ਇਸਲਾਮੀਆ ਸਕੂਲ ਵਿਦਿਆਰਥੀ ਜੀਵਨ ਦੀਆਂ ਕੁੱਝ ਯਾਦਾਂ ਤੇ ਕੁੱਝ ਬਾਤਾਂ...
Wednesday, Oct 23, 2024 - 12:55 PM (IST)
(24 ਅਕਤੂਬਰ 2024 ਸ਼ਤਾਬਦੀ ਦਿਹਾੜੇ 'ਤੇ ਵਿਸ਼ੇਸ਼)
ਮਲੇਰਕੋਟਲਾ ਦੀ ਮੁੱਖ ਸੜਕ, ਮਿਲਖ ਰੋਡ ਤੇ ਸਥਿਤ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ, ਜੋ 24 ਅਕਤੂਬਰ 2024 ਨੂੰ ਆਪਣੇ ਕਾਇਮ ਹੋਣ ਦੀ ਇੱਕ ਸਦੀ ਪੂਰੀ ਕਰਨ ਜਾ ਰਿਹਾ ਹੈ। ਇਸ ਦੌਰਾਨ ਇਸ ਸਕੂਲ ਵਿਚ ਕਿੰਨੇ ਵਿਦਿਆਰਥੀ ਆਪਣੀ ਵਿਦਿਆ ਹਾਸਲ ਕਰ ਅੱਜ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਰਹੇ ਹਨ। ਇਸ ਸੰਸਥਾ ਨੇ ਸਮਾਜ ਨੂੰ ਕਿੰਨੇ ਹੀ ਯੋਗ ਅਧਿਆਪਕ, ਪ੍ਰਸ਼ਾਸਨਿਕ ਅਧਿਕਾਰੀ, ਪੁਲਸ ਅਫ਼ਸਰ, ਸਿਆਸੀ ਆਗੂ, ਲਿਖਾਰੀ, ਕਲਾਕਾਰ ਅਤੇ ਖਿਡਾਰੀ ਪ੍ਰਦਾਨ ਕੀਤੇ ਹਨ।
ਆਪਣੇ ਵਿਦਿਆਰਥੀ ਜੀਵਨ ਦੇ ਸ਼ੁਰੂਆਤੀ ਦਿਨਾਂ ਵਿੱਚ ਅਕਸਰ ਅਸੀਂ ਕਿਸੇ ਨਾ ਕਿਸੇ ਜਮਾਤ ਵਿਚ ਪੜ੍ਹਦਿਆਂ "ਮੇਰਾ ਸਕੂਲ" ਵਿਸ਼ੇ 'ਤੇ ਮਜ਼ਮੂਨ ਲਿਖਿਆ ਹੋਵੇਗਾ। ਦਰਅਸਲ ਜਿਸ ਸੰਸਥਾ ਵਿੱਚ ਅਸੀਂ ਆਪਣੀ ਮੁੱਢਲੀ ਵਿੱਦਿਆ ਹਾਸਿਲ ਕਰਦੇ ਹਾਂ, ਉਸ ਨਾਲ ਇੱਕ ਜੁੜਾਓ ਬਣਿਆ ਰਹਿੰਦਾ ਹੈ। ਮੈਂ ਆਪਣੀ ਦਸਵੀਂ ਜਮਾਤ ਤੱਕ ਦੀ ਪੜ੍ਹਾਈ ਇਸਲਾਮੀਆ ਸਕੂਲ (ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ) 'ਚੋਂ ਹੀ ਹਾਸਲ ਕੀਤੀ। ਜਦੋਂ ਕਿ ਇਸ ਤੋਂ ਪਹਿਲਾਂ ਇਸਲਾਮੀਆ ਸਕੂਲ ਦੀ ਹੀ ਬ੍ਰਾਂਚ ਨੰਬਰ ਇੱਕ 'ਚੋਂ ਮੈਂ ਪੰਜਵੀਂ ਤੱਕ ਦੀ ਪੜ੍ਹਾਈ ਹਾਸਲ ਕੀਤੀ। ਉਸ ਸਮੇਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਇਸੇ ਸਕੂਲ ਦੀਆਂ ਛੇ ਬਰਾਂਚਾਂ ਖੁੱਲ੍ਹੀਆਂ ਹੋਈਆਂ ਸਨ ਅਤੇ ਅਕਸਰ ਬੱਚੇ ਆਪਣੇ ਘਰ ਦੇ ਨੇੜਲੀ ਬਰਾਂਚ ਵਿਚੋਂ ਪੰਜਵੀਂ ਤੱਕ ਦੀ ਪੜ੍ਹਾਈ ਕਰਨ ਉਪਰੰਤ ਛੇਵੀਂ ਜਮਾਤ ਇਸਲਾਮੀਆ ਸਕੂਲ ਦਾਖਲਾ ਲੈ ਲੈਂਦੇ।
ਮੇਰੇ ਅੱਬਾ ਹਾਜੀ ਮੁਹੰਮਦ ਮੁਸ਼ਤਾਕ ਦੱਸਿਆ ਕਰਦੇ ਸਨ ਕਿ ਉਨ੍ਹਾਂ ਆਪਣੀ ਸ਼ੁਰੂਆਤੀ ਤਾਲੀਮ (ਲੱਗਭਗ 1940-42 ਦੌਰਾਨ) ਇਸਲਾਮੀਆ ਸਕੂਲ 'ਚੋਂ ਹਾਸਲ ਕੀਤੀ ਸੀ। ਉਨ੍ਹਾਂ ਨੂੰ ਉਸ ਸਮੇਂ ਮੋਹਸਿਨ ਨਾਂ ਦੇ ਮਾਸਟਰ ਪੜ੍ਹਾਇਆ ਕਰਦੇ ਸਨ। ਅੱਬਾ ਭਾਵੇਂ ਇੱਕ ਅੱਧੀ ਜਮਾਤ ਹੀ ਪੜ੍ਹੇ ਸਨ, ਪਰ ਫਿਰ ਵੀ ਉਹ ਉਰਦੂ, ਪੰਜਾਬੀ ਤੇ ਅਰਬੀ ਪੜ੍ਹ ਲੈਂਦੇ ਸਨ ਅਤੇ ਪੰਜਾਬੀ ਲਿਖ ਵੀ ਲੈਂਦੇ ਸਨ। ਜੇ ਗੱਲ ਇਸਲਾਮੀਆ ਸਕੂਲ ਦੀ ਬਿਲਡਿੰਗ ਦੀ ਕਰੀਏ ਤਾਂ ਉਹਨਾਂ ਸਮਿਆਂ ਵਿੱਚ ਸ਼ਹਿਰ 'ਚ ਜਿੰਨੇ ਵੀ ਸਕੂਲ ਸਨ ਮੈਨੂੰ ਲਗਦਾ ਸਭ ਤੋਂ ਵੱਧ ਆਕਰਸ਼ਿਤ ਤੇ ਖੂਬਸੂਰਤ ਇਸਲਾਮੀਆ ਸਕੂਲ ਦੀ ਇਹ ਡਬਲ ਸਟੋਰੀ ਬਿਲਡਿੰਗ ਸੀ।
