1947 ਹਿਜ਼ਰਤਨਾਮਾ 86 : ਅਜੀਤ ਸਿੰਘ ਪਟਿਆਲਾ
Monday, Feb 10, 2025 - 04:08 PM (IST)
![1947 ਹਿਜ਼ਰਤਨਾਮਾ 86 : ਅਜੀਤ ਸਿੰਘ ਪਟਿਆਲਾ](https://static.jagbani.com/multimedia/2025_2image_16_06_254777326chania3.jpg)
ਆਜ਼ਾਦੀ ਦੇ ਓਹਲੇ
'ਅਸੀਂ ਚੱਠਿਆਂ ਦੇ ਸਰਦਾਰ ਵੱਜਦੇ ਆਂ'
"ਸਾਡੇ ਬਜ਼ੁਰਗ ਇਧਰੋਂ ਉਧਰ ਨਹੀਂ ਗਏ ਸਗੋਂ ਸਾਡਾ ਜੱਦੀ ਪਿੰਡ ਉਧਰ ਹੀ ਸ਼ਾਹੀ ਸ਼ਹਿਰ ਜ਼ਿਲ੍ਹਾ ਲਾਹੌਰ ਦੀ ਤਹਿਸੀਲ ਕਸੂਰ ਦਾ 3300 ਕਿੱਲਾ ਜ਼ਮੀਨ ਦੀ ਮਾਲਕੀ ਦਾ ਪਿੰਡ, ਚੱਠਿਆਂ ਵਾਲਾ ਸੀ। ਬਰਾਦਰੀ ਸਾਡੀ ਰਾਮਗੜ੍ਹੀਆ ਹੈ ਪਰ ਸਾਡੇ ਵਡੇਰਿਆਂ ਕਦੇ ਵੀ ਲੁਹਾਰਾ-ਤਰਖਾਣਾ ਕੰਮ ਨਹੀਂ ਕੀਤਾ। ਜ਼ਮੀਨਾਂ ਵਾਲੇ ਸਰਦਾਰ ਆਂ, ਅਸੀਂ।
ਮੇਰੀ ਪੈਦਾਇਸ਼ 1927 ਚ ਸ.ਨੰਦ ਸਿੰਘ/ਮਾਈ ਆਸ ਕੌਰ ਦੇ ਘਰ ਹੋਈ ਸ.ਗੰਗਾ ਸਿੰਘ ਅਤੇ ਸ.ਚੰਦਾ ਸਿੰਘ ਮੇਰੇ ਚਾਚੇ ਹੋਏ। ਸ.ਹੀਰਾ ਸਿੰਘ ਸਾਡਾ ਬਾਬਾ ਤੇ ਦਾਦੀ ਮਾਈ ਗੁਰਬਚਨ ਕੌਰ ਸਨ ਜਿਨ੍ਹਾਂ ਦੀ ਸੱਤਰ ਬਿੱਗਿਆਂ ਦੀ ਖੇਤੀ ਸੀ।ਨਹਿਰੀ ਨਿਜ਼ਾਮ ਤਦੋਂ ਓਧਰ ਸਾਡੇ ਹਲਕੇ ਵਿੱਚ ਵਿਕਸਤ ਨਹੀਂ ਸੀ।ਬਹੁਤਾਤ ਜ਼ਮੀਨਾਂ ਮਾਰੂ ਹੀ। 1942 ਵਿੱਚ ਬਜ਼ੁਰਗਾਂ ਨੇ ਖੂਹ ਲਵਾਇਆ। ਪਾਣੀ ਦੀ ਥੁੜ੍ਹ ਕਰਕੇ ਕਣਕ,ਛੋਲੇ,ਸਰੋਂ ਹੀ ਬਹੁਤੀ ਬੀਜਦੇ ਜੋ, ਪਿਤਾ ਜੀ ਗੁਆਂਢ ਵਿੱਚ ਪੈਂਦੀ ਲਲਿਆਣੀ ਮੰਡੀ ਵੇਚ ਆਉਂਦੇ ਜਾਂ ਮੱਧਮ ਵਪਾਰੀ ਪਿੰਡਾਂ ਚੋਂ ਖ਼ੁਦ ਖ੍ਰੀਦ ਕੇ ਲੈ ਜਾਂਦੇ।