ਡਿਜ਼ੀਟਲ ਅਰੈਸਟ ਦਾ ਫੈਲਦਾ ਮੱਕੜ ਜਾਲ ਅਤੇ ਸਾਧਾਰਨ ਲੋਕ!
Friday, Nov 08, 2024 - 06:46 PM (IST)
ਮੁਹੰਮਦ ਅੱਬਾਸ ਧਾਲੀਵਾਲ
ਮਲੇਰਕੋਟਲਾ।
ਸੰਪਰਕ :9530950053
ਅੱਜ ਦੇ ਇਸ ਡਿਜੀਟਲਕਰਨ ਦੇ ਯੁੱਗ ਵਿੱਚ ਜਿੱਥੇ ਰੋਜ਼ਮੱਰਾ ਜੀਵਨ ਦੇ ਬਹੁਤ ਸਾਰੇ ਕੰਮ ਡਿਜੀਟਲ ਤਰੀਕਿਆਂ ਨਾਲ ਹੋਣ ਲੱਗ ਪਏ ਹਨ, ਉੱਥੇ ਹੀ ਇਸ ਖੇਤਰ ਵਿੱਚ ਹੁਣ ਠੱਗਾਂ ਦੁਆਰਾ ਠੱਗੀਆਂ ਮਾਰਨ ਦੇ ਢੰਗ ਤਰੀਕੇ ਵੀ ਡਿਜੀਟਲ ਹੋਣ ਲੱਗ ਪਏ ਹਨ। ਇਸੇ ਸੰਦਰਭ ਵਿੱਚ ਪਿਛਲੇ ਦਿਨਾਂ ਤੋਂ ਇੱਕ ਸ਼ਬਦ ਜੋ ਲਗਾਤਾਰ ਮੀਡੀਆ ਦੀ ਚਰਚਾ 'ਚ ਬਣਿਆ ਹੋਇਆ ਹੈ। ਉਹ ਹੈ ''ਡਿਜੀਟਲ ਅਰੈਸਟ!'' ਇਹ ਸ਼ਬਦ ਭਾਵੇਂ ਤੁਹਾਨੂੰ ਕਿਸੇ ‘ਸਾਇੰਸ ਫਿਕਸ਼ਨ’ ਫਿਲਮ ਦੇ ਵਿਸ਼ੇ ਵਰਗਾ ਜਾਪੇ ਪਰ ਸੱਚਾਈ ਤਾਂ ਇਹ ਹੈ ਕਿ ਅੱਜ ਇਹ ਸ਼ਬਦ ਜਿਵੇਂ ਤੇਜ਼ੀ ਨਾਲ ਆਮ ਜ਼ਿੰਦਗੀ ਲਈ ਇੱਕ ਖ਼ਤਰਾ ਬਣ ਸਾਧਾਰਨ ਲੋਕਾਂ ਦੇ ਜੀਵਨ ਤੇ ਮੰਡਰਾ ਰਿਹਾ ਹੈ।
ਇਹ ਵੀ ਪੜ੍ਹੋ - CM ਲਈ ਆਏ ਸਮੋਸੇ ਤੇ ਕੇਕ ਛਕ ਗਏ ਸੁਰੱਖਿਆ ਮੁਲਾਜ਼ਮ, CID ਕੋਲ ਪੁੱਜਾ ਮਾਮਲਾ
ਇਸ ਡਿਜੀਟਲ ਅਰੈਸਟ ਰਾਹੀਂ ਪਹਿਲਾਂ ਪਹਿਲ ਠੱਗ ਵੀਡੀਓ ਕਾਲ ਰਾਹੀਂ ਪੁਲਸ ਅਫ਼ਸਰ ਅਤੇ ਸਰਕਾਰੀ ਅਧਿਕਾਰੀ ਬਣ ਕੇ ਤੁਹਾਨੂੰ ਡਰਾਉਂਦੇ ਹਨ। ਵੀਡੀਓ ਕਾਲ ਰਾਹੀਂ ਤੁਹਾਡੀ ਹਰ ਪਲ਼ ਦੀ ਜਾਣਕਾਰੀ ਲੈਂਦੇ ਹਨ, ਤੁਸੀਂ ਕਿੱਥੇ ਜਾ ਰਹੇ ਹੋ, ਕੀ ਕਰ ਰਹੇ ਹੋ। ਤੁਹਾਨੂੰ ਗ੍ਰਿਫ਼ਤਾਰੀ ਦਾ ਡਰ ਦੇ ਖ਼ੋਫ਼ਜ਼ਦਾ ਕੀਤਾ ਜਾਂਦਾ ਹੈ। ਡਰਾ ਧਮਕਾ ਕੇ ਤੁਹਾਡੇ ਕੋਲੋਂ ਨਿੱਜੀ ਬੈਂਕ ਖਾਤਿਆਂ ਵਿੱਚ ਪੈਸੇ ਮੰਗਵਾਉਂਦੇ ਹਨ। ਦਿਨ ਤੋਂ ਲੈ ਕੇ ਰਾਤ ਤੱਕ ਤੁਹਾਨੂੰ ਹਰ ਪਲ਼ ਉਨ੍ਹਾਂ ਦੀ ਨਿਗਰਾਨੀ ਵਿੱਚ ਰਹਿਣਾ ਪੈਂਦਾ ਹੈ।
