ਖੁਸ਼ਹਾਲ ਸੂਬਾ ਹੋਣ ਦੇ ਬਾਵਜੂਦ ਪੰਜਾਬ ’ਚ ਖ਼ੁਦਕੁਸ਼ੀਆਂ ’ਤੇ ਜ਼ੋਰ ਕਿਉਂ?

04/21/2023 8:13:41 PM

ਆਪਣੇ ਘਰਦਿਆਂ ਨੂੰ ਮੌਤ ਦੇ ਕੇ ਫਿਰ ਆਪ ਵੀ ਮੌਤ ਨੂੰ ਗਲ਼ ਨਾਲ ਲਾ ਲੈਣਾ, ਇਸ ਰਵਾਇਤ ਦਾ ਪੰਜਾਬ ਵਿੱਚ ਆਮ ਹੀ ਰਿਵਾਜ ਪੈ ਗਿਆ ਹੈ। ਇਨ੍ਹਾਂ ਦਾ ਅੰਕੜਾ ਬਹੁਤ ਵੱਧ ਗਿਆ ਹੈ। ਆਤਮ-ਹੱਤਿਆਵਾਂ ਜਾਂ ਖ਼ੁਦਕੁਸ਼ੀਆਂ ਦੀਆਂ ਘਟਨਾਵਾਂ ਆਮ ਜਿਹੀ ਗੱਲ ਹੋ ਗਈ ਹੈ। ਇਹ ਸਿਲਸਲਾ ਰੋਜ਼ ਦਾ ਹੀ ਹੈ। ਆਤਮ-ਹੱਤਿਆ ਦੇ ਕੀ ਕਾਰਨ ਹਨ, ਇਸ ਦੇ ਮੁੱਖ ਕਾਰਨ ਤਾਂ ਕਈ ਹੋ ਸਕਦੇ ਹਨ ਪਰ ਜ਼ਿਆਦਾਤਰ ਤਣਾਅਪੂਰਨ ਜ਼ਿੰਦਗੀ, ਕਿਸੇ ਕਿਸਮ ਦਾ ਸਦਮਾ, ਮਾਨਸਿਕ ਜਾਂ ਸਰੀਰਕ ਬਿਮਾਰੀ, ਨਸ਼ਿਆਂ ਦਾ ਆਦੀ ਹੋ ਜਾਣਾ, ਗਰੀਬੀ ਜਾਂ ਆਰਥਿਕ ਤੰਗੀ ਸ਼ਾਮਲ ਹੈ ਪਰ ਘਰੇਲੂ ਹਿੰਸਾ ਦੇ ਆਤਮ-ਹੱਤਿਆ 'ਚ ਰੋਲ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਪਤੀ ਨੂੰ ਪਤਨੀ ਦੇ ਕਿਸੇ ਹੋਰ ਨਾਲ ਸੰਬੰਧ ਹੋਣ ਦਾ ਸ਼ੱਕ ਜਾਂ ਪਤਨੀ ਨੂੰ ਇਹੋ ਜਿਹਾ ਕੋਈ ਸ਼ੱਕ ਜਾਂ ਮਾਪਿਆਂ ਨਾਲ ਸੁਖਾਲੇ ਸੰਬੰਧ ਨਾ ਹੋਣਾ ਵੀ ਬੱਚਿਆਂ ਪ੍ਰਤੀ ਗੁੱਸੇ ਦਾ ਕਾਰਨ ਬਣ ਸਕਦਾ ਹੈ।

