ਗ਼ਜ਼ਲ

08/13/2020 2:44:43 PM

ਗ਼ਜ਼ਲ

ਅਦਾਲਤ ਨੂੰ ਘੁਮਾ ਕੇ ਤੁਰ ਰਿਹੈ ਸ਼ੈਤਾਨ ਹੈ ਦੇਖੋ
ਨਾ ਮਰਿਯਾਦਾ ਰਹੀ ਉਸ ਦੀ, ਉਹੀ ਭਗਵਾਨ ਹੈ ਦੇਖੋ

ਢਹਾ ਤੀਰਥ ਕਿਸੇ ਦੇ ਓਹ,ਲੜਾਉਂਦਾ ਫਿਰ ਕਿਸੇ ਨੂੰ ਕਿਉਂ
ਕਿਵੇਂ ਚਾਤੁਰ ਪੁਜਾਰੀ ਖੁਦ ਲਈ, ਪਰੇਸ਼ਾਨ ਹੈ ਦੇਖੋ 

ਕਿਵੇਂ ਮਜਬੂਰ ਹੈ ਜੋ ਵਿਕ ਰਿਹੈ ਪੱਥਰ ਜਿਹਾ ਹੋ ਹੋ
ਜਿਵੇਂ ਖੜੵ ਵੇਸਵਾ ਵਿਕਦੀ, ਵਿਕਾਊ ਥਾਨ ਹੈ ਦੇਖੋ

ਨਿਆਂ ਵੀ ਗਿੜਗਿੜਾ ਕੇ ਮੰਗਦੈ ਲਾਚਾਰ ਬੰਦੇ ਜਿਉਂ
ਸਵਾਰਥ ਆਪਣੇ ਖਾਤਿਰ, ਇਹ ਲਾਉਂਦਾ ਤਾਨ ਹੈ ਦੇਖੋ

ਹੈ ਕਠਪੁਤਲੀ ਵਜ਼ਾਰਤ ਦੀ, ਸਿਆਸਤ ਦੀ, ਮੇਰਾ ਰਾਮਾ
ਰਹੀ ਵਿਗਿਆਨ ਦੁਨੀਆ ਦੀ, ਸਦਾ ਹੈਰਾਨ ਹੈ ਦੈਖੋ

ਧਰਾਂ ਮੈਂ ਪੈਰ ਵੀ ਜਿੱਥੇ, ਮੜੀ ਮੰਦਿਰ  ਉਸਾਰੇ ਨੇ
ਪੁਆੜੇ ਪਾਉਣ ਏ ਜਾਂਦੀ, ਅਜਾਈਂ ਜਾਨ ਹੈ ਦੈਖੋ

ਮਦਾਰੀ ਹੈ, ਪੁਜਾਰੀ ਵੀ, ਨਚਾਵੇ ਹਰਿ ਵਜਾ ਡਮਰੂ 
ਜਮੂਰਾ ਕੀ ਨਹੀਂ ਪ੍ਰਭੂ, ਨਚਾਉਂਦਾ ਇਨਸਾਨ ਹੈ ਦੇਖੋ

ਬਣੇ ਨੇ ਠੱਗ ਹੀ ਬਾਬੇ, ਨਹੀਂ ਕਿਰਤੀ ਕਦੇ ਬਣਦਾ
ਹੈ ਠੇਕੇਦਾਰ ਧਰਮ ਦਾ, ਰਿਹੈ ਲਾ  ਦੀਵਾਨ ਹੈ ਦੇਖੋ

ਘੁਮੰਡੀ ਤਾਕਤਾਂ ਦਾ ਅੰਦਰੋਂ, ਹੈ ਨਿਰਦਈ "ਬਾਲੀ"
ਡਰਾਵੇ ਵੀ ਮਸੂਮਾਂ ਨੂੰ, ਗਰਾਂ ਦਾ ਭਲਵਾਨ ਹੈ ਦੇਖੋ। 

 

ਗ਼ਜ਼ਲ

ਦਫ਼ਨਾ ਕੇ ਕਲਮ ਬੜੀ ਖੁਸ਼ ਹੈ, ਦੇਖੋ ਸਰਕਾਰ ਮੇਰੀ
ਹੋਣੀ ਮਰਕੇ ਵੀ ਬੇ-ਮੌਤ ਨਹੀਂ, ਯਾਰੋ ਇਉਂ ਹਾਰ ਮੇਰੀ