ਉਨ੍ਹਾਂ ਸਮਿਆਂ ਵਿੱਚ ਸਕੂਲ ਦਾ ਮੀਡੀਅਮ ਉਰਦੂ ਹੁੰਦਾ ਸੀ, ਸੋ ਜਿਸ ਦੇ ਚਲਦਿਆਂ ਮੈਂ ਸਾਇੰਸ, ਹਿਸਾਬ ਅਤੇ ਸੋਸ਼ਲ ਸਟੱਡੀ ਇਥੋਂ ਤੱਕ ਕਿ ਸਰੀਰਕ ਸਿੱਖਿਆ ਦੀ ਤਾਲੀਮ ਵੀ ਉਰਦੂ ਮੀਡੀਅਮ ਵਿੱਚ ਪ੍ਰਾਪਤ ਕੀਤੀ। ਸਕੂਲ ਵਿੱਚ ਉਨ੍ਹਾਂ ਸਮਿਆਂ ਵਿੱਚ ਜੁਮੇ ਵਾਲੇ ਦਿਨ ਛੁੱਟੀ ਹੁੰਦੀ ਸੀ। ਸ਼ਹਿਰ ਵਿਚ ਉਸ ਸਮੇਂ ਮੇਰੇ ਖਿਆਲ ਵਿੱਚ ਜਿੰਨੇ ਵੀ ਸਕੂਲ ਚਲਦੇ ਸਨ, ਸਭ ਤੋਂ ਵੱਧ ਵਿਦਿਆਰਥੀਆਂ ਦੀ ਗਿਣਤੀ ਇਸੇ ਸਕੂਲ ਵਿੱਚ ਹੋਇਆ ਕਰਦੀ ਸੀ।
ਮੈਨੂੰ ਅੱਜ ਵੀ ਯਾਦ ਹਨ, ਮੇਰੇ ਅਧਿਆਪਕ, ਜੋ ਮੈਨੂੰ ਇਸ ਸਕੂਲ ਦੀ ਬਰਾਂਚ ਨੰਬਰ :1 ਵਿਚ ਪੜ੍ਹਾਇਆ ਕਰਦੇ ਸਨ, ਜਿਨ੍ਹਾਂ 'ਚੋਂ ਜ਼ਾਕਿਰ ਹੁਸੈਨ (ਅਹਿਮਦਗੜ੍ਹ) ਮੌਲਵੀ ਵਲੀ ਸਾਹਿਬ, ਪੱਥਰਾਂ ਵਾਲਾ ਭੁਮਸੀ, ਮੁਸ਼ਤਾਕ ਮਾਸਟਰ (ਜਿਨ੍ਹਾਂ ਨੂੰ ਪਤੰਗੀ ਮਾਸਟਰ ਵੀ ਕਹਿੰਦੇ ਸਨ) ਮਾਸਟਰ ਨਜ਼ੀਰ ਸਾਹਿਬ, ਮਾਸਟਰ ਅਬਦੁੱਲ ਗਫੂਰ ਸਾਹਿਬ (ਜੋ ਕਾਫ਼ੀ ਜ਼ਿਆਦਾ ਭਾਰੀ-ਭਰਕਮ ਸਨ) ਉਨ੍ਹੀ ਬ੍ਰਾਂਚਾਂ ਵਿੱਚ ਵਿਦਿਆਰਥੀਆਂ ਦੇ ਬੈਠਣ ਲਈ ਲਕੜੀ ਦੇ ਪੰਜ-ਪੰਜ ਛੇ-ਛੇ ਫੁੱਟ ਦੇ ਫੱਟੇ ਹੋਇਆ ਕਰਦੇ ਸਨ। ਅਸੀਂ ਕਿਤਾਬਾਂ ਕਾਪੀਆਂ ਆਪਣੇ ਕਪੜੇ ਦੇ ਘਰਾਂ 'ਚ ਬਣਾਏ ਗਏ ਬਸਤਿਆਂ ਵਿੱਚ ਲੈ ਕੇ ਜਾਇਆ ਕਰਦੇ ਸਾਂ ਅਤੇ ਫੱਟੀਆਂ 'ਤੇ ਲਿਖਿਆ ਕਰਦੇ ਸਾਂ।
ਸਕੂਲ ਦੀ ਇੱਕ ਬ੍ਰਾਂਚ ਉਸ ਸਮੇਂ ਕੇਲੋਂ ਗੇਟ ਨੇੜੇ ਸਥਿਤ ਬੰਗਲੇ ਵਾਲੀ ਮਸੀਤ ਦੇ ਪਿੱਛੇ ਹੋਇਆ ਕਰਦੀ ਸੀ ਅਤੇ ਮੈਨੂੰ ਆਪਣੇ ਘਰ ਤੋਂ ਇੱਕ ਬਰਾਂਚ ਜਾਣ ਲਈ ਕਰੀਬ ਪੰਜ ਕੁ ਮਿੰਟ ਲੱਗਦੇ ਸਨ, ਜਦੋਂ ਕਿ ਇਸਲਾਮੀਆ ਸਕੂਲ ਦੀ ਦੂਰੀ ਤਿੰਨ ਕੁ ਮਿੰਟ ਦੀ ਸੀ।
