੇ ਸਭ ਰਿਸ਼ਤੇ-ਨਾਤੇ ਸਾਕ-ਸੰਬੰਧ ਸਭ ਝੂਠੇ ਹਨ। ਜੀਵ ਕਈ ਵਾਰ ਇਹ ਕਹਿ ਕੇ ਹੁੱਬਦਾ ਹੈ ਕਿ ਮੇਰੇ ਏਨੇ ਮਿੱਤਰ ਹਨ ਪਰ ਉਹ ਅਸਲ ਵਿਚ ਕਿਸੇ ਭੁਲੇਖੇ ਦੇ ਭੰਬਲਭੂਸੇ ਵਿਚ ਫਸਿਆ ਹੋਇਆ ਹੁੰਦਾ ਹੈ। ਕੋਈ ਵੀ ਕਿਸੇ ਦਾ ਸਕਾ ਮੀਤ ਨਹੀਂ ਹੈ। ਜੇਕਰ ਕੋਈ ਸਕਾ ਹੈ ਤਾਂ ਉਹ ਕੇਵਲ ਪ੍ਰਭੂ ਪਰਮਾਤਮਾ ਹੀ ਹੈ। ਜਿਸ ਨੂੰ ਮੀਤ ਬਣਾਉਣ ਨਾਲ ਅਕੱਥ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਅਰਥਾਤ ਜੀਵ ਬੇਗਮਪੁਰੇ ਦਾ ਵਾਸੀ ਬਣ ਜਾਂਦਾ ਹੈ। ਜਗਤ ਗੁਰੂ ਰਵਿਦਾਸ ਜੀ ਮਹਾਰਾਜ ਵੀ ਅਜਿਹੇ ਬੇਗਮਪੁਰੇ ਦੀ ਸਥਾਪਤੀ ਦੇ ਚਾਹਵਾਨ ਹਨ। ਉਨਾਂ ਅਨੁਸਾਰ-
                    ਬੇਗਮਪੁਰਾ ਸਹਰ ਕੋ ਨਾਉ
                    ਦੂਖੁ ਅੰਦੋਹ ਨਹੀ ਤਿਹਿ ਠਾਉ
ਫਿਰ ਜਦ ਬੇਗਮਪੁਰਾ ਵਸ ਜਾਵੇ ਤਾਂ ਫਿਰ ਕਬੀਰ ਸਾਹਿਬ ਅਨੁਸਾਰ 'ਕਹੁ ਕਬੀਰ ਗੂੰਗੇ ਗੁੜੁ ਖਾਇਆ ਪੂਛੇ ਤੇ ਕਿਆ ਕਹੀਐ' ਵਾਲੀ ਗੱਲ ਹੋ ਨਿਬੜਦੀ ਹੈ।ਇਸੇ ਕਰਕੇ ਤਾਂ ਕਬੀਰ ਸਾਹਿਬ ਜੀ ਨੇ ਆਪਣੀ ਬਾਣੀ ਰਾਹੀਂ ਇਹ ਕਹਿ ਕੇ ਸਮਝਾਇਆ ਹੈ-
                     ਕਬੀਰ ਸੂਖੁ ਨਾ ਏਹ ਜੁਗਿ ਕਰਹਿ ਜੁ ਬਹੂਤੈ ਮੀਤ
                     ਜੋ ਚਿਤੁ ਰਾਖਹਿ ਏਕੁ ਸਿਉ ਤੇ ਸੁਖ ਪਾਵਹਿ ਨੀਤ
ਪਰਸ਼ੋਤਮ ਲਾਲ ਸਰੋਏ, 
ਮੋਬਾ: 91-92175-44348


Related News