ਬੇ-ਰੁਜ਼ਗਾਰੀ ਨੇ ਦੇ ਨਿੱਤ ਜਲਾਲਤ, ਹੈ ਸਨਮਾਨਿਆ
ਲਾਸ਼ ਦੁਸ਼ਾਲੇ ਨਾਲ਼ ਨਿਵਾਜਣ , ਕਿਉਂ ਢੋਂਗੀ.ਯਾਰ ਮੇਰੀ

ਸਾਹਿਤ ਦਾ ਥੰਮ ਆਪੇ ਗਿਰ ਜਾਵੇਗਾ, ਗਿਰਨ ਦਿਓ ਏ
ਖੁਦ ਗੁਰਬਤ ਵਿਚ ਮਰ ਜਾਵੇਗੀ, ਕਹਿੰਦੇ ਲਲ਼ਕਾਰ ਮੇਰੀ

ਹਾਕਿਮ ਸ਼ਬਦਾਂ ਤੋਂ ਡਰਦੈ, ਨਾ ਤੇਰੇ ਤੋਂ, ਕਲਮ ਚਲਾ
ਲੋਕ ਜਗਾ, ਕਰ ਪੂਰੀ ਖਾਹਿਸ਼, ਰਹਿ ਗਈ ਵਿਚਕਾਰ ਮੇਰੀ

ਸ਼ਿਕਰਾ ਤਾਂ ਤਾਕ ਰਿਹੈ, ਮੇਰੀ ਹਿੰਮਤ, ਮੇਰੀ ਤਾਕਤ
ਉਹ ਕੀ ਨਾਪੂ, ਉਸਦੀ ਸੋਚੋਂ ਉੱਚੀ, ਹੈ 'ਡਾਰ ਮੇਰੀ

ਮਿੱਟੀ ਦਾ ਮੈਂ ਪੁੱਤਰ, ਇਸ ਦੀ ਖਾਤਿਰ, ਮਰਨੈ ਇਕ ਦਿਨ
ਲਾਹ ਭਾਂਵੇ ਸੀਸ ਹਜ਼ਾਰਾਂ, ਜੂਝੇਗੀ ਤਲਵਾਰ ਮੇਰੀ

ਦਿਲ ਦਰਿਆ ਹਾਂ, ਦਰਿਆ ਹੀ ਰਹਿਣੈ, ਖੌਫ ਨਹੀਂ ਕੋਈ
ਤਾਂਡਵ ਅੰਦਰ, ਉਂਝ ਤਾਸੀਰ ਚਾਹੇ ਠੰਡੀ ਠਾਰ ਮੇਰੀ  

ਮਰ ਕੇ ਵੀ ਨਈਂ ਮਰਨਾ ਮੈਂ ,ਖੁਸ਼ ਨਾ ਹੋ, ਕੱਢ ਖ਼ਿਆਲੋਂ
ਅਮਰ ਰਹਾਂਗਾ ਦੁਨੀਆ ਤੀਕਰ, ਦੇਖ ਨਵੀਂ ਨੁਹਾਰ ਮੇਰੀ 

ਕਿਉਂ ਅਫ਼ਸੋਸ ਕਰੋ ਯਾਰੋ ,ਸ਼ਾਇਰ ਏ ਕਦ ਮਰਦੇ ਨੇ
"ਬਾਲੀ" ਜੰਮਣੇ ਇਸ ਮਿੱਟੀ, ਦੇਣੀ ਖਾਕ ਖਿਲ਼ਾਰ ਮੇਰੀ।

ਗੀਤ

ਅੱਗ ਦੀ ਲਪਟ ਜੇ ਜ਼ਿੰਦਗ਼ੀ,
ਹੈ ਸਵੀਕਾਰ ਤੂੰ, ਮਿਲ ਗਲੇ
ਕੁਕਨਸਾਂ ਦਾ ਇਸ਼ਕ, ਜਾਨ ਤੂੰ,
"ਡੀਕਦੇ ਯਾਰ ਨੂੰ ਲਾ ਗਲੇ
ਲਪਟ ਜੇ ਅੱਗ ਦੀ............