ਮੈਂ ਪੰਜਵੀਂ ਕਰਨ ਉਪਰੰਤ ਇਸਲਾਮੀਆ ਸਕੂਲ ਵਿੱਚ ਛੇਵੀਂ ਜਮਾਤ ਵਿਚ ਦਾਖਲਾ ਲਿਆ ਤਾਂ ਇੰਝ ਲੱਗਿਆ ਕਿ ਹੁਣ ਸਾਡਾ ਥੋੜ੍ਹਾ ਰੁਤਬਾ ਉੱਚਾ ਹੋ ਗਿਆ ਸੀ, ਕਿਉਂਕਿ ਹੁਣ ਅਸੀਂ ਫੱਟੀਆਂ ਦੀ ਥਾਂ ਕਾਪੀਆਂ 'ਤੇ ਕੰਮ ਕਰਦੇ ਸਾਂ ਅਤੇ ਡੈਸਕ 'ਤੇ ਬੈਠਣ ਲੱਗ ਪਏ ਸਾਂ। ਇਸ ਤੋਂ ਇਲਾਵਾ ਪੜ੍ਹਾਈ ਵਿੱਚ ਅੰਗਰੇਜ਼ੀ ਵਜੋਂ ਇੱਕ ਵਿਸ਼ੇ ਦਾ ਵੀ ਵਾਧਾ ਹੋ ਗਿਆ ਸੀ। ਇਸ ਸਕੂਲ ਵਿਚ ਜਿਨ੍ਹਾਂ ਅਧਿਆਪਕਾਂ ਤੋਂ ਮੈਂ ਪੜ੍ਹਿਆ, ਉਨ੍ਹਾਂ ਵਿਚ ਹੈਡਮਾਸਟਰ ਮੁਹੰਮਦ ਬਸ਼ੀਰ, ਸ: ਕਿਰਪਾਲ ਸਿੰਘ (ਅੰਗਰੇਜ਼ੀ ਮਾਸਟਰ) ਮਾਸਟਰ ਅਹਿਮਦ-ਦੀਨ (ਬਰਕਤਪੁਰਾ), ਜੋ ਵਿਦਿਆਰਥੀਆਂ ਨਾਲ ਹੱਸੀ ਮਜ਼ਾਕ ਕਰਦੇ ਸਨ, ਮੁਹੰਮਦ ਅਸ਼ਰਫ (ਸਾਇੰਸ ਮਾਸਟਰ) ਬਹੁਤ ਸੰਜੀਦਾ ਮਨ ਮੌਜੀ ਤਬੀਅਤ ਦੇ ਮਾਲਕ ਸਨ ਪਰ ਆਪਣੇ ਵਿਸ਼ੇ ਨੂੰ ਉਹ ਬਹੁਤ ਸਲੀਕ਼ੇ ਨਾਲ ਪੜਾਉਂਦੇ ਸਨ। ਮਾਸਟਰ ਮੁਹੰਮਦ ਹੁਸੈਨ, ਰਮਜ਼ਾਨ ਸਈਦ (ਪੰਜਾਬੀ ਮਾਸਟਰ ਜਿਨ੍ਹਾਂ ਕੁਰਾਨ ਮਜੀਦ ਦਾ ਪੰਜਾਬੀ ਵਿਚ ਅਨੁਵਾਦ ਕੀਤਾ) ਸ਼ਮਸ਼ਾਦ ਕੁਰੈਸ਼ੀ (ਉਰਦੂ ਮਾਸਟਰ) ਰਹਿਮ-ਤੁੱਲਾ(ਪੰਜਾਬੀ ਮਾਸਟਰ) ਮਾਸਟਰ ਇਸਰਾਰ, ਮਾਸਟਰ ਦਿਲਸ਼ਾਦ (ਸੋਸ਼ਲ ਸਟੱਡੀ) ਮਾਸਟਰ ਯਾਮੀਨ, ਮਜ਼ਹਰ ਅਲੀ ਚੌਹਾਨ, ਮਾਸਟਰ ਅਬਦੁਲ ਵਹੀਦ (ਜਿਨ੍ਹਾਂ ਦੀ ਲਿਖਾਈ ਬਹੁਤ ਖੂਬਸੂਰਤ ਸੀ ਅਤੇ ਅਕਸਰ ਉਹ ਮੁੱਖ ਖ਼ਬਰਾਂ ਸਕੂਲ ਦੇ ਖ਼ਬਰਾਂ ਵਾਲੇ ਬੋਰਡ ਤੇ ਲਿਖਿਆ ਕਰਦੇ ਸਨ), ਮਿਰਜ਼ਾ ਨਜਮ ਉਲ ਹਸਨ (ਡਰਾਇੰਗ ਮਾਸਟਰ) ਅਬਦੁੱਲ ਸੱਤਾਰ (ਡੀਪੀ) ਮਾਸਟਰ ਨਈਮ ਖਾਨ (ਮੈਥ), ਮਾਸਟਰ ਮੁਹੰਮਦ ਅਨਵਰ (ਸਾਇੰਸ) ਆਦਿ ਸਨ।
ਇਸ ਤੋਂ ਇਲਾਵਾ ਪੀਅਨ ਅੱਲ੍ਹਾਮਾ, ਜਦੋਂ ਕੋਈ ਹੈੱਡਮਾਸਟਰ ਦਾ ਆਰਡਰ ਲੈ ਕੇ ਕਲਾਸ ਵਿਚ ਆਉਂਦੇ ਤਾਂ ਵਿਦਿਆਰਥੀਆਂ ਦੇ ਚਿਹਰਿਆਂ 'ਤੇ ਇੱਕ ਵੱਖਰੀ ਕਿਸਮ ਦੀ ਚਮਕ ਆ ਜਾਣੀ, ਕਿਉਂਕਿ ਉਹ ਅਕਸਰ ਦੂਜੇ ਦਿਨ ਛੁੱਟੀ ਹੋਣ ਦੀ ਖ਼ਬਰ ਦੇ ਕੇ ਜਾਂਦੇ ਸਨ ਤੇ ਨਾਲ ਹੀ ਉਹ ਸਕੂਲ ਦੀ ਘੰਟੀ ਵਜਾਉਣ ਦੀ ਜਿੰਮੇਵਾਰੀ ਨਿਭਾਇਆ ਕਰਦੇ ਸਨ (ਘੰਟੀ :ਇੱਕ ਗਾਡਰ ਦਾ ਡੇਢ ਕੁ ਫੁੱਟ ਟੋਟਾ ਸੀ, ਜੋ ਨਿੰਮ ਦੇ ਦਰਖਤ ਦੀ ਵੱਡੀ ਗੇਲੀ ਨਾਲ ਟੰਗਿਆ ਹੁੰਦਾ ਸੀ।) ਉਨ੍ਹਾਂ ਦਾ ਪੁੱਤਰ ਸ਼ੁਜਾ ਤੇ ਅਲੀ ਸਰਵਤ ਮੇਰੇ ਵਧੀਆ ਮਿੱਤਰ ਸਨ।
ਸਕੂਲ 'ਚ ਝਾੜੂ ਆਦਿ ਲਾਉਣ ਦਾ ਕਾਰਜ ਸਵੀਪਰ ਬਨਾਰਸੀ ਦਾਸ ਤੇ ਉਸ ਦੀ ਪਤਨੀ ਕਰਿਆ ਕਰਦੇ ਸਨ। ਮੇਰੇ ਨਾਲ ਜੋ ਸਹਿ-ਪਾਠੀ ਸਨ, ਉਨ੍ਹਾਂ ਵਿਚ ਅਲੀ ਸਰਵਤ, ਗ਼ੁਲਾਮ ਅਲੀ, ਨਵਾਬ ਅਲੀ, ਲਿਆਕਤ ਅਲੀ, ਜਹੂਰ ਅਹਿਮਦ ਚੌਹਾਨ, ਇਸਮਾਈਲ (ਸੀਲਾ) ਮੁਮਤਾਜ਼ ਟੋਨੀ, ਮੁਹੰਮਦ ਨਜ਼ੀਰ (ਜਿਸ ਨੂੰ ਅਸੀਂ ਐਮ ਐਲ ਏ) ਤਾਹਿਰ, ਅਮਜਦ ਅਲੀ, ਅਨੀਸ, ਸ਼ਾਹਿਦ ਪਰਵੇਜ਼ ਆਦਿ। ਅੱਜ ਜਿਵੇਂ ਹੀ ਮੈਂ ਸਕੂਲ ਦੀਆਂ ਪਿਛਲੀਆਂ ਯਾਦਾਂ ਦਿਮਾਗ ਦੇ ਬੂਹੇ ਤੇ ਦਸਤਕ ਦਿੰਦੀਆਂ ਹਨ ਤਾਂ ਸਕੂਲ ਵਿੱਚ ਬਿਤਾਏ ਉਹ ਸੁਨਹਿਰੇ ਦਿਨਾਂ ਦੀ ਝਾਕੀ ਜਿਵੇਂ ਇੱਕ ਫਿਲਮ ਵਾਂਗ ਘੁੰਮ ਜਾਂਦੀ ਹੈ।
ਮੈਨੂੰ ਯਾਦ ਹੈ ਕਿ ਇੱਕ ਵਾਰ ਮੈਂ ਅਤੇ ਗ਼ੁਲਾਮ ਅਲੀ ਆਦਿ ਮਲੇਰਕੋਟਲਾ ਦੇ ਜ਼ਾਕਿਰ ਹੁਸੈਨ ਸਟੇਡੀਅਮ ਵਿਖੇ 15 ਅਗਸਤ 1988 ਮੌਕੇ "ਮੇਰਾ ਵਤਨ ਵਹੀ ਹੈ" ਤਰਾਨਾ ਗਰੁੱਪ ਦੀ ਸ਼ਕਲ ਵਿੱਚ ਪੜ੍ਹ ਕੇ ਆਏ ਸਾਂ, ਉਸ ਸਮੇਂ ਤਹਿਸੀਲ ਮਲੇਰਕੋਟਲਾ ਵਲੋਂ ਦਿੱਤਾ ਪ੍ਰਮਾਣ ਪੱਤਰ ਅੱਜ ਵੀ ਮੇਰੇ ਪਾਸ ਸਾਂਭਿਆ ਪਿਆ ਹੈ। ਉਸ ਤੋਂ ਬਾਅਦ ਕਾਲਜ ਪੱਧਰ, ਜ਼ਿਲ੍ਹਾ ਪੱਧਰ ਅਤੇ ਐੱਨ.ਸੀ.ਈ.ਆਰ.ਟੀ. ਨਵੀਂ ਦਿੱਲੀ, ਕਲਮ ਪੰਜਾਬ ਦੀ ਵਲੋਂ ਬਹੁਤ ਸਾਰੇ ਸਨਮਾਨ ਪੱਤਰ ਮਿਲ ਚੁੱਕੇ ਹਨ ਪਰ ਸਕੂਲ ਪੱਧਰ 'ਤੇ ਮਿਲੇ ਉਸ ਪੱਤਰ ਦਾ ਇਸ ਦਿਲ ਵਿੱਚ ਇੱਕ ਵੱਖਰਾ ਹੀ ਸਥਾਨ ਹੈ। ਅੱਜ ਮੈਂ ਬਹੁਤ ਸਾਰੇ ਵਾਰਤਕ ਲੇਖ ਲਿਖਦਾ ਹਾਂ ਕਈ ਵਾਰ ਲਿਖਦੇ ਸਮੇਂ ਮੇਰੀ ਵਾਰਤਕ ਮੇਰੇ ਇਸਲਾਮੀਆ ਸਕੂਲ ਵਿਚ ਪੜ੍ਹਾਈ ਕਰਨ ਦੇ ਦਿਨਾਂ ਦਾ ਜ਼ਿਕਰ ਆਪ ਮੁਹਾਰੇ ਹੀ ਆ ਜਾਂਦਾ ਹੈ।
ਇਸੇ ਪ੍ਰਕਾਰ ਜਦੋਂ ਸਕੂਲ ਵਿੱਚ ਸਾਲਾਨਾ ਨਤੀਜੇ ਦਾ ਐਲਾਨ ਹੋਣਾ ਉਸ ਦਿਨ ਬੱਚਿਆਂ ਨੇ ਸਪੈਸ਼ਲ ਫੁੱਲਾਂ ਦੇ ਗੁਲਦਸਤੇ ਅਤੇ ਹਾਰ ਤੇ ਗੇਂਦਾਂ ਗੁਲਾਬ ਆਦਿ ਫੁੱਲਾਂ ਦੀਆਂ ਪੰਖੜੀਆਂ ਲੈ ਕੇ ਆਉਣੀਆਂ ਅਤੇ ਜਦੋਂ ਹੈਡਮਾਸਟਰ ਬਸ਼ੀਰ ਸਾਹਿਬ ਨੇ ਸਕੂਲ ਦਾ ਨਤੀਜਾ ਮੁਕੰਮਲ ਰੂਪ ਵਿੱਚ ਘੋਸ਼ਿਤ ਕਰ ਦੇਣਾ ਤਾਂ ਵਿਦਿਆਰਥੀਆਂ ਨੇ ਫੁੱਲਾਂ ਇਕ ਪ੍ਰਕਾਰ ਵਰਖਾ ਕਰ ਦੇਣੀ। ਸੱਚਮੁੱਚ ਉਹ ਬਹੁਤ ਹੀ ਸਾਦਗੀ ਭਰੇ ਤੇ ਸੁਖਦ ਦਿਨ ਸਨ ਜਿਨ੍ਹਾਂ ਨੂੰ ਚੇਤੇ ਕਰ ਅੱਜ ਵੀ ਜਿਵੇਂ ਦਿਲ ਨੂੰ ਅੰਤਾਂ ਦਾ ਸਕੂਨ ਮਿਲਦਾ ਹੈ। ਅੱਜ ਵੀ ਜਦੋਂ ਕਦੀ ਮੈਂ ਆਪਣੇ ਬੱਚਿਆਂ ਨਾਲ ਸਕੂਲ ਦੇ ਮੂਹਰੇ ਦੀ ਨਿਕਲਾਂ ਤਾਂ ਮੈਂ ਉਨ੍ਹਾਂ ਨੂੰ ਇਹ ਦੱਸਦਿਆਂ ਮਾਣ ਮਹਿਸੂਸ ਕਰਦਾ ਹਾਂ ਕਿ ਮੈਂ ਇਸ ਸਕੂਲ ਵਿਚ ਪੜ੍ਹਿਆ ਹਾਂ।
ਅਖੀਰ ਰੱਬ ਅੱਗੇ ਇਹੋ ਦੁਆ ਹੈ ਕਿ ਮੇਰਾ ਇਹ ਸਕੂਲ ਇਸੇ ਤਰ੍ਹਾਂ ਵਿਦਿਆ ਦਾ ਚਾਨਣ ਮੁਨਾਰਾ ਬਣਿਆ ਰਹੇ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਹੋਰ ਵਿਦਿਅਕ ਖੇਤਰ ਵਿੱਚ ਪੁਲਾਂਘਾਂ ਪੁੱਟੇ ਅਤੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ...
... ਆਮੀਨ ਸੁਮਾ ਆਮੀਨ...
ਫੋਟੋ ਕੈਪਸ਼ਨ: ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ ਮਲੇਰਕੋਟਲਾ ਦੀ ਫੋਟੋ ਅਤੇ ਹੇਠਾਂ ਲੇਖਕ ਮੁਹੰਮਦ ਅੱਬਾਸ ਧਾਲੀਵਾਲ ਆਪਣੀ ਸਹਿ-ਭਾਗੀਆਂ ਨਾਲ ਸੁਤੰਤਰਤਾ ਦਿਵਸ ਦੇ ਸਮਾਗਮ ਦੌਰਾਨ ਦੇਸ਼ ਭਗਤੀ ਤਰਾਨਾ ਪੇਸ਼ ਕਰਦੇ ਹੋਏ।
ਲੇਖਕ :ਮੁਹੰਮਦ ਅੱਬਾਸ ਧਾਲੀਵਾਲ
ਮਲੇਰਕੋਟਲਾ।
ਸੰਪਰਕ :9855259650