1947 ਹਿਜਰਤਨਾਮਾ 91: ਪਾਖਰ ਰਾਮ ਹੀਰ
Monday, Nov 17, 2025 - 11:48 AM (IST)
'47 ਦੇ ਥਪੇੜਿਆਂ ਨੇ ਪੰਜਾਬੀਆਂ ਨੂੰ ਰਾਣਿਓਂ ਰੰਕ ਬਣਾ ਦਿੱਤਾ'
"ਮੈਂ ਪਾਖਰ ਰਾਮ ਪੁੱਤਰ ਕਰਮ ਚੰਦ ਪੁੱਤਰ ਉਤਮ ਪਿੰਡ ਦਾਦੂਵਾਲ (ਫਿਲੌਰ-ਜਲੰਧਰ) ਤੋਂ ਆਂ। ਹੱਲਿਆਂ ਵੇਲੇ ਮੇਰੀ ਉਮਰ ਕੋਈ 12-13 ਸਾਲ ਦੀ ਸੀ। ਮੰਢਾਲੀ-ਬੰਗਾ ਤੋਂ ਮੇਰੇ ਮਾਮਾ ਜੀ ਜਵਾਲਾ ਰਾਮ ਅਤੇ ਨਾਨਾ ਨਾਨੀ ਜਦੋਂ ਕੋਇਟਾ ਗਰਕਿਆ ਤਾਂ ਹੋਰਸ ਲੋਕਾਂ ਵੱਲ ਦੇਖਾ ਦੇਖੀ ਤਦੋਂ ਮਿੰਟਗੁਮਰੀ ਗਏ। ਉਥੇ ਉਨ੍ਹਾਂ ਇਕ ਸਰਦਾਰ ਜਿਸ ਨੂੰ ਉਥੇ ਮੁਰੱਬਾ ਅਲਾਟ ਸੀ, ਤੋਂ ਕੁੱਝ ਜ਼ਮੀਨ ਹਾਲੇ ਤੇ ਲੈ ਕੇ ਖੇਤੀਬਾੜੀ ਸ਼ੁਰੂ ਕੀਤੀ। ਹੱਲਿਆਂ ਤੋਂ 4-5 ਕੁ ਸਾਲ ਪਹਿਲਾਂ ਮੈਂ ਤੇ ਮੇਰੇ ਵੱਡੇ ਭਰਾ ਪਿਆਰਾ ਅਤੇ ਲੁਭਾਇਆ ਵੀ ਉਨ੍ਹਾਂ ਪਾਸ ਚਲੇ ਗਏ। ਜ਼ਮੀਨ ਸ਼ਹਿਰ ਦੇ ਬਾਹਰੀ ਇਲਾਕੇ ਵਿਚ ਪੈਂਦੀ ਸੀ। ਬਸ ਉਥੇ ਮਾਮੇ ਨਾਲ਼ ਖੇਤੀਬਾੜੀ ਅਤੇ ਪਸ਼ੂ ਧੰਦੇ ਵਿੱਚ ਹੱਥ ਵਟਾਉਣ ਲੱਗੇ। ਉਸ ਮੁਹੱਲੇ ਜਾਂ ਬਸਤੀ ਦਾ ਨਾਮ ਹੁਣ ਮੈਨੂੰ ਯਾਦ ਨਾ ਰਿਹਾ। ਸਕੂਲ ਮੈਂ ਕਦੇ ਨਾ ਡਿੱਠਾ। ਮਾਮਾ ਚੰਗਾ ਪਹਿਲਵਾਨ ਸੀ। ਸਿੰਜਾਂ ਵਿੱਚ ਵੀ ਘੋਲ ਕਰਨ ਜਾਂਦਾ। ਮੁਸਲਿਮ ਤੁਫ਼ੈਲ ਅਲੀ ਅਤੇ ਤੇਲੀਆਂ ਦਾ ਜੱਖੂ ਮੇਰੇ ਬਚਪਨ ਦੇ ਸਾਥੀ ਹੁੰਦੇ। ਦੂਰ ਦਰਾਜ਼ ਤੱਕ ਬਹੁਤਾ ਇਲਾਕਾ ਜੰਗਲੀ ਜਾਂ ਕੰਡਿਆਲੀਆਂ ਝਾੜੀਆਂ ਵਾਲਾ ਬੰਜਰ ਸੀ। ਮਲੇ ਪੁੱਟ ਪੁੱਟ ਕੇ ਧਰਤੀ ਨੂੰ ਵਾਹੀਯੋਗ ਕੀਤਾ।