ਹਿਜਰਤ ਨਾਮਾ 87 :  ਪ੍ਰੋ. ਰਤਨ ਸਿੰਘ ਜੱਗੀ ਪਟਿਆਲਾ

Tuesday, Mar 11, 2025 - 06:08 PM (IST)

ਹਿਜਰਤ ਨਾਮਾ 87 :  ਪ੍ਰੋ. ਰਤਨ ਸਿੰਘ ਜੱਗੀ ਪਟਿਆਲਾ

'ਸੀਲ ਨਦੀ ਚੋਂ ਉਛਲਕੇ ਸਾਹਿਤ ਦੀ ਝੋਲੀ ਪਿਆ ਰਤਨ'

ਪੋਠੋਹਾਰ (ਪਾਕਿਸਤਾਨੀ ਪੰਜਾਬ) ਦਾ ਇਲਾਕਾ ਖੇਤੀਬਾੜੀ ਪੱਖੋਂ ਬਹੁਤਾ ਲਾਹੇਵੰਦ ਤਾਂ ਨਹੀਂ ਪਰ ਇਲਮੋਂ ਹੁਸਨ, ਲੂਣ ਦੀਆਂ ਖਾਣਾ ਕਰਕੇ ਕਾਫ਼ੀ ਜਾਣਿਆ ਜਾਂਦਾ ਹੈ। ਜਰਨੈਲ ਹਰੀ ਸਿੰਘ ਨਲਵਾ ਨੇ ਇਸ ਹਲਕੇ ਵਿੱਚ ਸਿੱਖ ਪਿੰਡ ਆਬਾਦ ਕੀਤੇ। ਫਿਰ ਵੀ ਹਿੰਦੂ-ਸਿੱਖਾਂ ਦੀ ਆਬਾਦੀ ਮੁਕਾਬਲਤਨ ਬਹੁਤ ਘੱਟ ਸੀ। ਪੰਜਾਬ ਵਿੱਚ ਮੱਜ੍ਹਬੀ ਫ਼ਸਾਦਾਂ ਦੀ ਅੱਗ ਇਸ ਇਲਾਕੇ ਤੋਂ ਹੀ ਸ਼ੁਰੂ ਹੋਈ, ਜਿਥੇ ਫ਼ਸਾਦੀਆਂ ਨੇ ਪਿੰਡਾਂ ਦੇ ਪਿੰਡ ਫੂਕ ਸੁੱਟੇ। ਕਈ ਵਿਰਲੇ ਵਾਂਝੇ ਪਰਿਵਾਰ ਜਾਨਾਂ ਬਚਾਉਣ ਵਿਚ ਸਫ਼ਲ ਰਹੇ। ਬਚ ਜਾਣ ਵਾਲਿਆਂ ਚੋਂ ਹੀ ਇੱਥੋਂ ਦੇ ਜ਼ਿਲ੍ਹਾ ਕੈਂਬਲਪੁਰ(ਹੁਣ ਅੱਟਕ) ਦੀ ਤਹਿਸੀਲ ਪਿੰਡੀਘੇਬ ਤੋਂ ਉੱਜੜ ਕੇ ਆਏ ਇਕ ਸਿੱਖ ਰਫਿਊਜੀ ਪਰਿਵਾਰ ਦੇ ਨੌਨਿਹਾਲ ਪ੍ਰੋ.ਰਤਨ ਸਿੰਘ ਜੱਗੀ ਜਿਨ੍ਹਾਂ ਬਿਖੜੇ ਪੈਂਡਿਆਂ ਨੂੰ ਸਰ ਕਰਦਿਆਂ ਹਿੰਦੀ, ਪੰਜਾਬੀ ਸਾਹਿਤ ਅਤੇ ਅਧਿਆਪਨ ਸੇਵਾਵਾਂ ਵਿਚ ਆਪਣਾ ਲੋਹਾ ਮਨਵਾਇਆ ਵੀ । ਪੇਸ਼ ਹੈ ਉਨ੍ਹਾਂ ਦੀ ਹਿਜਰਤ ਬਿਆਨੀ-ਉਨ੍ਹਾ ਦੀ ਆਪਣੀ ਜ਼ੁਬਾਨੀ-

" ਵੰਡ ਸਮੇਂ, ਸਾਡਾ ਗਿਆਰਾਂ ਭੈਣ-ਭਰਾਵਾਂ ਦਾ ਵੱਡ ਪਰਿਵਾਰ ਸੀ। ਲੋੜੀਂਦਾ ਮੱਲ ਜੱਗੀ ਜੀ ਪਿਤਾ ਅਤੇ ਮੂਲ ਰਾਜ ਜੱਗੀ ਜੀ ਸਾਡੇ ਦਾਦਾ ਜੀ ਹੋਏ। ਦਾਦਾ ਜੀ ਦਾ ਇਲਾਕੇ ਭਰ ਵਿੱਚ ਖਾਸਾ ਰਸੂਖ਼ ਸੀ।ਥਾਣਾ ਮੁਖੀ ਅਬਦੁਲ ਮਲਿਕ ਨਾਲ ਚੰਗਾ ਸਹਿਚਾਰਾ ਸੀ। ਹਿਕਮਤ ਵੀ ਕਰਦੇ। ਆਲ਼ੇ ਦੁਆਲ਼ੇ ਪਿੰਡਾਂ ਵਿੱਚ ਵੀ ਦਵਾ ਦਾਰੂ ਕਰਨ ਚਲੇ ਜਾਂਦੇ।1943 ਵਿੱਚ 107 ਸਾਲ ਦੀ ਉਮਰ ਭੋਗ ਕੇ ਉਹ ਸਵਰਗ ਵਾਸ ਹੋਏ। 
