ਚਲ ਬਿਸ਼ਨੀਏ! ''''ਇਹੀ ਸਈਂ''''
Sunday, Apr 07, 2019 - 04:05 PM (IST)
ਉਮਰਾਂ ਦੇ ਚੱਕਰਾਂ ਦਾ ਭੰਨਿਆਂ 80 ਸਾਲ ਦਾ ਬਾਬਾ ਭਾਨ ਸਿਓਂ ਆਪਣੇ ਘਰ ਦੇ ਵਿਹੜੇ ਵਿੱਚ ਨਿੰਮ ਹੇਠ ਮੰਜੇ ਤੇ ਬੈਠਾਂ ਕਦੇ-ਕਦੇ ਉੱਚੀ ਖੰਘਦਾ ਅਤੇ ਕਦੇ ਆਪੇ ਗਲਾਸ ਚੁੱਕ ਕੋਲ ਪਏ ਘੜੇ ਤੋਂ ਪਾਣੀ ਪੀ ਲੈਂਦਾ। ਪਾਸ ਹੀ ਪੀੜੀ ਤੇ ਬੈਠੀ ਸੀ ਉਸਦੀ ਜੀਵਨ ਸਾਥਣ ਮਾਈ ਬਿਸ਼ਨੀ। ਵਿਹੜੇ ਵਿੱਚ ਉੱਚੀ ਦੀਵਾਰ ਅਤੇ ਉਸ ਵਿੱਚ ਇੱਕ ਗਰੀਬੀ ਦਾ ਭੰਨਿਆ ਹੋਇਆ ਪੁਰਾਣਾ ਦਰਵਾਜ਼ਾ ਸੀ ਜਿਸਨੂੰ ਅੰਦਰੋ ਹਲਕੀ ਜਿਹੀ ਕੁੰਡੀ ਲੱਗੀ ਹੋਈ ਸੀ। ਮਾਈ ਬਿਸ਼ਨੀ ਕਦੇ-ਕਦੇ ਆਪਣੀ ਸੋਟੀ ਧਰਤੀ ਤੇ ਮਾਰ ਕੇ ਆਪਣੀ ਹਾਜ਼ਰੀ ਜਿਤਾਉਂਦੀ ਰਹਿੰਦੀ। ਪਰ ਇਸ ਉਮਰ ਵਿੱਚ ਵੀ ਉਨ੍ਹਾਂ ਦੀ ਨਿਗਾਹ ਅਤੇ ਆਵਾਜ਼ ਦਾ ਲਹਿਜਾ ਠੀਕ ਸੀ।
ਥੋੜ੍ਹੀ ਦੇਰ ਬਾਅਦ ਵਿਹੜੇ ਦਾ ਦਰਵਾਜ਼ਾ ਖੜਕਿਆ ਤਾਂ ਬਾਬਾ ਬੋਲਿਆ, ''ਬਿਸ਼ਨੀਏ! ਦੇਖ ਕੌਣ ਆਇਆ ਹੈ? '' ਮਾਈ ਨੂੰ ਉਠਦਿਆਂ-ਉਠਦਿਆਂ ਦੇਰ ਲਗ ਗਈ ਤਾਂ ਦਰਵਾਜ਼ੇ ਤੇ ਖੜ੍ਹੇ ਆਦਮੀ ਨੇ ਜਦੋਂ ਜ਼ੋਰ ਦੀ ਦਰਵਾਜ਼ਾ ਖੜਕਾਇਆ ਤਾਂ ਕੁੰਡੀ ਆਪਣੇ ਆਪ ਖੁਲ੍ਹ ਗਈ ਅਤੇ ਉਹ ਆਦਮੀ ਅੰਦਰ ਆ ਗਿਆ। ਮਾਈ ਨੇ ਆਪਣੀ ਸੋਟੀ ਧਰਤੀ ਤੇ ਮਾਰਦਿਆਂ ਪੁੱਛਿਆ, ਭਾਈ ਕੌਣ ਹੈ? ਸਾਡੇ ਪਾਸ ਆ ਜਾਅ। '' ਆਉਣ ਵਾਲੇ ਵਿਅਕਤੀ ਨੇ ਕਿਹਾ, ''ਤਾਈ! ਮੈਂ ਨੰਬਰਦਾਰ ਹਾਂ, ਤੁਹਾਨੂੰ ਇਹ ਫਾਰਮ ਦੇਣਾ ਏ, ਜੇ ਇਸ ਵਾਰ ਸਾਡੀ ਸਰਕਾਰ ਬਣ ਗਈ ਤਾਂ ਤੁਹਾਨੂੰ 72 ਹਜ਼ਾਰ ਰੁਪੈ ਮਿਲਣਗੇ।'' ਭਾਨ ਸਿਓ ਨੇ ਹੱਸਦਿਆਂ ਹੋਇਆ ਪੁੱਛਿਆ, ''ਅੱਛਾ ਭਾਈ! ਵੋਟਾਂ ਫਿਰ ਆ ਗਈਆਂ? ''