ਇਕ ਵੱਡੀ ਨਹਿਰ ਖੇਤਾਂ ਨੂੰ ਸੈਰਾਬ ਕਰਦੀ। ਉਹੀ ਪਾਣੀ ਪੀਣ ਅਤੇ ਨਹਾਉਣ-ਧੋਣ ਲਈ ਵਰਤਦੇ। ਨਰਮਾ ਬਹੁਤਾ ਪਰ ਕਣਕ, ਮੱਕੀ ਵੀ ਬੀਜਦੇ ਜੋ ਛੋਟੇ ਆੜਤੀਏ ਪਿੰਡਾਂ ਵਿੱਚੋਂ ਹੀ ਜਿਣਸ ਖ੍ਰੀਦ ਕੇ ਲੈ ਜਾਂਦੇ।
ਗੁਰਦੁਆਰਾ ਜਾਂ ਮਸੀਤ ਅਸਾਂ ਕੋਈ ਨਾ ਡਿੱਠੀ। ਕਿਰਪਾ ਰਾਮ,ਰੱਤੂ ਦੀਆਂ ਹੱਟੀਆਂ ਹੁੰਦੀਆਂ, ਸਰਬਣ ਦਾਸ ਲੋਕਾਂ ਦੀਆਂ ਜੁੱਤੀਆਂ ਗੰਢਦਾ ਅਤੇ ਨਵੀਆਂ ਵੀ ਬਣਾਉਂਦਾ। ਇਕ ਸਰਦਾਰ ਉਥੋਂ ਦਾ ਚੌਧਰੀ ਹੁੰਦਾ। ਲੋਕਾਂ ਦੇ ਝਗੜੇ ਝੇੜੇ ਨਜਿੱਠਦਾ। ਬਿਲਕੁਲ ਸਾਦੀ ਜ਼ਿੰਦਗੀ ਚੰਗੀ ਜੀ ਰਹੇ ਸਾਂ। ਹਿੰਦੂ-ਸਿੱਖਾਂ-ਮੁਸਲਮਾਨਾਂ ਚ ਆਪਸੀ ਮਿਲਵਰਤਨ ਸੀ।ਕਦੇ ਵੀ ਫ਼ਿਰਕੂ ਭਾਵਨਾ ਦਾ ਅਹਿਸਾਸ ਨਹੀਂ ਹੋਇਆ। ਆਜ਼ਾਦੀ ਦਾ ਰਾਮ ਰੌਲਾ਼ ਚੱਲਿਆ ਤਾਂ ਸੁਣਿਆਂ ਸੀ ਉਦੋਂ ਕਿ ਰਾਵਲਪਿੰਡੀ ਵਲੋਂ ਹੱਲੇ ਸ਼ੁਰੂ ਹੋਏ ਤੇ ਉਹੀ ਸੇਕ ਹੌਲੀ ਹੌਲੀ ਸਾਰੇ ਪੰਜਾਬ ਵਿੱਚ ਫੈ਼ਲ ਗਿਆ। ਸਾਡੀ ਗੰਜੀਬਾਰ ਵੀ ਉਸ ਅੱਗ ਦੀ ਲਪੇਟ ਤੋਂ ਨਾ ਬਚ ਸਕੀ। ਵੈਸੇ ਗੋਰਾ ਸਰਕਾਰ ਵੱਲੋਂ ਅਲਾਟ ਕੀਤੇ ਬਾਰ ਦਿਆਂ ਚੱਕਾਂ ਵਿਚ ਬਹੁਤੀ ਤਾਦਾਦ ਸਿੱਖ ਸਰਦਾਰਾਂ ਦੀ ਸੀ। ਉਨ੍ਹਾਂ ਸਰਦਾਰਾਂ ਵਿੱਚ ਬਹੁਤਾਤ ਸਿੱਖ ਫ਼ੌਜੀਆਂ, ਚੌਧਰੀਆਂ, ਲੰਬੜਦਾਰਾਂ, ਸਫ਼ੈਦਪੋਸਾਂ ਅਤੇ ਜ਼ੈਲਦਾਰਾਂ ਵਗ਼ੈਰਾ ਦੀ। ਜਿਥੇ ਉਨ੍ਹਾਂ ਪਾਸ ਅਸਲਾ ਅਤੇ ਘੋੜੀਆਂ ਹੋਣ ਦੇ ਨਾਲ-ਨਾਲ ਇਲਾਕੇ ਵਿੱਚ ਦਬਦਬਾ ਵੀ ਕਾਫ਼ੀ ਹੁੰਦਾ। ਸੋ ਉਨ੍ਹਾਂ ਪਿੰਡਾਂ ਉਪਰ ਹਮਲਾ ਕਰਨ ਦਾ ਹਿਆਂ ਵੀ ਮੁਸਲਿਮਾਂ ਘੱਟ ਹੀ ਕੀਤਾ। ਹਾੜ '47 ਦਾ ਸਮਾਂ ਸੀ। ਜਦ ਸਾਡੇ ਇਲਾਕੇ ਵਿੱਚ ਫਿਰਕੂ ਮਾਰਧਾੜ ਅਤੇ ਸਾੜਫੂਕ ਦੀਆਂ ਕਰਵਾਈਆਂ ਸੁਣਨ, ਦੇਖਣ ਨੂੰ ਮਿਲੀਆਂ। ਤਦੋਂ ਇਧਰੋਂ ਓਧਰ ਗਇਆਂ ਨੇ ਗੱਡਿਆਂ ਤੇ ਜ਼ਰੂਰੀ ਸਮਾਨ ਲੱਦਣਾ ਸ਼ੁਰੂ ਕਰਤਾ। ਮਾਮਾ ਜੀ ਨੇ ਵੀ ਬਾਕੀਆਂ ਨਾਲ਼ ਆਪਣਾ ਗੱਡਾ ਜੋੜਕੇ ਪਰਿਵਾਰਿਕ ਮੈਂਬਰਾਂ ਨੂੰ ਭੇਜ ਦਿੱਤਾ। ਜਿਨ੍ਹਾਂ ਵਿੱਚ ਮੇਰੀ ਨਾਨੀ ਅਤੇ ਵੱਡੇ ਭਰਾ ਵੀ ਸ਼ਾਮਲ ਹੈ ਸਨ। ਮਾਮਾ ਜੀ ਅਤੇ ਮੈਂ ਉਸ ਤੋਂ ਦੋ ਕੁ ਮਹੀਨੇ ਪੱਛੜ ਕੇ ਤੁਰੇ ਜਦ ਨਰਮੇ ਖਿੜੇ ਹੋਏ ਸਨ। ਗੱਡਿਆਂ ਦਾ ਇਕ ਵੱਡਾ 'ਕੱਠ ਨਜ਼ਦੀਕ ਵਿਚ ਜੁੜਿਆ। ਜਦੋਂ ਅਸੀਂ ਓਧਰ ਨੂੰ ਘਰੋਂ ਤੁਰੇ ਤਾਂ ਕੁੱਝ ਦੂਰੀ ਤੇ ਸਾਡੇ ਮੁਹੱਲੇ ਦੇ ਹੀ ਇਕ ਜਾਣੂੰ ਚੋਬਰ ਮੁਸਲਮਾਨ ਦਾ ਖ਼ੂਨ ਸਫੈਦ ਹੋ ਗਿਆ। ਉਸ ਨੇ ਮਾਮਾ ਜੀ ਦੀ ਪਿੱਠ ਤੇ ਪਿੱਛਿਓਂ ਬਰਛੇ ਦਾ ਵਾਰ ਕਰਕੇ ਗਠੜੀ ਖੋਹ ਲਈ। ਮਾਮਾ ਡਿੱਗ ਕੇ ਥੋੜਾ ਸੰਭਲ ਗਿਆ।ਉਸ ਨੇ ਆਪਣੇ ਸਿਰ ਤੇ ਬੰਨ੍ਹਿਆਂ ਸਾਫ਼ਾ ਜ਼ਖ਼ਮ ਤੇ ਬੰਨ੍ਹ ਕੇ ਫਿਰ ਸਫ਼ਰ ਸ਼ੁਰੂ ਕਰ ਦਿੱਤਾ।