ਨੌਕਰ ਬਕਾਇਦਾ ਅਸਾਂ ਕੋਈ ਨਾ ਰੱਖਿਆ। ਸਾਰਾ ਪਰਿਵਾਰ ਮਿਲ਼ ਕੇ ਹੱਥੀਂ ਕੰਮ ਕਰਦਾ। ਹਾੜ੍ਹੀ-ਸਾਉਣੀ ਜਦ ਕੰਮ ਦਾ ਜ਼ੋਰ ਹੁੰਦਾ ਤਾਂ ਪਿੰਡੋਂ ਦਿਹਾੜੀਦਾਰ ਲੈ ਜਾਂਦੇ। ਆਦਿਧਰਮੀਆਂ ਚੋਂ ਮਾਈ ਈਸ਼ਰ ਕੌਰ ਬੇਬੇ ਹੋਰਾਂ ਨਾਲ਼ ਘਰ ਦੇ ਕੰਮਾਂ ਵਿਚ ਮਦਦ ਕਰ ਜਾਂਦੀ। ਮੁਸਲਮਾਨਾਂ ਚੋਂ ਆਲਾ, ਸ਼ੇਖ, ਛੱਜੂ, ਫੁੰਮ੍ਹਣ, ਸੂਬਾ ਅਤੇ ਆਦਿ ਧਰਮੀਆਂ ਦਾ ਸੁਲੱਖਣ ਮੇਰੇ ਬਚਪਨ ਦੇ ਬੇਲੀ ਹੁੰਦੇ, ਜਿਨ੍ਹਾਂ ਨਾਲ਼ ਮੈਂ ਖੇਡਿਆ ਕਰਦਾ।
ਪਿੰਡ ਦਾ ਵਸੇਬ : ਸਾਡਾ ਪਿੰਡ 14 ਪੱਤੀਆਂ ਦਾ ਇੱਕ ਵੱਡਾ ਕਸਬਾ ਸੀ। ਸਾਰੀਆਂ ਕੌਮਾਂ ਦੇ ਲੋਕ ਵਾਸ ਕਰਦੇ। ਖਹਿਰਾ ਗੋਤ ਦੇ ਜਿੰਮੀਦਾਰ ਸਿੱਖ ਤਬਕੇ ਦੀ ਬਹੁਤਾਤ ਅਤੇ ਸਰਦਾਰੀ ਸੀ। ਮੁਸਲਮਾਨ ਕੇਵਲ 3-4 ਕਾਮਿਆਂ ਦੇ ਹੀ ਘਰ ਸਨ। ਸਾਰੇ ਇਕ ਦੂਜੇ ਦੇ ਕੰਮ ਆਉਂਦੇ, ਦੁੱਖ਼- ਸੁੱਖ ਵਿਚ ਸਾਂਝੀ ਹੁੰਦੇ। ਪਿੰਡ ਦੀ ਧੀ-ਜਵਾਈ ਸਾਰੇ ਪਿੰਡ ਦਾ ਸਾਂਝਾ ਹੁੰਦਾ।
ਗੁਆਂਢੀ ਪਿੰਡ: ਰਾਜੋਕੇ,ਲੀਲ੍ਹ,ਬੇਦੀਆਂ,ਬੇਗ਼ਲ,ਵਾਂ,
ਭੋਜਾ,ਆਸਲ,ਸਰਹਾਲੀ ਅਤੇ ਰਾਇਵਿੰਡ ਸਾਡੇ ਗੁਆਂਢੀ ਪਿੰਡ ਸੁਣੀਂਦੇ।