ਇਸ ਤੋਂ ਇਲਾਵਾ ਘਰੇਲੂ ਹਿੰਸਾ ਵੀ ਅਜਿਹੇ ਅਪਰਾਧਾਂ ਦੀ ਜੜ੍ਹ ਹੋ ਸਕਦੀ ਹੈ। ਇਨ੍ਹਾਂ 'ਚੋਂ ਵਧੇਰੇ ਔਰਤਾਂ ਨਾਲ ਮਾੜਾ ਵਿਵਹਾਰ ਹੋਇਆ ਹੁੰਦਾ ਹੈ, ਭਾਵੇਂ ਉਹ ਜਜ਼ਬਾਤੀ ਹੋਵੇ ਜਾਂ ਫਿਰ ਜਿਣਸੀ ਜਾਂ ਸਰੀਰਕ ਤੌਰ 'ਤੇ। ਗੁੱਸਾ ਮਰਦ ਇਕੱਲੇ ਨੂੰ ਨਹੀਂ ਆਉਂਦਾ, ਔਰਤ ਨੂੰ ਵੀ ਆਉਂਦਾ ਹੈ। ਇਹ ਮਨੁੱਖੀ ਸੁਭਾਅ ਦਾ ਹਿੱਸਾ ਹੈ ਤੇ ਇਹ ਕੋਈ ਬਹੁਤ ਵੱਡੀ ਗੱਲ ਵੀ ਨਹੀਂ ਹੈ। ਗੁੱਸਾ ਸਿਰਫ ਪਤੀ-ਪਤਨੀ , ਪ੍ਰੇਮੀ-ਪ੍ਰੇਮਿਕਾ 'ਚ ਨਹੀਂ ਬਲਕਿ ਦੋਸਤਾਂ, ਮਾਂ-ਧੀ, ਪਿਓ-ਧੀ ਮਤਲਬ ਹਰ ਰਿਸ਼ਤੇ 'ਚ ਹੁੰਦਾ ਹੈ। ਜੇ ਗੁੱਸੇ ਨੂੰ ਠੰਡਾ ਨਾ ਕੀਤਾ ਜਾਵੇ ਤਾਂ ਫਿਰ ਘਰ ਟੁੱਟਣ ਤੱਕ 'ਤੇ ਗੱਲ ਚਲੀ ਜਾਂਦੀ ਹੈ। ਗੱਲ ਗੁੱਸੇ ਤੋਂ ਵੱਧਦੀ-ਵੱਧਦੀ ਘਰੇਲੂ ਹਿੰਸਾ ਤੱਕ ਜਾ ਪਹੁੰਚਦੀ ਹੈ ਤੇ ਫਿਰ ਇਹ ਘਰਾਂ ਵਿੱਚ ਕੋਈ ਵੀ ਆਪਣੇ ਹੋਸ਼-ਹਵਾਸ ਗੁਆ ਦਿੰਦਾ ਹੈ ਤੇ ਆਪਣੇ ਪਰਿਵਾਰ ਨੂੰ ਜਾਂ ਆਪ ਆਤਮ-ਹੱਤਿਆ ਦਾ ਰਾਹ ਚੁਣ ਲੈਂਦਾ ਹੈ। ਬਾਅਦ ਵਿੱਚ ਇਸ ਗੱਲ 'ਤੇ ਅਫ਼ਸੋਸ ਹੀ ਕੀਤਾ ਜਾ ਸਕਦਾ ਹੈ, ਹੋਰ ਕੁਝ ਨਹੀਂ।

