ਜਦੋਂ ਮੈਂ ਸਰਕਾਰੀ ਕਾਲਜ ਕਰਮਸਰ ਵੇਖਿਆ...!

Wednesday, Oct 23, 2024 - 12:57 PM (IST)

ਜਦੋਂ ਮੈਂ ਸਰਕਾਰੀ ਕਾਲਜ ਕਰਮਸਰ ਵੇਖਿਆ...!

ਪੰਚਾਇਤੀ ਵੋਟਾਂ ਦਾ ਕਾਰਜ ਨਿਪਟਾਉਂਦਿਆਂ ਅਧੀ ਰਾਤ ਤੋਂ ਉੱਪਰ ਲੰਘ ਚੁੱਕੀ ਸੀ ਤੇ ਵੋਟਾਂ ਸੰਬੰਧੀ ਸਮੱਗਰੀ ਜਮ੍ਹਾਂ ਕਰਵਾਉਂਦੇ ਹੋਏ ਕਈ ਚੌਣ ਪਾਰਟੀਆਂ ਨੂੰ ਰਾਤ ਦੇ ਢਾਈ ਤਿੰਨ ਵੀ ਵੱਜ ਗਏ ਸਨ। ਇਹੋ ਵਜ੍ਹਾ ਸੀ ਕਿ ਜਿਲ੍ਹਾ ਪ੍ਰਸਾਸ਼ਨ ਵਲੋਂ ਚੋਣਾਂ ਦੇ ਦੂਜੇ ਦਿਨ ਡਿਊਟੀ ਤੇ ਤਾਇਨਾਤ ਸਾਰੇ ਮੁਲਾਜ਼ਮਾਂ ਨੂੰ ਛੁੱਟੀ ਕਰ ਦਿੱਤੀ ਸੀ। ਆਪਣੇ ਉਕਤ ਕਾਰਜ ਨੂੰ ਨਿਪਟਾਉਣ ਉਪਰੰਤ ਜਿਵੇਂ ਹੀ ਮੈਂ ਘਰ ਪਹੁੰਚਿਆ ਤਾਂ ਦਿਨ ਭਰ ਦੀ ਥੁਕਾਵਟ ਅਤੇ ਰਾਤ ਦੀ ਬੇ-ਆਰਾਮੀ ਦੇ ਚਲਦਿਆਂ ਢੂਹੀ ਬੈੱਡ ਤੇ ਲਾਉਂਦੇ ਹੀ ਨੀਂਦ ਆ ਗਈ ਅਤੇ ਫਿਰ ਸਵੇਰੇ ਫਜਰ ਦੀ ਅਜ਼ਾਨ ਤੋਂ ਪਹਿਲਾਂ ਅੱਖ ਖੁੱਲ੍ਹੀ। ਮੈਂ ਭਾਵੇਂ ਰਾਤ ਨੂੰ ਕਿੰਨੀ ਮਰਜ਼ੀ ਲੇਟ ਸੋਵਾਂ ਪਰ ਕਈ ਸਾਲ ਤੋਂ ਪਹੁ ਫੁੱਟਣ ਤੋਂ ਪਹਿਲਾਂ ਅੱਖ ਆਪੇ ਖੁੱਲ੍ਹ ਜਾਂਦੀ ਹੈ ਦਰਅਸਲ ਉਸ ਦੀ ਵਜ੍ਹਾ ਇਹ ਹੈ ਕਿ ਪਿਛਲੇ ਕਈ ਸਾਲਾਂ ਤੋਂ ਰੱਬ ਦੀ ਮਿਹਰ ਸਦਕਾ ਸਵੇਰੇ ਅਜ਼ਾਨ ਦੇਣ ਦੀ ਡਿਊਟੀ ਮੇਰੇ ਹਿੱਸੇ ਆਈ ਹੋਈ ਹੈ। 

