ਰਾਸ਼ਟਰ ਨਿਰਮਾਣ ਦੇ ‘ਅਟਲ’ ਆਦਰਸ਼ ਦੀ ਸ਼ਤਾਬਦੀ
Wednesday, Dec 25, 2024 - 11:28 AM (IST)
‘ਮੈਂ ਜੀ ਭਰ ਜੀਆ, ਮੈਂ ਮਨ ਸੇ ਮਰੂੰ.... ਲੌਟ ਕਰ ਆਊਂਗਾ, ਕੂਚ ਸੇ ਕਿਉਂ ਡਰੂੰ?’ ਅਟਲ ਜੀ ਦੇ ਇਹ ਸ਼ਬਦ ਕਿੰਨੇ ਹਿੰਮਤੀ ਹਨ...ਕਿੰਨੇ ਗੂੜ੍ਹੇ ਹਨ। ਅਟਲ ਜੀ, ਕੂਚ ਤੋਂ ਨਹੀਂ ਡਰੇ.. ਉਨ੍ਹਾਂ ਵਰਗੀ ਸ਼ਖਸੀਅਤ ਨੂੰ ਕਿਸੇ ਤੋਂ ਡਰ ਲੱਗਦਾ ਵੀ ਨਹੀਂ ਸੀ। ਉਹ ਇਹ ਵੀ ਕਹਿੰਦੇ ਸਨ, ‘ਜੀਵਨ ਬੰਜਾਰੋਂ ਕਾ ਡੇਰਾ ਆਜ ਯਹਾਂ, ਕੱਲ ਕਹਾਂ ਕੂਚ ਹੈ, ਕੌਨ ਜਾਨਤਾ ਕਿਧਰ ਸਵੇਰੇ’, ਅੱਜ ਜੇ ਉਹ ਸਾਡੇ ਵਿਚਾਲੇ ਹੁੰਦੇ ਤਾਂ ਉਹ ਆਪਣੇ ਜਨਮਦਿਨ ’ਤੇ ਨਵਾਂ ਸਵੇਰਾ ਦੇਖ ਰਹੇ ਹੁੰਦੇ।
ਮੈਂ ਉਹ ਦਿਨ ਨਹੀਂ ਭੁੱਲਦਾ ਜਦ ਉਨ੍ਹਾਂ ਨੇ ਮੈਨੂੰ ਕੋਲ ਬੁਲਾ ਕੇ ਗਲੇ ਲਗਾ ਲਿਆ ਸੀ ਅਤੇ ਜ਼ੋਰ ਨਾਲ ਪਿੱਠ ’ਤੇ ਥਾਪੜਾ ਦਿੱਤਾ ਸੀ। ਉਹ ਪਿਆਰ, ਉਹ ਅਪਣਾਪਣ, ਉਹ ਲਗਾਅ, ਮੇਰੀ ਜ਼ਿੰਦਗੀ ਦੀ ਬਹੁਤ ਵੱਡੀ ਖੁਸ਼ਕਿਸਮਤੀ ਰਹੀ ਹੈ। ਅੱਜ 25 ਦਸੰਬਰ ਦਾ ਇਹ ਦਿਨ ਭਾਰਤੀ ਸਿਆਸਤ ਅਤੇ ਭਾਰਤੀ ਲੋਕਾਂ ਲਈ ਇਕ ਤਰ੍ਹਾਂ ਨਾਲ ਸੁਸ਼ਾਸਨ ਦਾ ਅਟਲ ਦਿਵਸ ਹੈ। ਅੱਜ ਪੂਰਾ ਦੇਸ਼ ਆਪਣੇ ਭਾਰਤ ਰਤਨ ਅਟਲ ਨੂੰ ਉਸ ਆਦਰਸ਼ ਸ਼ਖਸੀਅਤ ਦੇ ਰੂਪ ’ਚ ਯਾਦ ਕਰ ਰਿਹਾ ਹੈ ਜਿਨ੍ਹਾਂ ਨੇ ਆਪਣੀ ਸਾਦਗੀ, ਸਹਿਜਤਾ ਅਤੇ ਨਰਮਦਿਲੀ ਨਾਲ, ਕਰੋੜਾਂ ਭਾਰਤੀਆਂ ਦੇ ਮਨ ’ਚ ਜਗ੍ਹਾ ਬਣਾਈ। ਪੂਰਾ ਦੇਸ਼ ਉਨ੍ਹਾਂ ਦੇ ਯੋਗਦਾਨ ਪ੍ਰਤੀ ਸ਼ੁਕਰਗੁਜ਼ਾਰ ਹੈ, ਉਨ੍ਹਾਂ ਦੀ ਸਿਆਸਤ ਪ੍ਰਤੀ ਸ਼ੁਕਰਗੁਜ਼ਾਰ ਹੈ।