ਮੇਰਾ ਜਨਮ 27 ਜੁਲਾਈ 1927 ਦਾ ਏ। ਮੱਥਾ ਟਿਕਾਉਣ ਲਈ ਮੈਂਨੂੰ,ਪਿਤਾ ਜੀ ਸੰਤ ਸੁੱਚਾ ਸਿੰਘ ਜੀ ਪਾਸ ਲੈ ਗਏ। ਸੰਤਾਂ ਨੇ ਹੀ ਮੇਰਾ ਨਾਂ ਰਤਨ ਸਿੰਘ ਰੱਖਦਿਆਂ 'ਵੱਡਾ ਹੋ ਕੇ ਪਰਿਵਾਰ ਦਾ ਨਾਂ ਰੌਸ਼ਨ ਕਰੇਗਾ' ਦੀ ਅਸੀਸ ਦਿੱਤੀ।ਵੰਡ ਤੋਂ ਪਹਿਲਾਂ ਮੈਥੋਂ ਵੱਡੀਆਂ ਭੈਣਾਂ ਦਮੋਦਰੀ ਰਾਵਲਪਿੰਡੀ ਅਤੇ ਦੂਜੀ ਕੈਂਬਲਪੁਰ ਵਿਆਹੀਆਂ ਹੋਈਆਂ ਸਨ।
ਇਸ ਇਲਾਕੇ ਵਿੱਚ ਮਹਾਰਾਜਾ ਰਣਜੀਤ ਸਿੰਘ ਸਮੇਂ ਫਤਿਹ ਸਿੰਘ ਛਾਛੀ ਨੇ ਪਿੰਡੀਘੇਬ ਇਲਾਕੇ ਨੂੰ ਜਿੱਤ ਕੇ ਖਾਲਸਾ ਰਾਜ ਅਧੀਨ ਲਿਆਂਦਾ। ਉਪਰੰਤ ਕਾਹਨ ਸਿੰਘ ਘਰਜਾਖੀਆ 1805-14 ਤੱਕ ਉਥੋਂ ਦਾ ਹਾਕਮ ਰਿਹਾ।ਸਿੱਖ ਰਾਜ ਦੇ ਪ੍ਰਭਾਵ ਹੇਠ ਕਾਫ਼ੀ ਹਿੰਦੂ ਪਰਿਵਾਰ ਸਿੱਖ ਬਣਦੇ ਗਏ। ਉਨ੍ਹਾਂ ਚੋਂ ਹੀ ਗੌਹਰ ਸਿੰਘ ਜੱਗੀ ਖ਼ਾਲਸਾ ਫੌਜ ਵਿੱਚ ਕੁਮੇਦਾਨ ਹੋਇਆ।ਅਮਰ ਸਿੰਘ ਸੰਪਾਦਕ: 'ਸ਼ੇਰੇ ਪੰਜਾਬ' ਜਿਸ ਨੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਮੋਹਰੀ ਰੋਲ਼ ਅਦਾ ਕੀਤਾ,ਉਸੇ ਦਾ ਪੋਤਰਾ ਸੀ। ਕੱਲਰ ਖ਼ਾਲਸਾ ਦੇ ਬਾਬਾ ਖੇਮ ਸਿੰਘ ਬੇਦੀ,ਉਸ ਦੇ ਪੁੱਤਰ ਗੁਰਬਖਸ਼ ਸਿੰਘ ਅਤੇ ਨਿਰਮਲੇ ਸੰਪਰਦਾਇ ਦੇ ਮਹਾਂ ਪੁਰਖਾਂ ਜਿਨ੍ਹਾਂ ਦਾ ਮੁੱਖ ਡੇਰਾ ਗੋਇੰਦਵਾਲ ਸਾਹਿਬ ਨੇੜੇ ਸੀ। ਉਨ੍ਹਾਂ ਦਾ ਅਗਲਾ ਜਾਨਸ਼ੀਨ ਸੰਤ ਸੁੱਚਾ ਸਿੰਘ ਜੀ ਹੋਏ। ਉਨ੍ਹਾਂ ਪੋਠੋਹਾਰ ਇਲਾਕੇ ਵਿੱਚ ਸਿੱਖੀ ਦਾ ਕਾਫ਼ੀ ਪ੍ਰਚਾਰ ਕੀਤਾ।ਕਈ ਖ਼ਾਲਸਾ ਸਕੂਲ ਖੋਲ੍ਹੇ।