ਸਵੇਰੇ ਨਮਾਜ਼ ਪੜਨ ਉਪਰੰਤ ਸੌਣ ਦੀ ਕੋਸ਼ਿਸ਼ ਕੀਤੀ ਪਰ ਨੀਂਦ ਨਾ ਆਈ ਇਸੇ ਦੌਰਾਨ ਮੋਬਾਇਲ ਦੀ ਰਿੰਗ ਵੱਜੀ ਡਿਸਪਲੇ ਤੇ ਨਜ਼ਰ ਮਾਰੀ ਤਾਂ ਡਾ.ਇਰਫਾਨ ਫਾਰੂਕੀ ਹੁਰਾਂ ਦਾ ਫੋਨ ਸੀ। ਡਾ.ਇਰਫਾਨ ਫਾਰੂਕੀ ਕਾਲਜ ਚ ਮੇਰੇ ਮਨੋਵਿਗਿਆਨ ਦੇ ਉਸਤਾਦ (ਪ੍ਰੋਫੈਸਰ) ਸਨ ਇੱਕੋ ਸ਼ਹਿਰ ਦੇ ਹੋਣ ਕਰਕੇ ਆਪਣੀ ਪੜ੍ਹਾਈ ਮੁਕੰਮਲ ਹੋਣ ਉਪਰੰਤ ਵੀ ਮੇਰਾ ਉਨ੍ਹਾਂ ਨਾਲ ਇੱਕ ਜੁੜਾਓ ਬਣਿਆ ਰਿਹਾ ਤੇ ਅੱਜ ਵੀ ਹੈ ਇਸ ਸਮੇਂ ਡਾ.ਸਾਹਿਬ ਸਰਕਾਰੀ ਕਾਲਜ ਕਰਮਸਰ, (ਰਾੜਾ ਸਾਹਿਬ) ਦੇ ਪ੍ਰਿੰਸੀਪਲ ਹਨ। ਮੈਂ ਫੋਨ ਚੁੱਕਿਆ ਤਾਂ ਉਧਰੋਂ ਆਵਾਜ਼ " ਅੱਬਾਸ ਸਾਹਿਬ! ਕੀ ਹਾਲ ਨੇ...? " ਬੇਸ਼ੱਕ ਮੈਂ ਉਨ੍ਹਾਂ ਦਾ ਵਿਦਿਆਰਥੀ ਰਿਹਾ ਹਾਂ ਪਰ ਡਾ. ਸਾਹਿਬ ਦੀ ਇਹ ਖੂਬੀ ਹੈ ਕਿ ਉਹ ਜਦੋਂ ਵੀ ਕਦੀ ਫੋਨ ਕਰਨ ਜਾਂ ਮੈਂ ਉਨ੍ਹਾਂ ਨੂੰ ਫੋਨ ਮਿਲਾਵਾਂ ਤਾਂ ਉਹ ਹਮੇਸ਼ਾਂ ਸ੍ਰ ਜਾਂ ਸਾਹਿਬ ਕਹਿ ਕੇ ਮੁਖਾਤਿਬ ਹੁੰਦੇ ਹਨ ਉਹ ਆਪਣੇ ਹਰ ਵਿਦਿਆਰਥੀ ਨੂੰ ਇਸੇ ਤਰ੍ਹਾਂ ਇੱਜ਼ਤ ਦਿੰਦੇ ਹਨ ਸ਼ਾਇਦ ਇਸ ਦੀ ਇੱਕ ਵਜ੍ਹਾ ਉਨ੍ਹਾਂ ਦੇ ਘਰੋਂ ਮਿਲੇ ਸੰਸਕਾਰ ਹਨ ਅਤੇ ਦੂਜੇ ਉਨ੍ਹਾਂ ਦਾ ਆਪਣੀ ਉੱਚ ਵਿੱਦਿਆ ਮੁਸਲਿਮ ਯੂਨੀਵਰਸਿਟੀ ਅਲੀਗੜ੍ਹ ਤੋਂ ਪ੍ਰਾਪਤ ਕਰਨਾ ਹੈ। ਮੈਂ ਆਖਿਆ " ਡਾਕਟਰ ਸਾਹਿਬ! ਬਹੁਤ ਵਧੀਆ ਹਨ... ਦਰਅਸਲ ਕੱਲ੍ਹ ਮੈਂ ਇਲੈਕਸ਼ਨ ਡਿਊਟੀ ਤੇ ਸੀ...ਜਦੋਂ ਤੁਹਾਡਾ ਫੋਨ ਆਇਆ...ਤੇ ਫਿਰ ਜਦੋਂ ਬਾਅਦ ਵਿੱਚ ਮੈਂ ਬੈਕ ਕਾਲ ਕੀਤੀ...ਤਾਂ ਸ਼ਾਇਦ ਤੁਸੀਂ ਕਿਤੇ ਮਸਰੂਫ਼ ਹੋਵੋਂਗੇ।" ਉਧਰੋਂ ਆਵਾਜ਼ "ਸਰ! ਅੱਜ ਫਿਰ ਕੀ ਕਰ ਰਹੇ ਹੋ?...ਜੇ ਕਿਤੇ ਨਹੀਂ ਜਾਣਾ ਤਾਂ ਚਲੋ ਤੁਹਾਨੂੰ ਆਪਣੇ ਕਾਲਜ ਵਿਚ ਘੁੰਮਾ ਲਿਆਈਏ... " 

PunjabKesari

ਮੈਂ ਫੌਰਨ ਹਾਮੀ ਭਰ ਦਿੱਤੀ ਦਰਅਸਲ ਡਾ. ਸਾਹਿਬ ਨੂੰ ਕਰਮਸਰ (ਰਾੜਾ ਸਾਹਿਬ) ਦੇ ਸਰਕਾਰੀ ਕਾਲਜ 'ਚ ਬਤੌਰ ਪ੍ਰਿੰਸੀਪਲ ਅਹੁਦਾ ਸੰਭਾਲਿਆ ਕਰੀਬ ਇੱਕ ਸਾਲ ਹੋਣ ਵਾਲਾ ਸੀ ਇਸ ਦੌਰਾਨ ਮੈਂ ਉਨ੍ਹਾਂ ਵਲੋਂ ਕਾਲਜ ਵਿੱਚ ਕੀਤੇ ਵਿਕਾਸ ਕਾਰਜਾਂ ਦੀ ਕਾਫ਼ੀ ਚਰਚਾ ਸੁਣੀ ਸੀ। ਇਹੋ ਵਜ੍ਹਾ ਹੈ ਕਿ ਮੈਂ ਖੁਦ ਵੀ ਉੱਥੇ ਜਾਣਾ ਚਾਹੁੰਦਾ ਸਾਂ। ਪਰ ਸਾਡੇ ਦੋਹਾਂ ਦੇ ਵਰਕਿੰਗ ਡੇ ਇੱਕੋ ਹੋਣ ਕਾਰਨ ਕੋਈ ਸਬਬ ਨਹੀਂ ਸੀ ਬਣ ਰਿਹਾ... ਸੋ ਮੈਂ ਇਸ ਮੌਕੇ ਨੂੰ ਗ਼ਨੀਮਤ ਖਿਆਲ ਕਰਦਿਆਂ ਡਾ.ਸਾਹਿਬ ਨੂੰ ਫੌਰਨ ਹਾਂ ਕਰ ਦਿੱਤੀ। 

ਕਰੀਬ ਸਾਢੇ ਕੁ ਦਸ ਵਜੇ ਮੈਂ ਆਪਣੀ ਬਾਈਕ ਤੇ ਮਲੇਰਕੋਟਲਾ ਦੇ ਬੀ. ਐਡ ਕਾਲਜ ਚਲਿਆ ਗਿਆ। ਦਰਅਸਲ ਬੀ.ਐਡ ਕਾਲਜ ਦਾ ਐਡੀਸ਼ਨਲ ਚਾਰਜ ਵੀ ਡਾਕਟਰ ਸਾਹਿਬ ਕੋਲ ਹੀ ਹੈ। ਉਨ੍ਹਾਂ ਮੈਨੂੰ ਆਪਣੀ ਕਾਰ 'ਚ ਨਾਲ ਬਿਠਾਇਆ ਤੇ ਅਸੀਂ ਗੱਲਬਾਤ ਕਰਦਿਆਂ ਕਦੋਂ ਕਰਮਸਰ ਦੇ ਸਰਕਾਰੀ ਕਾਲਜ ਮੂਹਰੇ ਜਾ ਖਲੋਤੇ ਪਤਾ ਹੀ ਨਹੀਂ ਚੱਲਿਆ। ਅਸਲ ਵਿੱਚ ਜਦੋਂ ਤੁਹਾਡੇ ਅਤੇ ਹਮਸਫਰ ਦੇ ਵਿਚਾਰ ਆਪਸ ਵਿੱਚ ਮੇਲ ਖਾਂਦੇ ਹੋਣ  ਤਾਂ ਫਿਰ ਘੰਟਿਆਂ ਦੀ  ਮੁਸਾਫਤ (ਦੂਰੀ) ਵੀ ਜਿਵੇਂ ਮਿੰਟਾਂ ਵਿਚ ਤੈਅ ਹੋ ਜਾਂਦੀ ਹੈ ਪਰ ਜਦੋਂ ਵਿਚਾਰਾਂ 'ਚ ਵਿਰੋਧਾਭਾਸ ਹੋਵੇ ਤਾਂ ਮਿੰਟਾਂ ਦਾ ਸਫਰ ਵੀ ਘੰਟਿਆਂ ਵਾਂਗੂ ਨਿਕਲਦੈ। 

ਨਹਿਰ ਦੇ ਕਿਨਾਰੇ ਬਣਿਆ ਇਹ ਕਾਲਜ ਇੱਕ ਦਮ ਸ਼ਾਂਤ ਤੇ ਬੇਹੱਦ ਆਕਰਸ਼ਿਤ ਵਿਖਾਈ ਦੇ ਰਿਹਾ ਸੀ ਜਿਵੇਂ ਹੀ ਅੰਦਰੋਂ ਚੌਕੀਦਾਰ ਨੇ ਡਾ.ਸਾਹਿਬ ਦੀ ਗੱਡੀ ਵੇਖੀ ਤਾਂ ਉਹ ਦੂਰੋਂ ਹੀ ਭੱਜ ਕੇ ਆਇਆ ਤੇ ਦਰਵਾਜ਼ਾ ਖੋਲ੍ਹਿਆ ਅਤੇ ਸਲੂਟ ਮਾਰਿਆ। ਡਾ.ਸਾਹਿਬ ਗੱਡੀ ਅੰਦਰ ਲੈ ਗਏ ਮੇਨ ਗੇਟ ਤੋਂ ਬਹੁਤ ਪਿੱਛੇ ਕਾਲਜ ਦੀ ਵੱਡੀ ਇਮਾਰਤ ਜਿਵੇਂ ਆਪਣੇ ਸ਼ਾਨਦਾਰ ਅਤੀਤ ਦੀ ਕਹਾਣੀ ਬਿਆਨ ਕਰ ਰਹੀ ਸੀ। ਜਿਵੇਂ ਹੀ ਅਸੀਂ ਗੱਡੀ 'ਚੋਂ ਪੈਰ ਹੇਠਾਂ ਧਰਿਆ ਤਾਂ ਇੱਕ ਅਜਿਹੇ ਸੁਖਦ ਪਲਾਂ ਦਾ ਅਨੁਭਵ ਹੋਇਆ ਜੋ ਪਹਿਲਾਂ ਸ਼ਾਇਦ ਕਿਸੇ ਦੂਜੇ ਵਿਦਿਅਕ ਸੰਸਥਾ ਦੇ ਵਿਹੜੇ ਵਿੱਚ ਪੈਰ ਧਰਦਿਆਂ ਨਹੀਂ ਸੀ ਹੋਇਆ । 

