‘ਸੰਘ-ਭਾਜਪਾ ਸਬੰਧਾਂ ਬਾਰੇ ਵੱਖਰੀ ਰਾਏ ਰੱਖਦੇ ਸਨ ਅਟਲ ਬਿਹਾਰੀ ਬਾਜਪਾਈ ਜੀ’

Thursday, May 20, 2021 - 12:05 PM (IST)

‘ਸੰਘ-ਭਾਜਪਾ ਸਬੰਧਾਂ ਬਾਰੇ ਵੱਖਰੀ ਰਾਏ ਰੱਖਦੇ ਸਨ ਅਟਲ ਬਿਹਾਰੀ ਬਾਜਪਾਈ ਜੀ’

ਕੁਝ ਭੁੱਲੀਆਂ-ਵਿੱਸਰੀਆਂ ਯਾਦਾਂ ... (8)
ਨਿਜ ਪਥ ਕਾ ਅਵਚਲ ਪੰਥੀ
ਯਾਦਾਂ/ਸ਼ਾਂਤਾ ਕੁਮਾਰ

(ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਸ਼ਾਂਤਾ ਕੁਮਾਰ ਦੀ ਆਤਮਕਥਾ ‘ਨਿਜ ਪਥ ਕਾ ਅਵਚਲ ਪੰਥੀ’ ਦੇ ਕੁਝ ਅੰਸ਼ ਅਸੀਂ ਇੱਥੇ ਪਬਲਿਸ਼ ਕਰ ਰਹੇ ਹਾਂ)

ਆਂਧਰਾ ਪ੍ਰਦੇਸ਼ ਨੂੰ 90 ਕਰੋੜ ਤੋਂ 190 ਕਰੋੜ ਰੁਪਏ ਫਿਰ 90 ਕਰੋੜ ਹੋ ਜਾਣ ਦੇ ਕਾਰਨ ਭਾਜਪਾ ਦੇ ਇਕ ਵੱਡੇ ਨੇਤਾ ਦੀ ‘ਨਾਰਾਜ਼ਗੀ’ ਅਤੇ ਹਿਮਾਚਲ ਪ੍ਰਦੇਸ਼ ’ਚ ਭ੍ਰਿਸ਼ਟਾਚਾਰ ਦੇ ਉੱਠੇ ਵਿਵਾਦ ਦੇ ਦੌਰਾਨ ਅਟਲ ਜੀ ਨੇ ਫਿਰ ਮੈਨੂੰ ਸੱਦਿਆ।

ਉਨ੍ਹਾਂ ਨੇ ਮੈਨੂੰ ਕਿਹਾ,‘‘ਤੁਸੀਂ ਬਹੁਤ ਵਧੀਆ ਅਤੇ ਇਮਾਨਦਾਰੀ ਨਾਲ ਕੰਮ ਕਰ ਰਹੇ ਹੋ ਪਰ ਪਾਰਟੀ ’ਚ ਤੁਹਾਡੇ ਵਿਰੁੱਧ ਵੱਡੇ ਦੋਸ਼ ਘੜੇ ਜਾ ਰਹੇ ਹਨ। ਤੁਹਾਨੂੰ ਮੰਤਰੀ ਮੰਡਲ ’ਚੋਂ ਹਟਾਉਣ ਦੀ ਗੱਲ ਵੀ ਕੀਤੀ ਜਾ ਰਹੀ ਹੈ।’’

