ਕਿਤਾਬੀ ਪੜ੍ਹਾਈ ਬਨਾਮ ਅਸਲ ਜ਼ਿੰਦਗੀ

Thursday, Aug 06, 2020 - 03:17 PM (IST)

ਕਿਤਾਬੀ ਪੜ੍ਹਾਈ ਬਨਾਮ ਅਸਲ ਜ਼ਿੰਦਗੀ

ਡਾ. ਸੁਰਿੰਦਰ ਕੁਮਾਰ ਜਿੰਦਲ, ਮੁਹਾਲੀ
98761-35823

ਜਮਾਤਾਂ ਦੇ ਨਤੀਜੇ ਆ ਗਏ ਹਨ। ਜਮਾਤਾਂ ’ਚੋਂ ਆਏ ਮੋਢੀ ਵਿਦਿਆਰਥੀਆਂ ਦੇ ਸੋਹਲੇ ਗਾਏ ਜਾਣਾ ਸੁਭਾਵਿਕ ਹੀ ਹੈ। ਇਨ੍ਹਾਂ ਨਤੀਜਿਆਂ ’ਚ ਜੇਕਰ ਕਿਸੇ ਵਿਦਿਆਰਥੀ ਨੂੰ ਬਣਦੀ ਕਾਮਯਾਬੀ ਨਹੀਂ ਮਿਲੀ ਤਾਂ ਉਸ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ। ਠੀਕ ਹੈ, ਟੀਚੇ ਤੋਂ ਖੁੰਝ ਜਾਣ 'ਤੇ ਦੁੱਖ ਹੁੰਦਾ ਹੈ ਪਰ ਇਹ ਦੁੱਖ ਸਥਾਈ ਨਾ ਹੋਵੇ। ਪੇਪਰਾਂ ਵਿੱਚ ਨਾਕਾਮਯਾਬ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਨਲਾਇਕ ਹੋ ਜਾਂ ਤੁਸੀਂ ਕੁਝ ਨਹੀਂ ਕਰ ਸਕਦੇ। 

ਯਾਦ ਰੱਖੋ, ਜ਼ਿੰਦਗੀ 'ਚ ਪੜ੍ਹਾਈ ਨਹੀਂ, ਸਮਝ ਦਾ ਮੁੱਲ ਪੈਂਦਾ ਹੈ। ਦੁਨੀਆ ਵਿੱਚ ਅਜਿਹੇ ਅਣਗਿਣਤ ਸਫਲ ਵਿਅਕਤੀ ਹੋਏ ਹਨ, ਜਿਨ੍ਹਾਂ ਲਈ ਸਫਲਤਾ ਸ਼ੁਰੂ-ਸ਼ੁਰੂ ਵਿੱਚ ਹੱਥ ਨਾ ਆਉਣ ਵਾਲਾ ਆਪਣਾ ਹੀ ਪਰਛਾਵਾਂ ਜਾਪਦੀ ਸੀ। ਪਰ ਆਖਰਕਾਰ ਉਹ ਸੰਸਾਰ ਨੂੰ ਆਪਣਾ ਲੋਹਾ ਮਨਵਾ ਕੇ ਹੀ ਹਟੇ। ਮੰਦ ਬੁੱਧੀ/ਅਸਫਲ ਸਮਝੇ ਜਾਣ ਵਾਲੇ ਕਈ ਬਾਲਕ ਮਹਾਨ ਵਿਗਿਆਨੀ, ਦਾਰਸ਼ਨਿਕ ਜਾਂ ਨੇਤਾ ਬਣੇ ਹਨ। 

ਆਪਣੇ ਆਲੇ-ਦੁਆਲੇ ਨਜ਼ਰ ਜ਼ਰੂਰ ਮਾਰੋ, ਅੱਜ ਵੀ ਤੁਹਾਨੂੰ ਅਜਿਹੇ ਅਨੇਕਾਂ ਵਿਅਕਤੀ ਮਿਲ ਜਾਣਗੇ। ਸੋ, ਤੁਸੀਂ ਵੀ ਘਬਰਾਉਣਾ ਨਹੀਂ ਅਤੇ ਹਿੰਮਤ ਨਹੀਂ ਛੱਡਣੀ। ਇਹ ਗੱਲ ਸਮਝੋ ਕਿ ਸਾਡੀ ਪ੍ਰੀਖਿਆ ਪ੍ਰਣਾਲੀ ਰੱਟਾ ਅਧਾਰਤ ਹੈ ਅਤੇ ਤੁਸੀਂ ਰੱਟਾ ਮਾਰਨ ਵਾਲੇ ’ਚੋਂ ਨਹੀਂ ਹੋ, ਸਗੋਂ ਸਮਝ ਨਾਲ ਕੰਮ ਕਰਨ ਵਾਲੇ ਹੋ। ਅਸਲ ਵਿੱਚ ਜੇਕਰ ਥੋੜ੍ਹਾ ਧਿਆਨ ਨਾਲ ਦੇਖਿਆ ਜਾਵੇ ਤਾਂ ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜੋ ਆਪਣੇ ਨਤੀਜੇ ਤੋਂ ਖੁਸ਼ ਹੋਇਆ ਹੋਵੇ। 

ਇਹ ਸੁਭਾਵਿਕ ਮਨੁੱਖੀ ਵਰਤਾਰਾ ਹੈ। ਫੇਰ ਵੀ ਜੇਕਰ ਤੁਸੀਂ ਆਪਣੇ ਆਪ ਨੂੰ ਇਸ ਸਿੱਖਿਆ ਪ੍ਰਣਾਲੀ ਦੇ ਫਿੱਟ ਨਹੀਂ ਸਮਝਦੇ ਤਾਂ 1-2 ਸਾਲ ਰਸਮੀ ਪੜ੍ਹਾਈ ਛੱਡ ਕੇ ਕੋਈ ਹੁਨਰ-ਸਿਖਲਾਈ ਲੈ ਲਵੋ। ਜਿਨ੍ਹਾਂ ਦੇ ਹੱਥ ਵਿੱਚ ਹੁਨਰ ਹੁੰਦਾ ਹੈ ਗਾਹਕ ਉਨ੍ਹਾਂ ਦੀ ਡਿਗਰੀ ਨਹੀਂ ਦੇਖਦੇ। ਬਹੁਤ ਸਾਰੇ ਧੰਦੇ ਅਜਿਹੇ ਹਨ ਜੋ ਦੇਖਣ ਨੂੰ ਮਾਮੂਲੀ ਲੱਗਦੇ ਹਨ ਪਰ ਕਮਾਈ ਦੇ ਵਧੀਆ ਸਾਧਨ ਹਨ। ਥੋੜ੍ਹਾ ਦੇਖਣ, ਸੋਚਣ ਤੇ ਪਰਖਣ ਵਾਲੇ ਬਣਨ ਦੀ ਲੋੜ ਹੈ। ਬੱਲਿਓ, ਤਕੜੇ ਬਣੋ!


author

rajwinder kaur

Content Editor

Related News