ਗੂੰਜ

Thursday, Jan 18, 2018 - 02:37 PM (IST)

ਗੂੰਜ

ਸਰਦਾਰ ਜੀ ,''ਅਬ ਪੱਚੀਸ ਕੋ ਬਹਿਸ ਹੋਗੀ''ਤੇ ਵਕੀਲ ਮਿਸ਼ਰਾ ਇਹ ਕਹਿ ਕੇ ਕਿਸੇ ਹੋਰ ਫਾਈਲ ਨੂੰ ਖੋਲ੍ਹ ਚੁੱਕਿਆ ਸੀ ਜਿਸ ਦਾ ਸਾਫ਼ ਇਸ਼ਾਰਾ ਸੀ ਕਿ ਕੇਵਲ ਹੁਣ ਉੱਥੋਂ ਜਾ ਸਕਦਾ ਹੈ । ਉਹ ਬਾਹਰ ਵੱਲ ਚੱਲ ਪਿਆ ਕਾਰ ਵੱਲ ਜਾਂਦਿਆਂ ਉਹ ਸੋਚ ਰਿਹਾ ਸੀ ਕਿ ਕਿਉਂ ਮਿਸ਼ਰਾ ਉਸਨੂੰ ਪਸੰਦ ਨਹੀਂ ਕਰਦਾ ,ਉਹ ਉਸਦਾ ਮੁਅੱਕਲ ਹੈ ਫ਼ੀਸ ਵੀ ਦਿੰਦਾ ਹੈ ਪਰ ਫਿਰ ਵੀ.............ਉਸਨੂੰ ਯਾਦ ਆਇਆ ਮਿਸ਼ਰਾ ਨੂੰ ਮਿਲਣ ਤੇ ਪਹਿਲੇ ਪਹਿਲ ਉਹ ਦਿਨ ਜਦੋਂ ਉਸਨੇ ਪੰਜਾਬ ਤੋਂ ਯੂ.ਪੀ ਆਉਣ ਦੀ ਸਾਰੀ ਕਹਾਣੀ ਦੱਸੀ ਸੀ ਤੇ ਇਹ ਦੱਸਣ ਦੀ ਵੀ ਹਿਮਾਕਤ ਕਰ ਲਈ ਸੀ ਕਿ ਉਹ ਵੀ ਪੰਡਤ ਹਨ । ਮਿਸ਼ਰੇ ਨੇ ਗੋਤ ਅਦਿ ਪੁੱਛਿਆ ਤੇ ਫਿਰ ਬੇਸੁਆਦੀ ਨਾਲ ਮੂੰਹ ਫੇਰ ਲਿਆ ਸੀ । ਮਿਸ਼ਰਾ ਕੇਵਲ ਨੂੰ ਸਰਦਾਰ ਜੀ ਕਹਿਕੇ ਖੁਸ਼ ਹੁੰਦਾ ਤੇ ਕੇਵਲ ਵੀ ਹੁਣ ਉਸਦੇ ਅੰਦਰ ਦੀ ਕੁੜੱਤਣ ਨੂੰ ਪਛਾਣਨ ਲੱਗ ਪਿਆ ਸੀ ।ਇੱਕ ਅਣਕਹੀ ਕੁੜੱਤਣ ।  
      ਲਖਨਊ ਦੀਆਂ ਭੀੜ ਭਰੀਆਂ ਸੜਕਾਂ ,ਪੁਰਾਣੀਆਂ ਨਵੀਆਂ ਇਮਾਰਤਾਂ ,ਹਰੇ ਭਰੇ ਦਰਖਤ ਤੇ ਭੱਜੀ ਜਾਂਦੀ ਕਾਰ ਵਿੱਚ ਖਾਮੋਸ਼ ਕੇਵਲ । 20-25 ਸਾਲਾਂ ਤੋਂ ਯ.ੂਪੀ ਰਹਿ ਰਹੇ ਸਨ ।ਜਿੰਦਗੀ ਹੈ ਤਾਂ ਚਲਦੀ ਹੀ ਰਹਿਣੀ ਹੈ ਤੇ ਚਲਦੀ ਵੀ ਰਹੀ ਪਰ ਇੱਕ ਬੇਕਰਾਰ ਤੇ ਬੇਦਿਲ ਜਿੰਦਗੀ ।ਇਹਨਾਂ ਦਿਨਾਂ 'ਚ ਉਹ ਕੁੱਝ ਜਿਆਦਾ ਉਦਾਸ ਹੋ ਗਿਆ ਸੀ ,ਉਹ ਸੋਚਦਾ ਵੀ ਤਾਂ ਜਿਆਦਾ ਸੀ । ਯਾਦਾਂ ਵਿੱਚ ਰਹਿਣ ਵਾਲਾ ਸਖਸ਼ । ਪਿਛਲੇ ਸ਼ਾਇਦ ਪੱਚੀ ਸਾਲਾਂ ਵਿੱਚ ਕਦੇ ਉਹ ਹਾਸਾ ਜਾਂ ਉਹ ਜਲੌਅ ਉਸਦੇ ਨੇੜੇ ਆਇਆ ਹੋਵੇ ਂਜੋ ਪੰਜਾਬ ਵਿੱਚ ਪਿੰਡ ਰਹਿੰਦਿਆਂ ਉਸਦੇ ਚਿਹਰੇ ਦਾ ਹਮੇਸ਼ਾ ਲਈ ਸਾਥੀ ਹੁੰਦਾ ਸੀ । 
       ਕਾਰ ਚੱਲ ਰਹੀ ਸੀ, ਉਸ ਦੇ ਅੰਦਰ ਦੀ ਉਦਾਸੀ ਜਿਵੇਂ ਪੂਰੀ ਕਾਇਨਾਤ ਵਿੱਚ ਘੁਲਦੀ ਜਾ ਰਹੀ ਸੀ । ਹਰ ਦ੍ਰਿਸ਼ ਧੁੰਦਲਾ-ਧੁੰਦਲਾ ,ਉਦਾਸ-ਉਦਾਸ । ਉਹ ਆਪਣੇ ਖਿਆਲਾਂ ਵਿੱਚ ਗੁੰਮ ਸੀ । ਪਤਾ ਨਹੀਂ ਅੱਜ ਹੀ ਕਿਉਂ ਕਾਲੀ ਘਟਾ ਵਾਂਗੂੰ ਯਾਦਾਂ ਉਮੜ੍ਹ ਕੇ ਆ ਰਹੀਆਂ ਸਨ ।ਪੰਜਾਬ ਦੇ ਦਿਨ ਉਹ ਹਸੀਨ ਵਰ੍ਹੇ ।ਉਹਨਾਂ ਦੇ ਅੱਠ-ਦਸ ਘਰ ਸਨ ਇਲਾਕੇ ਵਿੱਚ ਰੋਅਬ ,ਰਸੂਖ਼ ਤੇ ਸਰਪੰਚੀ ਵੀ । ਪਤਾ ਨਹੀਂ ਕਦੋਂ ਵਾਤਾਵਰਣ ਵਿੱਚ ਜ਼ਹਿਰ ਘੁਲਣਾ ਸ਼ੁਰੂ ਹੋ ਗਿਆ ।,ਅਣਚਾਹੀਆਂ ਦੀਵਾਰਾਂ ਮਜਬੂਤ ਹੁੰਦੀਆਂ ਗਈਆਂ ,ਕਈ ਕੁੱਝ ਵਾਪਰ ਗਿਆ ਤਾਂ ਵੀ ਉਹ ਪਿੰਡ ਪਿੰਡ ਵਿੱਚ ਟਿਕੇ ਰਹੇ ।ਉਹਨਾਂ ਨੇ ਕਿਹੜਾ ਕਿਸੇ ਦਾ ਮਾੜਾ ਕੀਤਾ ਐ ਨਾਲੇ ਸੁਰਜੀਤ ਸਿੰਘ ,ਸ਼ਿੰਗਾਰਾ ਸਿੰਘ ਵਰਗੇ ਜਿਗਰੀ ਯਾਰ ਹਮੇਸ਼ਾਂ ਨਾਲ ਖੜ੍ਹੇ ਰਹਿੰਦੇ ਨੇ । ਉਸਨੂੰ ਆਪਣੇ ਦੋਸਤ ਨੰਦੇ ਦਾ ਉਹ ਡਰਿਆ ਘਬਰਾਇਆ ਚਿਹਰਾ ਯਾਦ ਆਇਆ 