ਪਿੰਡੀਘੇਬ ਵਿਚ ਵੀ ਉਨ੍ਹਾਂ ਖ਼ਾਲਸਾ ਪ੍ਰਾਇਮਰੀ ਅਤੇ ਮਿਡਲ ਸਕੂਲ ਖੋਲ੍ਹਿਆ। ਪ੍ਰਾਇਮਰੀ ਵਿਚ ਮਾਸਟਰ ਨਿਰੰਜਣ ਦਾਸ, ਮਾਸਟਰ ਲੋੜੀਂਦਾ ਮੱਲ,ਮਾਸਟਰ ਭਗਵਾਨ ਦਾਸ, ਮਾਸਟਰ ਪਰਮਾਨੰਦ ਜਿਨਾ ਦਾ ਬੇਟਾ ਮਦਨ ਮੇਰਾ ਹਮਜਮਾਤੀ ਹੁੰਦਾ ਤੋਂ ਇਲਾਵਾ ਸ.ਮਹਿਤਾਬ ਸਿੰਘ ਹੈੱਡ ਮਾਸਟਰ ਅਤੇ ਗਿਆਨੀ ਅਰਜਣ ਸਿੰਘ ਮਾਸਟਰ ਸਨ, ਜੋ ਲੋਕਲ ਗੁਰਦੁਆਰਾ ਸਾਬ ਦੇ ਵੀ ਇੰਚਾਰਜ ਹੁੰਦੇ। ਖ਼ਾਲਸਾ ਮਿਡਲ ਸਕੂਲ ਵਿੱਚ ਤਦੋਂ ਸ.ਮਹਿਤਾਬ ਸਿੰਘ ਹੈੱਡ ਮਾਸਟਰ,ਮਾਸਟਰ ਬਿਸ਼ਨ ਦਾਸ, ਮਾਸਟਰ ਦੀਵਾਨ ਚੰਦ ਹੁੰਦੇ ਅਤੇ ਮਾਸਟਰ ਸੰਤ ਰਾਮ ਵੀ ਜਿਨ੍ਹਾਂ ਦਾ ਬੇਟਾ ਤਰਲੋਕ ਸਿੰਘ ਮੇਰਾ ਹਮਜਮਾਤੀ ਹੁੰਦਾ ਜੋ ਹੱਲਿਆਂ ਉਪਰੰਤ ਜਲੰਧਰ ਆ ਆਬਾਦ ਹੋਏ।ਫਿਰ ਮੈਂ ਸਰਕਾਰੀ ਹਾਈ ਸਕੂਲ ਵਿੱਚ ਗਿਆ ਜਿਥੇ ਮਾਸਟਰ ਦੀਵਾਨ ਜਗਨ ਨਾਥ, ਡਰਾਇੰਗ ਮਾਸਟਰ ਸ.ਈਸਰ ਸਿੰਘ ਜੋ ਪਿੱਛੋਂ ਈਸ਼ਵਰ ਚਿੱਤਰਕਾਰ ਵਜੋਂ ਮਸ਼ਹੂਰ ਹੋਏ।ਉਰਦੂ, ਫ਼ਾਰਸੀ ਪੜਾਉਂਦੇ,ਕੈਪਟਨ ਨੂਰਦੀਨ ਜੋ ਫ਼ੌਜ ਚੋਂ ਰਿਟਾਇਰਡ ਸਨ,ਬਹੁਤ ਤੁਅੱਸਬੀ ਅਤੇ ਗੁਸੈਲ਼ ਹੁੰਦੇ। ਮਾਸਟਰ ਸਿਰਖ਼ਰੂ ਖਾਨ ਸਿੱਖ ਇਤਿਹਾਸ ਪੜਾਉਂਦੇ ਬੜੇ ਈਰਖਾਲੂ ਹੋ ਜਾਂਦੇ। ਸ.ਗੰਡਾ ਸਿੰਘ ਉਥੇ ਹੈੱਡ ਮਾਸਟਰ ਹੁੰਦੇ। 
ਸਾਡਾ ਘਰ ਪਿੰਡੀਘੇਬ ਜੋ ਸੀਲ ਨਾਮੇ ਬਰਸਾਤੀ ਨਦੀ ਦੇ ਕੰਢੇ ਉਤੇ ਆਬਾਦ ਸੀ,ਦੇ ਮੇਨ ਬਾਜ਼ਾਰ ਵਿੱਚ ਸੀ। ਥੱਲੇ ਦੁਕਾਨਾਂ ਅਤੇ ਉਪਰ ਰਿਹਾਇਸ਼ ਹੁੰਦੀ।ਦਾਦਾ ਜੀ ਹਿਕਮਤ ਕਰਦੇ,ਦੂਰ ਦਰਾਜ਼ ਦੇ ਪਿੰਡਾਂ ਲਈ ਨਿੱਕਲ ਜਾਂਦੇ,ਸ਼ਾਮ ਨੂੰ ਪਰਤਦੇ। ਪਿਤਾ ਜੀ ਗੁੱੜ੍ਹ ਸ਼ੱਕਰ ਦਾ ਵਪਾਰ ਕਰਦੇ। ਖ੍ਰੀਦੋ ਫ਼ਰੋਖਤ ਲਈ ਸੂਬਾ ਸਰਹੱਦ ਵੀ ਗੇੜ੍ਹਾ ਰੱਖਦੇ। ਗੁਜ਼ਰ ਬਸ਼ਰ ਚੰਗਾ ਚੱਲੀ ਜਾਂਦਾ।ਦਾਦਾ ਜੀ ਦੀ ਮੌਤ ਉਪਰੰਤ ਪਿਤਾ ਜੀ ਨੇ ਇਕ ਸਾਲ ਸ਼ਰਾਬ ਦਾ ਠੇਕਾ ਵੀ ਲਿਆ ਅਤੇ ਚਲਾਇਆ ਪਰ,ਅਸਾਂ ਘਾਟਾ ਹੀ ਖਾਧਾ। ਉਪਰੰਤ ਕਰਿਆਨੇ ਦੀ ਦੁਕਾਨ ਪਾਈ ਜੋ ਚੰਗੀ ਚੱਲੀ। 