ਇਸ ਦੀ ਗੰਭੀਰਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੀ 27 ਅਕਤੂਬਰ ਨੂੰ ਆਪਣੇ ਪ੍ਰੋਗਰਾਮ ''ਮਨ ਕੀ ਬਾਤ" ਦੌਰਾਨ ਪ੍ਰਧਾਨ ਮੰਤਰੀ ਨੇ ਇਸ ਦਾ ਤਜ਼ਕਰਾ ਕਰਦਿਆਂ ਕਿਹਾ, 'ਡਿਜੀਟਲ ਅਰੈਸਟ' ਦੇ ਸ਼ਿਕਾਰ ਲੋਕਾਂ 'ਚ ਹਰ ਵਰਗ ਅਤੇ ਹਰ ਉਮਰ ਦੇ ਲੋਕ ਸ਼ਾਮਲ ਹਨ। ਡਰ ਕਾਰਨ ਉਹ ਮਿਹਨਤ ਨਾਲ ਕਮਾਏ ਲੱਖਾਂ ਰੁਪਏ ਗੁਆ ਦਿੰਦੇ ਹਨ।" ਉਨ੍ਹਾਂ ਅੱਗੇ ਇਹ ਵੀ ਕਿਹਾ, 'ਜੇਕਰ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਕਾਲ ਆਉਂਦੀ ਹੈ ਤਾਂ ਤੁਸੀਂ ਡਰਨਾ ਨਹੀਂ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੋਈ ਵੀ ਜਾਂਚ ਏਜੰਸੀ ਕਦੇ ਵੀ ਫ਼ੋਨ ਕਾਲ ਜਾਂ ਵੀਡੀਓ ਕਾਲ 'ਤੇ ਇਸ ਤਰ੍ਹਾਂ ਦੀ ਪੁੱਛ-ਗਿੱਛ ਨਹੀਂ ਕਰਦੀ।''
ਡਿਜੀਟਲ ਅਰੈਸਟ ਤੋਂ ਬਚਣ ਲਈ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ, "ਕੋਈ ਵੀ ਕਾਲ ਆਉਣ ਉੱਤੇ ਪਹਿਲਾਂ ਰੁਕੋ ਫੇਰ ਸੋਚੋ ਅਤੇ ਐਕਸ਼ਨ ਲਵੋ, ਕਿਸੇ ਨੂੰ ਆਪਣੀ ਨਿੱਜੀ ਜਾਣਕਾਰੀ ਨਾ ਦਿਓ। ਸੰਭਵ ਹੋਵੇ ਤਾਂ ਸਕ੍ਰੀਨਸ਼ਾਟ ਲਵੋ ਅਤੇ ਰਿਕਾਰਡਿੰਗ ਜ਼ਰੂਰ ਕਰੋ।''
ਇਹ ਵੀ ਪੜ੍ਹੋ - ਹਸਪਤਾਲ 'ਚ ਹੋਏ 'ਏਲੀਅਨ' ਵਰਗੇ ਜੁੜਵਾ ਬੱਚੇ, ਚਿਹਰਾ ਦੇਖ ਸਭ ਦੇ ਉੱਡੇ ਹੋਸ਼
ਉਕਤ ਸੰਦਰਭ ਵਿੱਚ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਜਿਹੇ ਮਾਮਲਿਆਂ 'ਚ ਰਾਸ਼ਟਰੀ ਸਾਈਬਰ ਹੈਲਪਲਾਈਨ 1930 'ਤੇ ਡਾਇਲ ਕਰਨ ਅਤੇ ਸਾਈਬਰ ਕ੍ਰਾਈਮ ਡਾਟ ਜੀਓਵੀ ਡਾਟ ਇਨ 'ਤੇ ਰਿਪੋਰਟ ਕਰਨ ਤੋਂ ਇਲਾਵਾ ਪਰਿਵਾਰ ਅਤੇ ਪੁਲਿਸ ਨੂੰ ਸੂਚਨਾ ਦੇਣ ਦੀ ਅਪੀਲ ਵੀ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਵੱਲੋ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਭਾਰਤ ਵਿੱਚ ਡਿਜੀਟਲ ਅਰੈਸਟ ਰਾਹੀਂ 2024 ਅਪ੍ਰੈਲ ਤੱਕ ਕੁੱਲ 120.30 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਜਦੋਂ ਕਿ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਨੇ ਇਸ ਸਾਲ 1 ਜਨਵਰੀ ਤੋਂ 30 ਅਪ੍ਰੈਲ ਤੱਕ 0.74 ਮਿਲੀਅਨ ਸ਼ਿਕਾਇਤਾਂ ਦਰਜ ਕੀਤੀਆਂ, ਜਦਕਿ 2023 ਵਿੱਚ 1.5 ਮਿਲੀਅਨ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਸਨ।"
ਵਰਨਣਯੋਗ ਹੈ ਕਿ ਡਿਜੀਟਲ ਇੰਡੀਆ ਪ੍ਰੋਗਰਾਮ ਭਾਰਤ ਸਰਕਾਰ ਨੇ 2015 ਵਿੱਚ ਬੜੇ ਜ਼ੋਰ-ਸ਼ੋਰ ਨਾਲ ਸ਼ੁਰੂ ਕੀਤਾ ਸੀ। ਇਸ ਨੇ ਦੇਸ਼ ਨੂੰ ਡਿਜੀਟਲ ਤੌਰ ’ਤੇ ਸਸ਼ਕਤ ਦੇਸ਼ ਬਣਾਉਣ ਦਾ ਆਪਣਾ ਉਦੇਸ਼ ਕਾਫ਼ੀ ਹੱਦ ਤੱਕ ਪੂਰਾ ਵੀ ਕਰ ਲਿਆ ਹੈ ਪਰ ਇਸਦਾ ਨਾਕਰਾਤਮਕ ਸਿੱਟਾ ਇਹ ਨਿਕਲਿਆ ਹੈ ਕਿ ਸਾਈਬਰ ਅਪਰਾਧ ਦੇ ਸੰਦਰਭ ਵਿੱਚ ਦੇਸ਼ ਦੇ ਨਾਗਰਿਕ ਪਹਿਲਾਂ ਦੇ ਮੁਕਾਬਲੇ ਕਿਤੇ ਵੱਧ ਅਸੁਰੱਖਿਅਤ ਮਹਿਸੂਸ ਕਰਨ ਲੱਗ ਪਏ ਹਨ। ਇਸ ਸਾਈਬਰ ਕ੍ਰਾਈਮ ਤੋਂ ਲੋਕਾਂ, ਖ਼ਾਸਕਰ ਬਜ਼ੁਰਗਾਂ ਨੂੰ ਇਸ ਮਾਮਲੇ ਵਿੱਚ ਬਹੁਤ ਚੌਕਸ ਰਹਿਣ ਦੀ ਲੋੜ ਹੈ, ਕਿਉਂਕਿ ਉਹ ਤਕਨਾਲੋਜੀ ਨਾਲ ਵਿਚਰਨ ਪੱਖੋਂ ਵਧੇਰੇ ਸਹਿਜ ਨਹੀਂ ਹੁੰਦੇ।
ਇਹ ਵੀ ਪੜ੍ਹੋ - Shocking! ਬੇਰੁਜ਼ਗਾਰਾਂ ਦੇ ਖਾਤਿਆਂ 'ਚ ਅਚਾਨਕ ਆ ਗਏ 125 ਕਰੋੜ ਰੁਪਏ
ਜਿਥੋਂ ਤੱਕ ਡਿਜੀਟਲ ਅਰੈਸਟ ਅਪਰਾਧ ਦੇ ਤੌਰ-ਤਰੀਕੇ ਸਵਾਲ ਹੈ ਤਾਂ ਉਹ ਇਸ ਤਰ੍ਹਾਂ ਦਾ ਹੈ: ਕਿ ਕਾਲਰ ਪੁਲੀਸ, ਸੀਬੀਆਈ, ਆਰਬੀਆਈ ਜਾਂ ਨਾਰਕੋਟਿਕਸ ਵਿਭਾਗ ਦਾ ਅਧਿਕਾਰੀ ਬਣ ਕੇ ਫੋਨ ਕਰਦਾ ਹੈ ਤੇ ਫੋਨ ਚੁੱਕਣ ਵਾਲੇ ਨੂੰ ਦੱਸਦਾ ਹੈ ਕਿ ਏਜੰਸੀ ਉਸ ਬਾਰੇ ਜਾਂਚ-ਪੜਤਾਲ ਕਰ ਰਹੀ ਹੈ। ਇਸ ਉਪਰੰਤ ਫਰਜ਼ੀ ਅਧਿਕਾਰੀ ਉਕਤ ਵਿਅਕਤੀ ਨੂੰ ਪੈਸਿਆਂ ਦਾ ਜੁਗਾੜ ਕਰਨ ਲਈ ਕਹਿੰਦਾ ਹੈ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਕਾਨੂੰਨੀ ਕਾਰਵਾਈ ਦਾ ਡਰਾਵਾ ਦਿੰਦਾ ਹੈ ਜਿਸ ’ਚ ਗ੍ਰਿਫ਼ਤਾਰੀ ਵੀ ਸ਼ਾਮਿਲ ਹੈ। ਨਿਰੋਲ ਘਬਰਾਹਟ ਤੇ ਇਸ ਤੱਥ ਤੋਂ ਡਰਿਆ ‘ਪੀੜਤ’ ਕਿ ‘ਅਧਿਕਾਰੀ’ ਤਾਂ ਉਸ ਬਾਰੇ ਬਹੁਤ ਕੁਝ ਜਾਣਦਾ ਹੈ, ਅਖ਼ੀਰ ’ਚ ਅਦਾਇਗੀ ਕਰ ਬੈਠਦਾ ਹੈ।
ਉਕਤ ਸੰਦਰਭ ਵਿੱਚ ਕੁਝ ਮਹੀਨੇ ਪਹਿਲਾਂ ਸਾਈਬਰ ਅਪਰਾਧੀਆਂ ਦੇ ਇੱਕ ਅੰਤਰਰਾਜੀ ਗੈਂਗ ਨੇ ਸੀਬੀਆਈ ਅਧਿਕਾਰੀ ਬਣ ਕੇ ਇੱਕ ਉੱਘੇ ਉਦਯੋਗਪਤੀ ਤੋਂ ਸੱਤ ਕਰੋੜ ਰੁਪਏ ਹਥਿਆ ਲਏ ਸਨ। ਇੱਥੇ ਦੱਸਦੇ ਚੱਲੀਏ ਕਿ ਅਪਰਾਧੀਆਂ ਨੇ ਦੋ ਦਿਨਾਂ ਤੱਕ ਓਸਵਾਲ ਨੂੰ ਡਿਜੀਟਲ ਨਿਗਰਾਨੀ ਹੇਠ ਰੱਖਿਆ ਤੇ ਕਿਸੇ ਨੂੰ ਵੀ ਫੋਨ ਜਾਂ ਮੈਸੇਜ ਨਹੀਂ ਕਰਨ ਦਿੱਤਾ। ਜਾਅਲਸਾਜ਼ਾਂ ਨੇ ਇੱਕ ਵੀਡੀਓ ਕਾਲ ਜ਼ਰੀਏ ਸੁਪਰੀਮ ਕੋਰਟ ਦੀ ਜਾਅਲੀ ਸੁਣਵਾਈ ਵੀ ਬਣਾ ਲਈ। ਜੇ ਇਸ ਤਰ੍ਹਾਂ ਦੇ ਪ੍ਰਭਾਵਸ਼ਾਲੀ ਵਿਅਕਤੀ ਨੂੰ ਫਰਾਡੀਆਂ ਵੱਲੋਂ ਲਾਚਾਰ ਬਣਾ ਕੇ ਰੱਖਿਆ ਜਾ ਸਕਦਾ ਹੈ ਤਾਂ ਆਮ ਲੋਕਾਂ ਨਾਲ ਉਹ ਕੀ ਕੁਝ ਕਰ ਸਕਦੇ ਹਨ, ਇਸ ਦਾ ਅੰਦਾਜ਼ਾ ਆਸਾਨੀ ਨਾਲ ਲਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਲਖਨਊ ਦੀ ਇੱਕ ਡਾਕਟਰ ਨਾਲ ਵੀ ਡਿਜੀਟਲ ਅਰੈਸਟ ਦੌਰਾਨ ਕਰੀਬ ਦੋ ਕਰੋੜ ਦੀ ਠੱਗੀ ਵੱਜ ਚੁੱਕੀ ਹੈ।
ਇਹ ਵੀ ਪੜ੍ਹੋ - ਕੀ ਤੁਹਾਡਾ ਵੀ ਜ਼ਿਆਦਾ ਆ ਰਿਹਾ ਬਿਜਲੀ ਦਾ ਬਿੱਲ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਕੁਝ ਦਿਨ ਪਹਿਲਾਂ ਨੋਇਡਾ ਦੇ ਇੱਕ ਸਿਨਹਾ ਨਾਂ ਦੇ ਵਿਅਕਤੀ ਤੋਂ ਵੀ ਉਕਤ ਡਿਜੀਟਲ ਅਰੈਸਟ ਗਿਰੋਹ ਦੇ ਮੈਂਬਰਾਂ ਨੇ ਕਰੀਬ ਡੇਢ ਕਰੋੜ ਰੁਪਏ ਆਪਣੇ ਜ਼ਾਤੀ ਬੈਂਕਾਂ ਚ ਟਰਾਂਸਫਰ ਕਰ ਕਰਵਾ ਲਏ। ਇਸੇ ਸੰਦਰਭ ਵਿੱਚ ਇੱਕ ਹੋਰ ਬਹੁਤ ਚਰਚਿਤ ਮਾਮਲਾ ਜੋ ਪਿਛਲੇ ਮਹੀਨੇ ਚੰਡੀਗੜ੍ਹ ਦੇ ਹਰੀਨਾਥ ਨੂੰ ਪੇਸ਼ ਆਇਆ। ਇਸ ਸੰਬੰਧੀ ਪੀੜਤ ਵਿਅਕਤੀ ਹਰੀਨਾਥ ਨੇ ਇੱਕ ਨਿਊਜ਼ ਰਿਪੋਰਟ ਵਿਚ ਖੁਲਾਸਾ ਕੀਤਾ ਹੈ ਕਿ "ਉਹ (ਭਾਵ ਡਿਜੀਟਲ ਅਰੈਸਟ ਕਰਨ ਵਾਲੇ) 22 ਦਿਨ ਹਰ ਸਮੇਂ ਮੇਰੇ ਨਾਲ ਵੀਡੀਓ ਕਾਲ ਉੱਤੇ ਰਹਿੰਦੇ ਸਨ। ਮੈਂਨੂੰ ਬਾਥਰੂਮ ਜਾਣ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਮੈਸੇਜ ਕਰਨਾ ਪੈਂਦਾ ਸੀ ਕਿ ਹੁਣ ਮੈਂ ਬਾਥਰੂਮ ਵਿੱਚ ਜਾ ਰਿਹਾ ਹਾਂ।" ਉਹਨਾਂ ਅਨੁਸਾਰ ਉਹ 2 ਅਕਤੂਬਰ ਤੋਂ 24 ਅਕਤੂਬਰ ਤੱਕ ਕੁੱਲ 22 ਦਿਨ ਲਗਾਤਾਰ ਸਾਇਬਰ ਠੱਗਾਂ ਦੇ ਕਹਿਣ ਮੁਤਾਬਕ ਚੱਲਦੇ ਰਹੇ ਅਤੇ ਉਨ੍ਹਾਂ ਨੂੰ ਪੈਸੇ ਭੇਜਦੇ ਰਹੇ। ਉਹ ਘਰ ਵਿੱਚ ਜਾਂ ਬਾਹਰ ਜਾਣ ਵੇਲੇ ਹਰ ਕੰਮ ਸਾਈਬਰ ਠੱਗਾਂ ਨੂੰ ਦੱਸਕੇ ਕਰਦੇ ਸਨ। ਹਰੀਨਾਥ ਅਨੁਸਾਰ ਇਨ੍ਹਾਂ 22 ਦਿਨਾਂ ਦੌਰਾਨ ਵੱਖ ਵੱਖ ਦਿਨਾਂ ਚ ਹੁਣ ਤੱਕ ਮੇਰੇ ਤੋਂ 51 ਲੱਖ ਦੋ ਹਜ਼ਾਰ ਰੁਪਏ ਦੀ ਠੱਗੀ ਮੇਰੇ ਨਾਲ ਮਾਰੀ ਜਾ ਚੁੱਕੀ ਹੈ । 2 ਅਕਤੂਬਰ ਨੂੰ 12 ਵਜੇ ਮੈਨੂੰ ਇੱਕ ਕੁੜੀ ਦਾ ਫੋਨ ਆਇਆ ਉਸਨੇ ਕਿਹਾ ਕਿ ਮੈਂ ਟੈਲੀਕਾਮ ਕੰਪਨੀ ਤੋਂ ਬੋਲ ਰਹੀ ਹਾਂ, ਦੋ ਘੰਟੇ ਬਾਅਦ ਤੁਹਾਡਾ ਫ਼ੋਨ ਬੰਦ ਹੋ ਜਾਵੇਗਾ। ਮੇਰੇ ਪੁੱਛਣ ਉੱਤੇ ਕੁੜੀ ਨੇ ਦੱਸਿਆ ਕਿ ਮੁੰਬਈ ਵਿੱਚ ਤੁਹਾਡੇ ਅਧਾਰ ਕਾਰਡ ਉੱਤੇ 30 ਅਗਸਤ ਨੂੰ ਇੱਕ ਮੋਬਾਈਲ ਸਿਮ ਜਾਰੀ ਕੀਤਾ ਗਿਆ ਹੈ। ਇਸ ਸਿਮ ਉੱਤੇ ਸੱਤ ਧੋਖਾਧੜੀ ਦੀਆਂ ਸ਼ਿਕਾਇਤਾਂ ਅਤੇ ਇੱਕ ਐੱਫ਼ਆਈਆਰ ਦਰਜ ਹੋਈ ਹੈ।
