ਖੇਤੀਬਾੜੀ ਵਿੱਚ ਸਰਵਪੱਖੀ ਵਿਉਂਤਬੰਦੀ

Thursday, May 21, 2020 - 06:05 PM (IST)

ਖੇਤੀਬਾੜੀ ਵਿੱਚ ਸਰਵਪੱਖੀ ਵਿਉਂਤਬੰਦੀ

ਜਲੰਧਰ (ਬਿਊਰੋ) - ਪਿਛਲੇ ਬੜੇ ਲੰਬੇ ਸਮੇਂ ਤੋਂ ਖੇਤੀ ਖੇਤਰ ਵਿੱਚ ਉਤਪਾਦਨ ਵਿੱਚ ਖੜੋਤ ਅਤੇ ਕੁਦਰਤੀ ਵਸੀਲੀਆਂ ਦਾ ਖੁਰਨਾ ਸਾਡੇ ਲਈ ਗੰਭੀਰ ਚੁਣੋਤੀਆਂ ਪੇਸ਼ ਕਰ ਰਿਹਾ ਹੈ। ਦੇਸ਼ ਦੀ ਆਬਾਦੀ ਹਰ ਸਾਲ 1.76 % ਦੀ ਰਫਤਾਰ ਨਾਲ ਵੱਧ ਰਹੀ ਹੈ। ਦੂਜੇ ਪਾਸੇ ਅਨਾਜ ਦੀ ਪੈਦਾਵਾਰ ਪਿਛਲੇ 3-4 ਸਾਲਾਂ ਵਿੱਚ 234 ਮਿਲੀਅਨ ਟਨ ਦੇ ਦੁਆਲੇ ਹੀ ਘੁੰਮ ਰਹੀ ਹੈ। ਇੱਕ ਅਨੁਮਾਨ ਅਨੁਸਾਰ ਜੇਕਰ ਇਸੇ ਤਰਾਂ ਨਾਲ ਹੀ ਆਬਾਦੀ ਵਿੱਚ ਵਾਧਾ ਹੁੰਦਾ ਰਿਹਾ ਤਾਂ ਸਾਲ 2030 ਵਿੱਚ ਸਾਨੂੰ 345 ਮਿਲੀਅਨ ਟਨ ਅਨਾਜ ਦੀ ਲੋੜ ਹੋਵੇਗੀ। ਸਾਡੇ ਸੂਬੇ ਵਿੱਚ ਵੀ ਖੇਤੀ ਪੈਦਾਵਾਰ ਵਿੱਚ ਵਾਧਾ ਸਾਲਾਣਾ  ਸਿਰਫ 1.11 % ਹੀ ਹੁੰਦਾ ਨਜ਼ਰ ਆ ਰਿਹਾ ਹੈ। ਖੇਤੀ ਦੀ ਪੈਦਾਵਾਰ ਵਿੱਚ ਖੜੋਤ ਅਤੇ ਕਿਸਾਨਾਂ ਦੀ ਘੱਟ ਰਹੀ ਆਮਦਨ ਖੇਤੀ ਕਿੱਤੇ ਪ੍ਰਤੀ ਨੌਜਵਾਨਾਂ ਦੀ ਦਿਲਚਸਪੀ ਘੱਟਣ ਦਾ ਮੁੱਖ ਕਾਰਨ ਬਣ ਰਹੀ ਹੈ। ਇਸ ਸਮੱਸਿਆ ਦੇ ਨਿਵਾਰਨ ਲਈ ਸਰਵਪੱਖੀ ਖੇਤੀ ਵਿਉਂਤਬੰਦੀ ਨੂੰ ਅਪਣਾਉਣ ਦੀ ਜ਼ਰੂਰਤ ਹੈ। ਇਹ ਸਰਵਪੱਖੀ ਖੇਤੀ ਵਿਉਂਤਬੰਦੀ ਇਸ ਲਈ ਵੀ ਜਰੂਰੀ ਹੈ ਕਿ ਸਾਡੀਆਂ ਪੈਲੀਆਂ ਦਾ ਸਾਇਜ ਦਿਨ-ਬ-ਦਿਨ ਘੱਟਦਾ ਨਜ਼ਰ ਆ ਰਿਹਾ ਹੈ। ਅੱਜ ਸਾਡੇ ਸੂਬੇ ਵਿਚ ਤਕਰੀਬਨ 40 % ਕਿਸਾਨਾਂ ਕੋਲ 5 ਏਕੜ ਤੋਂ ਘੱਟ ਪੈਲੀ ਹੈ, ਇਸ ਲਈ ਵੀ ਸਾਨੂੰ ਅਜਿਹੇ ਖੇਤੀ ਮਾਡਲ ਅਪਣਾਉਣੇ ਚਾਹੀਦੇ ਹਨ, ਜਿਹੜੇ ਨਾ ਸਿਰਫ ਸਾਡੀ ਆਮਦਨ ਵਧਾਉਣ ਵਿੱਚ ਸਹਾਈ ਸਾਬਿਤ ਹੋਣ ਬਲਕਿ ਸਾਡੀਆਂ ਪੈਲੀਆਂ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਦੇ ਹੋਏ ਸਾਡੇ ਕੁਦਰਤੀ ਵਸੀਲੀਆਂ ਲਈ ਵੀ ਉਤਸ਼ਾਹਜਨਕ ਸਾਬਿਤ ਹੋਣ।