ਵੱਡਾ ਭਾਈ ਪ੍ਰਾਇਮਰੀ ਪਾਸ ਕਰਕੇ ਪਿਤਾ ਜੀ ਨਾਲ ਕੰਮ ਵਿਚ ਹੱਥ ਵਟਾਉਣ ਲੱਗਾ।ਦਸਵੀਂ ਪਾਸ ਕਰਨ ਉਪਰੰਤ ਮੈਂ ਵੱਡੀ ਭੈਣ ਪਾਸ ਰਾਵਲਪਿੰਡੀ ਚਲਾ ਗਿਆ।ਉਥੇ ਟਾਈਪ ਸਿੱਖੀ। ਵਾਪਸ ਪਿੰਡ ਆ ਕੇ ਪਿਤਾ ਜੀ ਦੇ ਦੋਸਤ ਸੀਤਾ ਰਾਮ ਅਰਜ਼ੀ ਨਵੀਸ ਪਾਸ ਸਹਾਇਕ ਲੱਗ ਗਿਆ।
ਆਰੀਆ ਸਮਾਜ ਮੰਦਰ ਵਿੱਚ RSS ਦੀ ਸ਼ਾਖਾ ਲੱਗਦੀ ਸੀ।ਡਾ.ਸੋਮ ਦੱਤ ਅਤੇ ਬਾਬੂ ਸੇਵਕ ਰਾਮ ਲੋਕਲ ਇੰਚਾਰਜ ਸਨ। ਅਸੀਂ ਦੋਵੇਂ ਭਾਈ ਵੀ ਉਥੇ ਹਾਜ਼ਰੀ ਭਰਨ ਲੱਗੇ।
ਸਿੱਖ ਸਟੂਡੈਂਟਸ ਫੈਡਰੇਸ਼ਨ ਵੀ ਉਦੋਂ ਜ਼ੋਰ ਫੜ੍ਹ ਰਹੀ ਸੀ।ਸ.ਅਮਰ ਸਿੰਘ ਗੁਲਾਟੀ ਦੇ ਪੋਤਰੇ ਜੋ ਤਦੋਂ ਲਾਹੌਰ ਜਾਂ ਅੰਬਰਸਰ ਪੜ੍ਹਦੇ ਸਨ ਵੀ ਪਿੰਡੀਘੇਬ ਆ ਕੇ ਸਿੱਖ ਮੁੰਡਿਆਂ ਨੂੰ ਕੱਠਾ ਕਰਨ ਲੱਗੇ।
ਪਿੰਡ ਦਾ ਵਸੇਬ: ਸਾਰੀਆਂ ਕੌਮਾਂ ਪਿਆਰ ਮੁਹੱਬਤ ਨਾਲ ਨਿਭਦੀਆਂ।ਕਦੇ ਕੋਈ ਮੱਜ੍ਹਬੀ ਫ਼ਸਾਦ ਨਾ ਡਿੱਠਾ। ਹਿੰਦੂ-ਸਿੱਖ ਆਬਾਦੀ ਸ਼ਹਿਰ ਦੇ ਅੰਦਰੂਨ ਹਿੱਸੇ ਵਿੱਚ ਸੀ,ਮੁਸਲਿਮ ਆਬਾਦੀ ਬਾਹਰੀ ਹਿੱਸੇ ਵਿੱਚ।
ਗੁਆਂਢੀ ਪਿੰਡ:ਇਕ ਇਖਲਾਸ ਅਤੇ ਦੂਜਾ ਖੌੜ ਜਿਸ ਨੂੰ ਜਾਂਦੇ ਕੱਚੇ ਪਹੇ ਉਤੇ ਦਾਦਾ ਜੀ ਨੇ ਹਰਟ ਵਾਲੀ ਜ਼ਮੀਨ ਖਰੀਦ ਰੱਖੀ ਸੀ,ਸਨ। 
ਪਿੰਡ ਦੇ ਧਾਰਮਿਕ ਸਥਾਨ:ਸਨਾਤਨ ਧਰਮ ਅਤੇ ਆਰੀਆ ਸਮਾਜ ਦਾ 1-1 ਮੰਦਰ ਸੀ।ਦੋ ਜੋਗੀਆਂ ਦੇ ਸਥਾਨ ਇਕ ਸਹਿਰ ਅੰਦਰੂਨ ਅਤੇ ਇਕ ਤਹਿਸੀਲ ਤੋਂ ਕਚਹਿਰੀ ਦੇ ਕੱਚੇ ਰਸਤੇ ਉਤੇ ਜਿਥੇ ਗਾਂਜੇ ਅਤੇ ਤੰਬਾਕੂ ਦੇ ਧੂੰਏਂ ਨਾਲ ਮਾਹੌਲ ਧੁਆਂਖਿਆ ਰਹਿੰਦਾ।ਇਕ ਠਾਕੁਰਦੁਆਰਾ ਵੀ ਸੀ ਜਿਸ ਦਾ ਪੁਜਾਰੀ ਇਕ ਸ਼ਬਦੀ ਸਾਧ ਹੁੰਦਾ।