ਖੋਜਕਾਰਾਂ ਨੇ ਨੌਜਵਾਨ ਕੁੜੀਆਂ 'ਚ ਝੂਠ, ਮਨਮੁਟਾਅ, ਝਗੜੇ, ਨਾਰਾਜ਼ਗੀ ਅਤੇ ਸ਼ਰਾਬੀ ਹੋਣ ਦੀ ਆਦਤ ਅਤੇ ਬਾਅਦ 'ਚ ਉਨ੍ਹਾਂ ਦੇ ਵਿਆਹੁਤਾ ਜੀਵਨ 'ਚ ਇਸ ਦੇ ਪ੍ਰਭਾਵ ਨਾਲ ਸੰਬੰਧ ਜੋੜਿਆ ਹੈ। ਭਾਵਨਾਤਮਕ ਹਿੰਸਾ ਦੇ ਸ਼ਿਕਾਰ ਵਿਅਕਤੀ ਭਾਵੇਂ ਔਰਤ ਜਾਂ ਮਰਦ ਕੋਈ ਵੀ ਹੋਵੇ, ਦਾ ਸਵੈਮਾਣ ਖ਼ਤਮ ਹੋ ਜਾਂਦਾ ਹੈ। ਉਸ ਨੂੰ ਲੱਗਦਾ ਹੈ ਕਿ ਲੋਕਾਂ ‘ਚ ਉਸ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ। ਉਸ ‘ਤੇ ਨਕਾਰਾਤਾਮਕ ਹੋਣ ਦਾ ਠੱਪਾ ਲਗਾਇਆ ਜਾਂਦਾ ਹੈ। ਕਈ ਵਾਰ ਹਿੰਸਾ ਦੇ ਸ਼ਿਕਾਰ ਵਿਅਕਤੀ ਨੂੰ ਇਹ ਭਰੋਸਾ ਹੋ ਜਾਂਦਾ ਹੈ ਕਿ ਉਹ ਸੱਚਮੁੱਚ ਹੀ ਕਿਤੇ ਗਲਤ ਤਾਂ ਨਹੀਂ ਹੈ ਅਤੇ ਉਹ ਘਰੇਲੂ ਕਲੇਸ਼ ਲਈ ਆਪ ਖੁਦ ਨੂੰ ਹੀ ਜ਼ਿੰਮੇਵਾਰ ਸਮਝਣਾ ਸ਼ੁਰੂ ਕਰ ਦਿੰਦਾ ਹੈ। ਭਾਵੇਂ ਉਸ ਨੇ ਕਿਸੇ ਕੰਮ ਕਾਰਨ ਦੇਰ ਰਾਤ ਆਉਣ ਲਈ ਮਾਫੀ ਵੀ ਮੰਗ ਲਈ ਹੋਵੇ, ਉਹ ਉਨ੍ਹਾਂ ਗਲਤੀਆਂ ਲਈ ਮਾਫੀ ਮੰਗਦਾ ਹੋਵੇ, ਜੋ ਉਸ ਨੇ ਕੀਤੀਆਂ ਹੀ ਨਹੀਂ ਪਰ ਫਿਰ ਵੀ ਘਰ ਵਿੱਚ ਰਹਿੰਦੇ ਪਰਿਵਾਰ ਵੱਲੋਂ ਉਸ ਨੂੰ ਇੱਜ਼ਤ ਨਾ ਦਿੱਤੇ ਜਾਣ ਕਾਰਨ ਇਹ ਸਭ ਉਸ ਦੇ ਆਤਮਵਿਸ਼ਵਾਸ ਤੇ ਸਵੈਮਾਣ ਨੂੰ ਬੁਰੀ ਤਰ੍ਹਾਂ ਠੇਸ ਪਹੁੰਚਾਉਦਾ ਹੈ।

ਉਹ ਸਹੀ ਹੁੰਦਾ ਹੋਇਆ ਵੀ ਇੰਨੇ ਜ਼ਿਆਦਾ ਮਾਨਸਿਕ ਤਣਾਅ ਤੇ ਪ੍ਰੇਸ਼ਾਨੀ ਦਾ ਸ਼ਿਕਾਰ ਹੋ ਜਾਂਦਾ ਹੈ ਕਿ ਉਸ ਦੁੱਖ ਤੇ ਜ਼ਿੱਲਤ ਭਰੀ ਜ਼ਿੰਦਗੀ ਦੀ ਬਜਾਏ ਮੌਤ ਨੂੰ ਗਲ਼ ਲਗਾਉਣਾ ਬਿਹਤਰ ਸਮਝਦਾ ਹੈ। ਮਨੋਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ ਮਾਨਸਿਕ ਤਣਾਅ ਕਾਰਨ ਇਕ ਮਾਂ ਜਾਂ ਬਾਪ ਵੱਲੋਂ ਵੀ ਆਪਣੇ ਬੱਚੇ ਨੂੰ ਮਾਰਨ ਬਾਰੇ ਸੋਚਿਆ ਜਾਂਦਾ ਰਿਹਾ ਹੈ। ਇਸ ਬਾਰੇ ਕਈ ਮਨੋਵਿਗਿਆਨੀਆਂ ਵੱਲੋਂ ਕੀਤੀਆਂ ਖੋਜਾਂ 'ਚ ਵੇਖਿਆ ਗਿਆ ਹੈ ਕਿ ਆਪਣੇ ਬੱਚਿਆਂ ਨੂੰ ਮਾਰਨ ਵਾਲੀਆਂ ਮਾਵਾਂ 'ਚੋਂ ਬਹੁਤੀਆਂ ਗਰੀਬੀ ਕਾਰਨ ਪਰਿਵਾਰਾਂ ਦੀਆਂ ਲੋੜਾਂ ਪੂਰੀਆਂ ਨਾ ਕਰ ਸਕਣ ਦੇ ਕਾਰਨ ਵੀ ਇਹ ਰਸਤਾ ਚੁਣ ਲੈਂਦੀਆਂ ਹਨ ਅਤੇ ਕਈ ਔਰਤਾਂ ਵੀ ਵਿਆਹੁਤਾ ਜ਼ਿੰਦਗੀ ਝਗੜਿਆਂ ਦਾ ਘਰ ਬਣੇ ਹੋਣ ਦੇ ਕਾਰਨ ਵੀ ਮੌਤ ਨੂੰ ਗਲ਼ੇ ਲਾ ਲੈਂਦੀਆਂ ਹਨ। ਘਰੇਲੂ ਹਿੰਸਾ ਦੇ ਕਾਰਨ ਆਤਮ-ਹੱਤਿਆ ਕਰਨ ਵਾਲਿਆਂ 'ਚੋਂ ਬਹੁਤ ਸਾਰੇ ਲੋਕਾਂ ਵਿੱਚ ਡਿਪਰੈਸ਼ਨ ਜਾਂ ਹੋਰ ਮਾਨਸਿਕ ਸਮੱਸਿਆਵਾਂ ਵੀ ਪਾਈਆਂ ਗਈਆਂ ਹਨ।