ਇਸੇ ਤਰ੍ਹਾਂ ਅਸੀਂ ਗੁਆਂਢੀ ਕਸਬੇ ਵਿਚ ਗੱਡਿਆਂ ਦੇ ਕਾਫ਼ਲੇ ਨਾਲ ਜਾ ਰਲੇ਼। ਰਸਤੇ ਵਿੱਚ ਸਾੜਫੂਕ,ਹੜ੍ਹਾਂ ਦੇ ਪਾਣੀਆਂ ਚ ਮੁਸ਼ਕ ਮਾਰਦੀਆਂ ਲਾਸ਼ਾਂ ਦੇ ਡਰਾਵਣੇ ਦ੍ਰਿਸ਼ ਵੇਂਹਦਿਆਂ-ਭੁੱਖਾਂ,ਹੜਾਂ ਅਤੇ ਪਲੇਗ ਨਾਲ਼ ਦੋ ਹੱਥ ਕਰਦਿਆਂ ਖੇਮਕਰਨ-ਪੱਟੀ-ਤਰਨਤਾਰਨ ਹੁੰਦੇ ਹੋਏ ਚਹੇੜੂ-ਫਗਵਾੜਾ ਆਣ ਪਹੁੰਚੇ।ਕੈਂਪ ਵਿੱਚ ਵੀ ਭਾਰੀ ਬਰਸਾਤ ਤੇ ਚਲਦਿਆਂ ਹੜਾਂ ਅਤੇ ਭੁੱਖ ਮਰੀ ਦਾ ਮਾਹੌਲ ਸੀ।
ਮਾਨੋਂ '47 ਦੇ ਥਪੇੜਿਆਂ ਨੇ ਪੰਜਾਬੀਆਂ ਨੂੰ ਰਾਣਿਓਂ ਰੰਕ ਬਣਾ ਦਿੱਤਾ'।
ਉਥੋਂ ਹੀ ਮੈਂ ਮਾਮੇ ਘਰ ਮੰਢਾਲੀ ਚਲੇ ਗਿਆ। ਇਕ ਦੂਜੇ ਨੂੰ ਇਤਲਾਹਾਂ ਭੇਜ ਕੇ ਫਿਰ ਨਵੇਂ ਸਿਰਿਉਂ ਜਿਥੋਂ ਜ਼ਿੰਦਗੀ ਛੱਡ ਕੇ ਗਏ ਸਾਂ ਫਿਰ ਸ਼ੁਰੂ ਕਰਨ ਦੀ ਹਿੰਮਤ 'ਕੱਠੀ ਕਰਨ ਲੱਗੇ ਅਤੇ 3-4 ਸਾਲ ਲਗਾਤਾਰ ਉਥੇ ਹੀ ਰਿਹਾ।
ਦਾਦੂਵਾਲ ਦਾ ਵਰਤਾਰਾ: ਦਾਦੂਵਾਲ ਬਹੁ ਮੁਸਲਮਾਨ ਗਿਣਤੀ ਦਾ ਪਿੰਡ ਸੀ। ਤਕੜੇ ਰਾਜਪੂਤ ਮੁਸਲਮਾਨ, ਅਸਲੇ ਅਤੇ ਘੋੜੀਆਂ ਵਾਲੇ ਚੌਧਰੀ ਪਰਿਵਾਰ ਵੱਜਦੇ। ਉਨ੍ਹਾਂ ਦਾ ਇਲਾਕੇ ਭਰ ਵਿੱਚ ਚੰਗਾ ਦਬਦਬਾ ਸੀ। ਉਨ੍ਹਾਂ ਚੋਂ ਚੌਧਰੀ ਗੁਲਜ਼ਾਰ ਖਾਂ ਲੰਬੜਦਾਰ ਵਲਦ ਨਿਜ਼ਾਮੁਦੀਨ ਜਿਨ੍ਹਾਂ ਦਾ ਪਿੰਡ ਦੇ ਐਨ ਗੱਭ ਵਿੱਚ ਸੱਭ ਤੋਂ ਉਚੀ ਢੇਰੀ ਤੇ ਨਿੱਕੀ ਇੱਟ ਦਾ ਚੁਬਾਰਿਆਂ ਵਾਲਾ ਕਿਲ੍ਹੇ ਨੁਮਾ ਘਰ, ਮੇਰੇ ਬਿਲਕੁਲ ਗੁਆਂਢ ਵਿੱਚ ਸੀ। ਉਹ ਪਿੰਡ ਵਿੱਚ ਕਿਲ੍ਹੇ ਵਾਲੇ ਵੱਜਦੇ। 