ਪਿੰਡ ਦੇ ਚੌਧਰੀ: ਚੌਧਰੀਆਂ ਚੋਂ ਕਰਤਾਰ ਸਿੰਘ, ਮਹਿੰਦਰ ਸਿੰਘ, ਸੌਦਾਗਰ ਸਿੰਘ, ਗੁਰਦਿੱਤ ਸਿੰਘ ਜੋਂ ਪਿੰਡ ਵਿੱਚ ਵੱਡੀਆਂ ਹਵੇਲੀਆਂ ਦੇ ਮਾਲਕ ਸਨ,ਹੁੰਦੇ। ਆਸਾ ਸਿੰਘ ਭਲਵਾਨ,ਸੋਹਣ ਸਿੰਘ ਲੰਬੜਦਾਰ ਵੱਜਦੇ। ਥਾਣੇ ਜਾਂ ਤਸੀਲੇ ਕੋਈ ਕੰਮ ਹੁੰਦਾ ਤਾਂ ਇਹੋ ਲੋੜਬੰਦਾਂ ਦੇ ਨਾਲ਼ ਜਾਂਦੇ। ਪਿੰਡ ਕੋਲ਼ ਚਾਰ ਲੰਬੜਦਾਰੀਆਂ ਨਾਲ ਹਲਕੇ ਦੀ ਜ਼ੈਲਦਾਰੀ ਵੀ ਸੀ।
ਪਿੰਡ ਦੇ ਧਾਰਮਿਕ ਅਤੇ ਵਿੱਦਿਆ ਮੰਦਰ : ਪਿੰਡ ਵਿੱਚ ਤਿੰਨ ਗੁਰਦੁਆਰਾ ਸਾਬ ਸਨ। ਉਨ੍ਹਾਂ ਚੋਂ ਇਕ ਵੱਡਾ ਗੁਰਦੁਆਰਾ ਸਿੰਘ ਸਭਾ ਪਿੰਡ ਦੇ ਬਾਹਰਵਾਰ ਸੱਜਦਾ (ਸੁਣਿਆਂ ਕਿ ਉਥੇ ਹੁਣ ਲੜਕੀਆਂ ਦਾ ਸਰਕਾਰੀ ਸਕੂਲ ਚੱਲਦਾ ਹੈ)। ਜਿੱਥੇ ਭਾਈ ਜੀ ਬੱਚਿਆਂ ਨੂੰ ਪੈਂਤੀ ਦੇ ਨਾਲ ਨਾਲ ਗੱਤਕਾ ਵੀ ਸਿਖਾਉਂਦੇ। ਗੁਰੂ ਸਾਹਿਬਾਨ ਦੇ ਦਿਨ ਤਿਉਹਾਰ ਮਨਾਏ ਜਾਂਦੇ।ਸਾਡੇ ਹਲਕੇ ਦੇ ਪਿੰਡ ਕਾਦੀਵਿੰਡ ਦੇ ਇਤਿਹਾਸਕਾਰ ਮਸ਼ਹੂਰ ਢਾਡੀ ਸ.ਸੋਹਣ ਸਿੰਘ ਸੀਤਲ ਦਾ ਢਾਡੀ ਜੱਥਾ 'ਜਿਹੇ ਸਮਾਗਮਾਂ ਵਿੱਚ ਆਪਣੇ ਬੀਰ ਰਸ ਗਾਇਨ ਕਰਦਿਆਂ,ਸਮੇਂ ਦੇ ਪੈਰੀਂ ਪਹਾੜ ਬੰਨ੍ਹ ਦਿੰਦਾ।ਖੂਬ ਰੌਣਕ ਜੁੜਦੀ।
ਇਕ ਹੋਰ ਧਾਰਮਿਕ ਸਥਾਨ ਸੀ ਜਿਥੇ ਹੋਲੀਆਂ ਦਾ ਭਰਵਾਂ ਮੇਲਾ ਲਗਾਤਾਰ ਅੱਠ ਦਿਨ ਜੁੜਦਾ। ਪਿੰਡ ਵਿੱਚ ਮਸੀਤ ਕੋਈ ਨਾ ਸੀ।
