ਹਿਜਰਤ ਨਾਮਾ 88 :  ਸ. ਕਿਸ਼ਨ ਸਿੰਘ ਸੰਧੂ

Tuesday, Mar 18, 2025 - 12:44 PM (IST)

ਹਿਜਰਤ ਨਾਮਾ 88 :  ਸ. ਕਿਸ਼ਨ ਸਿੰਘ ਸੰਧੂ

'ਬਾਰ ਵਾਲਾ ਰੁੜਕਾ ਅੱਜ ਵੀ ਮੇਰੇ ਚੇਤਿਆਂ ਵਿੱਚ ਵੱਸਦਾ ਏ'

"ਸਾਡਾ ਪਿਛਲਾ ਜੱਦੀ ਪਿੰਡ ਅੱਟੀ ਆ। ਮੇਰੇ ਬਾਬਾ ਮੰਗਲ ਸਿੰਘ ਨੂੰ ਸਾਂਦਲ ਬਾਰ ਦੇ 98 ਚੱਕ ਰੁੜਕਾ,ਤਸੀਲ ਜੜ੍ਹਾਂ ਵਾਲਾ ਜ਼ਿਲ੍ਹਾ ਲੈਲਪੁਰ ਵਿਚ ਮੁਰੱਬਾ ਅਲਾਟ ਹੋਇਆ ਤਾਂ,ਚਲੇ ਗਏ।ਜਦ 'ਕਾਲੀਆਂ ਜੈਤੋ ਦਾ ਮੋਰਚਾ ਲਾਇਆ ਤਾਂ ਤਦੋਂ ਦਾ ਵਾਕਿਆ ਆ। ਤਦੋਂ ਬਾਬੇ ਦੀ ਸ਼ਾਦੀ ਇਧਰ ਹੀ ਹੋ ਚੁੱਕੀ ਸੀ ਪਰ, ਉਨ੍ਹਾਂ ਦੇ ਸਾਰੇ ਬੱਚਿਆਂ ਦੀ ਪੈਦਾਇਸ਼ ਬਾਰ ਦੀ ਹੀ ਆ। ਜਿਨ੍ਹਾਂ ਵਿੱਚ ਮੇਰੇ ਪਿਤਾ ਕਰਤਾਰ ਸਿੰਘ ਅਤੇ ਭੂਆ ਮਾਹੋਂ, ਈਸਰੀ ਅਤੇ ਕਰਮੀ ਸ਼ਾਮਲ ਨੇ। ਮੇਰੇ ਬਾਪ ਅਤੇ ਭੂਆ ਦੀਆਂ ਸ਼ਾਦੀਆਂ ਓਧਰ ਬਾਰ ਵਿਚ ਹੀ ਹੋਈਆਂ।ਬਾਪ ਦੀ ਬਰਾਤ ਇਧਰ ਹੀ ਮੋਗਾ ਦੇ ਪਿੰਡ ਫਤਹਿਗੜ੍ਹ ਆਣ ਢੁਕੀ ਜਿਥੋਂ ਮਾਈ ਬਿਸ਼ਨ ਕੌਰ ਵਿਆਹ ਲਿਆਂਦੀ। ਸਾਡਾ ਦਸ ਭਰਾਵਾਂ ਅਤੇ ਦੋ ਭੈਣਾਂ ਪ੍ਰਕਾਸ਼ ਕੌਰ ਅਤੇ ਨਸੀਬ ਕੌਰ ਦਾ ਵਡ ਪਰਿਵਾਰ ਹੋਇਆ। ਮੇਰਾ ਵੱਡਾ ਭਰਾ ਵਿਸਾਖਾ ਸਿੰਘ ਓਧਰ 32 ਚੱਕ ਦੀ ਸੁਰਜੀਤ ਕੌਰ ਪੁੱਤਰੀ ਹਜ਼ਾਰਾ ਸਿੰਘ  ਜੋ ਵੰਡ ਉਪਰੰਤ ਇਧਰ ਮੱਲੂ ਪੋਤਾ- ਬਹਿਰਾਮ ਆ ਆਬਾਦ ਹੋਏ, ਨੂੰ ਵਿਆਹਿਆ। ਅਤੇ ਭੈਣ ਪ੍ਰਕਾਸ਼ ਦੀ ਸ਼ਾਦੀ ਵੀ ਓਧਰ 95 ਚੱਕ ਜਮਸ਼ੇਰ ਵਿੱਚ ਮਲੂਕ ਸਿੰਘ ਪੁੱਤਰ ਮੁਣਸਾ ਸਿੰਘ ਦੇ ਘਰ ਹੋਈ ਜੋਂ ਵੰਡ ਉਪਰੰਤ ਇਧਰ ਸਿੰਬਲੀ-ਨਵਾਂ ਸ਼ਹਿਰ ਆ ਆਬਾਦ ਹੋਏ। 
ਰੁੜਕਾ ਚੱਕ ਇਧਰੋਂ ਵੱਡੇ ਰੁੜਕਿਓਂ(ਜਲੰਧਰ) ਸੰਧੂ ਜੱਟ ਸਿੱਖਾਂ ਨੇ ਆਬਾਦ ਕੀਤਾ। ਸੰਧੂਆਂ ਦੀ ਬਹੁ ਵਸੋਂ ਸੀ ਉਥੇ। ਰੁੜਕੇ ਬਾਬਾ ਜੀ ਨੂੰ ਇੱਕ ਮੁਰੱਬਾ ਗੋਰੇ ਵਲੋਂ ਅਲਾਟ ਸੀ। ਪਰਿਵਾਰ ਨੇ ਮਿਹਨਤ ਕਰਕੇ ਢਾਈ ਮੁਰੱਬੇ ਬਣਾ ਲਏ। ਉਨ੍ਹਾਂ ਵਿੱਚੋਂ 20 ਏਕੜ ਅਹਿਮਦ ਖਾਂ ਦੇ ਚੱਕ ਵਿੱਚ ਖਰੀਦ ਕੀਤੇ ਜਿਥੇ ਮੇਰੇ ਬਾਬਾ ਜੀ ਦੇ ਦੋ ਹੋਰ ਭਰਾ ਹਰਨਾਮ ਸਿੰਘ ਅਤੇ ਸ਼ਾਮ ਸਿੰਘ ਪਰਿਵਾਰਾਂ ਸਮੇਤ ਖੇਤੀ ਕਰਦੇ।ਉਸੇ ਚੱਕ ਵਾਲੀ ਅਸਾਂ ਦੀ ਜ਼ਮੀਨ ਵੀ ਉਹੋ ਹੀ ਹਾਲੇ਼ ਤੇ ਵਾਹੁੰਦੇ । ਬਾਬਾ ਜੀ ਦਾ ਇਕ ਹੋਰ ਭਰਾ ਸੀ, ਸੁੰਦਰ ਸਿੰਘ ਜੋ, ਇਧਰ ਅੱਟੀ ਹੀ ਰਿਹਾ,ਬਾਰ ਵਿੱਚ ਨਹੀਂ ਗਿਆ।