ਭਾਈ ਦਾਸੂ ਰਾਮ ਅਤੇ ਭਾਈ ਜਵੈਹਰੂ ਮੱਲ ਸਾਧਾਂ ਦੇ ਗੁਰਦੁਆਰੇ ਵੱਜਦੇ। ਗੁਰਦੁਆਰਾ ਸਿੰਘ ਸਭਾ ਅਤੇ ਪੰਚਾਇਤੀ ਗੁਰਦੁਆਰਿਆਂ ਤੋਂ ਇਲਾਵਾ ਪੰਜ ਗੁਰਦੁਆਰੇ ਜਾਤੀ ਨਾਮਾ ਪੁਰ ਵੱਜਦੇ ਭਾਈ ਗੁਰਬਖਸ਼ ਸਿੰਘ ਵਾਲਾ, ਭਾਈ ਬਲਵੰਤ ਸਿੰਘ ਥਾਪਰ ਵਾਲਾ,ਭਾਈ ਭਗਤ ਸਿੰਘ ਵਾਲਾ, ਭਾਈ ਗਣੇਸ਼ਾ ਸਿੰਘ ਵਾਲਾ ਅਤੇ ਭਾਈ ਪ੍ਰੇਮ ਸਿੰਘ ਨਿਰੰਕਾਰੀ ਵਾਲਾ ਸਨ।
ਸਕੂਲ: ਉਥੇ ਇਕ ਸਰਕਾਰੀ ਹਾਈ ਸਕੂਲ ਚੱਲਦਾ ਸੀ। 5 ਜੁਲਾਈ 1900 ਵਿੱਚ ਸਿਰੜੀ ਗੁਰਮੁਖ ਸ.ਸਰਧਾ ਸਿੰਘ ਦੀਆਂ ਨਿੱਜੀ ਕੋਸ਼ਿਸ਼ਾਂ ਨਾਲ ਖਾਲਸਾ ਸਕੂਲ ਸਥਾਪਿਤ ਕੀਤਾ ਗਿਆ ਜਿਸ ਦਾ ਪ੍ਰਾਇਮਰੀ ਵਿੰਗ ਬੱਸ ਅੱਡੇ ਦੇ ਨੇੜੇ ਅਤੇ ਮਿਡਲ ਵਿੰਗ ਪਿੰਡੋਂ ਬਾਹਰ ਸੀ।ਭਾਈ ਸ਼ਰਧਾ ਸਿੰਘ ਤੋਂ ਬਾਅਦ ਭਾਈ ਮਿਹਰ ਸਿੰਘ ਨੇ ਖ਼ਾਲਸਾ ਸਕੂਲਾਂ ਦੇ ਵਿਕਾਸ ਲਈ ਅਹਿਮ ਯੋਗਦਾਨ ਪਾਉਂਦੀਆਂ 1945 ਵਿੱਚ ਮਿਡਲ ਵਿੰਗ ਨੂੰ ਖ਼ਾਲਸਾ ਹਾਈ ਸਕੂਲ ਬਣਾ ਦਿੱਤਾ। ਸਰਕਾਰੀ ਹਾਈ ਸਕੂਲ ਵਿੱਚ ਬਹੁਤਾਤ ਗਿਣਤੀ ਮੁਸਲਿਮ ਵਿਦਿਆਰਥੀਆਂ ਦੀ ਅਤੇ ਖ਼ਾਲਸਾ ਸਕੂਲ ਵਿੱਚ ਹਿੰਦੂ-ਸਿੱਖਾਂ ਦੀ ਹੁੰਦੀ। ਖ਼ਾਲਸਾ ਸਕੂਲ ਵਿੱਚ ਦੋ ਸਾਲਾਨਾ ਸਮਾਗਮ ਹੁੰਦੇ।ਇਕ ਸਕੂਲ ਦੀ ਸਥਾਪਨਾ ਦਿਵਸ ਅਤੇ ਦੂਜਾ ਗੁਰੂ ਨਾਨਕ ਗੁਰਪੁਰਬ। ਦੋਨਾਂ ਸਮੇਂ ਆਖੰਡ ਪਾਠਾਂ ਦੇ ਭੋਗ ਪੈਂਦੇ। ਦੀਵਾਨ ਅਤੇ ਲੰਗਰ ਲੱਗਦੇ।ਨਾਨਕ ਉਰਸ ਵੇਲੇ ਸਾਰੇ ਪਿੰਡੀਘੇਬ ਵਿਚ ਨਗਰ ਕੀਰਤਨ ਨਿਕਲਦਾ। ਅਸੀਂ ਵੀ ਨਿਮਾਣੇ ਸੇਵਕਾਂ ਵਜੋਂ ਵੱਧ ਚੜ੍ਹ ਕੇ ਸੇਵਾ ਕਰਦੇ।