ਪੌਣ ਹੈ ਧੜਕਦੀ ਜਿਸਮ ਵਿਚ, 
ਦਮ ਜਿਵੇਂ ਸਹਿਕਦੇ ਖ਼ਾਕ ਵਿਚ
ਜੀਵਨ ਜਿਉਂ ਪਨਪਦਾ ਕੁੱਖ਼ ਵਿੱਚ
ਵਾਸ਼ਨਾ ਲਚਕਦੀ ਢਾਕ ਵਿੱਚ
ਬੰਜ਼ਰੀਂ ਥੋਹਰ ਨੇ ਮਹਿਕਦੇ
ਟਹਿਕਦੇ ਸੋਹਣੇ ਫੁੱਲ਼ ਖਿਲੇ
ਲਪਟ ਜੇ ਅੱਗ ਦੀ ਜ਼ਿੰਦਗ਼ੀ....

ਅੰਗਿਆਰਾਂ ਉੱਤੇ ਸਿਰਜਣੇ
ਸ਼ੌਂਕ ਦੇ ਮਹਿਰਮਾ ਆਲ੍ਹਣੇ
ਗੋਦ ਦੀ ਨਿੱਘ ਵਿਚ ਬੋਟ ਵੀ
ਅੰਬਰ ਛੂੰਹਦੇ ਪਾਲਣੇ
ਚਹਿਕਦੇ ਪੀੜ ਲੈ ਹਿਜਰ ਦੀ
ਪੀ ਰਹੇ ਹੰਝ ਸਾਡੇ ਗਲ਼ੇ
ਲਪਟ ਜੇ ਅੱਗ ਦੀ....

ਖੰਭ ਨਾ ਮੱਚਦੇ ਛੂਹ ਲਵੀ
ਜਿਸਮ ਤੇਰਾ ਲੂਹ ਏ ਜਾਣਗੇ
ਤਪਸ਼ ਹੈ ਸੂਰਜਾਂ ਦੀ ਦਿਲੀਂ
ਛੂੰਹਦਿਆਂ ਰੂਹ ਤਿਰੀ ਹੋ ਜਾਣਗੇ
ਅੱਗ ਨੇ ਜਨਮਿਆਂ ਅੱਗ ਹਾਂ
ਲੇਖ਼ ਕਦ ਬੱਦਲ਼ੀ ਨਾਲ਼ ਰਲ਼ੇ
ਲਪਟ ਜੇ ਅੱਗ ਦੀ ਜ਼ਿੰਦਗ਼ੀ.....

ਅੰਗਿਆਰੇ ਅਸਾਂ ਉਗਲ਼ਦੇ
ਰੇਤਗੜ੍ਹ ਨੂਰ ਜਿਹੇ ਗੀਤ ਨੇ
ਕਲਮ ਸਾਡੀ ਕਮਾਨਾਂ ਜਿਹੀ
ਤੀਰ ਸ਼ਬਦਾਂ ਦੇ ਹੀ ਮੀਤ ਨੇ
ਬੋਲ "ਬਾਲੀ" ਜੁਬਾਨੋ ਕਿਰੇ
ਜਾਣ ਪੈਰਾਂ ਤੋਂ ਨਾ ਯਾਰ ਮਲ਼ੇ 
ਲਪਟ ਜੇ ਅੱਗ ਦੀ ਜ਼ਿੰਦਗ਼ੀ.....