ਇਸ 'ਤੇ ਮੈਂ ਉਨ੍ਹਾਂ ਨੂੰ ਕਿਹਾ ਮੁੰਬਈ ਵਿੱਚ ਤਾਂ ਮੈਂ ਕਿਸੇ ਨੂੰ ਜਾਣਦਾ ਹੀ ਨਹੀਂ, ਮੈਂ ਤਾਂ ਚੰਡੀਗੜ੍ਹ ਵਿੱਚ ਰਹਿੰਦਾ ਹਾਂ। ਉਨ੍ਹਾਂ ਨੇ ਮੇਰੀ ਨਾਲ ਦੀ ਨਾਲ ਇੱਕ ਫਰਜ਼ੀ ਪੁਲਸ ਅਧਿਕਾਰੀ ਨਾਲ ਗੱਲ ਕਰਵਾਈ। ਇਸ ਤੇ ਉਸ ਪੁਲਸ ਅਧਿਕਾਰੀ ਨੇ ਮੈਨੂੰ ਜਵਾਬ ਦਿੱਤਾ ਕਿ, "ਅਰੇ ਇਹ ਕੀ ਕਰ ਦਿੱਤਾ ਤੁਸੀਂ? ਤੁਸੀਂ ਤਾਂ ਬਹੁਤ ਵੱਡੀ ਧੋਖਾਧੜੀ ਕਰ ਰਹੇ ਹੋ। ਨਰੇਸ਼ ਗੋਇਲ ਨਾਮ ਦੇ ਵਿਅਕਤੀ ਨਾਲ ਕੋਈ ਬਹੁਤ ਵੱਡਾ ਧੋਖਾ ਹੋਇਆ ਹੈ। ਤੁਹਾਡੇ ਨਾਮ ਦਾ ਕੇਨਰਾ ਬੈਂਕ ਵਿੱਚ ਖਾਤਾ ਖੁੱਲ੍ਹਿਆ ਹੋਇਆ ਹੈ। ਉਨ੍ਹਾਂ ਕਿਹਾ “ਇਸ ਖਾਤੇ ਤੋਂ 6 ਕਰੋੜ 80 ਲੱਖ ਦਾ ਲੈਣ-ਦੇਣ ਹੋਇਆ ਹੈ। ਇਸ ਦੇ ਵਿੱਚੋਂ 10 ਫ਼ੀਸਦੀ ਤੁਹਾਡੇ ਨਾਮ ਉੱਤੇ ਆਇਆ ਹੈ। ਤੁਹਾਡੇ ਖ਼ਿਲਾਫ਼ ਗ੍ਰਿਫ਼ਤਾਰੀ ਵਰੰਟ ਜਾਰੀ ਹੋ ਚੁੱਕਿਆ ਹੈ। ਪੁਲਿਸ ਦੋ ਘੰਟੇ ਦੇ ਅੰਦਰ-ਅੰਦਰ ਤੁਹਾਨੂੰ ਗ੍ਰਿਫ਼ਤਾਰ ਕਰਨ ਲਈ ਆ ਰਹੀ ਹੈ।” ਹਰੀਨਾਥ ਅੱਗੇ ਦੱਸਦੇ ਹਨ, "ਮੈਂ ਘਬਰਾ ਗਿਆ ਸੀ। ਮੈਂ ਕੁਝ ਵੀ ਜਾਂਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।”
ਇਹ ਵੀ ਪੜ੍ਹੋ - ਜੇਲ੍ਹ ਕਰਵਾ ਸਕਦਾ ਸਮਾਰਟਫੋਨ, ਖਰੀਦਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਇਸ ਤੋਂ ਬਾਅਦ ਉਸ ਫਰਜ਼ੀ ਪੁਲਸ ਵਾਲੇ ਨੇ ਮੈਨੂੰ ਕਿਹਾ ਕਿ ਇਹ ਕੇਸ ਤਾਂ ਬਹੁਤ ਵੱਡਾ ਹੈ। ਇਸ ਕੇਸ ਦੀ ਜਾਂਚ ਆਰਬੀਆਈ, ਸੀਬੀਆਈ, ਸੁਪਰੀਮ ਕੋਰਟ ਕਰ ਰਹੀ ਹੈ। ਮੈਂ ਤੁਹਾਡੀ ਸੀਬੀਆਈ ਅਫ਼ਸਰ ਨਾਲ ਗੱਲਬਾਤ ਕਰਵਾ ਰਿਹਾ ਹੈ। ਫ਼ਿਰ ਕਿਸੇ ਨੇ ਮੇਰੇ ਨਾਲ ਸੀਬੀਆਈ ਅਫ਼ਸਰ ਬਣ ਕੇ ਗੱਲ ਕੀਤੀ। ਉਨ੍ਹਾਂ ਨੇ ਮੈਨੂੰ ਕਿਹਾ ਕਿ ਤੁਸੀਂ ਜਲਦ ਤੋਂ ਜਲਦ ਮੁੰਬਈ ਆ ਜਾਓ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਮੁੰਬਈ ਨਹੀਂ ਆ ਸਕਦਾ। ਫ਼ਿਰ ਉਨ੍ਹਾਂ ਨੇ ਮੈਨੂੰ ਕਿਹਾ ਕਿ ਠੀਕ ਹੈ ਜੇਕਰ ਤੁਸੀਂ ਮੁੰਬਈ ਨਹੀਂ ਆ ਸਕਦੇ ਤਾਂ ਸਾਡੇ ਕੋਲ ਇੱਕ ਹੋਰ ਤਰੀਕਾ ਹੈ। ਤੁਸੀਂ ਘਰ ਵਿੱਚ ਰਹਿ ਕੇ ਹੀ ਜਾਂਚ ਵਿੱਚ ਸਹਿਯੋਗ ਦਿਓ। ਹਰੀਨਾਥ ਦੱਸਦੇ ਹਨ ਕਿ ਉਨ੍ਹਾਂ ਨੇ ਕਿਹਾ,“ਤੁਸੀਂ ਹਰ ਪਲ ਸਾਡੇ ਨਾਲ ਮੋਬਾਈਲ ਰਾਹੀਂ ਜੁੜੇ ਰਹੋਗੇ ਅਗਲੇ ਦਿਨ ਸਵੇਰੇ 10 ਵਜੇ ਅਸੀਂ ਤੁਹਾਡੇ ਨਾਲ ਮੀਟਿੰਗ ਕਰਾਂਗੇ।” ''ਤੁਸੀਂ ਆਪਣੀ ਸਾਰੀ ਸੰਪਤੀ ਬਾਰੇ ਜਾਣਕਾਰੀ ਸਾਡੇ ਨਾਲ ਸਾਂਝੀ ਕਰੋਗੇ। ਆਰਬੀਆਈ ਤੁਹਾਡੇ ਖਾਤਿਆਂ, ਜਮਾਂ-ਪੂੰਜੀ ਦੀ ਜਾਂਚ ਕਰੇਗੀ ਜੇਕਰ ਤੁਸੀਂ ਬੇਕਸੂਰ ਸਾਬਤ ਹੋਏ ਤਾਂ ਤੁਹਾਨੂੰ ਛੱਡ ਦਿੱਤਾ ਜਾਵੇਗਾ।"
ਹਰੀਨਾਥ ਨੇ ਅੱਗੇ ਦੱਸਿਆ,"ਅਗਲੇ ਦਿਨ 3 ਅਕਤੂਬਰ ਨੂੰ ਸਵੇਰੇ 10 ਵਜੇ ਮੋਬਾਈਲ ਰਾਹੀਂ ਸਾਡੀ ਮੀਟਿੰਗ ਹੋਈ। ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਤੁਹਾਡੇ ਕੋਲ ਕਿੰਨੇ ਪੈਸੇ ਹਨ, ਕਿੰਨੀ ਜਾਇਦਾਦ ਹੈ। ਮੈਂ ਸਭ ਕੁਝ ਸਪੱਸ਼ਟ ਦੱਸ ਦਿੱਤਾ ਕਿ ਮੇਰੇ ਕੋਲ 9 ਲੱਖ ਰੁਪਏ ਦੀ ਐੱਫਡੀ ਹੈ।” “ਉਨ੍ਹਾਂ ਨੇ ਮੈਨੂੰ ਤੁਰੰਤ ਬੈਂਕ ਜਾ ਕੇ ਪੈਸੇ ਉਨ੍ਹਾਂ ਨੂੰ ਭੇਜਣ ਲਈ ਕਿਹਾ। ਮੈਂ 3 ਤਰੀਕ ਸ਼ਾਮ ਨੂੰ ਆਨਲਾਈਨ ਆਪਣੀ ਐੱਫਡੀ ਤੁੜਵਾ ਦਿੱਤੀ। ਅਗਲੇ ਦਿਨ 4 ਤਰੀਕ ਨੂੰ ਮੁੜ ਸਾਡੀ ਮੀਟਿੰਗ ਹੋਈ।”
ਹਰੀਨਾਥ ਕਹਿੰਦੇ ਹਨ, "ਮੇਰੇ ਤੋਂ ਇਹ ਬਹੁਤ ਵੱਡੀ ਗ਼ਲਤੀ ਹੋਈ ਕਿ ਮੈਂ ਜਾਂਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਹ ਕੌਣ ਹਨ ਤੇ ਆਰਬੀਆਈ, ਸੀਬੀਆਈ ਮੈਨੂੰ ਵ੍ਹਟਸਐਪ ਰਾਹੀਂ ਸੰਪਰਕ ਕਿਉਂ ਕਰ ਰਹੇ ਹਨ। ਮੈਂ ਬਸ ਡਰ ਗਿਆ ਸੀ ਅਤੇ ਜੋ ਜੋ ਉਹ ਕਹਿੰਦੇ ਗਏ ਮੈਂ ਕਰਦਾ ਗਿਆ।" ਹਰੀਨਾਥ ਦੱਸਦੇ ਹਨ,"ਉਨ੍ਹਾਂ ਨੇ ਮੈਨੂੰ ਕਿਹਾ ਸੀ ਕਿ ਪੈਸੇ ਬੈਂਕ ਰਾਹੀਂ ਭੇਜ ਦਿਓ। ਮੈਂ ਪਹਿਲੀ ਵਾਰ 4 ਅਕਤੂਬਰ ਨੂੰ ਆਰਟੀਜੀਐੱਸ ਰਾਹੀਂ 9 ਲੱਖ 80 ਹਜ਼ਾਰ ਰੁਪਏ ਭੇਜੇ।” “ਦੂਜੀ ਵਾਰ ਮੈਂ 5 ਅਕਤੂਬਰ ਨੂੰ 20 ਲੱਖ ਰੁਪਏ ਭੇਜੇ। ਫ਼ਿਰ 7 ਅਕਤੂਬਰ ਨੂੰ ਪਹਿਲਾਂ 9 ਲੱਖ 80 ਹਜ਼ਾਰ ਰੁਪਏ ਭੇਜੇ ਅਤੇ ਬਾਅਦ ਵਿੱਚ 50 ਹਜ਼ਾਰ ਰੁਪਏ ਭੇਜੇ ਗਏ। ਇਸੇ ਤਰ੍ਹਾਂ 9 ਅਕਤੂਬਰ ਨੂੰ 5 ਲੱਖ ਰੁਪਏ ਭੇਜੇ ਗਏ।”
“ਇਹ ਸਿਲਸਿਲਾ ਜਾਰੀ ਰਿਹਾ 13 ਅਕਤੂਬਰ ਨੂੰ 99 ਹਜ਼ਾਰ 999 ਰੁਪਏ ਭੇਜੇ ਅਤੇ 14 ਅਕਤੂਬਰ ਨੂੰ 2 ਲੱਖ 80 ਹਜ਼ਾਰ ਰੁਪਏ ਭੇਜੇ ਗਏ।” “ਫ਼ਿਰ ਉਨ੍ਹਾਂ ਨੇ ਮੈਨੂੰ ਕਿਹਾ ਕਿ ਤੁਸੀਂ ਜੇਕਰ ਆਪਣੀ ਐੱਫ਼ਆਈਆਰ ਰੱਦ ਕਰਵਾਉਣੀ ਹੈ ਤਾਂ 2 ਲੱਖ ਰੁਪਏ ਦੇ ਦਿਓ ਤਾਂ ਮੈਂ 16 ਅਕਤੂਬਰ ਨੂੰ 88 ਹਜ਼ਾਰ ਰੁਪਏ ਦਿੱਤੇ।” ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਆਰਬੀਆਈ ਨੇ ਜੋ ਜਾਂਚ ਕੀਤੀ ਹੈ ਉਸ ਜਾਂਚ ਦੀ ਫੀਸ ਡੇਢ ਲੱਖ ਰੁਪਏ ਹੈ। ਇਸ ਤੋਂ ਬਾਅਦ ਮੈਨੂੰ ਲੱਗਿਆ ਕਿ ਜੇਕਰ ਮੈਂ ਪੈਸੇ ਕਢਾਵਾਉਣੇ ਹਨ ਤਾਂ ਮੈਨੂੰ ਪੈਸੇ ਦੇਣੇ ਹੀ ਪੈਣਗੇ। ਇਸ ਲਈ ਮੈਂ 22 ਅਕਤੂਬਰ ਨੂੰ 1 ਲੱਖ 50 ਹਜ਼ਾਰ ਰੁਪਏ ਹੋਰ ਉਨ੍ਹਾਂ ਦੇ ਖਾਤੇ ਵਿੱਚ ਪਾ ਦਿੱਤੇ। ਇਹ ਸਭ ਕੁੱਝ ਵਾਪਰਣ ਉਪਰੰਤ ਉਕਤ ਵਿਅਕਤੀ ਨੂੰ ਲੱਗਿਆ ਕਿ ਉਹਦੇ ਨਾਲ ਕੋਈ ਧੋਖਾ ਹੋਇਆ ਹੈ। ਉਸ ਤੋਂ ਬਾਅਦ ਉਸ ਨੇ ਪਰਿਵਾਰ ਨਾਲ ਗੱਲ ਕੀਤੀ ਅਤੇ ਮਲੋਆ ਥਾਣੇ ਗਿਆ, ਤੇ ਉਨ੍ਹਾਂ ਨੇ ਉਸ ਨੂੰ ਸਾਈਬਰ ਸੈੱਲ ਜਾਣ ਲਈ ਕਿਹਾ। ਇਸ ਉਪਰੰਤ ਉਨ੍ਹਾਂ 17 ਸੈਕਟਰ ਸਾਈਬਰ ਥਾਣੇ ਵਿੱਚ ਜਾ ਕੇ ਸ਼ਿਕਾਇਤ ਦਰਜ ਕਰਵਾਈ। ਦਰਅਸਲ ਅੱਜ ਲੋੜ ਹੈ ਅਜਿਹੇ ਫਰਜ਼ੀ ਲੋਕਾਂ ਤੋਂ ਚੁਕੰਨੇ ਅਤੇ ਹੁਸ਼ਿਆਰ ਰਹਿਣ ਦੀ।
ਇਹ ਵੀ ਪੜ੍ਹੋ - ਬਾਥਰੂਮ 'ਚ ਬੈਠ ਕੇ ਤੁਸੀਂ ਵੀ ਇਸਤੇਮਾਲ ਕਰਦੇ ਹੋ Phone, ਤਾਂ ਹੋ ਜਾਓ ਸਾਵਧਾਨ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8