ਛਵੀਆਂ ਦੀ ਰੁੱਤ:ਸਾਬਣ ਦੇ ਕਾਰੋਬਾਰ ਵਜੋਂ ਸਰਗੋਧਾ ਸ਼ਹਿਰ ਮਸ਼ਹੂਰ ਸੀ। ਮੈਂ ਉਥੇ ਸਾਬਣ ਦੀ ਏਜੰਸੀ ਲੈਣ ਦੇ ਸਿਲਸਿਲੇ ਲਈ ਗਿਆ ਹੋਇਆ ਸਾਂ ਅਤੇ ਵੱਡਾ ਭਰਾ ਵਪਾਰ ਦੇ ਸਿਲਸਿਲੇ ਵਿੱਚ ਮਾਰਚ ਮਹੀਨੇ ਇਕ ਹੋਰ ਦੁਕਾਨ ਦਾਰ ਨਾਲ ਸੌਦਾ ਖਰੀਦਣ ਲਈ ਰਾਵਲਪਿੰਡੀ ਗਿਆ। 7 ਮਾਰਚ ਨੂੰ ਫ਼ਿਰਕੂ ਫ਼ਸਾਦ ਸ਼ੁਰੂ ਹੋ ਗਏ ਉਹ ਉਥੇ 14 ਦਿਨ ਇਕ ਚੁਬਾਰੇ ਵਿਚ ਫਸਿਆ ਰਿਹਾ। ਬੜੀ ਮੁਸ਼ਕਲ ਨਾਲ ਬਚ ਬਚਾਅ ਕੇ ਆਇਆ ਉਦੋਂ  ਉਥੇ ਫ਼ਿਰਕੂ ਫ਼ਸਾਦ ਸ਼ੁਰੂ ਹੋ ਚੁੱਕੇ ਸਨ।ਮਾਰਚ ਮਹੀਨੇ ਹੱਲਿਆਂ ਵਿਚ ਪੋਠੋਹਾਰ ਇਲਾਕੇ ਵਿੱਚ ਹਿੰਦੂ-ਸਿੱਖਾਂ ਦਾ ਬਹੁਤ ਨੁਕਸਾਨ ਹੋਇਆ। ਪਿੰਡਾਂ ਦੇ ਪਿੰਡ ਫੂਕ ਦਿੱਤੇ ਗਏ। ਇੱਜ਼ਤ ਬਚਾਉਣ ਲਈ ਨੂੰਹਾਂ-ਧੀਆਂ ਖੂਹਾਂ ਵਿੱਚ ਛਾਲਾਂ ਮਾਰ ਗਈਆਂ।
ਪਰ ਸਾਡੇ ਪਿੰਡੀਘੇਬ ਵਿਚ ਹਾਲਾਂ ਅਮਨ ਅਮਾਨ ਸੀ।ਲੋਕ ਇਸ ਉਮੀਦ ਨਾਲ ਬੈਠੇ ਰਹੇ ਕਿ ਠੰਢ ਪੈ ਜਾਏਗੀ।ਪਰ ਫ਼ਿਰਕੂ ਅੱਗ ਤੇਜ਼ੀ ਨਾਲ ਫੈ਼ਲ ਰਹੀ ਸੀ।
-ਤੇ ਕਾਫ਼ਲਾ ਤੁਰ ਪਿਆ:ਮਹਾਰਾਜਾ ਯਾਦਵਿੰਦਰ ਸਿੰਘ ਪਟਿਆਲਾ ਨੇ ਬਰਬਾਦ ਹੋਇਆਂ ਨੂੰ ਮੁੜ ਆਬਾਦ ਕਰਨ ਲਈ ਪਟਿਆਲਾ ਰਿਆਸਤ ਦੇ ਦਰਵਾਜ਼ੇ ਖੋਲ੍ਹ ਦਿੱਤੇ। ਸੋ ਬਹੁਤੇ ਪੋਠੋਹਾਰੀ ਪਟਿਆਲਾ ਰਿਆਸਤ ਵਿੱਚ ਜਾ ਆਬਾਦ ਹੋਏ। ਸਾਡਾ ਸਾਰਾ ਪਰਿਵਾਰ ਵੀ ਜੂਨ ਮਹੀਨੇ ਰੇਲ ਗੱਡੀ ਰਾਹੀਂ ਬਰਾਸਤਾ ਰਾਵਲਪਿੰਡੀ-ਲਾਹੌਰ - ਜਲੰਧਰ-ਲੁਧਿਆਣਾ  ਭਾਈ ਰਣਧੀਰ ਸਿੰਘ ਨਾਰੰਗਵਾਲ ਦੇ ਘਰ ਪਹੁੰਚ ਗਿਆ। ਉਥੇ ਹੀ ਵੱਡੇ ਭਾਈ ਨਿਰੰਜਨ ਸਿੰਘ ਦੀ ਸ਼ਾਦੀ ਹੋਈ। ਮੈਂ ਅੰਮ੍ਰਿਤ ਛਕਿਆ।ਪਿਤਾ ਜੀ ਨੇ ਵੀ ਕੇਸ ਰੱਖ ਲਏ।
ਸਾਡਾ ਸਾਰਾ ਪਰਿਵਾਰ ਉਥੋਂ ਪਟਿਆਲਾ ਰਿਹਾਇਸ਼ ਪੁਜੀਰ ਹੋਇਆ।ਕੁਝ ਮਹੀਨੇ ਉਪਰੰਤ ਤਪਾ ਮੰਡੀ ਤਦੋਂ ਜ਼ਿਲ੍ਹਾ ਬਠਿੰਡਾ ਵਿੱਚ ਚਲੇ ਗਏ ਕਿਉਂਕਿ ਉਥੇ ਪਿਤਾ ਜੀ ਦੇ ਦੂਰ ਤੋਂ ਕੁੱਝ ਜਾਣੂੰ ਸਨ। ਜੁਲਾਈ ਮਹੀਨੇ ਮੈਂ ਅਤੇ ਪਿਤਾ ਜੀ ਫਿਰ ਪਿੰਡੀ ਜਾ ਪਹੁੰਚੇ। ਕੁੱਝ ਦਿਨ ਰੁਕਣ ਤੋਂ ਬਾਅਦ ਦੇਖਿਆ ਕਿ ਹਾਲਾਤ ਸੁਧਰਨ ਦੇ ਆਸਾਰ ਨਹੀਂ। ਪਾਕਿਸਤਾਨ ਬਣੇਗਾ ਤਾਂ ਉਠਣਾ ਤਾਂ ਪਏਗਾ ਹੀ। 7 ਜੁਲਾਈ ਨੂੰ   ਉਥੋਂ ਕੁੱਝ ਹਲਕਾ ਫੁਲਕਾ ਸਮਾਨ ਲਿਆ ਅਤੇ ਬਾਕੀ ਗੁਆਂਢੀ ਮੁਸਲਮਾਨ ਭਰਾਵਾਂ ਦੇ ਹਵਾਲੇ ਕਰ,ਮੁੜ ਤਪੇ ਆ ਢੁਕੇ। 8 ਜੁਲਾਈ ਨੂੰ ਪਿੰਡੀਘੇਬ ਵਿਚ ਬੁਰਛਾਗਰਦੀ ਸ਼ੁਰੂ ਹੋਈ।
ਜ਼ਮੀਨ ਸਾਨੂੰ ਅੰਬਾਲਾ ਕੈਂਟ ਦੇ ਪਿੰਡ ਲੋਹਟਮ ਵਿੱਚ ਅਲਾਟ ਹੋਈ।ਸਮੇਤ ਪਰਿਵਾਰ ਉਥੇ ਜਾ ਪਹੁੰਚੇ। ਖੇਤਾਂ ਵਿੱਚ ਕਮਾਦ ਖੜ੍ਹਾ ਸੀ।ਉਸ ਨੂੰ ਸਾਂਭਿਆ,ਵੇਚਿਆ। ਪਰ ਪਿਤਾ ਅਤੇ ਭਰਾ ਨੇ ਖੇਤੀ ਵਿੱਚ ਕੋਈ ਦਿਲਚਸਪੀ ਨਾ ਵਿਖਾਈ। ਕੁੱਝ ਸਾਲ ਮੈਂ ਖੇਤੀ ਕੀਤੀ।ਪਰ ਮੇਰਾ ਮਨ ਪੜ੍ਹ ਲਿਖ ਕੇ ਕੋਈ ਅਫ਼ਸਰ ਬਣਨਾ ਲੋਚਦਾ ਸੀ।ਸੋ ਮੈਂ ਖੇਤੀ ਛੱਡ ਕੇ ਅੰਬਾਲਾ ਕੈਂਟ ਸਥਿਤ ਫ਼ੌਜੀ ਦਫ਼ਤਰ 'ਚ, ਟਾਈਪਿਸਟ ਦੀ ਨੌਕਰੀ ਕਰ ਲਈ। ਉਥੇ ਵੀ ਮੈਂ ਸੰਤੁਸ਼ਟ ਨਾ ਹੋਇਆ। ਦਿੱਲੀ ਪੁਲਿਸ ਦੇ CID ਵਿੰਗ ਵਿੱਚ,ਮੁੱਖ ਸਿਪਾਹੀ ਭਰਤੀ ਹੋ ਗਿਆ।ਉਥੇ ਤਰੱਕੀ ਦੀ ਰਾਹ ਘੱਤੀ।ਇੰਸਪੈਕਟਰ ਬਣਿਆਂ।MA(Pbi-Hindi) ਦੀ ਕਰੀ ਕਿਓਂ ਜੋਂ ਮੇਰਾ ਦਿਲ ਅਧਿਆਪਕ ਬਣਨ ਲਈ ਮਚਲਣ ਲੱਗਾ। ਪੁਲਿਸ ਇੰਸਪੈਕਟਰ ਦੀ ਨੌਕਰੀ ਛੱਡ ਕੇ ਕਰਨਾਲ ਹਿੰਦੂ ਕਾਲਜ ਵਿੱਚ ਪ੍ਰੋਫ਼ੈਸਰ ਜਾ ਲੱਗਾ। ਉਥੋਂ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਸਰਕਾਰੀ ਕਾਲਜ ਹਿਸਾਰ ਵਿੱਚ ਜਾ ਪਹੁੰਚੇ,Phd.ਕੀਤੀ। ਹਿਸਾਰ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਾ,DLit.ਕੀਤੀ।