ਇਸ ਦੌਰਾਨ ਇਰਫਾਨ ਸਾਹਿਬ ਮੈਨੂੰ ਆਪਣੇ ਨਾਲ ਲੈ ਰਿਟਾਇਰਿੰਗ ਰੂਮ ਵਿੱਚ ਦੀ ਹੁੰਦੇ ਹੋਏ ਇੱਕ ਵੱਡੇ ਦਫਤਰ 'ਚ ਜਾ ਦਾਖਲ ਹੋਏ। ਇਸ ਦੌਰਾਨ ਉਨ੍ਹਾਂ ਆਪਣੇ ਪੀਅਨ ਰਾਹੀਂ ਚਾਹ ਮੰਗਵਾਈ ਅਸੀਂ ਦੋਹਾਂ ਨੇ ਚਾਹ ਪੀਤੀ। ਉਨ੍ਹਾਂ ਆਪਣੇ ਪੀਅਨ ਨੂੰ ਲਾਇਬਰੇਰੀ, ਭੋਰਾ ਸਾਹਿਬ, ਸਪਰੀਚਿਊਲ ਰੂਮ ਅਤੇ ਗੁਰੂ ਨਾਨਕ ਭਵਨ ਖੋਲ੍ਹਣ ਲਈ ਕਿਹਾ। ਮੈਂ ਦਫਤਰ ਦੀ ਕੰਧ ਤੇ ਲੱਗੇ ਪ੍ਰਿੰਸੀਪਲਾਂ ਦੇ ਨਾਮ ਵਾਲੇ ਬੋਰਡ ਨੂੰ ਪੜ੍ਹਿਆ ਤਾਂ ਵੇਖਿਆ 1969 ਤੋਂ ਲੈ ਕੇ ਹੁਣ ਤੱਕ ਇਸ ਕਾਲਜ ਵਿੱਚ 40 ਪ੍ਰਿੰਸੀਪਲ ਆਪਣੀਆਂ ਸੇਵਾਵਾਂ ਨਿਭਾ ਕੇ ਜਾ ਚੁੱਕੇ ਸਨ ਅਤੇ ਡਾ.ਮੁਹੰਮਦ ਇਰਫਾਨ ਫਾਰੂਕੀ ਇਸ ਕਾਲਜ ਵਿੱਚ 41 ਵੇਂ ਪਹਿਲੇ ਮੁਸਲਿਮ ਪ੍ਰਿੰਸੀਪਲ ਸਨ। 

PunjabKesari

ਇਸ ਤੋਂ ਬਾਅਦ ਇਰਫਾਨ ਸਾਹਿਬ ਮੈਨੂੰ ਆਪਣੇ ਦਫਤਰ 'ਚੋਂ ਨਾਲ ਲੈ ਕਾਲਜ ਵਿਖਾਉਣ ਲਈ ਨਿਕਲੇ। ਕਾਲਜ ਦੇ ਚਾਰੇ ਪਾਸੇ ਕਮਰੇ ਬਣੇ ਸਨ ਤੇ ਉਨ੍ਹਾਂ ਅੱਗੇ ਸ਼ਾਨਦਾਰ ਕਾਰੀਡੋਰ ਸੀ ਅਤੇ ਕਾਰੀਡੋਰ ਦੇ ਥਮਲਿਆਂ ਵਿਚਕਾਰ ਗਮਲੇ ਰੱਖੇ ਸਨ ਜਿਨ੍ਹਾਂ ਵਿੱਚ ਭਿੰਨ੍ਹ-ਭਿੰਨ੍ਹ ਤਰ੍ਹਾਂ ਦੇ ਬੂਟੇ ਲੱਗੇ ਵਿਖਾਈ ਦੇ ਰਹੇ ਸਨ ਕਾਰੀਡੋਰ ਦੇ ਨਾਲ ਉੱਚੀਆਂ-ਉੱਚੀਆਂ ਛੱਤਾਂ ਵਾਲੇ ਕਲਾਸ ਰੂਮ ਆਪਣੇ ਮੂੰਹੋਂ ਆਪਣੀ ਉਸਤਤ ਕਰਦੇ ਪ੍ਰਤੀਤ ਹੋ ਰਹੇ ਸਨ ਇਸ ਦੌਰਾਨ ਡਾ. ਸਾਹਿਬ ਨੇ ਮੈਨੂੰ ਕਾਲਜ ਦਾ ਇੱਕ-ਇੱਕ ਕਮਰਾ ਵਿਖਾਇਆ। ਇੱਕ ਕਮਰੇ ਵਿਚੋਂ ਕੁੜੀਆਂ ਦੇ ਬੋਲੀਆਂ ਪਾਉਣ ਦੀਆਂ ਆਵਾਜ਼ਾਂ ਆ ਰਹੀਆਂ ਸਨ ਮੈਂ ਕਿਹਾ ਸਰ! ਇਹ ਸ਼ਾਇਦ ਯੂਥ ਫੈਸਟੀਵਲ ਦੀ ਤਿਆਰੀ ਕਰ ਰਹੀਆਂ ਹੋਣਗੀਆਂ। ਉਨ੍ਹਾਂ ਕਿਹਾ '' ਹਾਂ! ਜੀ ਤੁਸੀਂ ਸਹੀ ਸੋਚਿਆ '' ਇਸ ਉਪਰੰਤ ਉਹਨਾਂ ਕਾਰੀਡੋਰ ਚ' ਦੀ ਹੁੰਦੇ ਹੋਏ ਕਾਲਜ 'ਚ ਬਣਿਆ ਉਹ ਭੋਰਾ ਸਾਹਿਬ ਵਿਖਾਇਆ ਜਿੱਥੇ ਸੰਤ ਈਸ਼ਰ ਸਿੰਘ ਜੀ ਮਹਾਰਾਜ ਪੁਰਾਣੇ ਸਮਿਆਂ ਵਿੱਚ ਭਗਤੀ ਕਰਿਆ ਕਰਦੇ ਸਨ। 

ਇਸ ਦੌਰਾਨ ਗੱਲਬਾਤ ਕਰਦਿਆਂ ਡਾ. ਸਾਹਿਬ ਨੇ ਕਾਲਜ ਦੀ ਸਥਾਪਨਾ ਸੰਬੰਧੀ ਬੇਹੱਦ ਦਿਲਚਸਪ ਤੇ ਤੱਥਾਂ ਭਰਪੂਰ ਵਾਕਿਆ ਦੱਸਦਿਆਂ ਕਿਹਾ ਕਿ ਇਹ ਕਾਲਜ ਦਰਅਸਲ ਦੋ ਪਿੰਡਾਂ ਦੀ ਸਾਂਝੀ ਜ਼ਮੀਨ ਤੇ ਬਣਿਆ ਹੋਇਆ ਹੈ, 1969 ਤੋਂ ਪਹਿਲਾਂ ਇਹ ਮਹਿਜ਼ ਇੱਕ ਸਕੂਲ ਹੋਇਆ ਕਰਦਾ ਸੀ ਫਿਰ 1969 ਵਿੱਚ ਜਸਟਿਸ ਸ੍ਰੀ ਗੁਰਨਾਮ ਸਿੰਘ ( ਮੁੱਖ ਮੰਤਰੀ ਪੰਜਾਬ) ਨੇ ਇਸ ਸੰਸਥਾ ਦੇ ਦਫ਼ਤਰ ਵਿੱਚ ਆ ਕੇ ਉਸੇ ਦਿਨ ਸਾਰਾ ਸਿੱਖਿਆ ਅਮਲਾ ਇੱਥੇ ਸੱਦ ਕੇ ਇਸ ਨੂੰ ਕਾਲਜ ਬਣਾਉਣ ਦੇ ਨੋਟੀਫਿਕੇਸ਼ਨ ਤੇ ਦਸਤਖਤ ਕੀਤੇ ਸਨ ਇਸ ਤਰ੍ਹਾਂ ਕਾਲਜ ਬਣਾਉਣ ਦੀ ਇਹ ਕਾਰਵਾਈ ਇੱਕੋ ਦਿਨ ਵਿੱਚ ਮੁਕੰਮਲ ਕਰ ਲਈ ਗਈ ਸੀ। ਉਨ੍ਹਾਂ ਆਖਿਆ ਕਿ ਇਸ ਕਾਲਜ ਦੀ ਇਮਾਰਤ ਦੀ ਉਸਾਰੀ ਲਈ ਜੋ ਇੱਟਾਂ ਵਰਤੋਂ 'ਚ ਲਿਆਂਦੀਆਂ ਗਈਆਂ ਹਨ ਦਰਅਸਲ ਉਹ ਭੱਠਾ ਸੰਤ ਜੀ ਨੇ ਇਸੇ ਕਾਲਜ ਦੀਆਂ ਇੱਟਾਂ ਤਿਆਰੀ ਕਰਨ ਲਈ ਸ਼ੁਰੂ ਕੀਤਾ ਸੀ। 

ਇਸ ਉਪਰੰਤ ਉਨ੍ਹਾਂ ਮੈਨੂੰ ਕਾਲਜ ਦੀ ਲਾਇਬਰੇਰੀ ਵਿਖਾਈ ਜੋ ਬਹੁਤ ਹੀ ਸ਼ਾਂਤਮਈ ਤੇ ਸ਼ਾਨਦਾਰ ਸੀ ਦੂਰ-ਦੂਰ ਤੱਕ ਕਿਤਾਬਾਂ ਨਾਲ ਭਰੀਆਂ ਅਲਮਾਰੀਆਂ ਜਿਵੇਂ ਕਤਾਰ ਬੰਨ੍ਹੀ ਖੜੀਆਂ ਅੱਜ ਛੁੱਟੀ ਵਾਲੇ ਦਿਨ ਵੀ ਆਪਣੇ ਪਾਠਕਾਂ ਦਾ ਇੰਤਜ਼ਾਰ ਕਰ ਰਹੀਆਂ ਸਨ।  ਲਾਇਬ੍ਰੇਰੀ ਦੇ ਨਾਲ ਹੀ ਇੱਕ ਸਰਵ-ਸਾਂਝਾ ਅਧਿਆਤਮਿਕ ਕਮਰਾ ਸੀ ਇਸ ਅਧਿਆਤਮਿਕ ਕਮਰੇ ਵਿੱਚ ਜਦੋਂ ਅਸੀਂ ਦਾਖਲ ਹੋਏ ਤਾਂ ਮੇਰੀ ਰੂਹ ਨੇ ਜਿਵੇਂ ਸੱਚਮੁੱਚ ਇੱਕ ਵੱਖਰੀ ਕਿਸਮ ਦਾ ਸਕੂਨ ਅਨੁਭਵ ਕੀਤਾ। ਕਮਰੇ ਦੀਆਂ ਕੰਧਾਂ ਤੇ ਵੱਖ-ਵੱਖ ਧਰਮਾਂ ਦੇ ਨਾਲ ਸੰਬੰਧਿਤ ਫਲੈਕਸਾਂ ਲੱਗੀਆਂ ਹੋਈਆਂ ਸਨ ਤੇ ਇਸ ਦੇ ਨਾਲ ਵੱਖ-ਵੱਖ ਧਰਮਾਂ ਦੇ ਲਿਟਰੇਚਰ ਨਾਲ ਭਰੀਆਂ ਸ਼ੀਸ਼ੇ ਵਾਲੀਆਂ ਅਲਮਾਰੀਆਂ ਮੌਜੂਦ ਸਨ। ਇਸ ਦੌਰਾਨ ਡਾ ਇਰਫਾਨ ਨੇ ਦੱਸਿਆ ਕਿ ਇਸ ਅਧਿਆਤਮਿਕ ਰੂਮ ਦੀ ਤਿਆਰੀ ਵਿੱਚ ਸੰਤ ਬਾਬਾ ਬਲਜਿੰਦਰ ਸਿੰਘ (ਰਾੜਾ ਸਾਹਿਬ ਵਾਲਿਆਂ ) ਦਾ ਬਹੁਤ ਸਹਿਯੋਗ ਰਿਹਾ ਹੈ ਉਨ੍ਹਾਂ ਕਿਹਾ ਇਸ ਤੋਂ ਇਲਾਵਾ ਮੌਜੂਦਾ ਆਡੀਟੋਰੀਅਮ ਦੇ ਮੇਨਟੀਨੈਂਸ ਅਤੇ ਗੁਰੂ ਨਾਨਕ ਬਗੀਚੀ ਆਦਿ ਨੂੰ ਤਿਆਰ ਕਰਾਉਣ 'ਚ ਉਨ੍ਹਾਂ ਦੀਆਂ ਵੱਡਮੁੱਲੀਆਂ ਸੇਵਾਵਾਂ ਤੇ ਮਸ਼ਵਰੇ ਕਾਰਫਰਮਾਂ ਰਹੇ ਹਨ। ਉਨ੍ਹਾਂ ਕਿਹਾ ਉਹ ਸੰਤ ਜੀ ਵਕਤਨ-ਫਵਕਤਨ ਵੀ ਕਾਲਜ ਦੀ ਮਾਈਕ ਸਹਾਇਤਾ ਕਰਦੇ ਰਹਿੰਦੇ ਹਨ। 

