ਕਵਿਤਾ ਖ਼ਿੜਕੀ : ‘ਖੂਨਦਾਨ’

09/28/2020 3:03:41 PM

 ਖੂਨਦਾਨ

ਕਰੋ ਰਕਤ ਨੂੰ ਦਾਨ ਤੁਸੀਂ 
ਜ਼ਿੰਦਗੀਆਂ ਕੋਈ ਬਚਾਓਗੇ,
ਅਸਲੀ ਦੁਆਵਾਂ ਰੱਬ ਦੀਆਂ 
ਤੁਸੀਂ ਫੇਰ ਹੀ ਪਾਓੰਗੇ ।

ਫਿੱਟੇ ਲਾਹਨਤ ਹੈ ਸਾਡੇ 
ਜੇ ਖ਼ੂਨ ਬਿਨਾਂ ਕੋਈ ਮਰਦਾ ਹੈ,
ਖੂਨਦਾਨ ਕਰ ਇਸ ਜਗ ਤੇ 
ਵੱਡੇ ਦਾਨੀ ਪੁਰਸ਼ ਕਹਾਓਂਗੇ।

ਹਰ ਪਲ ਰਹਿੰਦੀ ਲੋੜ ਹੈ 
ਦੁਨੀਆਂ ਤੇ ਖੂਨ ਤੁਹਾਡੇ ਦੀ ,
ਲੱਖਾਂ ਜਾਨਾਂ ਬਚਣਗੀਆਂ 
ਜੇ ਖ਼ੂਨਦਾਨ ਕਰ ਜਾਓੰਗੇ।

ਦੁਰਘਟਨਾ, ਬੀਮਾਰੀ 
ਜਾਂ ਹੋਵੇ ਕੋਈ ਸਰਜਰੀ,
ਜ਼ਿੰਦਗੀ ਬਣ ਕੇ ਮੌਤ ਨੂੰ 
ਪਲ ਪਲ ਤੁਸੀਂ ਹਰਾਓੰਗੇ ।

ਧਰਮਾਂ ਖ਼ਾਤਰ ਕਿਉਂ ਲੜਦੇ
ਇੱਕ ਦੂਜੇ ਨੂੰ ਵੱਢੀ ਜਾਂਦੇ,
ਇੱਕੋ ਰੰਗ ਲਹੂ ਦਾ ਨਿੱਕਲੂ
ਜੀਹਦਾ ਤੁਸੀਂ ਵਹਾਓੰਗੇ ।

ਆਪਸੀ ਤਕਰਾਰ ਨੂੰ ਛੱਡੋ
ਵੈਰ ਵਿਰੋਧ ਮੁੱਕ ਜਾਵਣਗੇ,
ਵੱਧੋ ਵੱਧ ਜੇ ਇੱਕ ਦੂਜੇ ਨੂੰ
ਇੱਕ ਦੂਜੇ ਦਾ ਖੂਨ ਚੜ੍ਹਾਓੰਗੇ ।

ਉੱਠੋ ਵੀਰ ਪੰਜਾਬੀਓ 
ਖੂਨਦਾਨ ਦੀ ਲਹਿਰ ਬਣਾਓ, 
ਸਭ ਤੋਂ ਵੱਡਾ ਇਹ ਦਾਨ ਹੈ ਵੀਰੋ
ਜਿਓਣੇ ਵਰਗੇ ਨੂੰ ਸਮਝਾਓਗੇ ।


ਕਿਰਸਾਨੀ ਦੇ ਗਲ਼ ਵਿੱਚ ਫਾਹੇ।

ਪਿੰਡੋ ਪਿੰਡੀ ਲਮਕ ਰਹੇ ਨੇ ਦੇਖ ਲੈ ਜਾ ਕੇ ਚਾਹੇ
ਡੁੱਬੀ ਪਈ ਕਿਰਸਾਨੀ ਦੇ ਗਲ਼ ਵਿੱਚ ਫਾਹੇ।

ਫ਼ਸਲ ਆਪਣੀ ਦਾ ਸਹੀ ਜੇ ਮੁੱਲ ਮਿਲ ਜਾਂਦਾ 
ਅੰਨਦਾਤਾ ਕਾਹਨੂੰ ਭਟਕਦਾ ਪੈਂਦਾ ਫੇਰ ਕੁਰਾਹੇ ।

ਨਿੱਤ ਵਧੇ ਮਹਿੰਗਾਈ, ਕਿਸਾਨੀ ਉੱਥੇ ਦੀ ਉੱਥੇ 
ਰੱਬ ਵੀ ਬਦਲੇ ਲੈਂਦਾ, ਇਹ ਕਰਦਾ ਤ੍ਰਾਹੇ ਤ੍ਰਾਹੇ।

ਜੁੜੇ ਮਸਾਂ ਹੀ ਰੋਟੀ ਇਹਨੂੰ ਸਾਰ ਕੋਈ ਨਾ ਲੈਂਦਾ
ਰਹਿਬਰ ਇਹਦਾ ਇਹਨੂੰ, ਲੁੱਟ ਲੁੱਟ ਲੈਂਦਾ ਲਾਹੇ

ਹੱਥ ਜੋੜ ਜਿਓਣਿਆ ਇੱਕ ਅਰਜ਼ ਹੈ ਮੇਰੀ 
ਸਾਡੇ ਮਸਲੇ ਕਰੋ ਉਜਾਗਰ ਖੜ੍ਹਕੇ ਚੌਕ ਚੁਰਾਹੇ ।


ਜਤਿੰਦਰ (ਜਿਉਣਾ ਭੁੱਚੋ )
9501475400

ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ :ਜਗਬਾਣੀ ਮੋਬਾਇਲ ਐਪਲੀਕੇਸ਼ਨ ਲਿੰਕ


rajwinder kaur

Content Editor

Related News