"ਲੋੜ ਕਾਢ ਦੀ ਮਾਂ ਹੈ"

12/02/2020 12:55:41 PM

ਆਸ਼ੀਆ ਪੰਜਾਬੀ 
ਇਹ ਕਹਾਵਤ ਬਦਲਦੀਆਂ ਮਨੁੱਖੀ ਲੋੜਾਂ ਉੱਪਰ ਪੂਰੀ ਤਰਾਂ ਢੁੱਕਦੀ ਹੈ। ਸਮੇਂ ਦੇ ਨਾਲ-ਨਾਲ ਮਨੁੱਖ ਦੀ ਪ੍ਰਵਿਰਤੀ, ਸੁਭਾਅ ਅਤੇ ਜ਼ਰੂਰਤਾਂ ਸਦਕਾ ਨਵੀਆਂ ਵਸਤੂਆਂ ਦੀ ਖੋਜ ਕੀਤੀ ਗਈ, ਜਿਨ੍ਹਾਂ ਵਿੱਚ ਟੈਲੀਵਿਜ਼ਨ ਬੇਹੱਦ ਖ਼ਾਸ ਹੈ। ਇਹ ਇਕ ਅਜਿਹੀ ਖਿੜਕੀ ਹੈ, ਜਿਸ ਦੇ ਪਾਰ ਸਾਨੂੰ ਮਨੋਰੰਜਨ ਤੋਂ ਇਲਾਵਾ ਹਰ ਤਰਾਂ ਦੀ ਜਾਣਕਾਰੀ ਹਾਸਲ ਹੁੰਦੀ ਹੈ। 
ਵਿਸ਼ਵ ਭਰ 'ਚ ਟੈਲੀਵਿਜ਼ਨ ਦੇ ਵਧਦੇ ਪ੍ਰਭਾਵ ਨੂੰ ਵੇਖਦੇ ਹੋਏ ਸੰਯੁਕਤ ਰਾਸ਼ਟਰ ਨੇ 17 ਦਸੰਬਰ 1996 ਨੂੰ 21 ਨਵੰਬਰ "ਵਿਸ਼ਵ ਟੈਲੀਵਿਜ਼ਨ ਦਿਵਸ" ਦੇ ਤੌਰ 'ਤੇ ਮਨਾਉਣ ਦਾ ਐਲਾਨ ਕੀਤਾ, ਕਿਉਂਕਿ ਟੈਲੀਵਿਜ਼ਨ ਮੁੱਖ ਆਰਥਿਕ ਅਤੇ ਸਮਾਜਿਕ ਮੁੱਦਿਆਂ ਉੱਪਰ ਧਿਆਨ ਕੇਂਦ੍ਰਿਤ ਕਰਦੇ ਹੋਏ ਪੂਰੇ ਵਿਸ਼ਵ ਦੇ ਗਿਆਨ 'ਚ ਵਾਧਾ ਕਰਨ ਵਿੱਚ ਮਦਦ ਕਰਦਾ ਹੈ। ਵਰਤਮਾਨ ਸਮੇਂ 'ਚ ਇਹ ਮੀਡੀਆ ਦੀ ਸਭ ਤੋਂ ਮੁੱਖ ਤਾਕਤ ਦੇ ਰੂਪ 'ਚ ਉੱਭਰਿਆ ਹੈ। 
ਅੱਜ-ਕਲ ਟੈਲੀਵਿਜ਼ਨ ਦੇ ਕਈ ਮਾਡਲ ਬਜ਼ਾਰ ਵਿੱਚ ਆ ਚੁੱਕੇ ਹਨ, ਜਿਸ 'ਚ ਅਸੀਂ ਆਪਣੀ ਮਰਜ਼ੀ ਮੁਤਾਬਕ ਵੀ ਪ੍ਰੋਗਰਾਮ ਵੇਖ ਸਕਦੇ ਹਾਂ ਪਰ ਟੀਵੀ ਦਾ ਸਭ ਤੋਂ ਪਹਿਲਾ ਪ੍ਰਸਾਰਣ ਸਾਲ 1927 'ਚ ਹੋਇਆ। ਇਹ ਪ੍ਰਸਾਰਣ 21 ਸਾਲਾ ਨੌਜਵਾਨ ਟੇਲਰ ਫਾਂਰਨਸਵਰਥ ਦੁਆਰਾ ਕੀਤਾ ਗਿਆ ਸੀ। 