ਪਾਰਟੀ ਦੇ ਇਕ ਵੱਡੇ ਨੇਤਾ ਨੇ ਮੈਨੂੰ ਸੱਦਿਆ। ਮੇਰੇ ਸਾਹਮਣੇ ਮੇਰੇ ਵਿਰੁੱਧ ਇਕ ਦੋਸ਼ ਪੱਤਰ ਰੱਖਿਆ। ਮੈਂ ਦੇਖਿਆ। ਮੈਂ ਕਿਹਾ ਕਿ ਜੋ ਸ਼ਬਦ ਮੈਂ ਕਹੇ ਸਨ ਉਹੀ ਪਾਰਟੀ ਦੇ ਰਾਸ਼ਟਰੀ ਨੇਤਾਵਾਂ ਨੇ ਵੀ ਕਹੇ ਸਨ। ਹਿਮਾਚਲ ’ਚ ਜਨਤਾ ਦੀਆਂ ਇੱਛਾਵਾਂ ਨੂੰ ਅਸੀਂ ਪੂਰਾ ਨਹੀਂ ਕਰ ਸਕੇ। ਸਾਫ਼-ਸੁਥਰਾ ਪ੍ਰਸ਼ਾਸਨ ਦੇਣ ’ਚ ਵੀ ਸਫ਼ਲ ਨਹੀਂ ਹੋਏ।ਮੈਂ ਪੁੱਛਿਆ, ਇੰਨਾ ਕਹਿਣ ’ਚ ਕਿਹੜੀ ਅਨੁਸ਼ਾਸਨਹੀਣਤਾ ਹੋਈ ਹੈ। ਇਕ ਸੂਬੇ ’ਚ ਵਿਧਾਇਕਾਂ ਨੇ ਸ਼ਰੇਆਮ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ। ਲੀਡਰਸ਼ਿਪ ਬਦਲਣ ਦੇ ਲਈ ਅੰਦੋਲਨ ਕੀਤਾ। ਰਾਜਪਾਲ ਨੂੰ ਮਿਲੇ। ਮੈਨੂੰ ਹੀ ਅਨੁਸ਼ਾਸਨਹੀਣਤਾ ਦਾ ਦੋਸ਼ੀ ਕਿਉਂ ਦੱਸਿਆ ਜਾ ਰਿਹਾ ਹੈ? ਉਨ੍ਹਾਂ ਦੇ ਕੋਲ ਜਵਾਬ ਨਹੀਂ ਸੀ।

ਦੇਸ਼ ਤੇ ਪ੍ਰਦੇਸ਼ ਦੇ ਕੁਝ ਨੇਤਾ ਆਪਣੇ-ਆਪਣੇ ਕਾਰਨਾਂ ਨਾਲ ਮੇਰੇ ਨਾਲ ਨਾਰਾਜ਼ ਸਨ। ਉਹ ਸਾਰੇ ਹੁਣ ਇਕੱਠੇ ਹੋ ਗਏ। ਉਨ੍ਹਾਂ ਨੂੰ ਜਾਪਿਆ ਕਿ ਪਾਰਟੀ ਕੁਝ ਸੂਬਿਆਂ ’ਚ ਚੋਣਾਂ ’ਚ ਹਾਰ ਤੋਂ ਚਿੰਤਤ ਹੈ। ਸੂਬਿਆਂ ’ਚ ਕੁਝ ਚੋਣਾਂ ਹੋਣ ਵਾਲੀਆਂ ਹਨ, ਇਸ ਲਈ ਅਨੁਸ਼ਾਸਨਹੀਣਤਾ ਰੋਕਣ ਦੇ ਨਾਂ ’ਤੇ ਮੇਰੇ ਵਿਰੁੱਧ ਕਾਰਵਾਈ ਕਰਾਈ ਜਾ ਸਕਦੀ ਹੈ।ਮੈਨੂੰ ਮੰਤਰੀ ਮੰਡਲ ’ਚੋਂ ਕਢਵਾਉਣ ’ਚ ਲੱਗੇ ਕੁੱਝ ਨੇਤਾਵਾਂ ਦੇ ਆਪਣੇ-ਆਪਣੇ ਵੱਖਰੇ ਕਾਰਣ ਸਨ। ਸਾਰੇ ਆਪਣਾ-ਆਪਣਾ ਹਿਸਾਬ ਚੁੱਕਤਾ ਕਰਨਾ ਚਾਹੁੰਦੇ ਸਨ।