PunjabKesari
ਇੱਥੋਂ ਬਾਹਰ ਆ ਕੇ ਫਿਰ ਇੱਕ ਲੰਬੇ ਕਾਰੀਡੋਰ ਨੂੰ ਤੈਅ ਕਰਨ ਉਪਰੰਤ ਅਸੀਂ ਗੁਰੂ ਨਾਨਕ ਦੇਵ ਭਵਨ ਵਿਚ ਦਾਖਲ ਹੋਏ ਜਿਸ ਵਿੱਚ ਇੱਕ ਵੱਡਾ ਆਡੀਟੋਰੀਅਮ ਬਣਿਆ ਹੋਇਆ ਸੀ ਤੇ ਇੱਕ ਉੱਚੀ ਸਟੇਜ ਜਿਸ ਦੇ ਦੋ ਵੱਡੇ-ਵੱਡੇ ਟੇਬਲ ਤੇ ਉਨ੍ਹਾਂ ਪਿੱਛੇ ਮੁੱਖ ਮਹਿਮਾਨਾਂ ਦੇ ਬੈਠਣ ਲਈ ਸ਼ਾਨਦਾਰ ਰਿਮੂਵੇਲ ਕੁਰਸੀਆਂ ਟਿਕੀਆਂ ਸਨ ਤੇ ਸਟੇਜ ਵੱਡੇ ਟੇਬਲਾਂ ਦੇ ਦੋਹਾਂ ਪਾਸੇ ਸ਼ਾਨਦਾਰ ਲਕੜੀ ਦੇ ਪੁਰਾਣੇ ਸਮੇਂ ਡਾਇਸ ਸਨ ਜਿਨ੍ਹਾਂ ਉੱਤੇ ਨਵਾਂ ਸਰਮਾਇਕਾ ਲਗਾ ਕੇ ਅਧੁਨਿਕ ਦਿੱਖ ਦਿੱਤੀ ਗਈ ਸੀ ਅਤੇ ਇਨ੍ਹਾਂ ਉੱਤੇ ਮਾਇਕ ਲੱਗੇ ਹੋਏ ਸਨ।  ਇਥੋਂ ਨਿਕਲ ਕੇ ਅਸੀਂ ਇੱਕ ਓਪਨ ਸਟੇਜ ਦੇ ਲਾਗੇ ਚਲੇ ਗਏ ਜਿੱਥੇ ਕਿ ਕੁੱਝ ਮੁੰਡੇ ਕੁੜੀਆਂ ਖੜ੍ਹੇ ਸਨ ਜਿਨ੍ਹਾਂ ਸਾਨੂੰ ਫਤਹਿ ਬੁਲਾਈ ਸ਼ਾਇਦ ਉਹ ਵੀ ਆਪਣੀ ਕਿਸੇ ਯੂਥ ਫੈਸਟੀਵਲ ਆਈਟਮ ਦੀ ਤਿਆਰੀ ਕਰ ਰਹੇ ਸਨ, ਸਟੇਜ ਦੇ ਸਾਹਮਣੇ ਦਰਸ਼ਕਾਂ ਦੇ ਬੈਠਣ ਲਈ ਕੋਟਾ ਸਟੋਨ ਵਾਲੀਆਂ ਲੰਮੀਆਂ ਚੋੜੀਆਂ ਪੋੜੀਆਂ ਬਣੀਆਂ ਸਨ ਅਤੇ ਸਟੇਜ ਪਿੱਛੇ ਖੱਬੇ ਪਾਸੇ ਇੱਕ ਕਮਰਾ ਸੀ। ਡਾਕਟਰ ਸਾਹਿਬ ਨੇ ਦੱਸਿਆ ਕਿ ਇਸ ਨੂੰ ਅਸੀਂ ਮੈਡੀਕਲ ਰੂਮ ਵਿਚ ਤਬਦੀਲ ਕਰਨ ਜਾ ਰਹੇ ਹਾਂ। 