ਸਕੂਲ ਪਿੰਡ ਵਿੱਚ ਪਹਿਲਾਂ ਚੌਥੀ ਤੱਕ,ਫਿਰ ਮਿਡਲ ਅਤੇ ਹੱਲ੍ਹਿਆਂ ਤੋਂ ਦੋ ਕੁ ਸਾਲ ਪਹਿਲਾਂ ਹਾਈ ਹੋ ਗਿਆ।ਉਥੇ ਮੈਂ ਕੇਵਲ ਚੌਥੀ ਤੱਕ ਹੀ ਪੜ੍ਹ ਸਕਿਆ ਕਿਉਂ ਜੋਂ ਵੱਡੇ ਭਾਈ ਦੀ ਮੌਤ ਹੋਣ ਕਾਰਨ ਸਕੂਲ ਛੱਡਣਾ ਪਿਆ।
ਤਦੋਂ ਉਥੇ ਉਸਤਾਦ ਸ.ਬੂੜ੍ਹ ਸਿੰਘ ਹੁੰਦੇ। ਭਰਾਈ ਮੁਸਲਮਾਨਾਂ ਦਾ ਗਾਮਾ ਅਤੇ ਸ਼ੇਖਾਂ ਦਾ ਆਲਾ ਮੇਰੇ ਹਮ ਜਮਾਤੀ ।
ਪਿੰਡ ਦੇ ਹੁਨਰਮੰਦ ਕਾਮੇ :ਤਰਖਾਣਾਂ ਕੰਮ ਨੱਥਾ ਸਿੰਘ,ਲੁਹਾਰਾ ਕੰਮ ਮੁਸਲਿਮ ਜਮਾਲਦੀਨ ਕਰਦਾ। ਨੱਥਾ ਸਿੰਘ, ਲੱਧਾ ਸਿੰਘ ਅਤੇ ਵਧਾਵਾ ਸਿੰਘ ਹੋਰਾਂ ਦੇ ਬਲਦਾਂ ਨਾਲ਼ ਵੱਖ-ਵੱਖ ਖਰਾਸ ਚੱਲਦੇ। ਸੁਨਿਆਰਾ ਕੰਮ ਲਾਭ ਸਿੰਘ ਕਰਦਾ।
ਨਾਈ ਮੰਗਲ਼ ਸਿੰਘ ਲਾਗੀ ਵਿਆਹ ਸ਼ਾਦੀਆਂ ਭੁਗਤਾਉਂਦਾ।
ਪਿੰਡ ਦੀਆਂ ਹੱਟੀਆਂ/ਭੱਠੀਆਂ: ਪਿੰਡ ਵਿੱਚਕਾਰ ਇਕ ਬਾਜ਼ਾਰ ਹੁੰਦਾ। ਜਿੱਥੇ ਨਾਈ, ਮੋਚੀ,ਦਰਜ਼ੀ, ਕਰਿਆਨਾ,ਬਜਾ਼ਜੀ਼ ਦੀਆਂ ਦੁਕਾਨਾਂ ਅਤੇ ਇਕ ਹਿਕਮਤ ਦੀ ਦੁਕਾਨ ਹੁੰਦੀ। ਝੀਰਾਂ ਦੀ ਫੱਤੋ ਬੀਬੀ ਭੱਠੀ ਤੇ ਦਾਣੇ ਭੁੰਨਦੀ। ਨੇੜਲੇ ਛੋਟੇ ਪਿੰਡਾਂ ਤੋਂ ਵੀ ਲੋਕ ਖ੍ਰੀਦੋ ਫਰੋਖਤ ਲਈ ਆਉਂਦੇ।
ਪਿੰਡ ਦਾ ਪਾਣੀ ਪ੍ਰਬੰਧ: ਚੌਦਾਂ ਪੱਤੀਆਂ ਦੇ ਵਡ ਅਕਾਰੀ ਪਿੰਡ ਵਿੱਚ ਚੌਦਾਂ ਹੀ ਖੂਹੀਆਂ ਹੁੰਦੀਆਂ,ਜਿਥੋਂ ਪਾਣੀ ਪੀਣ ਅਤੇ ਨਹਾਉਣਾ ਧੋਣਾਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ। ਪਿੰਡ ਦੇ ਚੌਹੀਂ ਕੂੰਟੀ ਚਾਰ ਵੱਡੀਆਂ ਢਾਬਾਂ ਸਨ ਜਿਥੇ ਪਸ਼ੂਆਂ ਦੇ ਨ੍ਹਾਉਣ ਧੋਣ,ਕੱਪੜੇ ਧੋਣ ਅਤੇ ਸਿੰਚਾਈ ਦੀ ਸਹੂਲਤ ਹੁੰਦੀ।