ਪਰ ਮਾਈ ਬਿਸ਼ਨੀ ਬੋਲੀ, ''ਭਾਈ, ਮੈਂ ਨਹੀਂ ਗੂੰਠਾ ਲਾਉਣਾ, ਪਿਛਲੀ ਵਾਰੀ ਪਿੰਡ ਦਾ ਚੌਕੀਦਾਰ ਆਇਆ ਸੀ ਉਹ ਵੀ ਇਹੀ ਕਹਿੰਦੀ ਸੀ ਕਿ ਤੁਹਾਨੂੰ 15-15 ਲੱਖ ਮਿਲਣਗੇ ਪਰ ਮਿਲਿਆ, ਠੀਠੂੰ। '' ਮਾਈ ਬਿਸ਼ਨੀ ਕਾਫ਼ੀ ਨਰਾਜ਼ ਜਾਪਦੀ ਸੀ। ਬਾਬੇ ਨੇ ਮਖੌਲ ਕਰਦੇ ਹੋਏ ਫਿਰ ਕਿਹਾ, ''ਭਾਈ! ਤੂੰ ਤਾਂ ਨੰਬਰਦਾਰ ਹੈ ਤੈਨੂੰ ਤਾਂ ਪੰਦਰਾਂ ਲੱਖ ਤੋਂ ਵੱਧ ਦੇਣਾ ਚਾਹੀਦਾ ਏ, ਚਲੋ ਸੁੱਖ ਸਾਂਦ ਰਹੇ, ਬਿਸ਼ਨੀਏ! ਲਾਅ ਦੇ ਗੂੰਠਾ।''
ਮਾਈ ਬਿਸ਼ਨੀ ਫਿਰ ਭੜਕ ਪਈ ਅਤੇ ਬੋਲੀ, ''ਕਿਉਂ ਲਾਵਾਂ ਗੂੰਠਾ? ਐਨੇ ਪੈਸੇ ਘੱਟ ਕਰ ਦਿੱਤੇ ਅਗਲੀ ਵਾਰੀ ਸਰਪੰਚ ਆ ਜਾਊ ਉਹ ਹੋਰ ਵੀ ਘੱਟ ਕਰ ਦੇਊ''। ਭਾਨ ਸਿਓ ਨੋ ਫਿਰ ਸਮਝਾਇਆ, ''ਕਮਲੀਏ! ਅਗਲੀ ਵਾਰ ਤੱਕ ਤੈਂ ਬੈਠੀ ਰਹਿਣਾ? ਹੁਣ ''ਇਹੀ ਸਈਂ,'' ਨਾਲੇ ਆਪਾਂ ਨੇ ਵਿਹੜੇ ਦਾ ਨਵਾਂ ਦਰਵਾਜ਼ਾ ਲਗਾਉਣਾ, ਕੁੰਡੀ ਸੋਹਰੀ ਆਪੇ ਖੁਲ੍ਹ ਜਾਂਦੀ ਆਂ '' ਅੱਖਾਂ ਵਿੱਚ ਉਤਾਰੇ ਵੱਡੇ-ਵੱਡੇ ਸੁਪਨਿਆਂ ਨੂੰ ਲੈ ਦੋਹਾਂ ਨੇ ਫਾਰਮਾਂ ਤੇ ਅਗੂੰਠੇ ਲਗਾ ਦਿੱਤੇ। ਨੰਬਰਦਾਰ ਵੀ ''ਇਸ ਵਾਰ ਪੱਕਾ '' ਕਹਿ ਕੇ ਚਲਾ ਗਿਆ। ਮਾਈ ਬਿਸ਼ਨੀ ਨੇ ਟੁੱਟੇ ਦਰਵਾਜ਼ੇ ਨੂੰ ਜਾਅ ਬੜੀ ਮੁਸ਼ਕਿਲ ਨਾਲ ਭੇੜਿਆ।
ਬਹਾਦਰ ਸਿੰਘ ਗੋਸਲ
ਮੋ. ਨੰ: 98764-52223