ਫਸਲਬਾੜ੍ਹੀ :ਕਮਾਦ,ਕਣਕ,ਮੱਕੀ,ਨਰਮਾ ਦੀ ਬਹੁਤਾਤ ਹੁੰਦੀ।ਜਿਣਸ ਆਮ ਜੜ੍ਹਾਂ ਵਾਲਾ ਵੇਚਦੇ।ਨਰਮਾ ਆਮ ਚੱਕ ਝੁਮਰਾ ਮੰਡੀ ਵੇਚਦੇ ਜਿੱਥੇ ਕਪਾਹ ਦੀਆਂ ਮਿੱਲਾਂ ਸਨ। ਬਾਕੀ ਫੁਟਕਲ ਫ਼ਸਲਾਂ ਘਰ ਦੀਆਂ ਲੋੜਾਂ ਮੁਤਾਬਿਕ ਹੀ ਬੀਜਦੇ। 'ਦੱਬ ਕੇ ਵਾਹ-ਰੱਜ ਕੇ ਖਾਹ' ਦੇ ਅਖਾਣ ਮੁਤਾਬਕ ਬਲਦਾਂ ਦੀ ਖੇਤੀ ਅਤੇ ਨਹਿਰੀ ਪਾਣੀ ਨਾਲ ਫ਼ਸਲਾਂ ਖ਼ੂਬ ਮੌਲਦੀਆਂ।