500 ਘੁਮਾਂ ਜ਼ਮੀਨ ਅਤੇ ਤਿੰਨ ਖੂਹਾਂ ਦੇ ਮਾਲਕ ਸਨ, ਉਹ। ਇਕ ਹੋਰ ਮੁਸਲਿਮ ਚੌਧਰੀ ਸੂਬੇਦਾਰ ਦੀ ਵੀ ਚੁਬਾਰਿਆਂ ਵਾਲੀ ਵੱਡੀ ਹਵੇਲੀ ਸੀ। ਉਹ ਵੀ ਘੋੜੀਆਂ, ਰਫਲਾਂ ਵਾਲੇ 500 ਘੁਮਾਂ ਦੇ ਮਾਲਕ ਸਨ। ਫਿਰ ਵੀ ਦਾਦੂਵਾਲ ਆਲੇ ਦੁਆਲਿਉਂ ਹਿੰਦੂ-ਸਿੱਖਾਂ ਦੀ ਵਧੇਰੇ ਵਸੋਂ ਵਾਲੇ ਪਿੰਡਾਂ, ਸਲਾਰ ਪੁਰ, ਦਰਵੇਸ਼ ਪਿੰਡ, ਚਾਚੋਕੀ, ਸਰਹਾਲੀ, ਧਨੀ ਪਿੰਡ, ਲੱਖਣਪਾਲ, ਸਮਰਾਏ, ਚਿਲਾਂਗ ਰਾਇ ਪੁਰ ਵਗੈਰਾ ਨਾਲ ਘਿਰਿਆ ਹੋਇਆ ਸੀ। ਗੁਆਂਢੀ ਪਿੰਡਾਂ ਤੋਂ ਵੀ ਮੁਸਲਮਾਨ ਆਪਣੀ ਰੱਖਿਆ ਲਈ ਦਾਦੂਵਾਲ ਵਿੱਚ ਆਰਜ਼ੀ ਕੈਂਪ ਵਜੋਂ ਕੱਠੇ ਹੋਣਾ ਸ਼ੁਰੂ ਹੋ ਗਏ। ਉਨ੍ਹਾਂ ਦੇ ਦਿਲਾਂ ਵਿੱਚ ਇਕ ਭੈਅ ਸੀ ਕਿ ਕਿਸੇ ਵਕਤ, ਕੁੱਝ ਵੀ ਹੋ ਸਕਦਾ ਹੈ। ਇਵੇਂ ਇਕ ਦਿਨ ਸਮਰਾਏ ਵਲੋਂ ਸਿੱਖਾਂ ਦਾ ਜਥਾ ਪਿਆ। ਉਨ੍ਹਾਂ ਕੁੱਝ ਬਾਹਰੀ ਪਿੰਡਾਂ ਤੋਂ ਹਿਫ਼ਾਜ਼ਤ ਲਈ ਇਕੱਤਰ ਮੁਸਲਮਾਨ ਪਰਿਵਾਰਾਂ ਦੀ ਵੱਢ ਟੁੱਕ ਕਰਕੇ ਮਾਲ ਅਸਬਾਬ ਲੁੱਟ ਲਿਆ। ਸੋ ਸੱਭ ਮੁਸਲਮਾਨਾਂ ਆਪਸੀ ਬੈਠਕ ਤੋਂ ਬਾਅਦ ਗੱਡਿਆਂ, ਘੋੜੀਆਂ ਤੇ ਅਸਵਾਰ ਹੋ ਕੇ ਚਹੇੜੂ ਕੈਂਪ ਦਾ ਰੁੱਖ ਕਰ ਲਿਆ। ਚੌਧਰੀ ਗੁਲਜ਼ਾਰ ਖਾਂ ਅਤੇ ਹੋਰ ਬਹੁਤੇ ਪਰਿਵਾਰ ਲੈਲਪੁਰ ਨਜ਼ਦੀਕ ਪੈਂਦੇ ਚਾਰ ਚੱਕ ਵਿੱਚ ਜਾ ਆਬਾਦ ਹੋਏ।