1984 ਵਿੱਚ HoD. ਰੀਟਾਇਰ ਹੋਇਆਂ। ਉਪਰੰਤ ਵਿਹਲਾ ਨਾ ਬੈਠਾ। ਪੰਜਾਬੀ-ਹਿੰਦੀ ਦੀਆਂ ਦਰਜਨਾਂ ਕਿਤਾਬਾਂ ਲਿਖੀਆਂ। ਰਮਾਇਣ ਤੁਲਸੀ ਦਾਸ, ਸ੍ਰੀ ਦਸਮ ਗ੍ਰੰਥ ਸਮੇਤ ਦਰਜਨਾਂ ਦੀ ਟਰਾਂਸਲੇਸ਼ਨ ਕੀਤੀ। ਬਿਹਤਰੀਨ ਅਨੁਵਾਦ ਅਤੇ ਖੋਜ਼ ਕਾਰਜ਼ਾਂ ਲਈ ਰਾਸ਼ਟਰੀ ਅਤੇ ਰਾਜ ਪੱਧਰੀ ਦਰਜਨਾਂ ਇਨਾਮ/ਸਨਮਾਨ ਮਿਲੇ। ਜਿਨ੍ਹਾਂ ਵਿੱਚ ਖ਼ਾਸ ਗਿਆਨ ਰਤਨ ਅਤੇ 2023 ਵਿੱਚ ਪਦਮਸ਼੍ਰੀ ਐਵਾਰਡ ਵਿਸ਼ੇਸ਼ ਹਨ।
                            ---0---
ਮੇਰੀ ਸ਼ਾਦੀ 1959ਵਿਚ ਦਿੱਲੀ ਤੋਂ ਸਕੂਲ ਅਧਿਆਪਕਾ ਸਰਦਾਰਨੀ ਰਜਿੰਦਰ ਕੌਰ ਨਾਲ ਹੋਈ।ਦੋ ਬੇਟੇ ਵਰਿੰਦਰ ਸਿੰਘ ਅਤੇ ਮਾਲਵਿੰਦਰ ਸਿੰਘ ਜੱਗੀ ਪੈਦਾ ਹੋਏ। ਅਫ਼ਸੋਸ ਕਿ ਪਤਨੀ ਅਤੇ ਵੱਡੇ ਬੇਟੇ ਦੀ ਉਮਰ ਬਹੁਤ ਥੋੜ੍ਹ ਚਿਰੀ ਸੀ। ਮੇਰੀ ਦੂਜੀ ਸ਼ਾਦੀ ਸਕੂਲ ਅਧਿਆਪਕਾ ਸਰਦਾਰਨੀ ਗੁਰਸ਼ਰਨ ਕੌਰ ਨਾਲ ਹੋਈ ਜੋ ਬੁਲੰਦੀਆਂ ਨੂੰ ਸਰ ਕਰਦਿਆਂMA(Pbi-Hindi) PhD./ DLt.ਕਰ ਗਏ ਅਤੇ ਵੱਖ ਵੱਖ ਕਾਲਜਾਂ ਵਿੱਚ ਲੈਕਚਰਾਰ ਰਹਿਣ ਉਪਰੰਤ ਸਰਕਾਰੀ ਕਾਲਜ ਪਟਿਆਲਾ ਤੋਂ ਪ੍ਰਿੰਸੀਪਲ ਰੀਟਾਇਰਡ ਹੋਏ। ਦਰਜਨਾਂ ਕਿਤਾਬਾਂ ਦੀ ਰਚਨਾ ਕਰਦਿਆਂ ਮੁਣਸ਼ੀ ਪ੍ਰੇਮ ਚੰਦ ਦੀ ਜੀਵਨੀ ਦੇ ਅਨੁਵਾਦ ਦਾ ਰਾਸ਼ਟਰੀ ਪੁਰਸਕਾਰ ਵੀ ਪ੍ਰਾਪਤ ਕੀਤਾ। ਮੇਰੀਆਂ ਸਾਹਿਤਕ ਖੋਜ਼ਾਂ ਅਤੇ ਸਾਰੀਆਂ ਉਪਲੱਬਧੀਆਂ ਦਾ ਸਿਹਰਾ ਉਨ੍ਹਾਂ ਸਿਰ ਬੱਝਦਾ ਹੈ।
ਬੇਟਾ ਮਾਲਵਿੰਦਰ ਸਿੰਘ ਜੱਗੀ ਪੰਜਾਬ ਸਰਕਾਰ ਦੇ ਮੌਜੂਦਾ ਸੀਨੀਅਰ IAS ਅਫ਼ਸਰ ਹਨ ਅਤੇ ਨੂੰਹ ਰਾਣੀ ਇੰਦਰਬੀਰ ਕੌਰ ਆਯੁਰਵੈਦਿਕ ਡਾਕਟਰ।ਅੱਜ ਮੈਂ ਆਪਣੇ ਪਰਿਵਾਰ ਵਿੱਚ ਜ਼ਿੰਦਗੀ ਦਾ ਪਿਛਲਾ ਪਹਿਰ ਅਰਬਨ ਅਸਟੇਟ ਪਟਿਆਲਾ ਵਿਖੇ ਬੜੀ ਤਸੱਲੀ ਅਤੇ ਪੁਰ ਸਕੂਨ ਨਾਲ ਹੰਢਾਅ ਰਿਹੈਂ।"

ਮੁਲਾਕਾਤੀ: ਸਤਵੀਰ ਸਿੰਘ ਚਾਨੀਆਂ
          92569-73526


author

Tarsem Singh

Content Editor

Related News