1934 ਤੱਕ ਟੈਲੀਵਿਜ਼ਨ ਨੇ ਪੂਰੀ ਤਰਾਂ ਬਿਜਲਈ ਰੂਪ ਲੈ ਲਿਆ ਸੀ। ਹਾਲਾਂਕਿ ਇਸ ਤੋਂ ਪਹਿਲਾਂ 1908 'ਚ ਮਕੈਨੀਕਲ ਟੀਵੀ ਦਾ ਆਗਮਨ ਹੋ ਚੁੱਕਾ ਸੀ। 
ਭਾਰਤ 'ਚ ਪਹਿਲੀ ਵਾਰ ਟੀ.ਵੀ. ਦਾ ਪ੍ਰਸਾਰਣ 1950 ਵਿੱਚ ਹੋਇਆ ਸੀ। 1965 'ਚ ਆਲ ਇੰਡੀਆ ਰੇਡੀਓ ਨੇ ਰੋਜ਼ਾਨਾ ਟੀ.ਵੀ. ਟਰਾਂਸਮਿਸ਼ਨ ਸ਼ੁਰੂ ਕਰ ਦਿੱਤਾ ਪਰ 1976 'ਚ ਇਸਨੂੰ ਆਲ ਇੰਡੀਆ ਰੇਡੀਓ ਤੋਂ ਵੱਖ ਕਰ ਦਿੱਤਾ ਗਿਆ। 1982 'ਚ ਪਹਿਲੀ ਵਾਰ ਰਾਸ਼ਟਰੀ ਟੈਲੀਵਿਜ਼ਨ ਚੈਨਲ ਦੀ ਸ਼ੁਰੂਆਤ ਹੋਈ। ਇਹ ਉਹ ਸਮਾਂ ਸੀ ਜਦੋਂ ਭਾਰਤ 'ਚ ਪਹਿਲਾ ਰੰਗੀਨ ਟੀ.ਵੀ. ਆਇਆ। 80-90 ਦਾ ਦਹਾਕੇ ਨੇ ਭਾਰਤ 'ਚ ਟੈਲੀਵਿਜ਼ਨ ਦੇ ਵਿਸਤਾਰ ਦਾ ਰਸਤਾ ਖੋਲ ਦਿੱਤਾ ਸੀ। ਦੂਰਦਰਸ਼ਨ 'ਤੇ ਮਹਾਂਭਾਰਤ ਅਤੇ ਰਮਾਇਣ ਜਿਹੇ ਸੀਰੀਅਲਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ। 1991 'ਚ ਜਦੋਂ ਪੀ. ਵੀ. ਨਰਸਿਮਾ ਰਾਓ ਦੇਸ਼ ਦੇ ਪ੍ਰਧਾਨਮੰਤਰੀ ਬਣੇ ਤਾਂ ਉਨ੍ਹਾਂ ਨੇ ਟੀ.ਵੀ. ਦੇ ਵਿਸਤਾਰ ਦੀ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਪ੍ਰਾਈਵੇਟ ਚੈਨਲਾਂ ਦਾ ਬੋਲਬਾਲਾ ਸ਼ੁਰੂ ਹੋਇਆ। ਪਿਛਲੇ ਕੁੱਝ ਸਾਲਾਂ 'ਚ ਭਾਰਤ 'ਚ ਪ੍ਰਸਾਰਿਤ ਹੋਣ ਵਾਲੇ ਚੈਨਲਾਂ ਦੀ ਸੰਖਿਆ 1000 ਤੋਂ ਵੀ ਵਧੇਰੇ ਹੋ ਚੁੱਕੀ ਹੈ।   

