ਹੱਡ ਬੀਤੀ ਜੱਗ ਬੀਤੀ : ਹੱਥੋਂ ਝਪਟੀ ਪੜ੍ਹਾਈ

Thursday, Jul 15, 2021 - 10:35 AM (IST)

ਦਸਵੀਂ ’ਚ ਪੜ੍ਹਦਿਆਂ-ਪੜ੍ਹਦਿਆਂ ਬੜੇ ਵੱਡੇ-ਵੱਡੇ ਸੁਫ਼ਨੇ ਸਾਂਭੇ ਸਨ ਆਪਣੀਆਂ ਨਿੱਕੀਆਂ-ਨਿੱਕੀਆਂ ਅੱਖਾਂ ’ਚ...। ਹਰ ਵਕਤ ਮੇਰੇ ਦਿਲ ਨੂੰ ਤਰਲੋ ਮੱਛੀ ਲੱਗੀ ਰਹਿੰਦੀ ਸੀ ਕਿ ਕਦੋਂ ਹੋਣਗੇ ਪੇਪਰ? ਕਦੋਂ ਆਉ ਰਿਜ਼ਲਟ...? ਕਦੋਂ ਮੈਂ ਵੱਡੇ ਸਕੂਲ ’ਚ ਲਵਾਂਗਾ ਦਾਖ਼ਲਾ...ਕਈ ਵਾਰ ਘਰ ਦੀ ਆਰਥਿਕ ਸਥਿਤੀ ਨੂੰ ਦੇਖ ਮਨ ਕਹਿੰਦਾ,‘‘ ਰੱਬ ਹੀ ਜਾਣਦਾ ਕਿ ਉਹ ਦਿਨ ਆਉਣਾ ਵੀ ਜਾਂ ਨਹੀਂ...। ਚੌਥੀ-ਪੰਜਵੀਂ ’ਚ ਪੜ੍ਹਦਿਆਂ-ਪੜ੍ਹਦਿਆਂ ਤੁਕਾਂ ਜੋੜਨ ਕਰਕੇ ਬਾਲ ਮਨ ਦੀ ਇੱਛਾ ਬਣ ਗਈ ਸੀ ਕਿ ਖ਼ਾਸਾ ਪੜ੍ਹਕੇ ਵੱਡਾ ਗਵੱਈਆ ਬਣਾਗਾਂ। ਖ਼ੈਰ ਸਿਆਣਿਆਂ ਦੀਆਂ ਕਹੀਆਂ ਗੱਲਾਂ ਸੱਚ ਨੇ ਕਿਸੇ ਨੂੰ ਵੀ ਸਮੇਂ ਤੋਂ ਪਹਿਲਾਂ ਅਤੇ ਕਿਸਮਤ ਤੋਂ ਵੱਧ ਨਹੀਂ ਮਿਲਦਾ...। ਦਸਵੀਂ ਦਾ ਰਿਜ਼ਲਟ ਆਉਣ ’ਤੇ ਵਿਹੜੇ 'ਚ ਭਾਂਡੇ ਮਾਂਝਦੀ ਬੇਬੇ ਨੂੰ ਜਦੋਂ ਦੱਸਿਆ ਕਿ ਮੈਂ ਦਸਵੀਂ ’ਚੋਂ ਪਾਸ ਹੋ ਕੇ ਦੂਜੇ ਨੰਬਰ ’ਤੇ ਆਇਆ ਹਾਂ ਤਾਂ ਬੇਬੇ ਵਿਚਾਰੀ ਬਹੁਤ ਖ਼ੁਸ਼ ਹੋਈ ਸੀ...ਮੈਂ ਥਾਂਏ ਹੀ ਬੈਠ ਬੇਬੇ ਦੇ ਤਰਲੇ ਕੱਢਣ ਲੱਗਿਆ, ‘‘ਬੇਬੇ ਮੈਨੂੰ ਅੱਗੇ ਪੜ੍ਹਨ ਲਾਉਗੇ ਨਾ ਵੱਡੇ ਸਕੂਲ ’ਚ...। ਬੇਬੇ ਦੀਆਂ ਮੇਰੇ ਵੱਲ ਦੇਖਦਿਆਂ-ਦੇਖਦਿਆਂ ਤਰਸ ਨਾਲ ਅੱਖਾਂ ਛਲਕ ਪਈਆਂ ਸਨ। ਬੇਬੇ ਨੇ ਅੱਖਾਂ ਨੂੰ ਮੈਲੀ ਚੁੰਨੀ ਦੇ ਲੜ ਨਾਲ ਸਾਫ਼ ਕੀਤਾ ਅਤੇ ਆਖਣ ਲੱਗੀ। ਪੁੱਤ ਤੈਨੂੰ ਪਤਾ ਤਾਂ ਹੈ ਕਿ ਆਪਣੇ ਘਰ ਦਾ ਗੁਜ਼ਾਰਾ ਕਿੰਨਾ ਔਖਾ ਤੁਰਦਾ ਐ...ਕੀ ਕਰੀਏ ਤੇਰੇ ਬਾਪੂ ਦੀ ਸਰਕਾਰੀ ਨੌਕਰੀ ਨੂੰ........ਮੈਂ ਵੀ ਚਾਹੁੰਦੀ ਹਾਂ ਕਿ ਪੁੱਤ ਤੂੰ ਲੋਕਾਂ ਵਾਂਗ ਪੜ੍ਹ ਕੇ ਕੁਝ ਬਣੇ ਪਰ। ਮੇਰੇ ਵੀ ਹੱਥ-ਪੱਲੇ ਕੁਝ ਨਹੀਂ ,ਮੈਂ ਤਾਂ ਕਰ ਵੀ ਕੁਝ ਨਹੀਂ ਕਰ ਸਕਦੀ...। ਨਾਲੇ ਪੁੱਤ ਜੇ ਤੂੰ ਪੜ੍ਹ ਵੀ ਗਿਆ... ਇਹ ਤਾਂ ਨਹੀਂ ਨਾ ਕਹਿ ਸਕਦੇ ਕਿ ਤੈਨੂੰ ਜ਼ਰੂਰ ਨੌਕਰੀ ਈ ਮਿਲੂ...। ਉਂਝ ਇਕ ਦਿਨ ਤੇਰਾ ਬਾਪੂ ਕਹਿੰਦਾ ਸੀ ਕਿ ਉਸ ਨੇ ਆਪਣੇ ਨੇੜਲੇ ਪਿੰਡ ਵਾਲੇ  ਸੇਠ ਨਾਲ ਗੱਲ ਕੀਤੀ ਆ ਤੈਨੂੰ ਕੰਮ ਸਿਖਾਉਣ ਦੀ...। " ਮੈਂ ਚੁੱਪ ਵੱਟ ਲਈ, ਮੈਨੂੰ  ਬੇਬੇ ਨੂੰ ਕਰਨ ਲਈ ਕੋਈ ਸਵਾਲ ਨਾ ਔੜਿਆ । ਮੈਂ ਨੀਵੀਂ ਪਾ ਕੇ ਬੈਠ ਗਿਆ ਸਾਂ। ਬੇਬੇ ਫੇਰ ਬੋਲੀ, ‘‘ ਫੇਰ ਵੀ ਪੁੱਤ ਤੂੰ ਆਪਣੇ ਬਾਪੂ ਨੂੰ ਇਕ ਵਾਰ ਪੁੱਛ ਕੇ ਦੇਖ ਲੈ...।