ਬਚਪਨ ਦੀਆਂ ਖੇਡਾਂ : ਜੰਗ ਪੁਲੰਗਾ,ਲੁਕਣ ਮੀਟੀ,ਬਾਰਾਂ ਟੀਹਣੀ,ਕੌਡੀ। ਸਾਰੀਆਂ ਜਾਤਾਂ ਅਤੇ ਧਰਮਾਂ ਦੇ ਬੱਚੇ ਰਲ਼ ਮਿਲ਼ ਅੱਧ ਚਾਨਣੀਆਂ ਰਾਤਾਂ ਤੱਕ, ਬਗੈਰ ਕਿਸੇ ਡਰ ਭੈਅ-ਫਿਕਰ ਫਾਕਿਓਂ ਖੇਡਦੇ ਰਹਿੰਦੇ।ਬੜੇ ਅਲਬੇਲੇ ਦਿਨ ਸਨ ਉਹ ਵੀ।

ਗੁਆਂਢੀ ਪਿੰਡ :93 ਨਕੋਦਰ, 94 ਸ਼ੰਕਰ ਦਾਊਆਣਾ, 95 ਜਮਸੇ਼ਰ, 96ਸਰੀਂਹ, 97 ਚੱਕ ਕੰਗ ਮਰਾਜਵਾਲਾ ਅਤੇ 99 ਬਡਾਲਾ ਸਾਡੇ ਗੁਆਂਢੀ ਪਿੰਡ ਸਨ।

ਪਾਣੀ ਪ੍ਰਬੰਧ : ਪਿੰਡ ਵਿੱਚ ਖੂਹੀਆਂ ਤਾਂ 7-8 ਸਨ ਪਰ ਪਾਣੀ ਉਨ੍ਹਾਂ ਦਾ ਖਾਰਾ ਹੀ ਹੁੰਦਾ। ਪਿੰਡ ਦੇ ਐਨ ਵਿਚਕਾਰ ਚੁਰੱਸਤੇ ਵਿਚ ਇਕ ਖੂਹੀ ਸੀ ਜਿਸ ਦਾ ਪਾਣੀ ਪੀਣ ਲਾਇਕ ਸੀ।ਝੀਰ ਵਹਿੰਗੀ ਨਾਲ਼ ਲੋਕਾਂ ਦੇ ਘਰਾਂ ਵਿੱਚ ਘੜਿਆਂ ਨਾਲ਼ ਪਾਣੀ ਢੋਂਹਦੇ। ਉਥੇ ਵੱਡਾ ਥੜ੍ਹਾ ਅਤੇ ਪਿੱਪਲ ਬੋੜ੍ਹ ਵੀ ਸਨ ਜਿਥੇ ਅਕਸਰ ਪਿੰਡ ਪੰਚਾਇਤ ਜੁੜਦੀ। ਝਗੜਿਆਂ ਨੂੰ ਨਜਿੱਠਿਆ ਜਾਂਦਾ। ਵੈਸੇ ਨਹਿਰੀ ਪਾਣੀ ਵੀ ਪੀਣ ਲਾਇਕ ਹੁੰਦਾ ਸੀ,ਕਈ ਉਹ ਵੀ ਪੀ ਲੈਂਦੇ।
ਖੇਤ ਗੋਗੇਰਾ ਬਰਾਂਚ ਦੇ ਨਹਿਰੀ ਪਾਣੀ ਨਾਲ ਸੈਰਾਬ ਹੁੰਦੇ। ਵਾਧੂ ਪਾਣੀ ਪਿੰਡ ਦੁਆਲੇ ਛੱਡੀਆਂ ਢਾਬਾਂ ਵਿਚ ਜਮਾਂ ਕਰ ਲਿਆ ਜਾਂਦਾ ਜਿਥੋਂ ਪਸ਼ੂਆਂ ਦੇ ਨ੍ਹਾਉਣ ਧੋਣ ਦੀਆਂ ਲੋੜਾਂ ਸਾਲ ਭਰ ਪੂਰੀਆਂ ਹੁੰਦੀਆਂ। 