ਛਵੀਆਂ ਦੀ ਰੁੱਤ: ਸਾਡੇ ਆਲੇ-ਦੁਆਲੇ ਸਿੱਖ ਬਹੁ- ਗਿਣਤੀ ਦੇ ਪਿੰਡ ਸਨ। ਸੋ ਕਿਸੇ ਕੋਈ ਹਮਲਾ ਕਰਨ ਦਾ ਹਿਆਂ ਨਾ ਕੀਤਾ। ਪਿੰਡ ਵਿੱਚ ਵੈਸੇ ਵੀ ਖ਼ਬਰ ਸਾਰ ਦਾ ਕੋਈ ਵਸੀਲਾ ਨਹੀਂ ਸੀ।ਕੋਈ ਕਸੂਰ ਜਾਂ ਲਾਹੌਰ ਨੂੰ ਜਾਂਦਾ ਤਾਂ,ਫਿਰਕੂ ਫਸਾਦਾਂ,ਪਿੰਡਾਂ ਉਪਰ ਹਮਲੇ,ਹੁਣ ਪਾਕਿਸਤਾਨ ਬਣੇਗਾ ਵਗੈਰਾ ਕੋਈ ਖ਼ਬਰ ਲਿਆਉਂਦਾ। ਵੈਸੇ ਵੀ ਸਾਡਾ ਪਿੰਡ ਪਾਕਿਸਤਾਨ ਦੇ ਪੰਜਾਬ ਦਾ ਆਖੀਰੀ ਸਰਹੱਦੀ ਪਿੰਡ ਸੀ ਜੋ ਭਾਰਤੀ ਖੇਮਕਰਨ ਸੈਕਟਰ ਨਾਲ਼ ਖਹਿੰਦਾ।
ਜਿੰਮੀਦਾਰ ਸਰਦਾਰਾਂ ਦੇ ਮੁੰਡੇ ਗੁਰਬਚਨ ਸਿੰਘ ਖਹਿਰਾ ਵੱਡਾ ਠਾਣੇਦਾਰ ਕਸੂਰ ਅਤੇ ਗੁਰਦਿਆਲ ਸਿੰਘ ਖਹਿਰਾ ਲਾਹੌਰ ਵਿਚ ਠਾਣੇਦਾਰ ਸਨ। ਪਿੰਡ ਦੇ ਨੌਜਵਾਨਾਂ ਨੂੰ ਉਹ ਬਚ-ਬਚਾਅ ਦੀ ਅਗਵਾਈ ਦਿੰਦੇ। ਇਹਤਿਆਤ ਵਜੋਂ ਰਾਤ ਦਾ ਪਹਿਰਾ ਲੱਗਦਾ। ਡਾਂਗਾਂ, ਛਵੀਆਂ ਬਾਂਕੇ ਜਵਾਨ ਮੋਢਿਆਂ ਤੇ ਉਲਾਰਦੇ,ਬੋਲੇ ਸੋ ਨਿਹਾਲ ਦੇ ਜੈਕਾਰੇ ਗੱਜਦੇ।
-ਤੇ ਕਾਫ਼ਲਾ ਤੁਰ ਪਿਆ : ਭਾਦੋਂ ਦੇ ਮਹੀਨੇ ਜਦ ਅਸੀਂ ਖੇਤ ਵਿੱਚ ਮੱਕੀ ਬੀਜਦੇ ਸਾਂ ਤਾਂ ਪਿੰਡੋਂ ਬੰਦਾ ਆਇਆ ਕਹਿਓਸ, "ਛੱਡ ਦਿਓ ਮੱਕੀ। ਹੁਣ ਕਾਸ ਨੂੰ ਬੀਜਣੀ ਏ। ਕਾਫ਼ਲਾ ਹਿੰਦੁਸਤਾਨ ਲਈ ਤਿਆਰੀ ਫੜ੍ਹ ਡਿਹੈ।"
