'ਚੰਗੀ ਚੀਜ'

Thursday, Sep 20, 2018 - 06:02 PM (IST)

'ਚੰਗੀ ਚੀਜ'

ਆਪਣੇ ਲੜਕੇ ਦੇ ਵਿਆਹ ਤੋਂ ਡੇਢ ਕੁ ਸਾਲ ਬਾਅਦ ਨੇੜਲੇ ਪਿੰਡ ਤੋਂ ਇਕ ਅੰਕਲ ਮੇਰੇ ਕੋਲ ਕੁੱਝ ਫੋਟੋ ਬਨਵਾਉਣ ਲਈ ਮੇਰੇ ਸਟੂਡੀਓ ਆਇਆ।ਫੋਟੋ ਬਨਾਉਣ ਤੋਂ ਬਾਅਦ ਚਾਹ-ਪਾਣੀ ਪੀਤਾ ਤੇ ਘਰ ਪਰਿਵਾਰ ਬਾਰੇ ਗੱਲਾਂ ਬਾਤਾਂ ਕਰਨ ਲੱਗੇ।ਕਿਉਂਕਿ ਉਨ੍ਹਾਂ ਦੇ ਲੜਕੇ ਦੇ ਵਿਆਹ ਦੀ ਵੀਡੀਓਗ੍ਰਾਫੀ ਬਗੈਰਾ ਵੀ ਮੈਂ ਹੀ ਕੀਤੀ ਸੀ।ਜਦ ਉਨ੍ਹਾਂ ਤੋਂ ਪੋਤਾ-ਪੋਤੀ ਦੀ ਖਬਰ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ 'ਪੁੱਤਰਾ ਤਿਆਰ ਰਹੀ ਬਸ ਅਗਲੇ ਮਹੀਨੇ ਜੇ ਪ੍ਰਮਾਤਮਾ ਨੇ ਕੋਈ 'ਚੰਗੀ ਚੀਜ਼' ਬਖਸ ਦਿੱਤੀ ਤਾਂ ਅਖੰਠ-ਪਾਠ ਕਰਵਾਵਾਂਗੇ ਅਤੇ ਤੈਨੂੰ ਵੀ ਪ੍ਰੋਗਰਾਮ ਤੇ ਜ਼ਰੂਰ ਸੱਦਾਂਗੇ।ਮੈਂ ਜਾਣਦਾ ਹੋਇਆ ਵੀ ਨਾਸਮਝ ਬਣਦਾ ਹੋਇਆ ਉਨ੍ਹਾਂ ਤੋਂ ਪੁੱਛਿਆ ਅੰਕਲ 'ਚੰਗੀ ਚੀਜ' ਕੀ ਹੁੰਦੀ ਐ? ਅੱਗੋਂ ਖੱਜਰੀ ਹਾਸਾ ਹੱਸ ਕੇ ਕਹਿੰਦਾ 'ਜੇ   ਮੁੰਡਾ ਹੋਇਆ ਤਾਂ' ।ਉਨ੍ਹਾਂ ਦੀਆਂ ਗੱਲਾਂ ਸੁਣਕੇ ਮੈਥੋਂ ਰਿਹਾ ਨਾ ਗਿਆ ਤੇ ਮੈਂ ਅੰਕਲ ਨੂੰ ਇਕੋ ਸਾਹੇ ਕਿਹਾ 'ਅੰਕਲ ਜਿਹੜੀ ਤੁਸੀਂ ਆਪਣੇ ਘਰ ਵਿਆਹ ਕੇ ਨੂੰਹ ਲੈ ਕੇ ਆਏ ਹੋ ਜਿਸਨੇ ਤੁਹਾਡੇ ਵੰਸ਼ ਨੂੰ ਅੱਗੇ ਵਧਾਉਣਾ ਹੈ ਅਤੇ ਜਿਹੜੀ ਆਪਣੀ ਲੜਕੀ ਨੂੰ ਅਗਲੇ ਘਰ ਵਿਆਹ ਕੇ ਤੋਰਿਆ ਹੈ ਅਤੇ ਅੱਗੇ ਉਸਨੇ ਆਪਣੇ ਸੋਹਰੇ ਘਰ ਦੇ ਵੰਸ਼ ਨੂੰ ਅੱਗੇ ਵਧਾਇਆ ਤਾਂ ਉਹ ਲੜਕੀਆਂ ਕੀ 'ਮਾੜੀ ਚੀਜ਼' ਹਨ? ਜੇਕਰ ਸਾਡੇ ਲੋਕ ਇਸੇ ਤਰਾਂ ਹੀ 'ਚੰਗੀ ਚੀਜ਼' ਦੀ ਚਾਹਤ ਕਰਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜੱਦ ਸਾਡੇ ਲੜਕਿਆਂ (ਚੰਗੀ ਚੀਜ਼) ਲਈ ਕੁੜੀਆਂ ਨਹੀਂ ਲੱਭਣੀਆਂ।ਇੰਨੀ ਗੱਲ ਸੁਣ ਕੇ ਅੰਕਲ ਡੌਰ-ਭੌਰਾ ਜਾ ਹੋਇਆ ਕਦੇ ਮੇਰੇ ਵੱਲ ਤੇ ਕਦੇ ਬਾਹਰ ਦੇਖਦਾ ਸੋਚਣ ਤੇ ਮਜ਼ਬੂਰ ਹੋ ਗਿਆ।
ਮਨਜੀਤ ਪਿਊਰੀ (ਗਿੱਦੜਬਾਹਾ)
94174 47986
ਮਨਜੀਤ ਸਟੂਡੀਓ,ਨੇੜੇ ਭਾਰੂ ਗੇਟ ਗਿੱਦੜਬਾਹਾ


Related News