''ਸ਼ਰਮਾਂ ਜੀ............ ਬਚਾ ਲਓ ਮੇਰੇ ਮੁੰਡਿਆ ਨੂੰ ।''

ਉਸ ਦੇ ਦੋਵੇਂ ਮੁੰਡਿਆਂ ਨੂੰ ਪੁਲਿਸ ਨੇ ਫੜ੍ਹ ਲਿਆ ਸੀ ,ਮਾਹੌਲ ਖਰਾਬ ਸੀ ਪਿੰਡ ਵਿੱਚ ਮਿਲਟਰੀ ਤੇ ਪੁਲਿਸ ਦੇ ਨਾਕੇ  ਲੱਗੇ ਰਹਿੰਦੇ ਸਨ । ਉਸਨੂੰ ਯਾਦ ਆਏ ਮੁੰਡਿਆ ਦੇ ਉਹ ਡਰੇ ਤੇ ਫੱਕ ਚਿਹਰੇ ।ਉਹ ਆਪਣੇ ਯਾਰਾਂ ਨਾਲ ਠਾਣੇ ਗਿਆ ਅਸਰ ਰਸੂਖ਼ ਸੀ ਹੀ ਤੇ  ਮੁੰਡੇ ਵਾਪਿਸ ਆ ਗਏ ਸਨ ।ਇਲਾਕੇ ਵਿੱਚ ਪ੍ਰੇਮ ਪਿਆਰ ਦਾ ਮਾਹੌਲ ਸੀ ਪਰ ਮਾੜੀਆਂ ਘਟਨਾਵਾਂ ਕਾਰਨ  ਵਾਤਾਵਰਣ ਵਿੱਚ ਘੁਲਿਆ ਜ਼ਹਿਰ ਹੋਰ ਗੂੜ੍ਹਾ ਹੁੰਦਾ ਜਾ ਰਿਹਾ ਸੀ। ਪਰ ਉਹਨਾਂ ਦੇ ਪਰਿਵਾਰਾਂ ਨੂੰ ਤਸੱਲੀ ਸੀ ।ਪਿੰਡ ਅਤੇ ਆਸੇ ਪਾਸੇ ਦੇ ਲੋਕ ਉਹਨਾਂ ਨੂੰ ਚਾਹੁੰਦੇ ਸਨ । ਖ਼ੁਦ ਉਹ ਵੀ ਤਾਂ ਨਹੀਂ ਸਨ ਸੋਚ ਸਕਦੇ ਕਿ ਕਿਤੇ ਹੋਰ ਜਾਇਆ ਜਾਏ.............। ਅਖੀਰ ਓਹੀ ਹੋਇਆ ਜਿਸ ਦਾ ਡਰ ਸੀ ,ਕੁੱਝ ਗੋਲੀਆਂ ਆਈਆਂ ਂਜੋ ਕਿਸੇ ਦੇ ਸ਼ਰੀਰ ਵਿੱਚ ਤਾਂ ਨਾ ਵੱਜੀਆਂ ਪਰ ਉਹਨਾਂ ਦੇ ਉੱਥੋਂ ਜਾਣ ਦਾ ਕਾਰਨ ਜਰੂਰ ਬਣ ਗਈਆਂ ।ਇਹਨਾਂ ਗੋਲੀਆਂ ਦੇ ਨਿਸ਼ਾਨ ਉਸਦੀ ਰੂਹ ਤੇ ਸਦਾ ਲਈ ਉਕਰੇ ਗਏ ਸਨ । ਪਿੰਡ ਛੱਡਣਾ ਹੀ ਪਿਆ ਤੇ ਪੰਜਾਬ ਵੀ । ਉਹਨਾਂ ਦੇ ਵੀ ਸਾਰੇ ਘਰ ਪਿੰਡੋਂ ਉਠ ਆਏ ਤੇ ਉਹਨਾਂ ਤੋਂ ਬਾਅਦ ਬਾਕੀ ਹੋਰ ਘਰ ਵੀ ਕਿਤੇ ਨਾ ਕਿਤੇ ਚਲੇ ਗਏ ਦਰਜਨਾ ਘਰ ।