ਪਿੰਡ ਦੇ ਧਾਰਮਿਕ ਸਥਾਨ: ਪਿੰਡ ਵਿੱਚ ਮਸੀਤ,ਮੰਦਰ ਕੋਈ ਨਾ ਸੀ। ਮੁਸਲਿਮ ਕਾਮਿਆਂ ਦੇ 3-4 ਘਰ ਸਨ।ਇਸੇ ਤਰਾਂ ਹਿੰਦੂ ਬਾਣੀਆਂ ਦੇ ਜੋ ਦੁਕਾਨਦਾਰੀ ਕਰਦੇ।
ਪਿੰਡ ਵਿੱਚਕਾਰ ਗੁਰਦੁਆਰਾ ਸਿੰਘ ਸਭਾ ਸਜਦਾ।ਦਿਨ ਤਿਓਹਾਰ ਮਨਾਏ ਜਾਂਦੇ।ਰਾਤਰੀ ਦੀਵਾਨ ਸਜਦੇ। ਆਨੰਦਪੁਰ ਸਾਹਿਬ ਤੋਂ ਕੀਰਤਨੀ ਜਥਾ ਇਲਾਕੇ ਦੇ ਪਿੰਡਾਂ ਵਿੱਚ ਮਹੀਨਾ ਮਹੀਨਾ ਰਹਿ ਜਾਂਦਾ। ਭਾਈ ਪ੍ਰੇਮ ਸਿੰਘ ਗੁਰਦਵਾਰਾ ਸਾਹਿਬ ਦੇ ਗ੍ਰੰਥੀ ਸਿੰਘ ਸਨ ਸੋ ਗੁਰੂ ਘਰ ਦੀ ਸੇਵਾ ਸੰਭਾਲ ਦੇ ਨਾਲ ਬੱਚਿਆਂ ਨੂੰ ਪੈਂਤੀ ਅਤੇ ਗੱਤਕਾ ਵੀ ਸਿਖਾਉਂਦੇ।

ਸਕੂਲ : ਸਕੂਲ ਪਿੰਡ ਵਿੱਚ ਕੁੜੀਆਂ ਮੁੰਡਿਆਂ ਦਾ ਸਾਂਝਾ, ਚੌਥੀ ਤੱਕ ਸੀ ਜਿਥੇ ਇਕ ਮੌਲਵੀ ਅਤੇ ਇਕ ਪੰਡਤ ਜੀ ਉਸਤਾਦ ਹੁੰਦੇ। ਮੈਂ ਉਥੇ ਕੇਵਲ ਦੋ ਜਮਾਤਾਂ ਹੀ ਪੜ੍ਹਿਆ ਪਰ, ਮੇਰੇ ਭਰਾ ਰਾਮ ਸਿੰਘ ਅਤੇ ਲੱਖਾ ਸਿੰਘ ਪੜ੍ਹ ਗਏ ਜੋ ਇਧਰ ਆ ਕੇ ਕ੍ਰਮਵਾਰ BPEO, ਗੁਰਦਾਵਰ ਰੀਟਾਇਰਡ ਹੋਏ।
ਉਸ ਤੋਂ ਅੱਗੇ ਬੱਚੇ 97 ਚੱਕ ਮਰਾਜ ਜਾਂਦੇ ਜਿਥੇ ਮਿਡਲ ਸਕੂਲ ਹੁੰਦਾ। 