ਬੇਸ਼ੱਕ ਟੈਲੀਵਿਜ਼ਨ ਇਕ ਤਕਨੀਕ ਦੀ ਹੀ ਦੇਣ ਹੈ। ਤਕਨੀਕ ਆਪਣੇ ਨਾਲ ਚੰਗੇ ਅਤੇ ਮਾੜੇ ਦੋਵੇਂ ਤਰਾਂ ਦੇ ਪ੍ਰਭਾਵ ਨਾਲ ਲੈਕੇ ਚਲਦੀ ਹੈ। ਟੈਲੀਵਿਜ਼ਨ ਕਾਰਨ ਜਿੱਥੇ ਸਾਨੂੰ ਗਿਆਨ-ਵਿਗਿਆਨ ,ਮਨੋਰੰਜਨ ,ਸਿੱਖਿਆ ਅਤੇ ਸਿਹਤ ਦੇ ਖੇਤਰ 'ਚ ਜਾਣਕਾਰੀ ਮਿਲਦੀ ਹੈ, ਓਥੇ ਇਸ ਮਾਧਿਅਮ ਰਾਹੀਂ ਹਿੰਸਾ ,ਅਸ਼ਲੀਲਤਾ ਅਤੇ ਲੱਚਰਤਾ ਫੈਲਾਉਣ ਵਾਲੇ ਪ੍ਰੋਗਰਾਮਾਂ ਨੇ ਸਾਡੇ ਸਮਾਜ ਦੀਆਂ ਨੈਤਿਕ ਕਦਰਾਂ ਕੀਮਤਾਂ ਦਾ ਘਾਣ ਕੀਤਾ ਹੈ। ਦਰਅਸਲ ਅਜੋਕੇ ਸਮੇਂ 'ਚ ਟੈਲੀਵਿਜ਼ਨ ਨਾਲ ਜੁੜਿਆ ਹਰ ਅਨੁਭਵ ਸਾਡੇ ਜੀਵਨ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਨ੍ਹਾਂ ਚੈਨਲਾਂ ਦੁਆਰਾ ਅੱਗੇ ਵਧਣ ਦੀ ਦੌੜ ਅਤੇ ਟੀ.ਆਰ.ਪੀ. ਦੀ ਭੁੱਖ ਸਮਾਜਕ ਮੁੱਲਾਂ ਨੂੰ ਛਿੱਕੇ ਟੰਗਕੇ ਪਰਿਵਾਰਕ ਮਾਹੌਲ ਨੂੰ ਵੀ ਦੂਸ਼ਿਤ ਕਰਨ 'ਚ ਮੋਹਰੀ ਹਨ। 
ਹਾਲਾਂਕਿ ਇੰਟਰਨੇਟ ਦੇ ਆਉਣ ਨਾਲ ਟੀ.ਵੀ. ਦੀ ਵਰਤੋਂ ਅਤੇ ਲੋਕਪ੍ਰਿਯਤਾ ’ਤੇ ਪ੍ਰਭਾਵ ਪਿਆ ਹੈ ਪਰ ਉਹ ਫਰਕ ਜ਼ਿਆਦਾ ਵਿਖਾਈ ਨਹੀਂ ਦਿੰਦਾ। ਬੱਚਿਆਂ ਦੀਆਂ ਨਾ ਸਿਰਫ਼ ਅੱਖਾਂ 'ਤੇ ਬੁਰਾ ਪ੍ਰਭਾਵ ਪਾਉਂਦਾ ਹੈ ਸਗੋਂ ਉਨ੍ਹਾਂ ਦੀਆਂ ਆਦਤਾਂ 'ਚ ਵੀ ਵਿਗਾੜ ਪੈਦਾ ਹੁੰਦਾ ਹੈ। ਉਨ੍ਹਾਂ ਦੀ ਪੜ੍ਹਾਈ 'ਤੇ ਬੁਰਾ ਅਸਰ ਪੈਂਦਾ ਹੈ। ਖ਼ਾਸਕਰ ਕਾਰਟੂਨ ਚੈਨਲਾਂ ਉਪਰ ਆਉਣ ਵਾਲੇ ਪ੍ਰੋਗਰਾਮਾਂ ਸਦਕਾ ਬੱਚੇ ਅੱਤ ਦੇ ਸ਼ਰਾਰਤੀ ਤਾਂ ਬਣਦੇ ਹੀ ਹਨ ਸਗੋਂ ਉਨ੍ਹਾਂ ਦੀ ਰੀਸ ਵੀ ਕਰਦੇ ਹਨ। 
ਇਨ੍ਹਾਂ ਹਾਨੀਆਂ ਦੇ ਬਾਵਜੂਦ ਟੈਲੀਵਿਜ਼ਨ ਬਹੁਤ ਸਾਰੇ ਹਾਲਾਤਾਂ 'ਚ ਲਾਭਕਾਰੀ ਵੀ ਸਾਬਿਤ ਹੋਇਆ ਹੈ। ਕੋਰੋਨਾ ਕਾਲ ਦੇ ਚਲਦੇ ਟੈਲੀਵਿਜ਼ਨ ਰਾਹੀਂ ਵੱਖ ਵੱਖ ਕਲਾਸਾਂ ਦੀ ਪੜ੍ਹਾਈ ਦਾ ਪ੍ਰਸਾਰਣ ਕੀਤਾ ਗਿਆ। ਜਿਸ ਨਾਲ ਘਰ ਬੈਠਕੇ ਹੀ ਬੱਚਿਆਂ ਨੇ ਆਪਣੀ ਪੜ੍ਹਾਈ ਕੀਤੀ।  ਇਸ ਤੋਂ ਇਹ ਸਿੱਟਾ ਵੀ ਨਿਕਲਦਾ ਹੈ ਕਿ ਟੈਲੀਵਿਜ਼ਨ ਸਾਡੇ ਲਈ ਫ਼ਾਇਦੇਮੰਦ ਹੈ ਜਾਂ ਫਿਰ ਨੁਕਸਾਨਦੇਹ ਇਹ ਸਾਡੇ ਉੱਪਰ ਨਿਰਭਰ ਕਰਦਾ ਹੈ। ਬਿਲਕੁਲ ਉਸੇ ਤਰਾਂ ਜਿਵੇਂ ਇੱਕ ਸਰਜਨ ਦੇ ਹੱਥ ਵਿੱਚ ਲਿਆ ਚਾਕੂ ਕਿਸੇ ਦੀ ਜਾਨ ਬਚਾ ਸਕਦਾ ਹੈ ਅਤੇ ਕਿਸੇ ਚੋਰ ਦੇ ਹੱਥ ਵਿੱਚ ਆਇਆ ਕਿਸੇ ਦੀ ਜਾਨ ਲੈ ਵੀ ਸਕਦਾ ਹੈ। ਇਸ ਲਈ ਆਪਣੇ ਜੀਵਨ 'ਚ ਸਹੀ ਦਿਸ਼ਾ ਤੈਅ ਕਰਨੀ ਸਾਡੇ ਲਈ ਬੇਹੱਦ ਜ਼ਰੂਰੀ ਹੈ।  


rajwinder kaur

Content Editor

Related News