ਲੇਖਕ ਦੇ ਮਾਤਾ-ਪਿਤਾ ਦੀ ਤਸਵੀਰ

PunjabKesari

ਅਜੇ ਅਸੀਂ ਗੱਲ ਈ ਕਰ ਰਹੇ ਸਾਂ ਤਾਂ ਕਿ ਬਾਪੂ ਸ਼ਰਾਬ ਨਾਲ ਰੱਜਿਆ ਵਿਹੜੇ ਆ ਵੜਿਆ...ਉਹ ਝੂਲ ਰਿਹਾ ਸੀ ਸ਼ਰਾਬ ਦੇ ਨਸ਼ੇ ’ਚ। ਸਾਇਕਲ ਦੇ ਹੈਂਡਲ ਨੂੰ ਕੁਝ ਲਿਫ਼ਾਫ਼ੇ ਅਤੇ ਪੱਗ ਢਹਿ ਜਾਣ ਕਰਕੇ ਦੁਬਾਰੇ ਵਲੇਟੀ ਹੋਈ ਸੀ। ਮੈਂ ਭੱਜ ਕੇ ਬਾਪੂ ਕੋਲ ਗਿਆ ਬੜੇ ਚਾਅ ਨਾਲ ਦੱਸਣ ਲੱਗਾ, ਬਾਪੂ ਜੀ ਮੈਂ ਪਾਸ ਹੋ ਗਿਆ। ਬਾਪੂ ਨੇ ਸਾਇਕਲ ਕੱਚੀ ਕਧੋਲੀ ਨਾਲ ਲਾਇਆ ਤੇ ਮੇਰਾ ਮੂੰਹ ਚੁੰਮਿਆ, ਬਾਪੂ  ਤੋਂ ਆਉਂਦੀ ਸ਼ਰਾਬ ਦੀ ਬਦਬੂ ਨਾਲ ਮੈਨੂੰ ਧੁੜ-ਧੜੀ ਜਿਹੀ ਚੜ੍ਹੀ। ਮੈਂ ਬਾਪੂ ਕੋਲ ਬੈਠ ਕਹਿਣ ਲੱਗਿਆ,‘‘ਬਾਪੂ ਜੀ ਮੈਨੂੰ ਹੁਣ ਵੱਡੇ ਸਕੂਲ ਪੜ੍ਹਣ ਲਓਂਗੇ ਨਾ...? ਬਾਪੂ ਸ਼ੇਰ ਵਾਂਗ ਗੜਕਵੀ ਆਵਾਜ਼ ’ਚ ਬੋਲਿਆ...ਪੁੱਤਰਾਂ ਤੂੰ ਬੇਫ਼ਿਕਰ ਰਹਿ ਮੈਂ ਤੈਨੂੰ ਆਪਣੀ ਜਾਨ ਵੇਚ ਕੇ ਵੀ ਪੜਾਉਂ... ਬਸ ਤੂੰ ਪੜ੍ਹਣ ਵਾਲਾ ਬਣ।’ ਮੇਰੀ ਗੱਲ ਪਲੋਸਣ ਲੱਗਿਆ, ਪੁੱਤ ਜੇ ਤੂੰ ਮੇਰੇ ਤੋਂ ਚਿੜੀਆਂ ਦਾ ਦੁੱਧ ਵੀ ਮੰਗੇ ਤਾਂ ਮੈਂ ਤੇਰੇ ਲਈ ਉਹ ਵੀ ਹਾਜ਼ਰ ਕਰਦੂੰ...। ਸਾਰੀ ਰਾਤ ਚਾਅ ’ਚ ਮੈਂ ਸੁੱਤਾ ਨਹੀਂ ।