ਪੜ੍ਹੋ ਇਹ ਵੀ - ਕਰਫ਼ਿਊ ਦੌਰਾਨ ਵੀ ਪੰਜਾਬ ''ਚ ਚੱਲਦੀ ਰਹੀ ਸ਼ਰਾਬ ਦੀ ਤਸਕਰੀ (ਵੀਡੀਓ)

ਖੇਤੀ ਦੇ ਸਰਵੱਪਖੀ ਮਾਡਲ ਅਪਣਾਉਣ ਨਾਲ ਸਾਡੇ ਲਈ ਪੂਰਾ ਸਾਲ ਕੰਮ ਦੇ ਮੌਕੇ ਉਪਲਭਧ ਹੋਣਗੇ, ਜਦਕਿ ਮੌਜੂਦਾ ਝੋਨੇ ਕਣਕ ਦੇ ਫਸਲੀ ਚੱਕਰ ਵਿੱਚ ਕਿਸਾਨਾਂ ਕੋਲ ਸਾਲ ਦੇ ਕੁਝ ਮਹੀਨੀਆਂ ਵਿੱਚ ਕੋਈ ਖਾਸ ਕਰਨਯੋਗ ਕੰਮ ਨਹੀਂ ਹੂੰਦਾ ਹੈ। ਘੱਟ ਰਹੇ ਕੁਦਰਤੀ ਸਰੋਤ, ਪੈਲੀਆਂ ਦੇ ਸਾਇਜ਼ ਅਤੇ ਵੱਧ ਰਹੀਆ ਘਰੇਲੂ ਲੋੜਾਂ ਦੇ ਮੱਦੇਨਜ਼ਰ ਖੇਤੀ ਮਾਹਿਰਾਂ ਵੱਲੋਂ ਵੱਖ-ਵੱਖ ਸਰਵਪੱਖੀ ਮਾਡਲ ਅਪਣਾਉਣ ਲਈ ਸਿਫਾਰਸ਼ ਕੀਤੀ ਜਾ ਰਹੀ ਹੈ। ਇਹ ਸਰਵਪੱਖੀ ਖੇਤੀ ਕੰਮ ਅਜਿਹੇ ਹੋਣੇ ਚਾਹੀਦੇ ਹਨ, ਜੋ ਕਿ ਇੱਕ ਦੂਜੇ ਦੀ ਬਿਹਤਰੀ ਲਈ ਸਹਾਈ ਹੋਣ ਭਾਵ ਕਿ ਸਰਵਪੱਖੀ ਮਾਡਲ ਅਧੀਨ ਵੱਖ-ਵੱਖ ਕੰਮਾਂ ਦੀ ਆਪਸੀ ਨਿਰਭਰਤਾ ਨਾਲ ਖਰਚੇ ਘੱਟਣ ਅਤੇ ਕੁਦਰਤੀ ਵਸੀਲੀਆਂ ਦੇ ਬਚਾਅ, ਬੱਚ-ਖੁੱਚ ਦੀ ਸੰਭਾਲ ਦੇ ਨਾਲ-ਨਾਲ ਕਿਸਾਨ ਦੀ ਨਿਰੋਲ ਆਮਦਨ ਵਿੱਚ ਵਾਧਾ ਵੀ ਹੋਵੇ। ਇਸ ਲੇਖ ਰਾਹੀਂ ਕੁਝ ਕੁ ਸਰਵਪੱਖੀ ਖੇਤੀ ਮਾਡਲ, ਜੋ ਸਾਡੀਆਂ ਖੇਤੀ ਦੀਆਂ ਲੌੜਾ ਅਤੇ ਖੇਤੀ ਪ੍ਰੀਵਾਰ ਦੇ ਤਾਣੇ-ਬਾਣੇ ਦੀ ਮਜਬੂਤੀ ਲਈ ਸਹਾਈ ਹੋ ਸਕਣ ਦਾ ਨਿਮਨਲਿਖਤ ਅਨੁਸਾਰ  ਜ਼ਿਕਰ ਕੀਤਾ ਜਾ ਰਿਹਾ ਹੈ।

ਪੜ੍ਹੋ ਇਹ ਵੀ - ਭਾਰਤ ’ਚ ਕੋਰੋਨਾ ਵਾਇਰਸ ਨੂੰ ਮਾਤ ਦੇਣ ਵਾਲਿਆਂ ਦਾ ਅੰਕੜਾ ਅਮਰੀਕਾ ਤੋਂ 20 ਗੁਣਾ ਜ਼ਿਆਦਾ (ਵੀਡੀਓ)

1). ਖੇਤੀਬਾੜੀ – ਬਾਗਬਾਨੀ / ਸਬਜ਼ੀਆਂ – ਡੇਅਰੀ :- 
ਇਹ ਸਰਵਪੱਖੀ ਮਾਡਲ ਬੇਹੱਦ ਢੁੱਕਵਾਂ ਅਤੇ ਮੁਨਾਫੇ ਵਾਲਾ ਮਾਡਲ ਹੈ। ਇੱਕ ਦੂਜੇ ਲਈ ਸਹਾਈ ਇਸ ਮਾਡਲ ਵਿੱਚ, ਜਿਥੇ ਕਿਸਾਨ ਪ੍ਰੀਵਾਰ ਲਈ ਸਾਰਾ ਸਾਲ ਕੰਮ ਕਰਨ ਦੇ ਮੌਕੇ ਹਨ, ਉਥੇ ਡੇਅਰੀ ਅਤੇ ਬਾਗਬਾਨੀ/ਸਬਜ਼ੀਆਂ ਆਦਿ ਦੀ ਬੱਚ ਖੁੱਚ ਸਾਡੀਆਂ ਜ਼ਮੀਨਾਂ ਦੇ ਜਰਖੇਜਪਣ ਵਿੱਚ ਵੀ ਸਹਾਈ ਹੋ ਸਕਦੀ ਹੈ। ਫਲ ਫਰੂਟ ਅਤੇ ਡੇਅਰੀ ਤੋਂ ਪ੍ਰਾਪਤ ਦੁੱਧ ਖੇਤੀ ਪਰਿਵਾਰ ਦੀ ਸਿਹਤ ਪੱਖੋ ਬਿਹਤਰੀ ਲਈ ਜਿਥੇ ਵਰਦਾਨ ਹੈ, ਉਥੇ ਬਾਗਬਾਨੀ ਲਈ ਰੁੱਖ ਸਾਡੇ ਵਾਤਾਵਰਨ ਲਈ ਵੀ ਸਹਾਈ ਸਾਬਿਤ ਹੋ ਸਕਦੇ ਹਨ। ਇਸ ਮਾਡਲ ਵਿੱਚ ਖੇਤੀਬਾੜੀ ਅਧੀਨ ਦਾਲਾਂ, ਮੱਕੀ, ਤੇਲ ਬੀਜ ਦੀਆਂ ਫਸਲਾਂ ਸੋਨੇ ’ਤੇ ਸੁਹਾਗੇ ਵਾਲਾ ਕੰਮ ਕਰ ਸਕਦੀਆਂ ਹਨ। ਮੰਡੀਕਾਰੀ ਪੱਖੋ ਵੀ ਇਹ ਮਾਡਲ ਖਾਸਾ ਵਧੀਆ ਸਾਬਿਤ ਹੋ ਸਕਦਾ ਹੈ, ਕਿਉਂਕਿ ਸਬਜ਼ੀਆਂ/ਫਲ ਫਰੂਟ ਅਤੇ ਦੁੱਧ ਦੀ ਮੰਡੀਕਾਰੀ ਵਿੱਚ ਪ੍ਰੋਸੈਸਿੰਗ ਰਾਹੀਂ ਹੋਰ ਨਿਖਾਰ ਲਿਆਂਦਾ ਜਾ ਸਕਦਾ ਹੈ।