21ਵੀਂ ਸਦੀ ਨੂੰ ਭਾਰਤ ਦੀ ਸਦੀ ਬਣਾਉਣ ਲਈ ਉਨ੍ਹਾਂ ਦੀ ਐੱਨ. ਡੀ. ਏ. ਸਰਕਾਰ ਨੇ ਜਿਹੜੇ ਕਦਮ ਚੁੱਕੇ, ਉਸ ਨੇ ਦੇਸ਼ ਨੂੰ ਇਕ ਨਵੀਂ ਦਿਸ਼ਾ, ਨਵੀਂ ਗਤੀ ਦਿੱਤੀ। 1998 ਦੇ ਜਿਸ ਦੌਰ ’ਚ ਉਨ੍ਹਾਂ ਨੇ ਪੀ. ਐੱਮ. ਦਾ ਅਹੁਦਾ ਸੰਭਾਲਿਆ, ਉਸ ਦੌਰ ’ਚ ਪੂਰਾ ਦੇਸ਼ ਸਿਆਸੀ ਅਸਥਿਰਤਾ ਨਾਲ ਘਿਰਿਆ ਹੋਇਆ ਸੀ। 9 ਸਾਲਾਂ ’ਚ ਦੇਸ਼ ਨੇ 4 ਵਾਰ ਲੋਕ ਸਭਾ ਦੀਆਂ ਚੋਣਾਂ ਦੇਖੀਆਂ ਸਨ। ਲੋਕਾਂ ਨੂੰ ਸ਼ੱਕ ਸੀ ਕਿ ਇਹ ਸਰਕਾਰ ਵੀ ਉਨ੍ਹਾਂ ਦੀਆਂ ਉਮੀਦਾਂ ਨੂੰ ਪੂਰਾ ਨਹੀਂ ਕਰ ਸਕੇਗੀ। ਅਜਿਹੇ ਸਮੇਂ ’ਚ ਇਕ ਆਮ ਪਰਿਵਾਰ ਤੋਂ ਆਉਣ ਵਾਲੇ ਅਟਲ ਜੀ ਨੇ, ਦੇਸ਼ ਨੂੰ ਸਥਿਰਤਾ ਅਤੇ ਸੁਸ਼ਾਸਨ ਦਾ ਮਾਡਲ ਦਿੱਤਾ। ਭਾਰਤ ਨੂੰ ਨਵ ਵਿਕਾਸ ਦੀ ਗਾਰੰਟੀ ਦਿੱਤੀ।
ਉਹ ਅਜਿਹੇ ਨੇਤਾ ਸਨ, ਜਿਨ੍ਹਾਂ ਦਾ ਪ੍ਰਭਾਵ ਵੀ ਅੱਜ ਤੱਕ ਅਟਲ ਹੈ। ਉਹ ਭਵਿੱਖ ਦੇ ਭਾਰਤ ਦੇ ਕਲਪਨਾ ਪੁਰਸ਼ ਸਨ। ਉਨ੍ਹਾਂ ਦੀ ਸਰਕਾਰ ਨੇ ਦੇਸ਼ ਨੂੰ ਆਈ. ਟੀ., ਟੈਲੀਕਮਿਊਨੀਕੇਸ਼ਨ ਅਤੇ ਦੂਰਸੰਚਾਰ ਦੀ ਦੁਨੀਆ ’ਚ ਤੇਜ਼ੀ ਨਾਲ ਅੱਗੇ ਵਧਾਇਆ। ਉਨ੍ਹਾਂ ਦੇ ਰਾਜ ਦੌਰਾਨ ਐੱਨ. ਡੀ. ਏ. ਨੇ ਟੈਕਨਾਲੋਜੀ ਨੂੰ ਆਮ ਇਨਸਾਨਾਂ ਦੀ ਪਹੁੰਚ ਤੱਕ ਲਿਆਉਣ ਦਾ ਕੰਮ ਸ਼ੁਰੂ ਕੀਤਾ। ਭਾਰਤ ਦੇ ਦੂਰ-ਦੁਰਾਡਿਆਂ ਦੇ ਇਲਾਕਿਆਂ ਨੂੰ ਵੱਡੇ ਸ਼ਹਿਰਾਂ ਨਾਲ ਜੋੜਨ ਦੀ ਸਫਲ ਕੋਸ਼ਿਸ਼ ਕੀਤੀ ਗਈ। ਵਾਜਪਾਈ ਜੀ ਦੀ ਸਰਕਾਰ ’ਚ ਸ਼ੁਰੂ ਹੋਈ ਜਿਸ ਸੁਨਹਿਰੀ ਚਤੁਰਭੁਜ ਯੋਜਨਾ ਨੇ ਭਾਰਤ ਦੇ ਮਹਾਨਗਰਾਂ ਨੂੰ ਸੂਤਰ ’ਚ ਜੋੜਿਆ ਉਹ ਅੱਜ ਵੀ ਲੋਕਾਂ ਦੀਆਂ ਯਾਦਾਂ ’ਚ ਤਾਜ਼ਾ ਹੈ।