ਉਸਦੇ ਲਈ ਪਿੰਡ ਛੱਡਣਾ ਸਿਰਫ ਪਿੰਡ ਛੱਡਣਾ ਨਹੀਂ ਸੀ ਇਹ ਇਸੇ ਤਰਾਂ੍ਹ ਸੀ ਜਿਵੇਂ ਕਿਸੇ ਜਿਸਮ ਨੂੰ ਰੂਹ ਤੋਂ ਵੱਖ ਕਰ ਦਿੱਤਾ ਜਾਵੇ । ਉਸਨੂੰ ਯਾਦ ਆਇਆ ਦਿਲ ਨੂੰ ਧਰਵਾਸ ਦੇਣ ਲਈ ਯੂ.ਪੀ 'ਚ ਆ ਕੇ ਜਦੋਂ ਕਿਤੇ ਉਹ ਇਕੱਠੇ ਹੁੰਦੇ ਤਾਂ ਇਹ ਆਵਾਜ਼ ਗੂੰਜਦੀ ਸ਼ੁਕਰ ਹੈ ''ਜਾਨਾਂ ਤਾਂ ਬਚੀਆਂ ''ਤੇ ਉਹ ਸੋਚਦਾ ਕਿ ਅਜਿਹੀਆਂ ਜਾਨਾਂ ਬਚਾ ਕੇ ਲੈਣਾ ਕੀ ਸੀ ਜਦੋਂ ਜਿੰਦਗੀ ਸਿਰਫ ਢੋਣੀ ਹੋਵੇ ।ਜਿੰਦਗੀ ਵਿੱਚੋਂ ਜਿੰਦਗੀ ਹੀ ਮਨਫ਼ੀ ਹੋਵੇ । ਕੇਵਲ ਦੀ ਸੋਚਣੀ ਕੁੱਝ ਵੱਖਰੀ ਸੀ..........ਜ਼ਜ਼ਬਾਤੀ । ਸੁਰਜੀਤ ਸਿੰਘ ,ਸ਼ਿੰਗਾਰਾ ਸਿੰਘ ਵਰਗੇ ਦੋਸਤ ਉਹ ਫਿਰ ਕਦੇ ਨਹੀਂ ਸੀ ਬਣਾ ਸਕਿਆ ਭਾਵੇਂ ਇੱਥੇ ਰਹਿੰਦਿਆਂ ਜ਼ਮੀਨ ਜਾਇਦਾਦ ਕੁੱਝ ਜਰੂਰ ਬਣਾ ਲਈ ਸੀ ।ਉਹ ਬੋਲ ਕੇ ਤਾਂ ਬਹੁਤਾ ਕੁੱਝ ਕਹਿ ਨਾ ਸਕਦਾ ਪਰ ਖ਼ੁਦ ਬਾਰੇ ਜਾਣਦਾ ਸੀ ਪਿੰਡ ,ਮਿੱਤਰ ,ਪਿੰਡ ਦੇ ਲੋਕ ,ਗਲੀਆਂ ,ਖੇਤ ,ਦਰਖਤ ਉਸਦੇ ਵਜੂਦ ਦਾ ਹਿੱਸਾ ਹਨ ,ਉਹ ਅਧੂਰਾ ਹੈ ,ਇਹ ਸਾਰੇ ਅਧੂਰੇ ਹਨ । 
     ਕੇਵਲ ਨੂੰ ਨਹੀਂ ਸੀ ਪਤਾ ਲੱਗਿਆ ਕਿ ਕਦੋਂ ਉਹ ਸ਼ਹਿਰ ਤੋਂ ਬਾਹਰ ਆ ਗਿਆ ਸੀ । ਇੱਕ ਪੰਜਾਬੀ ਦਾ ਢਾਬਾ ਆਇਆ ਤਾਂ ਉਸ ਨੇ ਕਾਰ ਰੋਕ ਲਈ ।ਉਸ ਦਾ ਸਿਰ ਦਰਦ ਕਰ ਰਿਹਾ ਸੀ ।  ਪਤਾ ਨਹੀਂ ਕਿਉਂ ਇੱਥੇ ਰੁਕ ਗਿਆ ਸ਼ਾਇਦ ਉਹ ਡਰ ਗਿਆ ਸੀ  ।ਚਾਹ ਵਾਸਤੇ ਕਿਹਾ ਤਾਂ ਬੋਲੀ ਪਛਾਣ ਕੇ ਚਾਹ ਬਣਾਉਣ ਵਾਲੇ ਨੇ ਅੱਗੋਂ ਕਿਹਾ,'' ਚਾਹ ਨਾਲ ਕੁੱਝ ਖਾਓਗੇ ਸਰਦਾਰ ਜੀ।''