ਪਿੰਡ ਆਏ ਤਾਂ ਕੀ ਦੇਖਦੇ ਹਾਂ ਕਿ ਸਾਰੇ ਲੋਕ ਹੀ ਗੱਡਿਆਂ ਤੇ ਨਿੱਕ ਸੁੱਕ ਲੱਦਦੇ ਪਏ ਨੇ। ਅਸੀਂ ਵੀ ਕੀਮਤੀ ਸਮਾਨ, ਰਸਤੇ ਦੀ ਰਸਦ, ਚੰਗੀਆਂ ਝੋਟੀਆਂ ਅਤੇ ਢੱਠੇ ਖੋਲ੍ਹ ਲਏ।ਤੇ ਬਾਕੀ ਸੱਭ ਕੁੱਝ ਮੁਸਲਮਾਨ ਭਰਾਵਾਂ ਨੂੰ ਮੁਬਾਰਕ ਕਰ ਗੱਡੇ ਹੱਕ ਲਏ। ਕੋਈ ਦਿੱਕਤ ਨਾ ਆਈ ਕਿਓਂ ਜੋ ਹਿੰਦੋਸਤਾਨ ਦੀ ਸਰਹੱਦ ਤਾਂ ਸਾਨੂੰ ਪਿੰਡ ਦੀਆਂ ਨਿਆਈਆਂ ਵਾਂਗ ਹੀ ਸੀ। ਕੇਵਲ ਇਕ ਕੋਹ ਦੇ ਸਫ਼ਰ ਉਪਰੰਤ ਅਸੀਂ ਹਿੰਦੁਸਤਾਨ ਦੀ ਸਰਹੱਦ ਅੰਦਰ ਪੈਂਦੇ ਸਾਡੇ ਬਸੇਵੇਂ ਨਾਲ ਲੱਗਦੇ ਪਿੰਡ ਰਾਜੋਕੀ ਆਣ ਕਯਾਮ ਕੀਤਾ। ਪਹਿਲੀ ਰਾਤ ਉਥੇ ਹੀ ਕੱਟੀ। ਉਥੋਂ ਤੁਰ ਕੇ ਕਰੀਬ ਦਸ ਦਿਨ ਪਿੰਡ ਡਿੱਬੀਪੁਰਾ ਕੈੰਪ ਵਿੱਚ ਰਹੇ।ਹਰੀ ਕੇ ਪੱਤਣ ਤੋਂ ਉਰਾਰ ਹੋਏ।ਉਥੇ ਕਿਸੇ ਦੱਸ ਪਾਈ ਕਿ ਜ਼ੀਰਾ ਤਹਿਸੀਲ ਦਾ ਪਿੰਡ ਖਡੂਰ, ਮੁਸਲਮਾਨ ਭਰਾਵਾਂ ਵਲੋਂ ਖ਼ਾਲੀ ਕੀਤਾ ਹੋਇਐ।ਸੋ ਉਥੇ ਜਾ ਕੇ ਇਕ ਖਾਲੀ ਵੱਡੀ ਮੁਸਲਿਮ ਹਵੇਲੀ ਅਤੇ ਕੁੱਝ ਜ਼ਮੀਨ ਤੇ ਜਾ ਕਬਜ਼ਾ ਕੀਤਾ। ਉਹੀ ਕੁਝ ਸਾਨੂੰ ਕੱਚੀ ਪਰਚੀ ਤੇ ਅਲਾਟ ਹੋ ਗਿਆ। ਇਥੇ ਸਾਨੂੰ ਖ਼ਬਰ ਹੋਈ ਕਿ ਕੁੱਝ ਬਜ਼ੁਰਗ ਪਿੱਛੇ ਚੱਠਿਆਂ ਪਿੰਡ ਵਿੱਚ ਇਸ ਉਮੀਦ ਨਾਲ ਬੈਠੇ ਰਹੇ ਕਿ ਟਿਕ ਟਿਕਾ ਹੋ ਜਾਵੇਗਾ। ਲੁੱਟ-ਖੋਹ ਦੀ ਬਿਰਤੀ ਵਾਲੀ ਦੰਗੱਈਆਂ ਦੀ ਭੀੜ ਨੇ ਪਿੰਡ ਨੂੰ ਲੁੱਟ ਦਿਆਂ ਵਿਰੋਧ ਕਰਨ ਵਾਲੇ ਸਿੱਖ ਸਰਦਾਰਾਂ ਦਾ ਕਤਲ ਕਰਤਾ।