   
ਗ਼ਜ਼ਲ. 
ਆਪ ਸਮੇਂ ਦੇ ਹਾਕਿਮਾਂ, ਜੰਮ ਦਿੱਤਾ ਭਗਵਾਨ
ਪੱਥਰ ਘੜਕੇ ਆਪ ਹੀ, ਪੂਜ ਰਹੇ ਸ਼ੈਤਾਨ 

ਲੁੱਟ ਰਹੇ ਨੇ ਦੇਸ਼ ਨੂੰ, ਦੋਵੇਂ ਹੱਥੀਂ ਠੱਗ
ਲੱਚੇ ਲੰਡੇ ਚੌਧਰੀ, ਗੁੰਡੀ ਰੰਨ ਪ੍ਰਧਾਨ

ਕੇਸ ਬਣਾ ਕੇ ਝੂਠ ਦੇ, ਪਰਚੇ ਕਰਨ ਹਜ਼ਾਰ
ਦੇਸ਼-ਧਰੋਹੀ ਆਖ ਕੇ, ਕਰਦੇ ਬੰਦ ਜੁਬਾਨ

ਬੇ-ਪੱਤੀ ਦਾ ਸਿਖ਼ਰ ਹੈ, ਅਫ਼ਸ਼ਰ ਸ਼ਾਹੀ.ਲੁੱਟ
ਪੈਰਾਂ ਵਿੱਚ ਮਧੋਲਿਆ, ਪੱਗਾਂ  ਦਾ ਸਨਮਾਨ

ਬੁੱਚੜ ਬੈਠੇ ਸਾਧ ਬਣ, ਕਰਦੇ ਨਿੱਤ ਪਖੰਡ
ਜਬਰੀ ਲੁੱਟਣ ਗੋਲ਼ਕਾਂ, ਭੇਖ਼ੀ ਬੇ-ਈਮਾਨ

ਕੁੱਤੇ ਬਣ ਬਣ ਚੱਟਦੇ, ਦੁਸ਼ਮਣ ਦੇ ਨੇ ਪੈਰ
ਕੁੱਤੇ ਵੀ ਹੋ ਦੇਖਦੇ, ਕੌਣ ਇਹੇ ਮਹਿਮਾਨ

ਸੱਤਾ ਦੇ ਸਭ ਲਾਲਸੀ, ਚੱਲਣ ਟੇਡੀ ਚਾਲ
ਕੁਲ਼ਫੀ ਵੇਚਣ ਗਰਮ ਕਰ, ਭੰਡ ਪਣੇ ਵਿਚ ਮਾਨ

ਕੰਗ਼ਾਲੀ ਦੀ ਦੌਰ ਨੇ, ਵਿਕਦੈ ਮੇਰਾ ਦੇਸ਼
ਉੱਲੂ ਬੈਠੇ ਤਖ਼ਤ ’ਤੇ, ਵੇਚਣਗੇ ਸ਼ਮਸ਼ਾਨ

ਸਾਹ ਜਿਉਂਦੇ ਦੇ ਘੁੱਟ ਕੇ, ਮੁਰਦਾ ਦੇਣ ਕਰਾਰ
ਗੁਰਦੇ ਵੇਚਣ ਡਾਕਟਰ, ਹੱਥ ਜਿਨਾਂ ਦੇ ਜਾਨ

ਠੇਕੇਦਾਰ ਸ਼ਰਾਬ ਦੇ, ਵਰਦੀ, ਬੱਤੀ ਲਾਲ 
ਨਸ਼ਿਆਂ ਨੂੰ ਖੁਦ ਵੇਚਦੇ, ਮੌਤਾਂ ਦੇ ਰਥਵਾਨ

ਜਾਗੋ ਮੇਰੇ ਵੀਰਿਓ, ਪਾ ਲਓ ਨੱਕੀਂ ਨੱਥ
ਹਾਕਿਮ "ਬਾਲੀ ਰੇਤਗੜ੍ਹ", ਮੁਜ਼ਰਿਮ ਨੇ ਬਲਵਾਨ


ਗ਼ਜ਼ਲ

ਸਹੁੱਪਣ ਦੀ ਅਦਾ ਨੇ ਮਾਰ, ਜਿੰਦੇ ਨੀ ਮੁਕਾ ਦਿੱਤੇ
ਮਹੁੱਬਤ ਦੀ ਚੁਕਾ ਕੇ ਕਸਮ, ਹੱਟੀਏ ਜੁਖ਼ਾ ਦਿੱਤੇ

ਬੜੇ ਉਪਰੋਂ ਪਿਆਰੇ ਓਹ, ਸੁਣਾ ਕੇ ਕੀਮਤਾਂ ਚੱਲੇ
ਟਕੇ-ਦਮੜੇ ਜ਼ਮੀਰਾਂ ਦੇ, ਉਨ੍ਹਾਂ ਅਪਣੇ ਸੁਣਾ ਦਿੱਤੇ

ਗਏ ਹੱਡਾਂ ਨੂੰ ਸੀ ਵੇਚਣ, ਮਿਟੇ ਜੇ ਆਦਰਾਂ ਦੀ ਅੱਗ
ਸਣੇ ਮੁੜ੍ਹਕੇ ਡਕਾਰੇ ਸਾਹ, ਜਮਾਂ ਕਮਰੋ ਤੁੜਾ ਦਿੱਤੇ