ਇਹ ਲਫਜ਼ ਸੁਣ ਕੇ ਉਸਨੂੰ ਆਪਣੇ ਵਕੀਲ ਮਿਸ਼ਰੇ ਦਾ ਖਿਆਲ ਆਇਆ ,ਚਾਹ ਵਾਲੇ ਦੇ ਬੋਲਾਂ ਵਿੱਚ ਮਿਸ਼ਰੇ ਵਾਲੀ ਕੁੜੱ੍ਹਤਣ ਨਹੀਂ ਸੀ । ਉਸ ਨੇ ਨਾਂਹ 'ਚ ਸਿਰ ਹਿਲਾਇਆ ਤੇ ਥੋੜੀ ਦੂਰ ਪਈ ਕੁਰਸੀ ਤੇ ਜਾ ਬੈਠਾ । ਅੱਜ ਦਿਲ ਹੀ ਕੁੱਝ ਹੌਲ਼ਾ ਅਤੇ ਕਮਜ਼ੋਰ ਜਿਹਾ ਪੈਂਦਾ ਜਾ ਰਿਹਾ ਸੀ ।  ਢਾਬੇ ਤੇ ਕਈ ਟਰੱਕ ਖੜ੍ਹੇ ਸਨ ਡਰਾਇਵਰਾਂ ਕੰਡਕਟਰਾਂ ਦੀ ਚਹਿਲ ਪਹਿਲ ਸੀ । ਥੋੜੀ ਦੂਰ ਖੇਤਾਂ 'ਚ ਬਣੀ ਟੈਂਕੀ ਤੇ ਨਹਾ ਰਹੇ ਪੰਜਾਬੀ ਡਰਾਇਵਰਾਂ ਕੰਡਕਟਰਾਂ ਨੂੰ ਦੇਖਦਿਆਂ ਜਿਵੇਂ ਉਸਨੂੰ ਹੌਸਲਾ ਜਿਹਾ ਹੋਇਆ ਥੋੜੀ ਤਾਕਤ ਮਿਲੀ ਸੀ ।ਨਹਾਉਂਦੇ ਪੰਜਾਬੀਆਂ ਨੂੰ ਉਹ ਨੀਝ ਨਾਲ ਤੱਕਦਾ ਰਿਹਾ ।ਉਸਨੂੰ ਇਹ ਚੰਗਾ ਲੱਗ ਰਿਹਾ ਸੀ । ''ਸਰਦਾਰ ਜੀ''ਬੋਲੀ ਪਛਾਣ ਕੇ ਇੱਥੋਂ ਦੇ ਲੋਕ ਉਹਨਾਂ ਨੂੰ ਵੀ ਇਹ ਪਛਾਣ ਦੇ ਦਿੰਦੇ ਹਨ । ਕੇਵਲ ਨੂੰ ਇਹੀ ਪਛਾਣ ਹੋਣੀ ਚੰਗੀ ਲੱਗਦੀ ਪਰ ਕਈ ਵਾਰ ਉਹ ਸੋਚਦਿਆਂ ਸੋਚਦਿਆਂ ਮਾਯੂਸ ਹੋ ਜਾਂਦਾ ਕਿ ਪ੍ਰਦੇਸ ਆ ਕੇ ਕਈ ਵਾਰ ਉਹ ਚੀਜ਼ਾਂ ਮਿਲਣ ਲੱਗਦੀਆਂ ਹਨ ਜਿੰਨ੍ਹਾਂ ਬਾਰੇ ਜਿੰਦਗੀ ਵਿੱਚ ਕਦੇ ਸੋਚਿਆ ਵੀ ਨਹੀਂ ਹੁੰਦਾ ।
       ਉਸ ਚਾਹ ਪੀਤੀ ਤੇ ਚੱਲ ਪਿਆ ।ਅੱਜ ਉਹ ਸੱਚੀ ਬਹੁਤ ਉਦਾਸ ਸੀ । ਹਾਂ ! ਪਛਾਣ ਦਾ ਗੁਆਚ ਜਾਣਾ ਬੜਾ ਵੱਡਾ ਦੁੱਖ ਹੈ।ਅੱੱਜ ਉਦਾਸੀ ਤੇ ਨਿਰਾਸ਼ਾ ਜਾ ਹੀ ਨਹੀ ਸੀ ਰਹੀ  ,ਘਰ ਨੇੜੇ ਆਉਂਦਾ ਜਾ ਰਿਹਾ ਸੀ ।