ਲੋਕਲ ਕੁਨੈਕਟੀਵਿਟੀ ਨੂੰ ਵਧਾਉਣ ਲਈ ਵੀ ਐੱਨ. ਡੀ. ਏ. ਗੱਠਜੋੜ ਦੀ ਸਰਕਾਰ ਨੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਵਰਗੇ ਪ੍ਰੋਗਰਾਮ ਸ਼ੁਰੂ ਕੀਤੇ। ਉਨ੍ਹਾਂ ਦੇ ਰਾਜ ਕਾਲ ’ਚ ਦਿੱਲੀ ਮੈਟਰੋ ਸ਼ੁਰੂ ਹੋਈ, ਜਿਸ ਦਾ ਵਿਸਥਾਰ ਅੱਜ ਸਾਡੀ ਸਰਕਾਰ ਇਕ ਵਰਲਡ ਕਲਾਸ ਇਨਫ੍ਰਾਸਟ੍ਰਕਚਰ ਦੇ ਪ੍ਰਾਜੈਕਟ ਦੇ ਰੂਪ ’ਚ ਕਰ ਰਹੀ ਹੈ। ਅਜਿਹੀਆਂ ਕੋਸ਼ਿਸ਼ਾਂ ਨਾਲ ਉਨ੍ਹਾਂ ਨੇ ਨਾ ਸਿਰਫ ਆਰਥਿਕ ਤਰੱਕੀ ਨੂੰ ਨਵੀਂ ਤਾਕਤ ਦਿੱਤੀ ਸਗੋਂ ਦੂਰ-ਦੁਰਾਡੇ ਦੇ ਖੇਤਰਾਂ ਨੂੰ ਇਕ-ਦੂਜੇ ਨਾਲ ਜੋੜ ਕੇ ਭਾਰਤ ਦੀ ਏਕਤਾ ਨੂੰ ਵੀ ਮਜ਼ਬੂਤ ਕੀਤਾ। ਜਦ ਵੀ ਸਰਵ ਸਿੱਖਿਆ ਅਭਿਆਨ ਦੀ ਗੱਲ ਹੁੰਦੀ ਹੈ, ਤਾਂ ਅਟਲ ਦੀ ਸਰਕਾਰ ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਸਿੱਖਿਆ ਨੂੰ ਸਰਵਉੱਚ ਪਹਿਲ ਮੰਨਣ ਵਾਲੇ ਵਾਜਪਾਈ ਜੀ ਨੇ ਇਕ ਅਜਿਹੇ ਭਾਰਤ ਦਾ ਸੁਪਨਾ ਦੇਖਿਆ ਸੀ ਜਿੱਥੇ ਹਰ ਵਿਅਕਤੀ ਨੂੰ ਆਧੁਨਿਕ ਅਤੇ ਗੁਣਵੱਤਾ ਵਾਲੀ ਸਿੱਖਿਆ ਮਿਲੇ। ਉਹ ਚਾਹੁੰਦੇ ਸਨ ਕਿ ਭਾਰਤ ਦੇ ਵਰਗ, ਭਾਵ ਓ. ਬੀ. ਸੀ., ਐੱਸ. ਸੀ., ਐੱਸ. ਟੀ., ਆਦਿਵਾਸੀ ਅਤੇ ਔਰਤਾਂ ਸਾਰਿਆਂ ਲਈ ਸਿੱਖਿਆ ਸਹਿਜ ਅਤੇ ਸੌਖਾਲੀ ਬਣੇ।
ਉਨ੍ਹਾਂ ਦੀ ਸਰਕਾਰ ਨੇ ਦੇਸ਼ ਦੀ ਅਰਥਵਿਵਸਥਾ ਨੂੰ ਗਤੀ ਦੇਣ ਲਈ ਕਈ ਵੱਡੇ ਆਰਥਿਕ ਸੁਧਾਰ ਕੀਤੇ। ਇਨ੍ਹਾਂ ਸੁਧਾਰਾਂ ਦੇ ਕਾਰਨ ਭਾਈ-ਭਤੀਜਾਵਾਦ ’ਚ ਫਸੀ ਦੇਸ਼ ਦੀ ਅਰਥਵਿਵਸਥਾ ਨੂੰ ਨਵੀਂ ਗਤੀ ਮਿਲੀ। ਉਸ ਦੌਰ ਦੀ ਸਰਕਾਰ ਦੇ ਸਮੇਂ ’ਚ ਜੋ ਨੀਤੀਆਂ ਬਣੀਆਂ ਉਨ੍ਹਾਂ ਦਾ ਮੂਲ ਮਕਸਦ ਆਮ ਇਨਸਾਨਾਂ ਦੇ ਜੀਵਨ ਨੂੰ ਬਦਲਣਾ ਹੀ ਸੀ।
