ਜਗਦੀ ਲਾਟ
Tuesday, Jun 19, 2018 - 05:31 PM (IST)

ਸੰਤੇ ਨੂੰ ਕਈ ਦਿਨਾਂ ਤੋਂ ਦਿਹਾੜੀ ਨਹੀਂ ਸੀ ਮਿਲੀ। ਅੱਜ ਉਸਦਾ ਦਿਲ ਕੀਤਾ ਕਿਉਂ ਨਾ ਛੋਟੇ ਪੁੱਤਰ ਨਾਲ ਖੇਡ ਹੀ ਲਿਆ ਜਾਵੇ ਪਰ ਪਾਪੀ ਪੇਟ ਨੇ ਫਿਰ ਹਲੂਣਿਆਂ, 'ਸ਼ਾਇਦ ਕਿਤੇ ਕੰਮ ਮਿਲ ਹੀ ਜਾਵੇ, ਜੇ ਪੂਰੀ ਦਿਹਾੜੀ ਨਹੀਂ ਤਾਂ ਅੱਧੀ, ਅੱਧੀ ਨਹੀਂ ਤਾਂ ਇੱਕ ਜੋਤਾ ਹੀ ਮਿਲ ਗਿਆ ਤਾਂ ਬੱਚਿਆਂ ਨੂੰ ਕੁਝ ਲਿਆਉਣ ਜੋਗਾ ਤਾਂ ਹੋ ਜਾਵਾਂਗਾ।'
ਇਹ ਸੋਚ ਉਸਨੇ ਸਾਇਕਲ ਚੁੱਕ ਚੇਬਰ ਚੌਂਕ ਵੱਲ ਚਾਲੇ ਪਾ ਦਿੱਤੇ। ਚਾਵਾਂ-ਚਾਵਾਂ ਨਾਲ ਜਾਂਦਾ ਉਹ ਸ਼ਾਮ ਨੂੰ ਬੱਚਿਆਂ ਨੂੰ ਕੁਝ ਫਲ਼ ਤੇ ਖਿਡੌਣੇ ਲਿਆਉਣ ਬਾਰੇ ਸੋਚਦਾ-ਸੋਚਦਾ ਲੇਬਰ ਚੌਂਕ 'ਤੇ ਪੁੱਜ ਗਿਆ।
ਪਰ ਅੱਜ ਵੀ ਉਸ ਕੋਲ ਕਿਸੇ ਨੇ ਆ ਮਜ਼ਦੂਰੀ 'ਤੇ ਜਾਣ ਦੀ ਮੰਗ ਨਾ ਕੀਤੀ। ਦੁਪਹਿਰ ਬਾਅਦ ਘਰ ਤੋਂ ਲਿਆਂਦੀ ਰੋਟੀ ਖਾ ਉਹ ਪਹਿਲਾਂ ਤਾਂ ਘਰ ਮੁੜਨ ਬਾਰੇ ਸੋਚਣ ਲੱਗਾ ਫਿਰ ਪਤਾ ਨਹੀਂ ਉਸਦੇ ਕੀ ਮਨ ਵਿਚ ਆਇਆ ਕਿ ਉਹ ਦੁਬਾਰਾ ਬੈਠ ਕੰਮ ਦਾ ਇੰਤਜ਼ਾਰ ਕਰਨ ਲੱਗਾ। ਤੀਜਾ ਪਹਿਰ ਢੱਲਣ ਨਾਲ ਤੇਜ਼ੀ ਨਾਲ ਸੂਰਜ ਵੀ ਅੱਖੋਂ ਓਹਲੇ ਹੋ ਰਿਹਾ ਸੀ। ਹੁਣ ਉਸਨੇ ਆਪਣਾ ਸਾਇਕਲ ਚੁੱਕ ਘਰ ਨੂੰ ਮੁੜਨਾ ਮੁਨਾਸਿਫ ਸਮਝਿਆ।