ਪਿੰਡ ਦੀਆਂ ਹੱਟੀਆਂ/ਭੱਠੀਆਂ: ਪਿੰਡ ਵਿੱਚ ਹੱਟੀਆਂ ਤਾਂ 4-5 ਸਨ।ਲਾਲਾ ਬੇਲੀ ਰਾਮ 'ਰੋੜਾ ਕਰਿਆਨਾ, ਈਸ਼ਰ ਦਾਸ ਹਿਕਮਤ ਅਤੇ ਭਜਨੇ ਨਾਈ ਦੀ ਦੁਕਾਨ ਹੁੰਦੀ ਜੋ ਆਪਣੇ ਹੋਰ ਤਿੰਨ ਭਰਾਵਾਂ ਨਾਲ਼ ਪਿੰਡ ਦੇ ਵਿਆਹ ਕਾਰਜ਼ ਵੀ ਨਿਭਾਉਂਦੇ।ਸਰਬਣ ਆਦਿ ਧਰਮੀ ਦਰਜ਼ੀ ਦੀ ਦੁਕਾਨ ਕਰਦਾ।ਆਦਿ ਧਰਮੀ ਦੋ ਭਰਾ ਭੈਰੋਂ ਗੋਤੀਏ ਚੰਨਾ ਅਤੇ ਮੱਘਰ ਚਮੜੇ ਦਾ ਕੰਮ ਕਰਦੇ।ਉਹ ਆਪਣੇ ਮੁਹੱਲੇ ਦੇ ਚੌਧਰੀ ਵੀ ਹੁੰਦੇ। ਉਨ੍ਹਾਂ ਦੀ ਮਾਈ ਵੀ ਚੰਗੇ ਰਸੂਖ਼ ਵਾਲੀ ਸੀ। ਉਹਨਾਂ ਦਾ ਪਿਛਲਾ ਜੱਦੀ ਪਿੰਡ ਚੱਬੇਵਾਲ-ਮਾਹਿਲਪੁਰ ਵੱਜਦਾ।

ਪਿੰਡ ਦੇ ਮੁਸਲਿਮ ਕਾਮੇ :ਰਹਿਮਤ ਅਲੀ ਅਤੇ ਸ਼ਾਹ ਦੀਨ ਸਕੇ ਭਰਾ,ਪਿੰਡ ਵਿੱਚ ਲੁਹਾਰਾ ਤਖਾਣਾ ਕੰਮ ਕਰਦੇ। ਦੀਵਾਨ ਸ਼ਾਹ,ਅਲੀ,ਵਲੀ ਅਤੇ ਗਨੀ ਪਿੰਡ ਵਿੱਚ ਕੋਹਲੂ,ਰੂੰ-ਪਿੰਜਣੀ ਅਤੇ ਖਰਾਸ ਤੇ ਆਟਾ ਚੱਕੀ ਚਲਾਉਂਦੇ। ਮੇਰਾ ਭਰਾ ਵਿਸਾਖਾ ਸਿੰਘ ਉਨ੍ਹਾਂ ਨਾਲ਼ ਅਕਸਰ ਖੇਡਿਆ ਕਰਦਾ।

ਪਿੰਡ ਦੇ ਚੌਧਰੀ : ਸ.ਨੱਥਾ ਸਿੰਘ ਲੰਬੜ ਪਿੱਛਾ ਧਨੀ ਪਿੰਡ,ਦਲੀਪ ਸਿੰਘ ਲੰਬੜ ਪਿੱਛਾ ਰੁੜਕਾ ,ਥੰਮਣ ਸਿੰਘ, ਗੁਰਬਚਨ ਸਿੰਘ, ਲੰਬੜਦਾਰ ਕਰਤਾਰ ਸਿੰਘ ਪਿੱਛਾ ਸੂਰਜਾ ਪਿੰਡ ਜੋ ਹੱਲਿਆਂ ਉਪਰੰਤ ਘੁੜਕੇ ਬੈਠਾ ,ਬੰਤਾ ਸਿੰਘ ਪਿੱਛਾ ਮੌਲੀ਼ ਪਿੰਡ ਅਤੇ ਲਾਭ ਸਿੰਘ ਜੋ ਸ਼ਰੀਕਿਓਂ ਮੇਰਾ ਚਾਚਾ ਸੀ,ਪਿੰਡ ਦੇ ਚੌਧਰੀ ਵੱਜਦੇ। ਲੋਕਾਂ ਨਾਲ਼ ਠਾਣੇ ਜਾਂਦੇ, ਫੈਸਲੇ ਕਰਾਉਂਦੇ।