ਦੇਸ਼ ਨੂੰ ਹੁਣ ਵੀ 11 ਮਈ 1998 ਦਾ ਉਹ ਮਾਣਮੱਤਾ ਦਿਹਾੜਾ ਯਾਦ ਹੈ, ਜਦ ਐੱਨ. ਡੀ. ਏ. ਸਰਕਾਰ ਬਣਨ ਦੇ ਕੁਝ ਹੀ ਦਿਨਾਂ ਬਾਅਦ ਪੋਖਰਣ ’ਚ ਸਫਲ ਪ੍ਰਮਾਣੂ ਪ੍ਰੀਖਣ ਹੋਇਆ। ਇਸ ਨੂੰ ‘ਆਪ੍ਰੇਸ਼ਨ ਸ਼ਕਤੀ’ ਦਾ ਨਾਂ ਦਿੱਤਾ ਗਿਆ। ਇਸ ਪ੍ਰੀਖਣ ਤੋਂ ਬਾਅਦ ਪੂਰੀ ਦੁਨੀਆ ’ਚ ਭਾਰਤ ਦੇ ਵਿਗਿਆਨੀਆਂ ਨੂੰ ਲੈ ਕੇ ਚਰਚਾ ਹੋਣ ਲੱਗੀ। ਇਸ ਦੌਰਾਨ ਕਈ ਦੇਸ਼ਾਂ ਨੇ ਖੁੱਲ੍ਹ ਕੇ ਨਾਰਾਜ਼ਗੀ ਜਤਾਈ ਪਰ ਉਦੋਂ ਦੀ ਸਰਕਾਰ ਨੇ ਕਿਸੇ ਦਬਾਅ ਦੀ ਪ੍ਰਵਾਹ ਨਹੀਂ ਕੀਤੀ। ਪਿੱਛੇ ਹਟਣ ਦੀ ਜਗ੍ਹਾ 13 ਮਈ ਨੂੰ ਨਿਊਕਲੀਅਰ ਟੈਸਟ ਦਾ ਇਕ ਹੋਰ ਧਮਾਕਾ ਕਰ ਦਿੱਤਾ ਗਿਆ। 11 ਮਈ ਨੂੰ ਹੋਏ ਪ੍ਰੀਖਣ ਨੇ ਤਾਂ ਦੁਨੀਆ ਨੂੰ ਇਹ ਦਿਖਾਇਆ ਕਿ ਭਾਰਤ ਦੀ ਅਗਵਾਈ ਇਕ ਅਜਿਹੇ ਨੇਤਾ ਦੇ ਹੱਥ ’ਚ ਹੈ, ਜੋ ਇਕ ਵੱਖਰੀ ਮਿੱਟੀ ਨਾਲ ਬਣਿਆ ਹੈ। ਉਨ੍ਹਾਂ ਨੇ ਪੂਰੀ ਦੁਨੀਆ ਨੂੰ ਇਹ ਸੰਦੇਸ਼ ਦਿੱਤਾ, ‘‘ਇਹ ਪੁਰਾਣਾ ਭਾਰਤ ਨਹੀਂ ਹੈ।’’ ਪੂਰੀ ਦੁਨੀਆ ਜਾਣ ਚੁੱਕੀ ਸੀ ਕਿ ਭਾਰਤ ਹੁਣ ਦਬਾਅ ’ਚ ਆਉਣ ਵਾਲਾ ਦੇਸ਼ ਨਹੀਂ ਹੈ। ਇਸ ਪ੍ਰਮਾਣੂ ਪ੍ਰੀਖਣ ਦੇ ਕਾਰਨ ਦੇਸ਼ ’ਤੇ ਪਾਬੰਦੀਆਂ ਵੀ ਲੱਗੀਆਂ ਪਰ ਦੇਸ਼ ਨੇ ਸਾਰਿਆਂ ਨਾਲ ਮੁਕਾਬਲਾ ਕੀਤਾ।
ਵਾਜਪਾਈ ਸਰਕਾਰ ਦੇ ਰਾਜ ਦੌਰਾਨ ਕਈ ਵਾਰ ਸੁਰੱਖਿਆ ਸੰਬੰਧੀ ਚੁਣੌਤੀਆਂ ਆਈਆਂ। ਕਾਰਗਿਲ ਜੰਗ ਦਾ ਦੌਰ ਆਇਆ। ਸੰਸਦ ’ਤੇ ਅੱਤਵਾਦੀਆਂ ਨੇ ਕਾਇਰਾਨਾ ਹਮਲਾ ਕੀਤਾ। ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ’ਤੇ ਹੋਏ ਹਮਲੇ ਨਾਲ ਗਲੋਬਲ ਹਾਲਾਤ ਬਦਲੇ ਪਰ ਹਰ ਹਾਲਾਤ ’ਚ ਅਟਲ ਜੀ ਲਈ ਭਾਰਤ ਅਤੇ ਭਾਰਤ ਦਾ ਹਿੱਤ ਸਭ ਤੋਂ ਉੱਪਰ ਰਿਹਾ।