ਮੈਨੂੰ ਪ੍ਰਮੋਦ ਮਹਾਜਨ ਨੇ ਘਰ ਸੱਦਿਆ, ਸਮਝਾਇਆ ਅਤੇ ਕਿਹਾ ਕਿ ਆਂਧਰਾ ਪ੍ਰਦੇਸ਼ ਨੂੰ 100 ਕਰੋੜ ਰੁਪਏ ਭੇਜ ਦਿਓ। ਮੈਂ ਉਨ੍ਹਾਂ ਦੀ ਗੱਲ ਸੁਣੀ ਅਤੇ ਘਰ ਆ ਗਿਆ। ਖੂਬ ਸੋਚਿਆ।ਜ਼ਿੰਦਗੀ ’ਚ ਅਜਿਹੇ ਭਿਆਨਕ ਮੋੜਾਂ ’ਤੇ ਮੈਂ ਗੀਤਾ ਅਤੇ ਸਵਾਮੀ ਵਿਵੇਕਾਨੰਦ ਨੂੰ ਸਾਹਮਣੇ ਰੱਖ ਕੇ ਆਪਣੀ ਅੰਤਰਆਤਮਾ ਦੀ ਆਵਾਜ਼ ’ਤੇ ਫ਼ੈਸਲਾ ਕਰਦਾ ਹਾਂ। ਇਕ ਪਾਸੇ ਭਾਰਤ ਸਰਕਾਰ ਦਾ ਮਹੱਤਵਪੂਰਨ ਮੰਤਰੀ ਦਾ ਅਹੁਦਾ ਸੀ ਅਤੇ ਦੂਸਰੇ ਪਾਸੇ ਸਿਧਾਂਤ ਦੀ ਸਿਆਸਤ ਅਤੇ ਅੰਤਰਆਤਮਾ ਦੀ ਆਵਾਜ਼ ਸੀ। ਕਿੰਨਾ ਖੁਸ਼ਕਿਸਮਤ ਸੀ ਮੈਂ ਉਸ ਭਿਆਨਕ ਸਥਿਤੀ ’ਚ ਵੀ ਅਡੋਲ ਅਤੇ ਡਟਿਆ ਰਿਹਾ।

ਇਕ ਸਵੇਰ ਅਟਲ ਜੀ ਦਾ ਫੋਨ ਆਇਆ। ਬੋਲੇ, ‘‘ਮੈਨੂੰ ਦੁੱਖ ਹੈ ਪਰ ਤੁਸੀਂ ਹੁਣ ਉਹ ਕਾਗਜ਼ ਦੇ ਹੀ ਦਿਓ।’’ ਮੈਂ ਸਮਝ ਗਿਆ। ਮੇਰੇ ਕੋਲੋਂ ਅਸਤੀਫ਼ਾ ਮੰਗਿਆ ਜਾ ਰਿਹਾ ਹੈ।ਮੈਂ ਸੰਤੋਸ਼ (ਧਰਮਪਤਨੀ) ਨੂੰ ਸਾਰੀ ਗੱਲ ਦੱਸਦਾ ਰਿਹਾ ਸੀ। ਉਸ ਨੂੰ ਸੂਚਿਤ ਕੀਤਾ ਤਾਂ ਉਹ ਬਹੁਤ ਉਦਾਸ ਹੋ ਗਈ।ਮੰਤਰਾਲਾ ’ਚ ਆਇਆ। ਇਕ ਅਸਤੀਫ਼ਾ ਅਤੇ ਇਕ ਹੋਰ ਪੱਤਰ ਲਿਖ ਕੇ ਸਿੱਧਾ ਅਟਲ ਜੀ ਦੇ ਕੋਲ ਪਹੁੰਚ ਗਿਆ।

ਇਹ ਵੀ ਪੜ੍ਹੋ :RSS ਵੱਲੋਂ ਭਾਜਪਾ ਨੂੰ ਆਤਮ ਮੰਥਨ ਦੀ ਸਲਾਹ, ਕਿਹਾ-ਇਕ ਗ਼ਲਤ ਪ੍ਰਯੋਗ ਨੇ ਪੱਛਮੀ ਬੰਗਾਲ 'ਚ ਪਾਸਾ ਪਲਟਿਆ 