ਇਸ ਤੋਂ ਬਾਅਦ ਅਸੀਂ ਗੁਰੂ ਨਾਨਕ ਬਗੀਚੀ ਵਿੱਚ ਆ ਗਏ ਇੱਥੇ ਤਰ੍ਹਾਂ ਤਰ੍ਹਾਂ ਦੇ ਮੌਸਮੀ ਤੇ ਪੱਕੇ ਪੌਦੇ ਲੱਗੇ ਹੋਏ ਸਨ। ਇਸ ਥਾਂ ਤੋਂ ਕਾਲਜ ਨੂੰ ਵੇਖਦਿਆਂ ਇੰਝ ਲੱਗਦਾ ਸੀ ਜਿਵੇਂ ਕੋਈ ਕਿਲ੍ਹੇ ਦੀ ਇਮਾਰਤ ਹੋਵੇ। ਇਸ ਤੋਂ ਬਾਅਦ ਅਸੀਂ ਬਾਹਰਲੀ ਫਸੀਲ ਨਾਲ ਬਣੇ ਇੱਕ ਫਾਈਬਰ ਦੀਆਂ ਗ੍ਰੀਨ ਚੱਦਰਾਂ ਨਾਲ ਬਣੇ ਇੱਕ ਕਾਰੀਡੋਰ ਨੁਮਾ ਬਰਾਮਦੇ 'ਚੋਂ ਦੀ ਹੋ ਕੇ ਮੁੱਖ ਰਾਹਦਾਰੀ ਵਿੱਚ ਦੀ ਹੁੰਦੇ ਹੋਏ ਇੱਕ ਵੱਡੀ ਪਗਡੰਡੀ ਰਾਹੀਂ ਕਾਲਜ ਦੇ ਵਿਹੜੇ ਵਿਚਕਾਰ ਲੱਗੇ ਫਵਾਰੇ ਕੋਲ ਆ ਗਏ ਦਰਅਸਲ ਇਹ ਕਾਲਜ ਦਾ ਇੱਕ ਆਪਣੇ ਆਪ ਵਿੱਚ ਫੁਹਾਰਾ ਚੌਕ ਕਹਿਲਾਉਂਦਾ ਸੀ ਜਿੱਥੋਂ ਦੀ ਨਿਕਲਣ ਵਾਲੀਆਂ ਚਾਰ ਵੱਡੀਆਂ ਪਗਡੰਡੀਆਂ ਕਾਲਜ ਦੇ ਚਾਰ ਲਾਅਨਾਂ ਤੇ ਕਾਰੀਡੋਰ ਨੂੰ ਆਪਸ ਵਿੱਚ ਜੋੜਦੀਆਂ ਸਨ। ਯਕੀਨਨ ਵੇਖਣ ਵਾਲੇ ਲਈ ਇਹ ਕਿਸੇ ਅਦਭੁੱਤ ਨਜ਼ਾਰੇ ਤੋਂ ਘੱਟ ਨਹੀਂ ਸੀ।  ਅਸੀਂ ਹਾਲੇ ਉਸ ਫਵਾਰੇ ਦੇ ਲਾਗੇ ਹੀ ਖੜ੍ਹੇ ਸਾਂ ਕਿ ਉੱਧਰੋਂ ਤਿੰਨ ਨਵੀਂ ਉਮਰ ਦੇ ਅਧਿਆਪਕ ਇੱਕ ਪਗਡੰਡੀ ਰਾਹੀਂ ਸਾਡੇ ਕੋਲ ਆ ਗਏ ਇਨ੍ਹਾਂ ਵਿਚ ਦੋ ਮੈਡਮ ਲੈਕਚਰਾਰ ਤੇ ਇੱਕ ਮੇਲ ਅਧਿਆਪਕ ਸੀ ਉਨ੍ਹਾਂ ਆਉਂਦੇ ਸਾਰ ਸਾਨੂੰ ਵਿਸ਼ ਕੀਤੀ ਇਰਫਾਨ ਸਾਹਿਬ ਨੇ ਮੇਰੀ ਉਨਾਂ ਨਾਲ ਜਾਣ-ਪਛਾਣ ਕਰਵਾਈ ਤੇ ਮੈਨੂੰ ਉਨ੍ਹਾਂ ਬਾਰੇ ਅਤੇ ਉਨ੍ਹਾਂ ਨੂੰ ਮੇਰੇ ਬਾਰੇ ਦੱਸਿਆ। ਬਾਅਦ ਵਿਚ ਇਰਫਾਨ ਸਾਹਿਬ ਨੇ ਮੈਨੂੰ ਦੱਸਿਆ ਕਿ ਇਹ ਅਧਿਆਪਕ ਅੱਜ ਕਾਲਜ ਵਿਚ ਇਸ ਲਈ ਹਾਜ਼ਰ ਹਨ ਕਿਉਂਕਿ ਇਨ੍ਹਾਂ ਦੀ ਕੱਲ੍ਹ ਕੋਈ ਇਲੈਕਸ਼ਨ ਡਿਊਟੀ ਨਹੀਂ ਸੀ। 