ਨਹਿਰ ਦੇ ਕਿਨਾਰੇ ਲੰਘਦਿਆਂ ਉਸਨੇ ਦੇਖਿਆ ਕਿ ਇੱਕ ਗੱਡੀ ਵਾਲੇ ਕਈ ਨਾਰੀਅਲ ਨਹਿਰ ਵਿਚ ਰੋੜ•ਰਹੇ ਸਨ, ਉਸਨੇ ਸਾਇਕਲ ਇਕ ਪਾਸੇ ਲਾ ਰੁੜੇ ਜਾਂਦੇ ਨਾਰੀਅਲਾਂ 'ਚੋਂ ਤਿੰਨ ਨਾਰੀਅਲ ਕਾਬੂ ਕਰ ਲਏ। 'ਲੈ ਅੱਜ ਦਾ ਬੰਦੋਬਸਤ ਤਾਂ ਹੋ ਗਿਆ ਪਰ ਜੇ ਨਿੱਕੂ ਦੀ ਮੰਮੀ ਮਨਾ ਨਾ ਕਰੇ', ਆਖਦਾ ਉਹ ਨਾਰੀਅਲਾਂ ਨੂੰ ਪਰਨੇ ਦੇ ਲੜ ਨਾਲ ਬੰਨ•ਦਿਆਂ ਸਾਇਕਲ ਚੁੱਕ ਘਰ ਵੱਲ ਹੋ ਤੁਰਿਆ।
ਪਰਨੇ ਦੇ ਲੜ ਤੋਂ ਨਾਰੀਅਲ ਖੋਲ•ਦੀ ਪਤਨੀ ਆਖਣ ਲੱਗੀ, 'ਲੱਗਦਾ ਅੱਜ ਕੰਮ ਮਿਲ ਗਿਆ, ਤਾਂਹੀਓ ਨਾਰੀਅਲ ਲੈ ਆਏ ਹੋ, ਉਹ ਵੀ ਤਿੰਨ।' 'ਭਾਗਵਾਨੇ ਕੰਮ ਤਾਂ ਮਿਲਿਆ ਨਹੀਂ ਪਰ ਆਉਂਦੇ ਸਮੇਂ ਨਹਿਰ 'ਚ ਇੱਕ ਵੱਡੀ ਗੱਡੀ ਵਾਲੇ ਕਈ ਨਾਰੀਅਲ ਰੋੜ ਕੇ ਗਏ ਸਨ, ਤੇ ਮੈਂ ਇਹ ਤਿੰਨ', ਆਖ ਉਸਨੇ ਲੰਮਾ ਹਉਂਕਾ ਲਿਆ।
'ਲੈ ਇਹਦੇ 'ਚ ਹਰਜ਼ ਵੀ ਕੀ ਹੈ, ਸਾਡੇ ਪਿਤਾ ਜੀ ਵੀ ਤਾਂ ਸਾਨੂੰ ਭੁੱਖਿਆਂ ਨੂੰ ਕਈ ਵਾਰ ਇਹੋ ਹੀ ਖਵਾਉਂਦੇ ਸੀ, ਕੁਝ ਨਹੀਂ ਹੁੰਦਾ ਇਨਾਂ ਨਾਲ', ਆਖ ਉਸਦੀ ਪਤਨੀ ਨਾਰੀਅਲਾਂ ਨੂੰ ਕੱਟਣ ਲੱਗ ਗਈ। ਸੰਤੇ ਨੂੰ ਘਰ ਵਿਚ ਜਗਦੇ ਦੀਵੇ ਦੀ ਲਾਟ ਪਹਿਲਾਂ ਨਾਲੋਂ ਵੀ ਤੇਜ਼ ਜਾਪੀ।
ਬਲਵਿੰਦਰ ਸਿੰਘ ਮਕੜੌਨਾ,
ਪਿੰਡ ਤੇ ਡਾਕ : ਮਕੜੌਨਾ ਕਲਾਂ,
ਜ਼ਿਲਾ ਰੂਪਨਗਰ-140102
ਮੋਬਾਇਲ : 98550-20025