ਛੋਟਾ ਜਿਹਾ ਕਸਬਾ ਆਉਣਾ ਸੀ ਤੇ ਫਿਰ ਥੋੜੀ ਦੇਰ ਬਾਅਦ ਖੇਤਾਂ ਨੂੰ ਪਗਡੰਡੀ ਮੁੜ ਕੇ ਉਸ ਦੇ ਘਰ ਵੱਲ ਹੋ ਜਾਂਦੀ ਸੀ । ਪਤਾ ਨਹੀਂ ਕਿਉਂ ਅੱਜ ਉਸਨੂੰ ਘਰ ਦੀ ਚਾਹਤ ਨਹੀਂ ਸੀ ਹੋ ਰਹੀ ।ਇੱਥੇ ਰਹਿੰਦਿਆਂ ਇੱਕ ਸਵਾਲ ਉਸਨੇ ਅਨੇਕਾਂ ਵਾਰ ਆਪਣੇ ਆਪ ਨੂੰ ਵੀ ਕੀਤਾ ਤੇ ਦੂਜਿਆ ਦੇ ਚਿਹਰਿਆਂ ਤੋੱਂ ਵੀ ਪੜ੍ਹਣ ਦੀ ਕੋਸ਼ਿਸ਼ ਕਰਦਾ ਰਿਹਾ । ਇੱਥੇ ਰਹਿੰਦੇ ਹੋਰ ਪੰਜਾਬ ਤੋਂ ਆਏ ਲੋਕ ਵਾਕਿਆ ਹੀ ਖੁਸ਼ ਹਨ ਜਾਂ ਫਿਰ ਮਹਿਜ ਇੱਕ ਮਹਿਸੂਸੀਅਤ...............।ਇੱਕ ਭਰਮ । ਜਾਂ ਫਿਰ ਹੋ ਸਕਦਾ ਹੈ ਉਸਦੇ ਅੰਦਰ ਦੀ ਉਦਾਸੀ ਦਾ ਹੀ ਰੰਗ ਇੰਨਾ ਸਿਆਹ ਹੋਵੇ ਕਿ ਦੂਜਿਆ ਦੇ ਚਿਹਰਿਆਂ ਤੋਂ ਵੀ ਉਸੇ ਦੀ ਝਲਕ ਪੈਂਦੀ ਹੋਵੇ । ਨਹੀਂ ! ਇਹ ਮੇਰਾ ਭਰਮ ਨਹੀਂ ਇਹ ਸੱਚ ਹੀ ਹੈ। ਪਿੰਡ ਛੱਡ ਕੇ ਆਏ ਲੋਕਾਂ ਦੇ ਚਿਹਰੇ ਉਦਾਸ ਹੁੰਦੇ ਹਨ ,ਬੇਰੌਣਕੇ । ਛੋਟਾ ਜਿਹਾ ਕਸਬਾ ਆ ਗਿਆ ਸੀ ਅੱਜ ਉਹ ਕਸਬੇ ਵਿੱਚ ਨਹੀਂ ਸੀ ਰੁਕਣਾ ਚਾਹੁੰਦਾ ,ਕਸਬੇ ਵਿੱਚ ਕਈ ਅਜਿਹੇ ਚਿਹਰੇ ਉਸਨੂੰ ਯਾਦ ਆਏ ਂਜੋ ਇੱਥੇ ਉਸਨੂੰ ਹਰ ਰੋਜ਼ ਮਿਲਦੇ ਸਨ । ਉਸਨੂੰ ਕਾਲੇ ਦੇ ਪੁੱਤ ਛਿੰਦੇ ਦਾ ਖਿਆਲ ਆਇਆ ਜਿਸਦਾ ਵਿਆਹ ਮਜਬੂਰੀ ਵਿੱਚ ਇੱਥੇ ਦੇ ਵਸਨੀਕਾਂ ਵਿੱਚ ਹੀ ਕਰਨਾ ਪਿਆ ਸੀ ।ਉਹ ਵੀ ਬਰਾਤ ਵਿੱਚ ਸ਼ਾਮਲ ਸੀ ਤੇ ਵਿਆਹ ਤੇ ਚਿਹਰਿਆਂ ਤੋਂ ਹਟ ਕੇ ਖੇੜਾ ਤੇ ਚਾਅ ਕਿਤੇ ਦੂਰ ਜਾ ਬੈਠਾ ਸੀ । ਫਿਰ ਉਸਨੂੰ ਘਰ ਬੈਠੇ ਆਪਣੇ ਪੁੱਤ ਦਾ ਖਿਆਲ ਆਇਆ ਜਿਸ ਦੇ ਵਿਆਹ ਦੀ ਉਮਰ ਲੰਘ ਗਈ ਸੀ ਪਰ..............।  ਘਰ ਨੂੰ ਮੁੜਣ ਵਾਲੀ ਪਗਡੰਡੀ ਆਉਣ ਤੇ ਉਸਨੇ ਕਾਰ ਮੋੜ ਲਈ ਸੀ । ਉਸਨੂੰ ਮਹਿਸੂਸ ਹੋਇਆ ਉਸਦਾ ਦਿਲ ਬਹੁਤ ਜ਼ੋਰ ਨਾਲ ਧੜਕ ਰਿਹਾ ਹੈ ਤੇ ਸਿਰ ਮੁੜਕੇ ਨਾਲ ਭਿੱਜ ਗਿਆ ਹੈ । ਉਸਨੂੰ ਸਾਹ ਚੜ੍ਹਿਆ ਹੋਇਆ ਸੀ । ਥੋੜੀ ਅੱਗੇ ਗਿਆ ਤਾਂ ਖੇਤਾਂ ਵਿੱਚ ਉਸਨੂੰ ਆਪਣਾ ਘਰ ਨਜ਼ਰ ਆਇਆ ਨਾਲ ਹੀ ਖਿਆਲ ਵਿੱਚ ਇੱਕ ਚਿਹਰਾ ਉੱਭਰ ਆਇਆ ਘਰਵਾਲੀ ਦਾ ਬੇ-ਨੂਰ ਤੇ ਮਾਯੂਸ ਚਿਹਰਾ ।ਇਹ ਵਿਚਾਰੀ ਹੁਣ ਬੁੱਢੀ ਹੋ ਗਈ ਹੈ ਤੇ ਬਿਮਾਰ ਵੀ । ਕੋਲੋ ਲੰਘਦੇ ਸਿਵੇ ਨੂੰ ਦੇਖਿਆ ਤਾਂ ਉਸਨੇ ਕਾਰ ਰੋਕ ਲਈ। ਪਤਾ ਨਹੀਂ ਕਿਉਂ? ਉਹ ਕਾਰ ਤੋਂ ਬਾਹਰ ਆਇਆ ਤੇ ਸੁੰਨਸਾਨ ਪਏ ਸਿਵੇ ਨੂੰ ਦੇਖਦਾ ਰਿਹਾ । ਉਸਨੂੰ ਕਮਜ਼ੋਰੀ ਮਹਿਸੂਸ ਹੋਈ ਤਾਂ ਭੁੰਜੇ ਹੀ ਬਹਿ ਗਿਆ ,ਹੋਰ ਕਮਜ਼ੋਰੀ ਮਹਿਸੂਸ ਹੋਈ ਤਾਂ ਕਾਰ ਨਾਲ ਢੋਹ ਲਾ ਲਈ । ਉਸਨੂੰ ਮਾਂ ਦੀ ਯਾਦ ਆਈ ਉਸਨੇ ਮਾਂ ਨੂੰ ਸਿਵੇ ਵਿੱਚ ਦਫਨ ਨਹੀ ਸੀ ਕੀਤਾ ਬਲਕਿ ਘਰ ਦੇ ਪਿਛਲੇ ਪਾਸੇ ਖੇਤਾਂ ਵਿੱਚ ਸਸਕਾਰ ਕਰ ਦਿੱਤਾ ਸੀ ।ਪਿੰਡੋਂ ਕਿੰਨੇ ਦੂਰ ਦਫਨ ਹੋਈ ਉਹ ਵਿਚਾਰੀ। ਉਹ ਵਾਪਸ ਪਿੰਡ ਜਾਣ ਵਾਸਤੇ ਸੋਚਦਾ ਰਹਿੰਦਾ ਸੀ ਪਰ ਜਦੋਂ ਵੀ ਕੋਈ ਫੈਸਲੇ ਦੀ ਘੜੀ ਨੇੜੇ ਆਉਂਦੀ ਤਾਂ ਇਹ ਸੋਚ ਕੇ ਉਹ ਠਠੰਬਰ ਜਾਂਦਾ ਕਿ ਮਾਂ ਇੱਥੇ ਦਫ਼ਨ ਹੈ ਪ੍ਰਦੇਸ਼ ਵਿੱਚ................