PunjabKesari
ਇਸ ਤੋਂ ਬਾਅਦ ਇਰਫਾਨ ਸਾਹਿਬ ਨੇ ਦਫਤਰ ਵਿਚ ਆ ਕੇ ਆਪਣੇ ਰੋਜ਼ਮੱਰਾ ਦੇ ਕੰਮ ਨਿਪਟਾਏ ਅਤੇ ਸਟਾਫ ਨੂੰ ਬੁਲਾ ਕੇ ਕਾਲਜ ਦੇ ਬੱਚਿਆਂ ਦੀ ਪੜ੍ਹਾਈ ਅਤੇ ਹੋਰ ਵਿਕਾਸ ਕਾਰਜਾਂ ਨੂੰ ਸਫਲਤਾਪੂਰਵਕ ਚਲਾਉਣ ਲਈ ਇੱਕ ਮੀਟਿੰਗ ਲਈ ਜਿਸ ਵਿੱਚ ਆਪਣੇ ਸਟਾਫ ਦੇ ਮਸ਼ਵਰੇ ਲੈਣ ਉਪਰੰਤ ਉਨ੍ਹਾਂ ਨੂੰ ਕੁੱਝ ਹਦਾਇਤਾਂ ਦੇ ਕੇ ਮੀਟਿੰਗ ਸੰਪੰਨ ਕੀਤੀ।  ਉਧਰ ਜਿਵੇਂ ਜਿਵੇਂ ਦੁਪਿਹਰ ਦਾ ਸਮਾਂ ਬੀਤਦਾ ਜਾ ਰਿਹਾ ਸੀ ਮੈਨੂੰ ਜੋਹਰ (ਦੁਪਿਹਰ ਦੀ ਨਮਾਜ਼) ਦੀ ਫਿਕਰ ਹੋ ਰਹੀ ਸੀ। 
ਜਦੋਂ ਮੈਂ ਇਸ ਸੰਬੰਧੀ ਇਰਫਾਨ ਸਾਹਿਬ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਜੇ ਤੁਸੀਂ ਚਾਹੋ ਤਾਂ ਆਪਾਂ ਇੱਥੇ ਹੀ ਪੜ੍ਹ ਲੈਂਦੇ ਹਾਂ ਦਰਅਸਲ ਜੇ ਅਸੀਂ ਮਲੇਰਕੋਟਲਾ ਆ ਕੇ ਪੜ੍ਹਦੇ ਤਾਂ ਸ਼ਾਇਦ ਸਾਡੀ ਇਸ ਨਮਾਜ਼ ਨੂੰ ਕੁਵੇਲਾ ਹੋ ਜਾਣਾ ਸੀ ਵੈਸੇ ਵੀ ਕਿਸੇ ਨੇ ਸਹੀ ਕਿਹਾ ਹੈ ਕਿ ''ਵੇਲੇ ਦੀ ਨਮਾਜ਼ ਕੁਵੇਲੇ ਦੀਆਂ ਟੱਕਰਾਂ'' ਸੋ ਮੈਂ ਕਿਹਾ.. ਜੀ ਬਿਲਕੁਲ... ਇੱਥੇ ਹੀ ਪੜ੍ਹ ਲੈਂਦੇ ਹਾਂ ਸੋ ਇਰਫਾਨ ਸਾਹਿਬ ਤੇ ਮੈਂ ਵਜੂ (ਨਮਾਜ਼ ਪੜ੍ਹਨ ਲਈ ਮੂੰਹ ਹੱਥ ਆਦਿ ਧੋਣਾ) ਕੀਤਾ ਅਤੇ ਅਧਿਆਤਮਕ ਰੂਮ ਵਿੱਚ ਮੁੱਸਲਾ ਵਿਛਾ ਕੇ ਦੋਹਾਂ ਜਣਿਆਂ ਨੇ ਜੋਹਰ ਦੀ ਨਮਾਜ਼ ਜਮਾਤ ਕਰਕੇ ਅਦਾ ਕੀਤੀ । ਨਮਾਜ਼ ਪੜ੍ਹਨ ਉਪਰੰਤ ਅਸੀਂ ਮਲੇਰਕੋਟਲਾ ਵਾਪਸੀ ਦੇ ਲਈ ਚਾਲੇ ਪਾ ਦਿੱਤੇ, ਰਸਤੇ ਵਿੱਚ ਇਰਫਾਨ ਸਾਹਿਬ ਨੇ ਸਫਰ ਤੇ ਪ੍ਰਤੀ ਕਿਰਿਆ ਦੇਣ ਲਈ ਕਿਹਾ ਤਾਂ ਮੈਂ ਮੇਰੇ ਜ਼ਹਿਨ 'ਚ ਡਾਕਟਰ ਸਾਹਿਬ ਨਾਲ ਆਉਂਦੇ ਜਾਂਦੇ ਜਿਨ੍ਹਾਂ ਸਕਾਰਾਤਮਕ ਵਿਸ਼ਿਆਂ ਤੇ ਸਕਾਰਾਤਮਕ ਗੱਲਬਾਤ ਹੋਈ ਸੀ ਉਸਦੀ ਰੋਸ਼ਨੀ 'ਚ ਮੈਂ ਉਨ੍ਹਾਂ ਨੂੰ ਇਹੋ ਆਖਿਆ ਕਿ "ਡਾਕਟਰ ਸਾਹਿਬ! ਇੱਕ ਬੁੱਧੀਜੀਵੀ ਵਿਅਕਤੀ ਨਾਲ ਸਫਰ ਕਰਨਾ ਅਜਿਹਾ ਹੀ ਜਿਵੇਂ ਦੋ ਤਿੰਨ ਘੰਟਿਆਂ ਵਿੱਚ ਇੱਕ ਜਾਣਕਾਰੀ ਭਰਪੂਰ ਜਿਊਂਦੀ ਜਾਗਦੀ ਕਿਤਾਬ ਪੜ੍ਹ ਲਈ ਹੋਵੇ...!"

ਮੁਹੰਮਦ ਅੱਬਾਸ ਧਾਲੀਵਾਲ 
ਮਲੇਰਕੋਟਲਾ। 
ਸੰਪਰਕ :9855259650 


author

Aarti dhillon

Content Editor

Related News