ਬਾਰੂਦ ਰਹਿਤ ਦੀਵਾਲੀ
Thursday, Oct 26, 2017 - 02:35 PM (IST)
ਪਾਪਾ! ਇਸ ਵਾਰ ਦੀਵਾਲੀ
ਬਾਰੂਦ ਰਹਿਤ ਮਨਾਵਾਂਗੇ
ਲੀਰੋ ਲੀਰ ਉਜੋਨ ਨੂੰ
ਆਪਾ ਰਲ ਬਚਾਵਾਂਗੇ
ਚਕਰੀ, ਫੁੱਲਝੜੀ ਨਾ ਲਾਲ ਪਟਾਖੇ ਨਾ ਹੀ ਲੱਡੂ ਬੰਬ
ਆਤਿਸ਼ਬਾਜੀ, ਅਨਾਰ, ਹਜ਼ਾਰੇ ਸਾਰੇ ਕਰਦੋ ਬੰਦ
ਬਾਰੂਦ 'ਤੇ ਪੈਸੇ ਫੂਕਨ ਨਾਲੋ
ਕੱਪੜੇ ਨਵੇਂ ਬਣਾਵਾਂਗੇ..............................
ਪਸ਼ੂ, ਪੰਛੀ, ਬੀਮਾਰ, ਬੁੱਢੇ, ਬੱਚੇ, ਸਾਰੇ ਤ੍ਰਿਭਕਣ ਬੰਬਾਂ ਤੋਂ
ਇੰਝ ਲਗਦੈ ਜਿਉਂ ਨਾਲ ਧਮਾਕੇ ਛੱਤ ਡਿੱਗਜੂ ਕੰਧਾ ਤੋਂ
ਗੌਤਮ, ਪਰਗੀਤ, ਯੂਵੀ ਸੰਗ ਰਲ ਕੇ
ਸਭ ਨੂੰ ਇਹ ਸਮਝਾਵਾਂਗੇ..............................
ਘਰ-ਘਰ ਅੰਦਰ ਦੀਵੇ ਬੁੱਝਦੇ ਕੈਂਸਰ ਦੇ ਕਹਿਰਾਂ ਨਾਲ
ਮਾਂ ਦਾ ਦੁੱਧ ਵੀ ਮੌਤ ਵੰਡੇ ਨਿੱਤ ਵਧਦੀਆਂ ਜਹਿਰਾਂ ਨਾਲ
ਮਿੱਟੀ, ਪਾਣੀ ਪਲੀਤ ਕੀਤਾ
ਹੁਣ ਹਵਾ ਨੂੰ ਰਲ ਬਚਾਵਾਂਗੇ..................................
ਬਸਤੀ ਅੰਦਰ ਭੁੱਖੇ ਨੰਗੇ ਕੀ ਬੱਚੇ ਸਾਡੇ ਵਰਗੇ ਨੀ?
ਖਾਣ,ਖੇਡਣ ਨੂੰ ਸਾਡੇ ਵਾਂਗੂ ਕੀ ਮਨ ਉਹਨਾਂ ਦੇ ਕਰਦੇ ਨੀ?
ਝੁੱਗੀਆਂ ਅੰਦਰ ਬਾਲ ਖੁਸ਼ੀ ਦੇ ਦੀਵੇ
ਅਸੀਂ ਲੱਛਮੀ ਉੱਥੇ ਹੀ ਬੁਲਾਂਵਾਂਗੇ.................................