ਹੱਲਿਆਂ ਦੀ ਬੇਲਾ : ਚੜ੍ਹਦੇ ਮਾਰਚ ਪੰਜਾਬ ਵਿੱਚ ਪੋਠੋਹਾਰ ਵੰਨੀਓਂ ਹੱਲੇ ਸ਼ੁਰੂ ਹੋਏ।ਜਿਸ ਦੀ ਅੱਗ ਹੌਲੀ ਹੌਲੀ ਸਾਰੇ ਪੰਜਾਬ ਵਿੱਚ ਫੈਲ ਗਈ।ਸਾਂਦਲ ਬਾਰ ਦੇ ਇਲਾਕੇ ਵਿਚ ਕਰੀਬਨ ਬਹੁਤੇ ਪਿੰਡਾਂ ਵਿੱਚ ਹਿੰਦੂ-ਸਿੱਖਾਂ ਦੀ ਬਹੁਤਾਤ ਸੀ।ਪਰ ਕਿਤੇ-ਕਿਤੇ ਲੁੱਟ ਮਾਰ ਦੀ ਬਿਰਤੀ ਵਾਲਿਆਂ ਪਿੰਡਾਂ ਉਤੇ ਹਮਲੇ ਵੀ ਕੀਤੇ। ਨੁਕਸਾਨ ਉਥੇ  ਹੋਇਆ ਜਿਥੇ ਬਲੋਚ ਮਿਲਟਰੀ ਨੇ ਦੰਗੱਈਆਂ ਦਾ ਸਾਥ ਦਿੱਤਾ। ਜੰਡਿਆਲਾ,ਫਲਾਈਵਾਲਾ,ਲੁਹਕੇ ਅਤੇ 58 ਚੱਕ  ਜੋ ਕੰਬੋਜ ਸਿੱਖਾਂ ਦਾ ਪਿੰਡ ਸੀ ਵਗੈਰਾ,ਉਪਰ ਅਟੈਕ ਹੋਏ। ਉਨ੍ਹਾਂ ਹਮਲਿਆਂ ਵਿਚ ਮੱਜ੍ਹਬੀ ਤੁਅੱਸਬ ਨਾਲ਼ ਭਰੇ ਠਾਣੇਦਾਰ ਸ਼ਾਹ ਮੁਹੰਮਦ ਜੋ ਖੁਰੜਿਆਂ ਵਾਲੇ ਸ਼ੰਕਰ ਤੋਂ ਸੀ ਅਤੇ ਉਸ ਦਾ ਪਿਛਲਾ ਪਿੰਡ ਸਲੋਹ-ਨਵਾਂ ਸ਼ਹਿਰ ਸੀ, ਦੀ ਸ਼ਹਿ ਮੰਨ੍ਹੀ ਜਾਂਦੀ ਹੈ।
ਕਾਫ਼ਲੇ ਦੀ ਘੰਟੀ : ਵੱਡਿਆਂ ਨੂੰ ਜਦ ਇਹ ਤਸਦੀਕ ਹੋ ਗਿਆ ਕਿ ਹੁਣ ਉਠਣਾ ਹੀ ਪੈਣਾ ਆਂ ਤਾਂ ਚੜ੍ਹਦੀ ਭਾਦੋਂ ਨੂੰ ਰਸਤੇ ਦੀ ਰਸਦ ਪਾਣੀ ਅਤੇ ਜ਼ਰੂਰੀ ਨਿੱਕ ਸੁੱਕ ਗੱਡਿਆਂ ਤੇ ਲੱਦ ਕੇ,ਦਿਨ ਚੜ੍ਹਦੇ 58 ਚੱਕ ਲਈ ਗੱਡੇ ਹੱਕ ਲਏ ਜਿਥੇ ਆਲੇ-ਦੁਆਲੇ ਦੇ ਪਿੰਡਾਂ ਦਾ ਆਰਜ਼ੀ ਰਫਿਊਜੀ ਕੈਂਪ ਸੀ।