2). ਚਾਰਾ-ਖੁੰਭ ਉਤਪਾਦਨ – ਮੱਧੂ ਮੱਖੀ ਪਾਲਣ-ਡੇਅਰੀ/ਬੱਕਰੀ/ਸੂਰ/ਪੌਲਟਰੀ ਆਦਿ:
ਇਸ ਮਾਡਲ ਰਾਹੀਂ ਅਸੀ ਆਪਣੇ ਨੌਜਵਾਨਾਂ ਵਿੱਚ ਖੇਤੀ ਪ੍ਰਤੀ ਦਿਲਚਸਪੀ ਨੂੰ ਦੂਣ ਸਵਾਇਆਂ ਕਰ ਸਕਦੇ ਹਾਂ। ਅੱਜ ਖੁੰਭਾ ਅਤੇ ਸ਼ਹਿਦ ਦੀ ਵਰਤੋਂ ਵਿੱਚ ਦਿਨ-ਬ-ਦਿਨ ਇਜਾਫਾ ਹੋ ਰਿਹਾ ਹੈ। ਮੰਡੀ ਵਿੱਚ ਖਪਤਕਾਰਾਂ ਦੀਆਂ ਇਨ੍ਹਾਂ ਲੌੜਾਂ ਦੀ ਪੂਰਤੀ ਘੱਟ ਰਕਬੇ ਵਿੱਚੋ ਵੀ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਡੇਅਰੀ ਅਤੇ ਖੁੰਭ ਉਤਪਾਦਨ ਦੇ ਧੰਦੇ ਦਾ ਆਪਸੀ ਸਬੰਧ, ਇਸੇ ਤਰਾਂ ਨਾਲ ਮੱਧੂ ਮੱਖੀ ਪਾਲਣ ਦੇ ਸਹਾਇਕ ਧੰਦੇ ਦਾ ਫਸਲਾਂ ਵਿੱਚ ਪਰਪ੍ਰਾਗਨ ਰਾਹੀਂ ਸਿੱਧਾ ਸਬੰਧ ਖੇਤੀ ਖਰਚੇ ਘਟਾਉਣ ਲਈ ਬਿਹਤਰ ਹੈ। ਇਸ ਮਾਡਲ ਰਾਹੀਂ ਅਸੀ ਖੁੱਦ ਦੀ ਮੰਡੀਕਾਰੀ ਨੂੰ ਸਥਾਪਿਤ ਕਰਦੇ ਹੋਏ ਖਪਤਕਾਰ ਨੂੰ ਇੱਕੋ ਥਾਂ ਤੋਂ ਦੁੱਧ / ਮੀਟ, ਸ਼ਹਿਦ, ਖੁੰਭਾਂ , ਪੋਲਟਰੀ ਅਦਿ ਵਰਗੀਆਂ ਸਹੂਲਤਾਂ ਪ੍ਰਦਾਨ ਕਰਦੇ ਹੋਏ ਪੂਰੇ ਖੇਤੀ ਪਰੀਵਾਰ ਲਈ ਪੂਰਾ ਸਾਲ ਕੰਮ ਦੇ ਮੌਕੇ ਵੀ ਮੁੱਹਇਆ ਕੀਤੇ ਜਾ ਸਕਦੇ ਹਨ।

ਪੜ੍ਹੋ ਇਹ ਵੀ - ਬੱਚਿਆਂ ਵਿਚ ਪੜ੍ਹਨ ਦੀਆਂ ਰੁਚੀਆਂ ਪੈਦਾ ਕਰ ਸਕਦੀਆਂ ਨੇ ਮੋਬਾਇਲ ਲਾਇਬ੍ਰੇਰੀਆਂ 

ਪੜ੍ਹੋ ਇਹ ਵੀ - ਕੋਰੋਨਾ ਦਾ ਕਹਿਰ : ‘‘5 ਮਹੀਨਿਆਂ ''ਚ ਮਰੀਜ਼ਾਂ ਦੀ ਗਿਣਤੀ 50 ਲੱਖ ਤੋਂ ਪਾਰ" (ਵੀਡੀਓ)

3). ਖੇਤੀਬਾੜੀ – ਬਾਗਬਾਨੀ / ਸਬਜ਼ੀਆਂ – ਮੱਛੀ ਪਾਲਣ
ਇਹ ਮਾਡਲ ਸਾਡੇ ਛੋਟੇ ਅਤੇ ਸੀਮਾਂਤ ਕਿਸਾਨ ਲਈ ਬੇਹੱਦ ਫਾਇਦੇਮੰਦ ਸਾਬਿਤ ਹੋ ਸਕਦਾ ਹੈ। ਮੱਛੀ ਪਾਲਣ ਦਾ ਧੰਦਾ ਸਾਡੇ ਲਈ ਕਿਸੇ ਬੈਂਕ ਤੋ ਘੱਟ ਨਹੀਂ ਹੈ, ਤਾਲਾਬ ਵਿੱਚ ਪਲ ਰਹੀਆਂ ਮੱਛੀਆਂ ਨੂੰ ਆਪਣੀ ਲੋੜ ਅਨੁਸਾਰ ਵੇਚ ਕੇ ਪੈਸੇ ਕਮਾਏ ਜਾ ਸਕਦੇ ਹਨ। ਤਾਲਾਬ ਦੇ ਪਾਣੀ ਰਾਹੀਂ ਮੀਂਹ ਦੇ ਪਾਣੀ ਦੀ ਸੰਭਾਲ ਕਰਦੇ ਹੋਏ ਦੂਜੀਆਂ ਫਸਲਾਂ ਲਈ ਵੀ ਲੋੜ ਪੈਣ ’ਤੇ ਉਪਲਭਧ ਹੋ ਸਕਦਾ ਹੈ, ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਬਿਹਤਰੀ ਹੋ ਸਕਦੀ ਹੈ। ਮੱਛੀ ਪਾਲਣ ਦੇ ਤਾਲਾਬ ਦੇ ਦੁਆਲੇ ਦਵਾਈਆਂ ਅਤੇ ਖਸ਼ਬੂ ਵਾਲੀਆਂ ਫਸਲਾਂ ਦੀ ਕਾਸ਼ਤ ਕਰਦੇ ਹੋਏ ਮੁਨਾਫੇ ਵਿੱਚ ਹੋਰ ਵਾਧਾ ਕੀਤਾ ਜਾ ਸਕਦਾ ਹੈ।