ਲੇਖਕ ਦੀ ਬਚਪਨ ਦੀ ਤਸਵੀਰ

PunjabKesari
 ਅਗਲੀ ਸਵੇਰ ਚੌਂਕੇ ਬੈਠੇ ਅਸੀਂ ਸਾਰੇ ਚਾਹ ਪੀ ਰਹੇ ਸਾਂ...ਸੂਰਜ ਦੀ ਲਾਲੀ ਤੇ ਮਿੱਠੀ-ਮਿੱਠੀ ਹਵਾ ਨੇ ਮੌਸਮ ਨੂੰ ਸੁਹਾਵਣਾ-ਸੁਹਾਵਣਾ ਬਣਾਇਆ ਹੋਇਆ ਸੀ... ਮੈਂ ਗੱਲ ਫੇਰ ਦੁਹਰਾਈ। ਬਾਪੂ ਜੀ ਆਪਾਂ ਨੇ ਕਦੋਂ ਜਾਣਾ ਦਾਖ਼ਲਾ ਭਰਵਾਉਣ...? ਬਾਪੂ ਨੇ ਚਾਹ ਵਾਲੇ ਹੱਥ ਫੜ੍ਹੇ ਖੱਦਰ ਦੇ ਗਿਲਾਸ ਨੂੰ ਵਗਾਹ ਕੇ ਮਾਰਿਆ। ਅਸੀਂ ਸਾਰੇ ਡਰ ਗਏ ਕਿ ਪਤਾ ਨਈ ਕੀ ਹੋ ਗਿਆ। ਬਾਪੂ ਬੋਲਣ ਲੱਗਿਆ, ‘‘ਨਾ ਤੂੰ ਪੜ੍ਹ ਕੇ ਕਲੈਕਟਰ ਲੱਗਣੈ... ਤੇਰੇ ਵਰਗੇ ਅਨਪੜ੍ਹ ਨੂੰ ਤਾਂ ਕੋਈ ਜੱਟ ਸੀਰੀ ਵੀ ਨਈ ਰੱਖ ਸਕਦਾ... ਤੂੰ ਸਰਕਾਰੀ ਨੌਕਰੀ ਲੱਗਣ ਨੂੰ ਫਿਰਦਾ ਏ ਪੜ੍ਹ ਕੇ। ਮੈਂ ਕੀਤੀ ਏ ਮੰਗਤੇ ਸੇਠ ਨਾਲ ਗੱਲ, ਉਹਨੂੰ ਲੋੜ ਆ ਕੰਮ ਕਰਨ ਵਾਲੇ ਮੁੰਡੇ ਦੀ, ਨਾਲੇ ਕੰਮ ਸਿਖਾਊ ਨਾਲੇ ਚਾਰ ਸੌ ਰੁਪਿਆ ਦਊ ਮਹੀਨੇ ਦਾ...ਜਦੋਂ ਕੰਮ ਸਿੱਖ ਗਿਆ ਕਰਵਾ ਦਵਾਂਗੇ ਹੱਟੀ ਕਾਸੇ ਦੀ...। ਮੈਂ ਪੈਰਾਂ ਭਾਰ ਬੈਠਾ ਸਾਂ ਨੀਵੀਂ ਜਿਹੀ ਪਾ ਤੇ ਮੇਰੀਆਂ ਅੱਖਾਂ ’ਚੋਂ ਹੰਝੂ ਧਰਤੀ ’ਤੇ ਡਿੱਗ ਰਹੇ ਸਨ ਲੜੀ ਬਣ ਕੇ...ਕਿਉਂਕਿ ਬਾਪੂ ਨੇ ਕਿਸੇ ਜੱਜ ਵਾਂਗ ਆਪਣਾ ਫ਼ੈਸਲਾ ਸੁਣਾ ਦਿੱਤਾ ਸੀ....ਮੈਂ ਦੁਖੀ ਹੋਏ ਨੇ ਮਨੋ ਮਨੀ ਰੱਬ ਨੂੰ ਰੱਜ ਕੇ ਗਾਲ੍ਹਾ ਕੱਢੀਆਂ ਨਾਲ ਆਪਣੇ ਬਾਪੂ ਨੂੰ ਜਿਹੜਾ ਮੈਨੂੰ ਸਕੂਲ ’ਚ ਦਾਖ਼ਲ ਨਹੀਂ ਕਰਵਾ ਸਕਦਾ । ਉਹ ਹਜ਼ਾਰਾਂ ਰੁਪਏ ਲਾ ਕੇ ਹੱਟੀ ਕਿਵੇਂ ਕਰਵਾ ਦਊ...। ਸੇਠ ਦੀ ਹੱਟੀ 'ਤੇ ਪਹਿਲੇ ਦਿਨ ਮੈਂ ਬਾਪੂ ਦੇ ਸਾਇਕਲ ਮਗਰ ਬੈਠ ਸਾਰੇ ਰਾਹ ਰੋਂਦਾ ਗਿਆ ਸਾਂ।

ਅਲੀ ਰਾਜਪੁਰਾ
ਮੋਬਾਇਲਾ-94176-79302


Aarti dhillon

Content Editor

Related News