ਉਹ ਮੇਰੇ ਨਾਲੋਂ ਵੀ ਵੱਧ ਉਦਾਸ ਸਨ। ਮੈਂ ਇਕ ਪੱਤਰ ਉਨ੍ਹਾਂ ਵੱਲ ਵਧਾਉਂਦੇ ਹੋਏ ਕਿਹਾ, ‘‘ਇਹ ਹੈ ਧੰਨਵਾਦ ਪੱਤਰ-ਤੁਹਾਡਾ ਅਤੇ ਪਾਰਟੀ ਦਾ ਧੰਨਵਾਦ ਕਰਨ ਲਈ ਜੋ ਮੈਨੂੰ ਇੰਨਾ ਸਮਾਂ ਮੰਤਰੀ ਦੇ ਰੂਪ ’ਚ ਕੰਮ ਕਰਨ ਦਾ ਮੌਕਾ ਦਿੱਤਾ ਅਤੇ ਉਸ ਦੇ ਬਾਅਦ ਲਓ ਇਹ ਹੈ ਅਸਤੀਫ਼ਾ। ’’ਅਟਲ ਜੀ ਦੀਆਂ ਅੱਖਾਂ ਨਮ ਸਨ। ਬੋਲੇ, ‘‘ਤੁਸੀਂ ਬੜੀ ਇਮਾਨਦਾਰੀ ਨਾਲ ਕੰਮ ਕਰ ਰਹੇ ਸੀ। ਮੈਂ ਮਜਬੂਰ ਹਾਂ। ਮੈਂ ਬਹੁਤ ਜਲਦੀ ਤੁਹਾਨੂੰ ਦੁਬਾਰਾ ਮੰਤਰੀ ਮੰਡਲ ’ਚ ਲੈ ਲਵਾਂਗਾ।’’

ਮੈਨੂੰ ਅੱਜ ਵੀ ਯਾਦ ਆ ਰਿਹਾ ਹੈ ਕਿ ਅਸਤੀਫ਼ਾ ਮੈਨੂੰ ਦੇਣਾ ਪਿਆ ਸੀ ਪਰ ਮੇਰੇ ਨਾਲੋਂ ਵੱਧ ਭਾਵੁਕ ਅਸਤੀਫ਼ਾ ਲੈਣ ਵਾਲੇ ਅਟਲ ਜੀ ਹੋ ਰਹੇ ਹਨ। ਮੈਨੂੰ ਬਾਹਰ ਤੱਕ ਛੱਡਣ ਆਏ। ਮੇਰਾ ਹੱਥ ਫੜ੍ਹਿਆ। ਬਹੁਤ ਦੇਰ ਤੱਕ ਕੁਝ ਨਹੀਂ ਕਿਹਾ। ਸਿਰਫ਼ ਦੇਖਦੇ ਰਹੇ। ਮੈਂ ਨਮਸਕਾਰ ਕਰ ਕੇ ਘਰ ਆ ਗਿਆ।

ਇਹ ਵੀ ਪੜ੍ਹੋ :ਬੰਗਾਲ ਚੋਣਾਂ 'ਚ ਮਿਲੀ ਹਾਰ ਮਗਰੋਂ ਭਾਜਪਾ ਦੀ ਤਿੱਕੜੀ ਬਦਲੇਗੀ ਆਪਣਾ 'ਪੱਥਰ 'ਤੇ ਲੀਕ' ਵਾਲਾ ਅਕਸ!