ਜਦ ਵੀ ਤੁਸੀਂ ਵਾਜਪਾਈ ਜੀ ਦੀ ਸ਼ਖਸੀਅਤ ਬਾਰੇ ਕਿਸੇ ਨਾਲ ਗੱਲ ਕਰੋਗੇ ਤਾਂ ਉਹ ਇਹੀ ਕਹੇਗਾ ਕਿ ਉਹ ਲੋਕਾਂ ਨੂੰ ਆਪਣੇ ਵੱਲ ਖਿੱਚ ਲੈਂਦੇ ਸਨ। ਉਨ੍ਹਾਂ ਦੀ ਬੋਲਣ ਦੀ ਕਲਾ ਦਾ ਕੋਈ ਸਾਨੀ ਨਹੀਂ ਸੀ। ਕਵਿਤਾਵਾਂ ਅਤੇ ਸ਼ਬਦਾਂ ’ਚ ਉਨ੍ਹਾਂ ਦਾ ਕੋਈ ਜਵਾਬ ਨਹੀਂ ਸੀ। ਵਿਰੋਧੀ ਵੀ ਵਾਜਪਾਈ ਜੀ ਦੇ ਭਾਸ਼ਣਾਂ ਦੇ ਮੁਰੀਦ ਸਨ। ਨੌਜਵਾਨ ਸੰਸਦ ਮੈਂਬਰਾਂ ਲਈ ਉਹ ਚਰਚਾ ਸਿੱਖਣ ਦਾ ਜ਼ਰੀਆ ਬਣਦੇ। ਕੁਝ ਸੰਸਦ ਮੈਂਬਰਾਂ ਦੀ ਗਿਣਤੀ ਨੂੰ ਲੈ ਕੇ ਵੀ ਉਹ ਕਾਂਗਰਸ ਦੀਆਂ ਕੁਨੀਤੀਆਂ ਦਾ ਪੂਰਾ ਵਿਰੋਧ ਕਰਨ ’ਚ ਸਫਲ ਹੁੰਦੇ। ਭਾਰਤੀ ਸਿਆਸਤ ’ਚ ਵਾਜਪਾਈ ਜੀ ਨੇ ਦਿਖਾਇਆ ਕਿ ਇਮਾਨਦਾਰੀ ਅਤੇ ਨੀਤੀਗਤ ਸਪੱਸ਼ਟਤਾ ਦਾ ਮਤਲਬ ਕੀ ਹੈ।
ਸੰਸਦ ’ਚ ਕਹੇ ਗਏ ਉਨ੍ਹਾਂ ਦੇ ਇਹ ਸ਼ਬਦ, ‘ਸਰਕਾਰਾਂ ਆਉਣਗੀਆਂ, ਜਾਣਗੀਆਂ, ਪਾਰਟੀਆਂ ਬਣਨਗੀਆਂ, ਵਿਗੜਨਗੀਆਂ ਪਰ ਇਹ ਦੇਸ਼ ਰਹਿਣਾ ਚਾਹੀਦਾ ਹੈ’, ਅੱਜ ਵੀ ਮੰਤਰ ਵਾਂਗ ਸਾਡੇ ਸਾਰਿਆਂ ਦੇ ਦਿਲਾਂ ’ਚ ਗੂੰਜਦੇ ਰਹਿੰਦੇ ਹਨ।
ਉਹ ਭਾਰਤੀ ਲੋਕਤੰਤਰ ਨੂੰ ਸਮਝਦੇ ਸਨ। ਉਹ ਇਹ ਵੀ ਜਾਣਦੇ ਸਨ ਕਿ ਲੋਕਤੰਤਰ ਦਾ ਮਜ਼ਬੂਤ ਰਹਿਣਾ ਕਿੰਨਾ ਜ਼ਰੂਰੀ ਹੈ। ਐਮਰਜੈਂਸੀ ਦੌਰਾਨ ਉਨ੍ਹਾਂ ਨੇ ਜ਼ਾਲਮ ਕਾਂਗਰਸ ਸਰਕਾਰ ਦਾ ਖੂਬ ਵਿਰੋਧ ਕੀਤਾ, ਤਕਲੀਫਾਂ ਝੱਲੀਆਂ। ਜੇਲ ਜਾ ਕੇ ਸੰਵਿਧਾਨ ਦੇ ਹਿੱਤ ਦਾ ਸੰਕਲਪ ਦੁਹਰਾਇਆ। ਐੱਨ. ਡੀ. ਏ. ਦੀ ਸਥਾਪਨਾ ਦੇ ਨਾਲ ਉਨ੍ਹਾਂ ਨੇ ਗੱਠਜੋੜ ਦੀ ਸਿਆਸਤ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕੀਤਾ। ਉਹ ਕਈ ਪਾਰਟੀਆਂ ਨੂੰ ਨਾਲ ਲਿਆਏ ਅਤੇ ਐੱਨ. ਡੀ. ਏ. ਨੂੰ ਵਿਕਾਸ, ਦੇਸ਼ ਦੀ ਤਰੱਕੀ ਅਤੇ ਖੇਤਰੀ ਉਮੀਦਾਂ ਦਾ ਪ੍ਰਤੀਨਿਧੀ ਬਣਾਇਆ। ਪੀ. ਐੱਮ. ਅਹੁਦੇ ’ਤੇ ਰਹਿੰਦੇ ਹੋਏ ਉਨ੍ਹਾਂ ਨੇ ਵਿਰੋਧੀ ਧਿਰ ਦੀਆਂ ਆਲੋਚਨਾਵਾਂ ਦਾ ਜਵਾਬ ਹਮੇਸ਼ਾ ਵਧੀਆ ਢੰਗ ਨਾਲ ਦਿੱਤਾ। ਉਹ ਜ਼ਿਆਦਾਤਰ ਸਮਾਂ ਵਿਰੋਧੀ ਧਿਰ ’ਚ ਰਹੇ ਪਰ ਨੀਤੀਆਂ ਦਾ ਵਿਰੋਧ ਤਰਕਾਂ ਅਤੇ ਸ਼ਬਦਾਂ ਨਾਲ ਕੀਤਾ। ਇਕ ਸਮੇਂ ਉਨ੍ਹਾਂ ਨੂੰ ਕਾਂਗਰਸ ਨੇ ਗੱਦਾਰ ਤੱਕ ਕਹਿ ਦਿੱਤਾ ਸੀ, ਉਸ ਤੋਂ ਬਾਅਦ ਵੀ ਉਨ੍ਹਾਂ ਨੇ ਕਦੇ ਗੈਰ-ਸੰਸਦੀ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ।
ਉਨ੍ਹਾਂ ’ਚ ਸੱਤਾ ਦਾ ਲਾਲਚ ਨਹੀਂ ਸੀ। 1996 ’ਚ ਉਨ੍ਹਾਂ ਨੇ ਜੋੜ-ਤੋੜ ਦੀ ਸਿਆਸਤ ਨਾ ਚੁਣ ਕੇ ਅਸਤੀਫਾ ਦੇਣ ਦਾ ਰਾਹ ਚੁਣ ਲਿਆ। 1999 ’ਚ ਉਨ੍ਹਾਂ ਨੂੰ ਸਿਰਫ ਇਕ ਵੋਟ ਦੇ ਫਰਕ ਕਾਰਨ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਕਈ ਲੋਕਾਂ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਨਾਜਾਇਜ਼ ਸਿਆਸਤ ਨੂੰ ਚੁਣੌਤੀ ਦੇਣ ਲਈ ਕਿਹਾ ਪਰ ਪੀ. ਐੱਮ. ਅਟਲ ਬਿਹਾਰੀ ਵਾਜਪਾਈ ਸੱਚਾਈ ਦੀ ਸਿਆਸਤ ’ਤੇ ਚੱਲੇ। ਅਗਲੀਆਂ ਚੋਣਾਂ ’ਚ ਉਨ੍ਹਾਂ ਨੇ ਮਜ਼ਬੂਤ ਲੋਕ ਫਤਵੇ ਨਾਲ ਵਾਪਸੀ ਕੀਤੀ।
ਸੰਵਿਧਾਨ ਦੀਆਂ ਕਦਰਾਂ-ਕੀਮਤਾਂ ਦੀਆਂ ਸੁਰੱਖਿਆ ’ਚ ਵੀ, ਉਨ੍ਹਾਂ ਵਰਗਾ ਕੋਈ ਨਹੀਂ ਸੀ। ਡਾ. ਸ਼ਿਆਮਾ ਪ੍ਰਸਾਦ ਦੇ ਦਿਹਾਂਤ ਦਾ ਉਨ੍ਹਾਂ ’ਤੇ ਬਹੁਤ ਅਸਰ ਪਿਆ ਸੀ। ਉਹ ਐਮਰਜੈਂਸੀ ਵਿਰੁੱਧ ਲੜਾਈ ਦਾ ਵੀ ਵੱਡਾ ਚਿਹਰਾ ਬਣੇ। ਐਮਰਜੈਂਸੀ ਤੋਂ ਬਾਅਦ 1977 ਦੀਆਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ‘ਜਨਸੰਘ’ ਦਾ ਜਨਤਾ ਪਾਰਟੀ ’ਚ ਰਲੇਵਾਂ ਕਰਨ ’ਤੇ ਵੀ ਸਹਿਮਤੀ ਜਤਾ ਦਿੱਤੀ। ਮੈਂ ਜਾਣਦਾ ਹਾਂ ਕਿ ਇਹ ਫੈਸਲਾ ਸੌਖਾ ਨਹੀਂ ਰਿਹਾ ਹੋਵੇਗਾ ਪਰ ਵਾਜਪਾਈ ਜੀ ਲਈ ਹਰ ਦੇਸ਼ ਭਗਤ ਕਾਰਕੁੰਨ ਵਾਂਗ ਪਾਰਟੀ ਤੋਂ ਵੱਡਾ ਦੇਸ਼ ਸੀ, ਸੰਗਠਨ ਤੋਂ ਵੱਡਾ ਸੰਵਿਧਾਨ ਸੀ।