ਸ਼ਿਕਾਰੀ ਯਾਰ ਹੈ ਸ਼ਿਕਰਾ, ਹਜ਼ਾਰਾਂ ਜਖ਼ਮ ਦੇ ਉਡਦੈ
ਸੁਨਹਿਰੀ ਪਿੰਜ਼ਰੇ ਪਾ ਕੇ, ਜੜੋਂ ਹੀ ਪਰ ਪੁਟਾ ਦਿੱਤੇ

ਨਹੀਂ ਜੀਅ ਹੋ ਰਿਹਾ "ਕੱਲੇ, ਬੜਾ ਮੁਸ਼ਕਲ ਕਰੀਏ ਕੀ
ਕਦੇ ਆਓ ਸਜ਼ਾ ਦੇਵੋ, ਅਸੀਂ ਹੰਝੂ ਵਹਾ ਦਿੱਤੇ

ਵਰ੍ਹੇ ਸਾਵਣ ਦਾ ਮੀਂਹ ਤਾਂ, ਖਿੜੀ ਵੀ ਰਾਤ ਰਾਣੀ
ਝਰੇ ਜੁਲਫ਼ਾਂ ’ਚੋਂ ਸਾਵਣ ਸਭ, ਉਹੋ ਚੇਤੇ ਕਰਾ ਦਿੱਤੇ

ਇਸ਼ਕ ਕਰਕੇ ਤਬਾਹ ਜੇ ਖੁਸ਼, ਹਰਾ ਕੇ ਮਹੁੱਬਤ ਨੂੰ
ਤਾਂ ਕੀ ਹੀਰੇ ਤਿਰੀ ਖਾਤਿਰ, ਹਜ਼ਾਰੇ ਜੇ ਲੁਟਾ ਦਿੱਤੇ

ਚਿਰਾਗ਼ਾਂ ਨੂੰ ਬਚਾਓ ਹੁਣ, ਜਦੋਂ ਤੀਕਰ ਹਨੇਰੀ ਹੈ
ਬੁਝੇ ਮੁੜ ਨਹੀ ਬਲਣੇ, ਅੜੇ ਇਸ ਨੇ ਬੁਝਾ ਦਿੱਤੇ

ਕਦੇ ਦਰਵੇਸ਼ ਨਹੀਂ ਬਣਦਾ, ਬਣਾਏ ਤਖ਼ਤ ਦਾ ਹਾਕਿਮ
ਰੁਲ਼ੇ ਰੋਹੀ 'ਚ ਬੰਦੇ ਤੋਂ, ਬਹਾਦਰ ਨੇ ਬਣਾ ਦਿੱਤੇ

ਸਿਆਸਤ ਰਿਸ਼ਤਿਆਂ ਅੰਦਰ, ਘੁਸੀ ਦਰ ਦਰ ਘਰਾਂ ਅੰਦਰ 
ਰਹੇ ਕਿਰਦਾਰ ਨਾ ਇਤਫ਼ਾਕ, ਕੌਡੀ ਜਿਉਂ ਵਿਕਾ ਦਿੱਤੇ

ਸਿਕੰਦਰ ਨਾ ਹੋ ਤੂੰ ਗੌਤਮ, ਮੁਸਾਫ਼ਿਰ ਹੈਂ ਇਕੱਲਾ ਤੂੰ
ਕਿਵੇਂ ਮਜ੍ਹਬਾਂ ’ਚ ਫਸ "ਬਾਲੀ", ਇਹੇ ਜੀਵਨ ਗਵਾ ਦਿੱਤਾ।

 

ਗ਼ਜ਼ਲ ..

ਕੁੱਝ ਸਫ਼ੇ ਪੜ੍ਹ ਕੁੱਝ ਕੁ ਪਲ਼ਟਾ ਕੇ ਕਿਉਂ, ਤੁਰ ਜਾਂਦੇ ਨੇ ਲੋਕ
ਦਸਤਾਵੇਜ਼, ਕਿਤਾਬਾਂ ਜਿਉਂ ਧੂੜਾਂ ’ਤੇ, ਧਰ ਜਾਂਦੇ ਨੇ ਲੋਕ

ਜੇ ਨਾ ਬੋਲਾਂ, ਚੁੱਪੀ ਮੂੰਹ ਦੀ ਖੋਲਾਂ, ਪਾਸੇ ਜਾਵਾਂ ਬੈਠ
ਫਿਰ ਵੀ ਆਖ ਘੁਮੰਡੀ, ਆਕੜ‐ਕੰਨਾ, ਕਰ ਜਾਂਦੇ ਨੇ ਲੋਕ