ਗੁਜਰਾਤ ’ਚ ਦੰਗਿਆਂ ਦੇ ਬਾਅਦ ਅਟਲ ਜੀ ਦੀ ਰਾਏ ਪਾਰਟੀ ਨਾਲੋਂ ਵੱਖਰੀ ਸੀ। ਰਾਜ ਧਰਮ ਦੀ ਇਕ ਵਾਰ ਚਰਚਾ ਕੀਤੀ, ਫਿਰ ਚੁੱਪ ਹੋ ਗਏ। ਅਯੁੱਧਿਆ ਮੰਦਰ ਅੰਦੋਲਨ ’ਚ ਵੀ ਉਹ ਸਰਗਰਮ ਨਹੀਂ ਰਹੇ। ਉਨ੍ਹਾਂ ਦੇ ਪਾਰਟੀ ਨਾਲ ਮਤਭੇਦ ਸਨ। ਸੰਘ ਦੇ ਨਾਲ ਭਾਜਪਾ ਦੇ ਸਬੰਧਾਂ ’ਤੇ ਵੀ ਵੱਖਰੀ ਰਾਏ ਰੱਖਦੇ ਸਨ।ਉਹ ਆਪਣੀ ਗੱਲ ਸਬੰਧੀ ਅੰਤਿਮ ਸਮੇਂ ਤੱਕ ਚੌਕਸ ਨਹੀਂ ਕਰਦੇ ਸਨ। ਆਪਣੀ ਗੱਲ ’ਤੇ ਅੜਦੇ ਨਹੀਂ ਸਨ। ਉਨ੍ਹਾਂ ਦਾ ਇਹ ਸੁਭਾਅ ਹੀ ਸਭ ਤੋਂ ਵੱਡਾ ਕਾਰਨ ਸੀ ਆਪਸੀ ਵਿਰੋਧੀ ਵਿਚਾਰਾਂ ਦੀਆਂ 22 ਪਾਰਟੀਆਂ ਦੇ ਗਠਜੋੜ ਦੀ ਸਰਕਾਰ ਬਣਾਉਣ ਅਤੇ ਚਲਾਉਣ ’ਚ।ਦੂਸਰੇ ਹੀ ਦਿਨ ਸੋਚ ਕੇ ਇਕ ਫ਼ੈਸਲਾ ਲਿਆ। ਮੰਤਰੀ ਹੋਣ ਦੇ ਨਾਤੇ ਮੇਰਾ ਇਹ ਅਧਿਕਾਰ ਸੀ ਕਿ ਮੈਂ ਆਪਣੇ ਅਸਤੀਫ਼ੇ ਦੇ ਸਬੰਧ ’ਚ ਲੋਕ ਸਭਾ ’ਚ ਬਿਆਨ ਦਿੰਦਾ।ਮੈਂ ਲੋਕ ਸਭਾ ਦੇ ਸਪੀਕਰ ਨੂੰ ਪੱਤਰ ਲਿਖਿਆ। ਮੈਂ ਫ਼ੈਸਲਾ ਲਿਆ ਕਿ ਲੋਕ ਸਭਾ ’ਚ ਵਿਸਥਾਰਤ ਬਿਆਨ ਦੇਵਾਂਗਾ। 90 ਤੋਂ 190 ਕਰੋੜ ਦੀ ਕਹਾਣੀ ਸਬੂਤਾਂ ਸਮੇਤ ਦੇਸ਼ ਦੇ ਸਾਹਮਣੇ ਰੱਖਾਂਗਾ।

ਇਹ ਵੀ ਪੜ੍ਹੋ :ਮਾਲੇਰਕੋਟਲਾ ਨੂੰ 23ਵਾਂ ਜ਼ਿਲ੍ਹਾ ਬਣਾਉਣ 'ਤੇ ਸਿਆਸੀ ਘਮਸਾਨ, ਕੈਪਟਨ-ਯੋਗੀ ਦੀਆਂ ਵੱਖ-ਵੱਖ ਦਲੀਲਾਂ