ਇਧਰੋਂ ਉਧਰੋਂ ਕਿਸੇ ਨੇ ਵੀ ਘੱਟ ਨਾ ਕੀਤੀ। ਜਿੱਥੇ ਫਿਰਕੂ ਕਾਤਲਾਂ ਨੇ ਬੇਲਗਾਮ ਹੋ ਕੇ ਦੂਜੇ ਧਰਮੀਆਂ ਦੀ ਵੱਢ-ਟੁੱਕ ਕੀਤੀ ਉਥੇ ਕੁਦਰਤ ਵੀ ਹੜ੍ਹਾਂ ਅਤੇ ਵਬਾ ਦੇ ਰੂਪ ਵਿੱਚ ਜੀਵਾਂ ਉਤੇ ਕਹਿਰਵਾਨ ਹੋਈ। ਵੱਢੀਆਂ ਟੁੱਕੀਆਂ ਅੱਧਨੰਗੀਆਂ ਲਾਸ਼ਾਂ ਨੂੰ ਖਤਾਨਾਂ ਵਿਚ ਪਈਆਂ ਅਤੇ ਸੜ ਰਹੇ ਪਿੰਡਾਂ ਨੂੰ ਅਸੀਂ ਬਜਾਤੇ ਖ਼ੁਦ ਦੇਖਿਆ।
---0---
ਉਪਰੰਤ 1950 ਵਿੱਚ ਪੱਕੀ ਪਰਚੀ ਤਹਿਸੀਲ ਅਤੇ ਜ਼ਿਲ੍ਹਾ ਪਟਿਆਲਾ ਦੇ ਪਿੰਡ ਖੇੜ੍ਹੀ ਮੁਸਲਮਾਨਾਂ ਦੀ ਪੈ ਗਈ। ਉਥੇ ਹੀ ਮੇਰੀ ਸ਼ਾਦੀ ਉਪਰ ਦਰਜ਼ ਖਡੂਰ ਤੋਂ ਬੀਬੀ ਮੁਖਤਿਆਰ ਕੌਰ ਨਾਲ ਹੋਈ।ਕਰੀਬ ਪੰਜਾਹ ਸਾਲ ਖੇਤੀ ਕੀਤੀ। ਉਪਰੰਤ ਬਖਸੀ਼ਸ਼ ਸਿੰਘ, ਬਲਵਿੰਦਰ ਸਿੰਘ ਪੁੱਤਰਾਂ ਪੰਜਾਬ ਪੁਲਿਸ ਵਿਭਾਗ ਵਿੱਚ ਅਫ਼ਸਰ ਬਣ ਕੇ ਬਾਗ਼ਾਂ ਦੇ ਸ਼ਹਿਰ ਪਟਿਆਲਾ ਵਿਚ ਕੋਠੀਆਂ ਪਾ ਲਈਆਂ। ਹੁਣ ਉਥੇ ਹੀ ਗੁਰੂ ਨਾਨਕ ਨਗਰ ਵਿਖੇ ਰਹਾਇਸ਼ ਪੁਜੀਰ ਹਾਂ।
ਹੁਣ 90ਵਿਆਂ ਵਿੱਚ ਆਪਣੇ ਨੇਕ ਬਖ਼ਤ ਨੂੰਹ ਬੀਬਾ ਮਨਜੀਤ ਕੌਰ/ ਪੁੱਤਰ ਬਲਵਿੰਦਰ ਸਿੰਘ ਕੋਲ਼ ਜ਼ਿੰਦਗੀ ਦੀ ਸ਼ਾਮ ਪੁਰ ਸਕੂਨ ਹੰਢਾਅ ਰਿਹੈਂ। ਮੇਰੀ ਚੰਗੀ ਸਿਹਤ ਉਨ੍ਹਾਂ ਦੀ ਸੇਵਾ ਦੀ ਪ੍ਰਤੀਕ ਹੈ। ਕੱਲ੍ਹ ਦਾ ਰੱਬ ਰਾਖਾ।"
ਮੁਲਾਕਾਤੀ : ਸਤਵੀਰ ਸਿੰਘ ਚਾਨੀਆਂ
92569-73526