ਇੱਕ ਪਿਆਸ ਬੁਝਾਉਣ ਖਾਤਿਰ ਮੰਗਾਂ ਮੈਂ ਪਾਣੀ ਦੀ ਘੁੱਟ
ਦੇਣ ਕਦੇ ਨਾ ਪਰ ਜ਼ਹਿਰ ਮਿਲਾ ਦਾਰੂ, ਧਰ ਜਾਂਦੇ ਨੇ ਲੋਕ

ਚਾਤੁਰ ਮਿਲਦੇ ਜੋ ਵੀ ਮਿਲਦੈ ਸੋਹਣਾ, ਠੱਗਾਂ ਦਾ ਉਸਤਾਦ
ਜੇਬਾਂ, ਟੋਹਣ ਖੀਸੇ, ਦੇਖ ਕੇ ਖਾਲ਼ੀ, ਠਰ ਜਾਂਦੇ ਨੇ ਲੋਕ

ਮਰਿਆਂ ਜਦ ਵੀ ਬੇ‐ਮੌਤੇ ਮੈਂ ਅੰਦਰ, ਟੋਹ ਕੇ ਦੇਖਣ ਨਬਜ਼
ਆਖ਼ਿਰ ਖੁਦ ਅਰਥੀ ਨੂੰ ਮੋਢਾ ਦੇ ਕੇ, ਫਿਰ ਜਾਂਦੇ ਨੇ ਲੋਕ

ਪੀ ਅੱਗ ਦੀਆਂ ਨਦੀਆਂ ਮਰਿਆ ਨਾ ਮੈਂ, ਸਭ ਡੀਕ ਗਿਆਂ ਜ਼ਹਿਰ
ਮਖਿਆਲ਼ਾਂ ਦੀ ਉਂਗਲੀ ਚਟਦੇ ਹੀ ਕਿਉਂ, ਮਰ ਜਾਂਦੇ ਨੇ ਲੋਕ

ਸਖ਼ਤ ਮੁਸ਼ੱਕਤ ਕਰਕੇ ਕਰਜੇ ਅੰਦਰ, ਕਿਉਂ ਜਾਂਦੇ ਨੇ ਡੁੱਬ
ਹਰ ਕੋਸ਼ਿਸ਼ ਕਰ ਹੜ੍ਹ ਜਾਂਦੇ ,ਬਣ ਲਾਸ਼ਾਂ, ਤਰ ਜਾਂਦੇ ਨੇ ਲੋ

ਕਿਉਂ ਨਈਂ ਹਾਕਮ ਦੀ ਏ ਸੰਘੀ ਫੜ੍ਹਦੇ, ਗਰਦਨ ਦਿੰਦੇ ਨੱਪ
ਅੰਦਰ ਆਤਮ-ਹੱਤਿਆ ਕਰਕੇ ਹਾਉਂਕੇ, ਭਰ ਜਾਂਦੇ ਨੇ ਲੋਕ

ਕੌਣ ਕਿਸੇ ਨੂੰ ਦਿਲ ਤੋਂ ਚਾਹੁੰਦੈਂ ਰੂਹ ਤੋਂ, ਵਕਤ ਕਟੀ ਹੈ ਯਾਰ
"ਬਾਲੀ" ਇਸ਼ਕ ਨਿਭਾਵਣ ਵਾਲੇ ਮੌਤਾਂ , ਵਰ ਜਾਂਦੇ ਨੇ ਲੋਕ।

 

ਗੀਤ
ਕੌਮ ਗ਼ਦਾਰਾਂ ਵਿੱਚ ਘਿਰੀ ਮੇਰੀ
ਨੇਤਾ ਖਾ ਗਏ ਵੇਚ ਜ਼ਮੀਰਾਂ 
ਭੰਡਾਂ ਨਾਲੋਂ ਗਿਰਕੇ ਇਹ ਤਾਂ
ਬਦਲਣ ਨਿੱਤ ਤਕਰੀਰਾਂ ਨੂੰ 
ਕੋਮ ਗ਼ਦਾਰਾਂ ਵਿੱਚ...