ਉਨ੍ਹਾਂ ਦੀ ਬੁਰੀ ਮਾਨਸਿਕ ਸਿਹਤ ਦਾ ਹੋਣਾ ਕਈ ਵਾਰ ਘਰੇਲੂ ਹਿੰਸਾ ਤੇ ਆਤਮ-ਹੱਤਿਆ ਵਿਚਲੇ ਸੰਬੰਧਾਂ 'ਚ ਉਲਝਣ ਵੀ ਪੈਦਾ ਕਰਦਾ ਹੈ। ਘਰੇਲੂ ਹਿੰਸਾ ਕਰਕੇ ਆਤਮ-ਹੱਤਿਆ ਕਰਨ ਵਾਲੀਆਂ ਮਾਵਾਂ ਵੱਲੋਂ ਆਪਣੇ ਹੀ ਬੱਚਿਆਂ ਦੇ ਖ਼ੂਨ ਨਾਲ ਹੱਥ ਰੰਗੇ ਜਾਂਦੇ ਹਨ। ਇੱਥੋਂ ਤੱਕ ਕਿ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਵੀ ਨਹੀਂ ਪਤਾ ਲੱਗਦਾ ਕਿ ਇਹ ਹੋ ਕੀ ਗਿਆ ਹੈ ਅਤੇ ਜਦੋਂ ਤੱਕ ਇਸ ਤਣਾਅ ਦੀ ਭਿਣਕ ਲੱਗਦੀ ਹੈ, ਉਦੋਂ ਤੱਕ ਦਰਦਨਾਕ ਘਟਨਾ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੁੰਦਾ ਹੈ। ਪੁਰਾਣੇ ਸਮੇਂ ਤੋਂ ਚੱਲੀਆਂ ਆ ਰਹੀਆਂ ਮਿੱਥਾਂ ਅਤੇ ਇਸ ਦੇ ਨਾਲ ਹੀ ਜੋ ਵਹਿਮ-ਭਰਮ ਸਾਡੇ ਦਿਲੋਂ, ਦਿਮਾਗ 'ਚ ਘਰ ਕਰ ਗਏ ਹਨ, ਉਨ੍ਹਾਂ ਨੂੰ ਬਾਹਰ ਕੱਢਣ ਦੀ ਲੋੜ ਹੈ।