ਹਿਮਾਚਲ ’ਚ ਸਰਕਾਰ ਦੀ ਹਾਰ ਦੇ ਕਾਰਨਾਂ ’ਤੇ ਵੀ ਰੌਸ਼ਨੀ ਪਾਵਾਂਗਾ। ਇਹ ਕਹਾਂਗਾ ਕਿ ਮੈਨੂੰ ਸਦਾਚਾਰ ’ਚ ਡਟੇ ਰਹਿਣ ਦੇ ਲਈ ਇੰਨੀ ਵੱਡੀ ਸਜ਼ਾ ਦਿੱਤੀ ਜਾ ਰਹੀ ਹੈ, ਮੈਂ ਇਸ ਨੂੰ ਪ੍ਰਵਾਨ ਕਰਦਾ ਹਾਂ ਪਰ ਹੁਣੇ ਅਜਿਹੀ ਸਿਆਸਤ ਅਤੇ ਪਾਰਟੀ ਨੂੰ ਹਮੇਸ਼ਾ ਦੇ ਲਈ ਛੱਡਣ ਦਾ ਐਲਾਨ ਕਰਦਾ ਹਾਂ।ਸੰਤੋਸ਼ ਨੂੰ ਮੇਰਾ ਫ਼ੈਸਲਾ ਬਿਲਕੁਲ ਚੰਗਾ ਨਾ ਲੱਗਾ। ਉਸ ਨੇ ਮੈਨੂੰ ਸਮਝਾਇਆ ਕਿ ਮੈਂ ਸਾਰੀ ਜ਼ਿੰਦਗੀ ਜਿਸ ਪਾਰਟੀ ਦੇ ਲਈ ਲੰਬਾ ਸੰਘਰਸ਼ ਕੀਤਾ, ਉਸ ਨੂੰ ਇੰਨਾ ਵੱਡਾ ਨੁਕਸਾਨ ਹੋਵੇਗਾ ਕਿ ਮੈਂ ਖੁਦ ਇਸ ਦੇ ਲਈ ਆਪਣੇ ਆਪ ਨੂੰ ਕਦੀ ਮਾਫ਼ ਨਹੀਂ ਕਰ ਸਕਾਂਗਾ।ਉਸ ਨੇ ਮੈਨੂੰ ਰੋਕ ਲਿਆ ਨਹੀਂ ਤਾਂ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਅਤੇ ਮੈਂ ਹਮੇਸ਼ਾ ਲਈ ਪਾਰਟੀ ਤੋਂ ਅਲੱਗ ਹੋ ਜਾਂਦਾ। ਅੱਜ ਸੋਚਦਾ ਹਾਂ ਸੰਤੋਸ਼ ਨੇ ਮੈਨੂੰ ਬਚਾ ਲਿਆ।

ਮੇਰੇ ਨੇੜਲੇ ਸੰਘ ਦੇ ਪ੍ਰਮੁੱਖ ਪ੍ਰਚਾਰਕ ਸ਼੍ਰੀ ... ਜੀ ਮਿਲਣ ਆਏ। ਬੜੇ ਗੁੱਸੇ ’ਚ ਸਨ। ਕਹਿਣ ਲੱਗੇ,‘‘ਇੰਨੀ ਜਲਦੀ ਅਸਤੀਫ਼ਾ ਕਿਉਂ ਦੇ ਦਿੱਤਾ। ਮੈਨੂੰ ਦੱਸਿਆ ਤੱਕ ਨਹੀਂ... ਆਖਿਰ ਇੰਨਾ ਵੱਡਾ ਕਦਮ ਕਿਉਂ ਚੁੱਕਿਆ?ਮੈਂ ਵੀ ਖੜ੍ਹੇ-ਖੜ੍ਹੇ ਗੁੱਸੇ ’ਚ ਕਿਹਾ,‘‘ਸਭ ਤੁਹਾਡੇ ਕਾਰਨ ਹੋਇਆ ਹੈ। ਤੁਸੀਂ ਬਚਪਨ ਤੋਂ ਸੰਘ ਸ਼ਾਖਾ ’ਚ ਦੇਸ਼ਭਗਤੀ ਅਤੇ ਨੈਤਿਕਤਾ ਦਾ ਪਾਠ ਪੜ੍ਹਾਇਆ ਸੀ। ਮੰਤਰੀ ਰਹਿੰਦੇ ਹੋਏ ਵੀ ਮੈਂ ਭ੍ਰਿਸ਼ਟਾਚਾਰ ਨਾਲ ਸਮਝੌਤਾ ਨਹੀਂ ਕੀਤਾ।’’ਮੈਂ ਕਿਹਾ ਕਿ ਸੰਘ ਨੇ ਵੀ ਕੁਝ ਨਹੀਂ ਕੀਤਾ। ਜ਼ਿੰਦਗੀ ਭਰ ਇਹ ਕੰਡਾ ਚੁੱਭਦਾ ਰਹੇਗਾ ਅਤੇ ਸੱਚਮੁੱਚ ਉਹ ਕੰਡਾ ਅੱਜ ਵੀ ਚੁੱਭ ਰਿਹਾ ਹੈ। ਸੰਘ ਨੇ ਵੀ ਮੇਰੀ ਮਦਦ ਨਹੀਂ ਕੀਤੀ। ਸੰਘ ਨੇ ਵੀ ਨੈਤਿਕਤਾ ਦਾ ਪੱਖ ਨਹੀਂ ਲਿਆ।