ਚਾਰ ਪੰਜ ਦਿਨ ਉਥੇ ਰਹੇ। ਫਿਰ ਗੱਡੇ ਹੱਕੇ ਜੰਡਿਆਲਾ,ਫਲਾਹੀਵਾਲਾ,ਲਹੁਕੇ ਪਹੁੰਚੇ ਤਾਂ ਉਥੇ ਅਟੈਕ ਹੋਇਆ। ਕਾਫ਼ਲਾ ਰੁਕਿਆ।ਗੋਰਖਾ ਮਿਲਟਰੀ ਆਈ। ਖ਼ਤਰਨਾਕ ਘਾਟੀ ਬੱਲੋ ਕੀ ਹੈੱਡ ਤੋਂ ਲੰਘਦੇ ਉਨ੍ਹਾਂ ਪੱਟੀ ਸਰਹੱਦ ਤੱਕ ਕਾਫ਼ਲੇ ਦੀ ਅਗਵਾਈ ਕੀਤੀ।ਭਾਰੀ ਬਾਰਸ਼ ਅਤੇ ਬਵਾ ਤੋਂ ਬਚਦੇ ਬਚਾਉਂਦੇ  ਤਰਨਤਾਰਨ-ਅੰਬਰਸਰ-ਜਲੰਧਰ-ਗੁਰਾਇਆਂ ਸਰ ਕਰਦਿਆਂ ਆਪਣੇ ਪਿੱਤਰੀ ਪਿੰਡ ਅੱਟੀ ਜਿਵੇਂ ਖ਼ਾਲੀ ਹੱਥ ਗਏ ਸਾਂ ਉਵੇਂ ਜਾਨਾਂ ਬਚਾਅ ਕੇ ਖਾਲੀ ਪਰਤ ਆਏ।
ਕੱਚੀ ਪਰਚੀ ਸਾਨੂੰ ਤੇਹਿੰਗ ਦੀ ਪਈ।ਪੱਕੀ ਪਰਚੀ ਵੀ ਇਥੇ ਹੀ ਰਹੀ।ਸੋ ਅੱਜ ਤੱਕ ਉਹੀ ਖਾਂਦੇ ਆਂ। ਨਹਿਰੂ-ਜਿਨਾਹ ਦੀ ਸੱਤ੍ਹਾ ਲਾਲਸਾ ਹੀ ਬਟਵਾਰੇ ਦਾ ਕਾਰਨ ਬਣੀ।ਅੰਜਾਮ ਤੁਹਾਡੇ ਸਾਹਵੇਂ ਹੈ।'47 ਦੀਆਂ ਯਾਦਾਂ ਵੀ ਬੜੀਆਂ ਅਵੱਲੀਆਂ ਨੇ ਜੋ ਭੁਲਾਇਆਂ ਵੀ ਨਹੀਂ ਭੁੱਲਦੀਆਂ। ਸਾਂਦਲ ਬਾਰ ਵਾਲਾ ਰੁੜਕਾ ਅੱਜ ਵੀ ਮੇਰੇ ਚੇਤਿਆਂ ਵਿੱਚ ਵੱਸਦਾ ਏ।"

ਮੁਲਾਕਾਤੀ: ਸਤਵੀਰ ਸਿੰਘ ਚਾਨੀਆਂ
         92569-73526


author

Tarsem Singh

Content Editor

Related News