ਇਹ ਜ਼ਰੂਰੀ ਨਹੀਂ ਕਿ ਘਰੇਲੂ ਹਿੰਸਾ ਔਰਤ 'ਤੇ ਹੁੰਦੀ ਹੈ। ਕਈ ਔਰਤਾਂ ਸਾਰਾ ਦਿਨ ਬੰਦਿਆਂ ਦਾ ਜਿਊਣਾ ਹਰਾਮ ਕਰੀ ਰੱਖਦੀਆਂ ਹਨ। ਐਵੇਂ ਨਿੱਕੀ-ਨਿੱਕੀ ਗੱਲ 'ਤੇ ਲੜਾਈ-ਝਗੜਾ ਕਰਕੇ ਅਤੇ ਬਾਅਦ ਵਿੱਚ ਜਾਅਲੀ ਕੁੱਟਮਾਰ, ਦਾਜ-ਦਹੇਜ ਦਾ ਕੇਸ ਪਾ ਕੇ ਲੜਕੇ ਦੇ ਪਰਿਵਾਰ ਭੈਣ, ਭਰਾ, ਜੀਜੇ, ਚਾਚੇ, ਤਾਏ 'ਤੇ ਕੇਸ ਪਾ ਕੇ ਪ੍ਰੇਸ਼ਾਨ ਕਰਦੀਆਂ ਹਨ, ਜਿਸ ਕਾਰਨ ਬੰਦੇ ਦੀ ਕੋਟ-ਕਚਹਿਰੀਆਂ ਵਿੱਚ ਕੋਈ ਸੁਣਵਾਈ ਨਹੀਂ ਹੁੰਦੀ। ਵਕੀਲ ਅਤੇ ਪੁਲਸ ਵੀ ਰੱਜ ਕੇ ਲੁੱਟਦੇ ਹਨ, ਜਿਸ ਨਾਲ ਬੰਦਾ ਡਿਪਰੈਸ਼ਨ ਵਿੱਚ ਹੋਰ ਧਸ ਜਾਂਦਾ ਹੈ ਅਤੇ ਫਿਰ ਆਤਮ-ਹੱਤਿਆ ਵਰਗਾ ਕੱਦਮ ਚੁੱਕ ਲੈਂਦਾ ਹੈ। ਪੰਜਾਬ ਇਕ ਇਹੋ ਜਿਹਾ ਸੂਬਾ ਬਣ ਚੁੱਕਾ ਹੈ ਕਿ ਖੁਸ਼ਹਾਲ ਹੁੰਦਾ ਹੋਇਆ ਵੀ ਆਤਮ-ਹੱਤਿਆ ਕਰਨ ਵਿੱਚ ਸਭ ਤੋਂ ਮੋਹਰੀ ਸੂਬਾ ਬਣਨ ਦਾ ਠੱਪਾ ਆਪਣੇ-ਆਪ 'ਤੇ ਲਵਾ ਚੁੱਕਾ ਹੈ।

ਆਮ ਕਿਤੇ ਵੀ ਗੱਲ ਚੱਲਦੀ ਹੈ ਤਾਂ ਇਹੋ ਹੀ ਕਿਹਾ ਜਾਂਦਾ ਹੈ ਕਿ ਪੰਜਾਬੀ ਫੁਕਰਪੁਣੇ ਵਿੱਚ ਆਪਣੀ ਹੈਸੀਅਤ ਤੋਂ ਵੱਧ ਖਰਚ ਕਰ ਲੈਂਦੇ ਹਨ, ਜਦੋਂ ਕਰਜ਼ਾ ਸਿਰ ਤੱਕ ਅੱਪੜ ਜਾਂਦਾ ਹੈ ਤਾਂ ਫਿਰ ਪਹਿਲਾਂ ਪਈਆਂ ਆਦਤਾਂ ਕਾਰਨ ਖਰਚ ਕੰਟੋਰਲ ਕਰਨਾ ਵੱਸ ਤੋਂ ਬਾਹਰ ਹੋ ਜਾਂਦਾ ਹੈ। ਹੋਰ ਕੋਈ ਰਾਹ ਨਹੀਂ ਬਚਦਾ, ਫਿਰ ਆਤਮ-ਹੱਤਿਆ ਹੀ ਆਖਰੀ ਰਸਤਾ ਬਚਦਾ ਹੈ। ਲੱਗਦਾ ਤਾਂ ਇਹੋ ਹੈ ਕਿ ਪੰਜਬੀਆਂ ਨੂੰ ਆਪਣੇ ਤੌਰ-ਤਰੀਕੇ ਤੇ ਹੋਛੇਪਣ ਨੂੰ ਕੰਟੋਰਲ ਕਰਨਾ ਪਵੇਗਾ। ਜੇ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਨਤੀਜੇ ਕਿਸੇ ਤੋਂ ਲੁਕੇ ਨਹੀਂ। ਅਤਮ-ਹੱਤਿਆ ਕੋਈ ਬਹਾਦਰੀ ਨਹੀਂ ਹੈ।

-ਅਮੀਰ ਸਿੰਘ ਜੋਸਨ
 ਪਿੰਡ ਪੀਰੂ ਵਾਲਾ, ਜ਼ਿਲ੍ਹਾ ਤੇ ਤਹਿਸੀਲ ਫਿਰੋਜ਼ਪੁਰ


Mukesh

Content Editor

Related News