ਉਸ ਦੇ ਬਾਅਦ ਤੋਂ ਸੰਘ ਨਾਲ ਮੇਰਾ ਸਬੰਧ ਤੇ ਸੰਪਰਕ ਘੱਟ ਹੁੰਦਾ ਚਲਾ ਗਿਆ। ਮੈਂ ਅਕਸਰ ਸੰਘ ਦੇ ਦਫ਼ਤਰ ਝੰਡੇਵਾਲਾਨ ਜਾਂਦਾ ਰਹਿੰਦਾ ਸੀ। ਜ਼ਿੰਦਗੀ ’ਚ ਹੋਸ਼ ਸੰਭਾਲਦੇ ਹੀ ਸੰਘਮਈ ਹੋ ਗਿਆ ਸੀ। ਇਸ ਘਟਨਾ ਨਾਲ ਮੈਨੂੰ ਡੂੰਘਾ ਧੱਕਾ ਲੱਗਾ। ਮੈਂ ਸੋਚਿਆ ਜੇਕਰ ਸੰਘ ਵੀ ਇਸੇ ਤਰ੍ਹਾਂ ਭ੍ਰਿਸ਼ਟਾਚਾਰ ਨਾਲ ਸਮਝੌਤਾ ਕਰ ਲਵੇਗਾ ਤਾਂ ਦੇਸ਼ ਨੂੰ ਕੌਣ ਬਚਾਵੇਗਾ।ਮੇਰਾ ਯਕੀਨ ਹੈ ਕਿ ਦੇਸ਼ ਦੀ ਪੂਰੀ ਸਿਆਸਤ ਦੀਆਂ ਕਦਰਾਂ-ਕੀਮਤ ਘੱਟ ਗਈਆਂ ਹਨ। ਸਿਆਸਤ ਸਿਰਫ ਸੱਤਾ ਦੇ ਲਈ ਹੈ, ਸੱਚ ਦੇ ਲਈ ਨਹੀਂ। ਕਦਰਾਂ-ਕੀਮਤਾਂ ਘਟਣ ’ਚ ਸਾਡੀ ਪਾਰਟੀ ਆਸ ਦੀ ਆਖਰੀ ਕਿਰਨ ਹੈ। ਜੇਕਰ ਉਹ ਵੀ ਗ਼ਲਤ ਨਾਲ ਸਮਝੌਤਾ ਕਰ ਲਵੇਗੀ ਤਾਂ ਦੇਸ਼ ਦਾ ਕੀ ਹੋਵੇਗਾ।

ਨੋਟ: ਇਸ ਲੇਖ ਵਿੱਚ ਦਿੱਤੇ ਤੱਥਾਂ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਆਪਣਾ ਜੁਆਬ


author

Harnek Seechewal

Content Editor

Related News