ਅਟਲ ਜੀ ਨੂੰ ਭਾਰਤੀ ਸੰਸਕ੍ਰਿਤੀ ਨਾਲ ਵੀ ਬਹੁਤ ਪਿਆਰ ਸੀ। ਭਾਰਤ ਦੇ ਵਿਦੇਸ਼ ਮੰਤਰੀ ਬਣਨ ਤੋਂ ਬਾਅਦ ਜਦ ਸੰਯੁਕਤ ਰਾਸ਼ਟਰ ਸੰਘ ’ਚ ਭਾਸ਼ਣ ਦੇਣ ਦਾ ਮੌਕਾ ਆਇਆ ਤਾਂ ਉਨ੍ਹਾਂ ਨੇ ਆਪਣੀ ਹਿੰਦੀ ਨਾਲ ਪੂਰੇ ਦੇਸ਼ ਨੂੰ ਖੁਦ ਨਾਲ ਜੋੜਿਆ। ਪਹਿਲੀ ਵਾਰ ਕਿਸੇ ਨੇ ਹਿੰਦੀ ’ਚ ਸੰਯੁਕਤ ਰਾਸ਼ਟਰ ’ਚ ਆਪਣੀ ਗੱਲ ਕਹੀ।
ਸਿਆਸੀ ਜੀਵਨ ’ਚ ਹੋਣ ਦੇ ਬਾਵਜੂਦ, ਉਹ ਸਾਹਿਤ ਅਤੇ ਪ੍ਰਗਟਾਵੇ ਨਾਲ ਜੁੜੇ ਰਹੇ। ਉਹ ਇਕ ਅਜਿਹੇ ਕਵੀ ਅਤੇ ਲੇਖਕ ਸਨ ਜਿਨ੍ਹਾਂ ਦੇ ਸ਼ਬਦ ਹਰ ਮਾੜੇ ਹਾਲਾਤ ’ਚ ਵਿਅਕਤੀ ਨੂੰ ਉਮੀਦ ਅਤੇ ਨਵੇਂ ਜੀਵਨ ਦੀ ਪ੍ਰੇਰਣਾ ਦਿੰਦੇ ਸਨ। ਉਹ ਹਰ ਉਮਰ ਦੇ ਭਾਰਤੀਆਂ ’ਚ ਹਰਮਨ ਪਿਆਰੇ ਸਨ। ਹਰ ਵਰਗ ਦੇ ਆਪਣੇ ਸਨ।
ਮੇਰੇ ਵਰਗੇ ਭਾਰਤੀ ਜਨਤਾ ਪਾਰਟੀ ਦੇ ਅਣਗਿਣਤ ਕਾਰਕੁੰਨਾਂ ਨੂੰ, ਉਨ੍ਹਾਂ ਤੋਂ ਸਿੱਖਣ ਦਾ, ਉਨ੍ਹਾਂ ਨਾਲ ਕੰਮ ਕਰਨ ਦਾ, ਉਨ੍ਹਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਅੱਜ ਜੇ ਭਾਜਪਾ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ ਤਾਂ ਇਸ ਦਾ ਸਿਹਰਾ ਉਸ ਅਟਲ ਆਧਾਰ ਨੂੰ ਜਾਂਦਾ ਹੈ ਜਿਸ ’ਤੇ ਇਹ ਮਜ਼ਬੂਤ ਸੰਗਠਨ ਖੜ੍ਹਾ ਹੈ।
ਉਨ੍ਹਾਂ ਨੇ ਭਾਜਪਾ ਦੀ ਨੀਂਹ ਉਦੋਂ ਰੱਖੀ, ਜਦ ਕਾਂਗਰਸ ਵਰਗੀ ਪਾਰਟੀ ਦਾ ਬਦਲ ਬਣਨਾ ਸੌਖਾ ਨਹੀਂ ਸੀ। ਉਨ੍ਹਾਂ ਦੀ ਅਗਵਾਈ, ਉਨ੍ਹਾਂ ਦੀ ਸਿਆਸੀ ਕਾਬਲੀਅਤ, ਹਿੰਮਤ ਅਤੇ ਲੋਕਤੰਤਰ ਪ੍ਰਤੀ ਉਨ੍ਹਾਂ ਦੇ ਅਥਾਹ ਸਮਰਪਣ ਨੇ ਭਾਜਪਾ ਨੂੰ ਭਾਰਤ ਦੀ ਹਰਮਨਪਿਆਰੀ ਪਾਰਟੀ ਦੇ ਰੂਪ ’ਚ ਅੱਗੇ ਵਧਾਇਆ।
ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਅਤੇ ਡਾ. ਮੁਰਲੀ ਮਨੋਹਰ ਜੋਸ਼ੀ ਵਰਗੇ ਦਿੱਗਜਾਂ ਦੇ ਨਾਲ, ਉਨ੍ਹਾਂ ਨੇ ਪਾਰਟੀ ਨੂੰ ਕਈ ਚੁਣੌਤੀਆਂ ’ਚੋਂ ਕੱਢ ਕੇ ਸਫਲਤਾ ਦੀ ਮੰਜ਼ਿਲ ਤੱਕ ਪਹੁੰਚਾਇਆ। ਜਦ ਵੀ ਸੱਤਾ ਤੇ ਵਿਚਾਰਧਾਰਾ ਵਿਚਾਲੇ ਇਕ ਨੂੰ ਚੁਣਨ ਦੀ ਸਥਿਤੀ ਆਈ, ਉਨ੍ਹਾਂ ਨੇ ਵਿਚਾਰਧਾਰਾ ਨੂੰ ਖੁੱਲ੍ਹੇ ਮਨ ਨਾਲ ਚੁਣਿਆ। ਉਹ ਦੇਸ਼ ਨੂੰ ਇਹ ਸਮਝਾਉਣ ’ਚ ਸਫਲ ਰਹੇ ਕਿ ਕਾਂਗਰਸ ਦੇ ਨਜ਼ਰੀਏ ਤੋਂ ਵੱਖ ਇਕ ਬਦਲਵਾਂ ਗਲੋਬਲ ਦ੍ਰਿਸ਼ਟੀਕੋਣ ਸੰਭਵ ਹੈ। ਅਜਿਹਾ ਦ੍ਰਿਸ਼ਟੀਕੋਣ ਅਸਲ ’ਚ ਨਤੀਜੇ ਦੇ ਸਕਦਾ ਹੈ। ਅੱਜ ਉਨ੍ਹਾਂ ਦਾ ਬੀਜਿਆ ਹੋਇਆ ਬੀਜ ਇਕ ਵੱਡਾ ਦਰੱਖਤ ਬਣ ਕੇ ਦੇਸ਼ ਸੇਵਾ ਦੀ ਨਵੀਂ ਪੀੜ੍ਹੀ ਨੂੰ ਰਚ ਰਿਹਾ ਹੈ। ਅਟਲ ਜੀ ਦੀ 100ਵੀਂ ਜੈਅੰਤੀ ਭਾਰਤ ’ਚ ਸੁਸ਼ਾਸਨ ਦੇ ਰਾਸ਼ਟਰ ਪੁਰਸ਼ ਦੀ ਜੈਅੰਤੀ ਹੈ। ਆਓ ਅਸੀਂ ਸਾਰੇ ਇਸ ਮੌਕੇ ’ਤੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਮਿਲ ਕੇ ਕੰਮ ਕਰੀਏ। ਅਸੀਂ ਇਕ ਅਜਿਹੇ ਭਾਰਤ ਦਾ ਨਿਰਮਾਣ ਕਰੀਏ ਜੋ ਸੁਸ਼ਾਸਨ, ਏਕਤਾ ਅਤੇ ਗਤੀ ਦੇ ਅਟਲ ਸਿਧਾਂਤਾਂ ਦਾ ਪ੍ਰਤੀਕ ਹੋਵੇ। ਮੈਨੂੰ ਭਰੋਸਾ ਹੈ ਕਿ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਜੀ ਦੇ ਸਿਖਾਏ ਸਿਧਾਂਤ ਇਸੇ ਤਰ੍ਹਾਂ ਸਾਨੂੰ ਸ਼ਾਸਨ ਨੂੰ ਨਵੀਂ ਤਰੱਕੀ ਅਤੇ ਖੁਸ਼ਹਾਲੀ ਦੇ ਰਾਹ ’ਤੇ ਵਧਾਉਣ ਦੀ ਪ੍ਰੇਰਣਾ ਦਿੰਦੇ ਰਹਿਣਗੇ।