ਗਜ਼ਲ

Thursday, Jul 26, 2018 - 04:59 PM (IST)

ਗਜ਼ਲ

ਹਰ ਇਕ ਥਾਂ 'ਤੇ, ਕਬਜ਼ਾ ਹੋਇਆ ਗੈਰਾਂ ਦਾ 
ਅਖਬਾਰਾਂ ਵਿਚ, ਜ਼ਿਕਰ ਰਹਿ ਗਿਆ ਵੈਰਾਂ ਦਾ।

ਬੰਦੇ ਵਿਚੋਂ ਬੰਦਾ, ਲੱਭਿਆਂ ਮਿਲਦਾ ਨਹੀਂ
ਧਰਤੀ ਉੱਤੇ ਵਿਛਿਆ, ਜਾਲ ਹੈ ਸ਼ਹਿਰਾਂ ਦਾ।

ਜਜ਼ਬਾਤਾਂ ਦੀ, ਕੋਈ ਪੁੱਛ-ਪੜਤਾਲ ਨਹੀਂ
ਰੱਖਦੇ ਖਾਸ ਖਿਆਲ, ਗਜ਼ਲ ਦੀਆਂ ਬਹਿਰਾਂ ਦਾ।

ਪੁੱਤ ਅਸਾਡੇ ਮਰਦੇ, ਗੱਲ ਹੈ ਆਮ ਜਿਹੀ
ਤੇਰਾ ਨਜ਼ਲਾ, ਕੰਮ ਹੋ ਗਿਆ ਕਹਿਰਾਂ ਦਾ।

ਮੁੱਲਾਂ, ਪੰਡਤ, ਬਾਬੇ, ਲੱਗਦੈ ਜਾਗ ਪਏ !
ਰੂਪ ਬਦਲ ਕੇ ਰੱਖਤਾ, ਅੰਮ੍ਰਿਤ ਪਹਿਰਾਂ ਦਾ।

ਦਰਿਆਵਾਂ ਨੇ, ਧਰਤੀ ਨੂੰ ਮੱਲ ਮਾਰ ਲਿਆ
ਝੂਠਾ ਨਾਉਂ ਲੱਗਦੈ, ਉੱਠਦੀਆਂ ਲਹਿਰਾਂ ਦਾ।

ਸ਼ਹਿਦ ਵਰਗੀਆਂ, ਲਿੱਖਤਾਂ ਰੁਲੀਆਂ ਸੜਕਾਂ ਤੇ
ਮੁੱਲ ਰਹਿ ਗਿਆ 'ਸ਼ਾਨਾ', ਵਿੱਕਦੇ ਜ਼ਹਿਰਾਂ ਦਾ।
ਡਾ. ਨਿਸ਼ਾਨ ਸਿੰਘ ਰਾਠੌਰ
ਮੋਬਾ. 075892- 33437


Related News