4). ਐਗਰੋ ਫਾਰੈਸਟਰੀ – ਬਾਗਬਾਨੀ / ਸਬਜ਼ੀਆਂ – ਪੋਲਟਰੀ
ਵੱਧ ਰਹੀ ਲੱਕੜ ਦੀ ਮੰਗ ਕਰਕੇ ਇਸ ਮਾਡਲ ਰਾਹੀਂ ਵੀ ਅਸੀ ਸਰਵੱਪਖੀ ਖੇਤੀ ਵਿਉਂਤਬੰਦੀ ਨੂੰ ਅਪਣਾ ਸਕਦੇ ਹਾਂ। ਇਸ ਮਾਡਲ ਵਿੱਚ ਅਪਣਾਏ ਜਾਣ ਵਾਲੇ ਸਹਾਇਕ ਧੰਦੇ ਵੀ ਇੱਕ ਦੂਜੇ ਦੇ ਪੂਰਕ ਹਨ ਯਾਨਿ ਕਿ ਇੱਕ ਦੂਸਰੇ ਦੀ ਬਿਹਤਰੀ ਲਈ ਸਹਾਇਕ ਸਾਬਿਤ ਹੋ ਸਕਦੇ ਹਨ। ਪੋਲਟਰੀ ਦੀਆਂ ਵਿੱਠਾਂ ਸਾਡੀਆਂ ਜ਼ਮੀਨਾਂ ਲਈ ਫਾਇਦੇਮੰਦ ਹੋ ਸਕਦੀਆਂ ਹਨ।

ਪੜ੍ਹੋ ਇਹ ਵੀ - ਦੁਨੀਆਂ ਦੇ ਪਹਿਲੇ ਸੌ ਪ੍ਰਭਾਵੀ ਸਿੱਖਾਂ ''ਚ ਸ਼ਾਮਲ ਪਾਕਿ ਦੀ ਪਹਿਲੀ ‘ਸਿੱਖ ਪੱਤਰਕਾਰ ਕੁੜੀ’

ਪੜ੍ਹੋ ਇਹ ਵੀ - ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੇ ‘ਕੱਦੂ ਦਾ ਜੂਸ’, ਲੀਵਰ ਤੇ ਕਿਡਨੀ ਦੀ ਸਮੱਸਿਆ ਨੂੰ ਵੀ ਕਰੇ ਦੂਰ