ਜਦ ਕਿ ਇਥੇ ਦਾਦੂਵਾਲ ਵਿੱਚ, ਲੈਲਪੁਰ ਦੇ ਹੀ ਫਲਾਈਵਾਲਾ ਚੱਕ ਤੋਂ ਉੱਜੜ ਕੇ ਆਏ ਬਾਸੀ ਗੋਤ ਦੇ ਬਡਾਲੀਏ( ਨਜ਼ਦੀਕ ਜੰਡਿਆਲਾ ਮੰਜਕੀ) ਆ ਆਬਾਦ ਹੋਏ। ਉਨ੍ਹਾਂ 'ਚੋਂ ਹੀ ਉਜਾਗਰ ਸਿੰਘ ਬਾਸੀ ਨੂੰ ਚੌਧਰੀ ਗੁਲਜ਼ਾਰ ਖਾਂ ਦਾ ਘਰ ਅਲਾਟ ਹੋਇਆ। ਇਹਦੇ ਦੋ ਮੁੰਡੇ ਆਤਮਾ ਸਿੰਘ ਅਤੇ ਮਹਿੰਦਰ ਸਿੰਘ ਅੱਸੀਵਿਆਂ ਵਿੱਚ ਯੂਪੀ ਚਲੇ ਗਏ, ਜਦ ਕਿ ਤੀਸਰਾ ਤਾਰਾ ਸਿੰਘ ਖਾੜਕੂ ਦੌਰ ਵਿੱਚ ਖਾੜਕੂਆਂ ਵਲੋਂ ਮਾਰ ਦਿੱਤਾ ਗਿਆ। ਦੂਜੀ ਚੁਬਾਰਿਆਂ ਵਾਲੀ ਹਵੇਲੀ ਵੀ ਗੁਲਜ਼ਾਰ ਸਿੰਘ ਬਾਸੀ ਅਤੇ ਉਹਦੇ ਭਤੀਜਿਆਂ ਜੋਗਿੰਦਰ ਸਿੰਘ ਅਤੇ ਮਲਕੀਤ ਸਿੰਘ ਹੋਰਾਂ ਨੂੰ ਅਲਾਟ ਹੋਈ। ਇਕ ਹੋਰ ਵੱਡੀ ਹਵੇਲੀ ਜਥੇਦਾਰ ਮੁਣਸਾ ਸਿੰਘ ਬਾਸੀ ਨੂੰ ਜੋ ਪਿੰਡ ਦੇ ਲੰਬਾ ਸਮਾਂ ਸਰਪੰਚ ਰਹੇ, ਜਿਸ ਦਾ ਬੇਟਾ ਅੱਗੋਂ ਸੁਰਜੀਤ ਸਿੰਘ ਅਤੇ ਹੁਣ ਪੋਤਰਾ ਜਥੇਦਾਰ ਗੁਰਮੀਤ ਸਿੰਘ ਦਾਦੂਵਾਲ ਪ੍ਰਭਾਵੀ ਹੈ। ਪਿੰਡ ਦੀ ਸਰਪੰਚੀ ਇਸ ਪਰਿਵਾਰ ਕੋਲ ਹੀ ਕਾਫ਼ੀ ਸਮਾਂ ਰਹੀ।
ਮੈਂ, ਪੁਲਸ ਅਫ਼ਸਰ ਸ.ਗੁਰਇਕਬਾਲ ਸਿੰਘ ਭੁੱਲਰ ਪਾਸ ਸਿਪਾਹੀ ਵੀ ਰਿਹੈਂ ਅਤੇ ਬੰਗਿਆਂ ਵਿਚ ਕੌਂਸਲਰ ਵੀ। ਪਿੰਡ ਦੀਆਂ ਗਤੀਵਿਧੀਆਂ ਅਤੇ ਸਿਆਸਤ ਵਿੱਚ ਵੀ ਕਾਰਜਸ਼ੀਲ ਹਾਂ ਇਸੇ ਵਜ੍ਹਾ ਪਿੰਡ ਵਿੱਚ 'ਪਾਖਰ ਪ੍ਰਧਾਨ' ਵੱਜਦਾ ਹਾਂ। ਆਪਣੇ ਬਾਲ ਪਰਿਵਾਰ ਨਾਲ ਜ਼ਿੰਦਗੀ ਦਾ ਪਿਛਲਾ ਪੰਧ ਬੜੇ ਸਕੂਨ ਨਾਲ਼ ਹੰਢਾਅ ਰਿਹੈਂ। ਪਰ '47ਦਾ ਭਿਆਨਕ ਰੂਪ ਯਾਦ ਆਉਂਦਾ ਹੈ ਤਾਂ ਅੱਜ ਵੀ ਝੁਣਝਣੀ ਛਿੜ ਜਾਂਦੀ ਹੈ।"
ਮੁਲਾਕਾਤੀ: ਸਤਵੀਰ ਸਿੰਘ ਚਾਨੀਆਂ
92569-73526