ਕੁਰਸੀ ਖਾਤਿਰ ਮਾਂ ਵੇਚ ਗਏ 
ਪੁਰਖਿਆਂ ਦੀਆਂ ਦਸਤਾਰਾਂ
ਕਸਮਾਂ ਖਾਵਣ ਇਹ ਝੂਠੀਆਂ 
ਇਹ ਨੇ ਗਿਰਝਾਂ ਦੀਆਂ ਡਾਰਾਂ
ਰਿਸ਼ਵਤ ਖੋਰ ਬਲੈਕੀਏ ਇਹ
ਅੰਦਰ ਖਾਤੇ ਮਾਰਨ ਮਾਰਾਂ
ਨਿੱਤ ਨਵੇਂ ਬਿਆਨ ਬਦਲਦੇ
ਲਾ ਪਿੱਛੇ ਲੱਠਵਾਜ ਵਹੀਰਾਂ ਨੂੰ 
ਕੋਮ ਗ਼ਦਾਰਾਂ ਵਿੱਚ...

ਵਾਅਦੇ ਝੂਠੇ ਕਰ ਕਰ ਲੁੱਟਣ
ਮੌਤਾਂ, ਨਸ਼ਿਆਂ ਦੇ ਵਿਉਪਾਰੀ
ਜ਼ੁਮਲੇ ਬਾਜ, ਫਸਾਦੀ ਸਾਰੇ
ਆਉਂਦੇ ਮਿਲ ਮਿਲ ਵਾਰੋ ਵਾਰੀ 
ਸ਼ੋਸਣ ਕਰਦੇ, ਧੌਂਸ ਦਿਖਾਉਣ
ਮੂੰਹ 'ਚ ਰਾਮ, ਬਗ਼ਲ ਵਿਚ ਕਟਾਰੀ
ਗੰਦ ਸਿਆਸਤ ਅੰਦਰ ਪਾਉਂਦੇ
ਆਪ ਲੜਾਕੇ ਸਕਿਆਂ ਵੀਰਾਂ ਨੂੰ 
ਕੌਮ ਗ਼ਦਾਰਾਂ ਵਿੱਚ ਘਿਰੀ ਹੈ...

ਮਜ਼ਲੂਮਾਂ ਦੇ ਇਹ ਨੇ ਕਾਤਲ 
ਪੈਰ ਪੈਰ ’ਤੇ ਝੂਠ ਬੋਲਦੇ, 
ਮੰਦਿਰ, ਮਸਜਿਦ, ਗੁਰੁਦੁਆਰੇ
ਦਾਹ ਹਰ ਦਮ ਕੁਫ਼ਰ ਤੋਲਦੇ
ਕੇਸਾਂ ਦੀ ਬੇ ਅਦਬੀ ਕਰ ਕਰ
ਪੈਰਾਂ 'ਚ ਦਸਤਾਰਾਂ ਰੋਲਦੇ
ਪੱਤ, ਲੀਰੋ‐ਲੀਰ ਚੁੰਨੀਆਂ 
ਕੋਈ ਨੱਥ ਨਹੀਂ ਇੰਨਾਂ ਵਜ਼ੀਰਾਂ ਨੂੰ
ਕੌਮ ਗਦਾਰਾਂ ਵਿੱਚ ਘਿਰੀ....

ਸੰਭਲ ਜਾਵੋ ਹੁਣ ਨੌਜਵਾਨੀ
ਨੱਕ ਨਕੇਲਾਂ ਇਨ੍ਹਾਂ ਦੇ ਪਾਉ
ਇੱਕ ਨਿਸ਼ਾਨ, ਇਕ ਲੈ ਨਾਅਰਾ
ਆਪਣਾ ਯਾਰ ਪੰਜਾਬ ਬਚਾਓ
ਨਸ਼ਿਆਂ ਦੇ ਸੌਦਾਗਰ ਸਭ ਏ
ਫੜ ਗੁਲਾਮੇ ਛਿੱਤਰ ਲਾਓ
ਰੇਤਗੜੵ" ਦੇ ਤੁਸੀਂ "ਬਾਲੀ" ਵਾਰਿਸ
ਪੁੱਟ ਦਿਓ ਸੂਲਾਂ ਭਰੇ ਕਰੀਰਾਂ ਨੂੰ
ਕੌਮ ਗ਼ਦਾਰਾਂ ਵਿੱਚ ਘਿਰੀ.......

ਬਲਜਿੰਦਰ ਸਿੰਘ "ਬਾਲੀ ਰੇਤਗੜ੍ਹ"
94651-29168 whatsapp
70876-29168
baljinderbali68@gmail.com


rajwinder kaur

Content Editor

Related News