ਉਪਰੋਕਤ ਅਨੁਸਾਰ ਦਰਸਾਏ ਗਏ ਖੇਤੀ ਮਾਡਲਾਂ ਤੋਂ ਇਲਾਵਾ ਹੋਰ ਵੀ ਕਈ ਤਰਾਂ ਦੇ ਮਾਡਲ ਅਪਣਾਉਂਦੇ ਹੋਏ, ਅਸੀ ਇਨ੍ਹਾਂ ਵਿਚੋਂ ਆਪਣੀਆਂ ਲੋੜਾਂ ਅਤੇ ਉਪਲਭਧ ਵਸੀਲਿਆਂ ਅਨੁਸਾਰ ਹੋਰ ਸੁਧਾਰ ਕਰ ਸਕਦੇ ਹਾਂ। ਖੇਤੀ ਦੇ ਅਜਿਹੇ ਮਾਡਲਾਂ ਕਰਕੇ ਕਿਸਾਨਾ ਵਿੱਚ ਖੇਤੀ ਵਿੱਚ ਨੁਕਸਾਨ ਝੱਲਣ ਦੀ ਸਮਰੱਥਾ ਵਿੱਚ ਵੀ ਸੁਧਾਰ ਹੁੰਦਾ ਹੈ, ਭਾਵ ਕਿ ਇੱਕ ਧੰਦੇ ਵਿੱਚੋ ਜੇਕਰ ਕੁਦਰਤੀ ਕਰੋਪੀ ਜਾਂ ਕਮਜ਼ੋਰ ਮੰਡੀਕਾਰੀ ਕਰਕੇ ਨੁਕਸਾਨ ਵੀ ਜੇਕਰ ਹੁੰਦਾ ਹੋਵੇ ਤਾਂ ਦੂਜੇ ਧੰਦੇ ਤੋਂ ਇਸ ਨੁਕਸਾਨ ਦੀ ਪੂਰਤੀ ਹੋ ਸਕਦੀ ਹੈ। ਛੋਟੇ ਤੇ ਸੀਮਾਂਤ ਕਿਸਾਨ ਇਨ੍ਹਾਂ ਸਰਵੱਪਖੀ ਖੇਤੀ ਵਿਉਂਤਬੰਦੀ ਦੇ ਮਾਡਲਾ ਨੂੰ ਅਪਣਾ ਕੇ ਆਪਣੀ ਖੇਤੀ ਨੂੰ ਲਾਹੇਵੰਦਾ ਬਣਾ ਸਕਦੇ ਹਨ। ਥਾਈਲੈਂਡ ਦੇਸ਼ ਦੇ ਸਰਵਪੱਖੀ ਖੇਤੀ ਵਿਉਪਾਰ ਮਾਡਲ ਵਿੱਚ ਤਾਂ ਖੇਤੀ ਅਤੇ ਸਹਾਇਕ ਧੰਦਿਆਂ ਦੀ ਉਪੱਜ ਨੂੰ ਪਿੰਡਾਂ ਦੇ ਸੰਮੂਹਾਂ ਵੱਲੋਂ ਪ੍ਰੋਸੈਸ ਕੀਤਾ ਜਾਂਦਾ ਹੈ ਅਤੇ ਉਪਰੰਤ ਇੱਕ ਸਾਂਝੀ ਥਾਂ ਤੋਂ ਵਿਕਰੀ ਕਰਦੇ ਹੋਏ ਕਾਮਯਾਬ ਖੇਤੀ ਮਾਡਲ ਦੀ ਉਦਾਹਰਨ ਪੇਸ਼ ਕੀਤੀ ਜਾ ਰਹੀ ਹੈ। ਸਾਡੇ ਸੂਬੇ ਦੇ ਖੇਤੀ ਅਰਥਚਾਰੇ ਵਿੱਚ ਅਜਿਹੇ ਉਦੱਮੀ ਕਿਸਾਨਾ ਦੀ ਮੌਜੂਦਗੀ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਅਸੀ ਵੀ ਅਗਾਂਹਵਧੂ ਕਿਸਾਨਾ ਵੱਲੋਂ ਪਾਏ ਪੂਰਨਿਆ ’ਤੇ ਚੱਲ ਕੇ ਆਪਣੀ ਖੇਤੀ ਵਿੱਚ ਮੁਨਾਫੇਯੋਗ ਤਬਦੀਲੀਆਂ ਲਿਆ ਸਕਦੇ ਹਾਂ। ਖੇਤੀ ਵਿੱਚ ਜੈਵਿਕਤਾ ਅਤੇ ਖੇਤੀਬਾੜੀ ਵਿੱਚ ਸਿੱਧੀ ਉਪੱਜ ਦੀ ਖਪਤਕਾਰ ਨੂੰ ਵਿਕਰੀ ਰਾਹੀਂ ਇਨ੍ਹਾਂ ਖੇਤੀ ਮਾਡਲਾ ਵਿੱਚ ਹੋਰ ਸ਼ਿੰਗਾਰ ਲਿਆਂਦਾ ਜਾ ਸਕਦਾ ਹੈ। ਖੇਤੀ ਪ੍ਰੋਸੈਸਿੰਗ, ਵਰਮੀਕੰਪੋਸਟਿੰਗ ਅਤੇ ਬਾਇਉਗੈਸ ਯੂਨਿਟਾਂ ਦੀ ਸ਼ਮੂਲਿਅਤ ਖੇਤੀ ਦੇ ਸਰਵਪੱਖੀ ਮਾਡਲਾਂ ਨੂੰ ਚਾਰ ਚੰਦ ਲਗਾਅ ਸਕਦੇ ਹਨ।

ਡਾ. ਨਰੇਸ਼ ਕੁਮਾਰ ਗੁਲਾਟੀ
ਖੇਤੀਬਾੜੀ ਅਫਸਰ
ਜਲੰਧਰ।


author

rajwinder kaur

Content Editor

Related News