ਅਸੀਂ ਤਾਂ ਚਲੇ ਜਾਵਾਂਗੇ ਤੇ ਉਸ ਵਿਚਾਰੀ ਨੂੰ ਕਿਸ ਕਸੂਰ ਦੀ ਸਜ਼ਾ ਮਿਲੇਗੀ ।ਉਸਨੂੰ ਮਹਸੂਸ ਹੋਇਆ ਉਹ ਬੇਹੋਸ਼ ਹੁੰਦਾ ਜਾ ਰਿਹੈ । ਉਸਦਾ ਸਿਰ ਇੱਕ ਪਾਸੇ ਡਿਗਦਾ ਜਾ ਰਿਹਾ ਸੀ । ਸੋਚਾਂ ਮੰਦ ਹੁੰਦੀਆਂ ਜਾ ਰਹੀਆਂ ਸਨ । ਥਕਾਵਟ ਤੇ ਘਬਰਾਹਟ ਨਹੀਂ ਸੀ ਰਹੀ ।ਇਹ ਓਹੀ ਸਮਾਂ ਸੀ ਜਦੋਂ ਉਹ ਦਰਦ ਤੋਂ ਮੁਕਤ ਮਹਿਸੂਸ ਕਰ ਰਿਹਾ ਸੀ ।ਇਹ ਉਸਦੀ ਜਿੰਦਗੀ ਦੇ ਆਖਰੀ ਪਲ ਸਨ । ਉਸਦੇ ਸਾਹਮਣੇ ਆਪਣੇ ਜੱਦੀ ਪਿੰਡ ਦੇ ਹਰੇ ਭਰੇ ਖੇਤ ਲਹਿਰਾ ਰਹੇ ਸਨ ,ਪਿੰਡ ਵਿਚਲੇ ਘਰ ਦਾ ਪੁਰਾਣਾ ਦਰਵਾਜਾ ਖੁੱਲ੍ਹ ਗਿਆ ਸੀ । ਚਿਹਰਿਆਂ ਦੀ ਭੀੜ ਆ ਜਾ ਰਹੀ ਸੀ ਉਹ ਚਿਹਰਿਆਂ ਦੀ ਭੀੜ ਵਿੱਚ ਗੁੰਮ ਹੁੰਦਾ ਜਾ ਰਿਹਾ ਸੀ ।ਇਹ ਚਿਹਰੇ ਜਾਣੇ-ਪਛਾਣੇ ਸਨ ,ਉਸ ਦੇ ਆਪਣੇ ।ਮੁੜ੍ਹਕੇ ਨਾਲ ਭਿੱਜਿਆ ਚਿਹਰਾ ਸ਼ਾਂਤ ਹੋ ਗਿਆ ਸੀ ਉਸਦਾ ਦਾ ਸਿਰ ਇੱਕ ਪਾਸੇ ਢਲਕ ਗਿਆ ।ਸਾਹਮਣੇ ਸਿਵਿਆਂ ਤੋਂ ਇੱਕ ਪੰਛੀ ਨੇ ਉੱਚੀ ਉਡਾਨ ਭਰਨ ਲਈ ਖੰਭ ਖਿਲਾਰੇ ਤਾਂ ਸ਼ਾਂਤ ਵਾਤਾਵਰਨ ਵਿੱਚ ਉਡਾਰੀ ਦੀ ਇਹੋ ਗੂੰਜ ,ਗੂੰਜ ਰਹੀ ਸੀ ।ਪਲ ਭਰ ਬਾਅਦ ਫਿਰ ਸਭ ਕੁੱਝ ਸ਼ਾਂਤ ਹੋ ਗਿਆ ਸੀ ।
- ਤਰਸੇਮ ਬਸ਼ਰ 
- ਪ੍ਰਤਾਪ ਨਗਰ ਬਠਿੰਡਾ 
- ਮੋਬਾ:- 99156-20944


Related News