ਚਲਾਨ

06/05/2020 12:57:02 PM

ਸਰਵਹਿੱਤਕਾਰ ਸਿੰਘ “ਚੈਂਪੀ”     
        
ਸੁਰਤਾ ਸਿੰਘ ਅੱਜ ਫੇਰ ਪੁਲਿਸ ਥਾਣੇ ਆਪਣੀ ਅਰਜੋਈ ਲੈ ਕੇ ਪਹੁੰਚ ਗਿਆ। ਦਰਅਸਲ ਕੁੱਝ ਦਿਨ ਪਹਿਲਾਂ ਉਸਦੇ ਪੁੱਤਰ ਦੀ ਸੜਕ ਤੇ ਅਵਾਰਾ ਪਸ਼ੂਆਂ ਨਾਲ ਟੱਕਰ ਹੋਣ ਕਰਨ ਮੌਤ ਹੋ ਗਈ ਸੀ। ਮੁਆਵਜ਼ੇ ਲਈ ਸੁਰਤਾ ਸਿੰਘ ਨੇ ਬੀਮਾ ਕੰਪਨੀ ਨੂੰ ਪਹੁੰਚ ਕੀਤੀ ਤਾਂ ਓਹਨਾਂ ਵੱਲੋਂ ਐਫ.ਆਈ.ਆਰ. ਦੀ ਕਾਪੀ ਦੀ ਮੰਗ ਕੀਤੀ ਗਈ ਸੀ। ਰਿਪੋਰਟ ਦਰਜ ਕਰਾਉਣ ਲਈ ਓਹ ਥਾਣੇ ਗਿਆ ਤਾਂ ਠਾਣੇਦਾਰ ਟਾਲ ਮਟੋਲ ਕਰਨ ਲੱਗਾ ਅਤੇ ਅਗਲੇ ਦਿਨ ਆਉਣ ਨੂੰ ਕਹਿੰਦਾ ਰਿਹਾ। ਭੋਲਾ ਪ੍ਰਾਣੀ ਸੁਰਤਾ ਸਿੰਘ ਇਸ ਟਾਲ ਮਟੋਲ ਦਾ ਮਤਲਬ ਸਮਝ ਹੀ ਨਹੀਂ ਸਕਿਆ। 

ਅੱਜ ਜਦੋਂ ਉਹ ਦੁਬਾਰਾ ਥਾਣੇ ਪਹੁੰਚਿਆ ਤਾਂ ਬਾਹਰ ਖੜ੍ਹੇ ਸੰਤਰੀ ਨੇ ਸਮਝਾਇਆ ਕਿ ਥਾਣੇਦਾਰ ਨੂੰ ਗੁਲਾਬੀ ਨਮਸਕਾਰ ਕਰ ਅਤੇ ਕਹਿੰਦੇ ਹੋਏ ਉਸ ਨੂੰ ਕੰਨ ਵਿੱਚ ਕੁਝ ਸਮਝਾਇਆ। ਸੁਰਤਾ ਸਿੰਘ ਨੇ ਅੰਦਰ ਜਾ ਕੇ ਥਾਣੇਦਾਰ ਨੂੰ ਇੱਕ ਗੁਲਾਬੀ ਨੋਟ ਫੜਾਇਆ ਅਤੇ ਰਿਪੋਰਟ ਲਿਖਣ ਲਈ ਕਿਹਾ| ਥਾਣੇਦਾਰ ਨੇ ਉਸੇ ਵੇਲੇ ਮੁਨਸ਼ੀ ਨੂੰ ਰਿਪੋਰਟ ਲਿਖਣ ਲਈ ਕਹਿ ਦਿੱਤਾ। ਜਦੋਂ ਸੁਰਤਾ ਸਿੰਘ ਨੇ ਥਾਣੇਦਾਰ ਨੂੰ ਇਸ ਸਬੰਧੀ ਲਾਹਨਤਾਂ ਪਾਇਆ ਤਾਂ ਥਾਣੇਦਾਰ ਨੇ ਮੁਨਸ਼ੀ ਨੂੰ ਰਿਪੋਰਟ ਲਿਖਣ ਤੋਂ ਰੋਕ ਦਿੱਤਾ ਅਤੇ ਮਾਮਲੇ ਦੀ ਫਾਈਲ ਲਿਆਉਣ ਲਈ ਕਹਿ ਦਿੱਤਾ। ਫਾਇਲ ਪੜ੍ਹ ਕੇ ਥਾਣੇਦਾਰ ਕਹਿਣ ਲੱਗਾ ਕਿ ਇਸ ਕੇਸ ਵਿੱਚ ਰਿਪੋਰਟ ਦਰਜ ਨਹੀਂ ਹੋ ਸਕਦੀ ਕਿਉਂਕਿ ਸੁਰਤਾ ਸਿੰਘ ਦੇ ਪੁੱਤਰ ਦੀ ਮੌਤ ਦੇ ਸਮੇਂ ਉਸਨੇ ਹੈਲਮੇਟ ਨਹੀਂ ਪਾਇਆ ਹੋਇਆ ਸੀ। ਇਸ ਲਈ ਉਲਟ ਉਸਦਾ ਬਿਨ੍ਹਾਂ ਹੈਲਮੇਟ ਦਾ ਚਲਾਨ ਹੋਵੇਗਾ। ਸੁਰਤਾ ਸਿੰਘ ਹੁਣ ਥਾਣੇ ਤੋਂ ਬਾਹਰ ਨਿਕਲਦਾ ਹੋਇਆ ਸੋਚਦਾ ਪਿਆ ਸੀ ਕਿ ਕੀ ਹੁਣ ਅਕਾਲ ਚਲਾਣਾ ਕਰਨ ਵਾਲਿਆਂ ਦੇ ਵੀ ਚਲਾਨ ਹੋਇਆ ਕਰਨਗੇ?    


Iqbalkaur

Content Editor

Related News