1947 ਹਿਜ਼ਰਤਨਾਮਾ 85 : ਦਲਬੀਰ ਸਿੰਘ ਸੰਧੂ
Sunday, Feb 02, 2025 - 01:01 PM (IST)
ਆਜ਼ਾਦੀ ਦੇ ਓਹਲੇ
"ਇਤਨਾ ਹੀ ਬਹੁਤ ਹੈ ਕਿ ਸਫ਼ਰ ਸੇ ਸਲਾਮਤ ਲੌਟ ਆਏ"
"ਮੈਂ ਦਲਬੀਰ ਸਿੰਘ ਪੁੱਤਰ ਪਾਖਰ ਸਿੰਘ ਪੁੱਤਰ ਸ. ਸ਼ਾਮ ਸਿੰਘ ਕੌਮ ਜੱਟ ਸਿੱਖ ਸੰਧੂ, ਪਿੰਡ ਤੇਹਿੰਗ ਤਹਿ:ਫਿਲੌਰ-ਜਲੰਧਰ ਤੋਂ ਬੋਲ ਰਿਹੈਂ। ਜਦ ਗਾਂਧੀ ਦਾ ਚਰਖ਼ਾ ਚੱਲਿਆ (ਕਰੀਬ 1920) ਤਾਂ ਮੇਰੇ ਬਾਬਾ ਜੀ ਸਰਦਾਰ ਸ਼ਾਮ ਸਿੰਘ ਵੀ, ਹੋਰਾਂ ਵੱਲ ਦੇਖਾ ਦੇਖੀ ਬਾਰ ਦੀ ਰਾਹ ਘੱਤੀ। ਕਿਓਂ ਜੋ ਓਧਰ ਜ਼ਿਲ੍ਹਾ ਲੈਲਪੁਰ ਦੀ ਤਸੀਲ ਜੜ੍ਹਾਂਵਾਲਾ ਦੇ ਚੱਕ ਨੰਬਰ 98 ਰੁੜਕਾ ਗੁਗੇਰਾ ਬ੍ਰਾਂਚ ਵਿੱਚ, ਸਾਡੇ ਜੱਦੀ ਪਿੰਡ ਅੱਟੀ-ਗੁਰਾਇਆਂ ਤੋਂ ਕੁੱਝ ਜਿੰਮੀਦਾਰ ਪਹਿਲਾਂ ਹੀ ਜਾ ਵਸੇ ਸਨ। ਬਾਬਾ ਜੀ ਨਾਲ ਮੇਰੀ ਦਾਦੀ ਜਵਾਲੀ ਅਤੇ ਬਾਬਾ ਜੀ ਦਾ ਛੋਟਾ ਭਰਾ ਮੰਗਲ ਸਿੰਘ ਵੀ ਗਏ। ਉਹ ਜਾਂਦਿਆਂ ਨਰੋਏ ਬਲਦਾਂ ਦੀ ਇੱਕ ਜੋੜੀ,ਇਕ ਗੱਡਾ ਖੇਤੀਬਾੜੀ ਦੇ ਮੁਢਲੇ ਸੰਦਾਂ ਅਤੇ ਰਸਦ ਦਾ ਭਰ ਕੇ ਲੈ ਗਏ। ਉਥੇ ਪਹੁੰਚ ਕੇ ਵਣ ਦੇ ਇਕ ਵਡ ਅਕਾਰੀ ਰੁੱਖ ਜੋਂ ਪੀਲ੍ਹਾਂ/ਫਲ਼ ਨਾਲ ਭਰਪੂਰ ਸੀ ਅਤੇ ਉਸ ਦਾ ਫੈਲਾਅ ਕੋਈ ਭਾਰੀ ਬੁੱਢੇ ਬੋਹੜ ਦੀ ਤਰ੍ਹਾਂ ਕੋਈ ਡੇਢ-ਦੋ ਕਨਾਲ ਜ਼ਮੀਨ ਵਿੱਚ ਸੀ, ਦੇ ਥੱਲੇ ਜਾ ਡੇਰੇ ਲਾਏ। ਉਥੇ ਹੀ ਵਾੜ੍ਹ ਅਤੇ ਛੰਨਾਂ/ਢਾਰੇ ਪਾ ਕੇ ਆਰਜੀ ਬਸੇਰਾ ਕਰ ਲਿਆ। ਪਹਿਲਾਂ ਤਾਂ ਉਨ੍ਹਾਂ 5-7 ਖੇਤ ਹਾਲੇ਼ ਤੇ ਲੈ ਕੇ ਮਲ਼ੇ, ਝਾੜੀਆਂ, ਜੰਡ, ਕਰੀਰ ਵੱਢ,ਖੇਤਾਂ ਦੇ ਟੋਏ ਟਿੱਬੇ ਪੱਧਰੇ ਕਰਕੇ ਵਾਹੀ ਸ਼ੁਰੂ ਕੀਤੀ। ਜਦ ਕੰਮ ਦੀ ਚਾਲ ਬਣ ਗਈ ਤਾਂ ਉਹ ਪਿੱਛੋਂ ਇਧਰ ਆਕੇ, ਆਪਣੇ ਪਰਿਵਾਰ ਨੂੰ ਵੀ ਨਾਲ਼ ਵਾਪਸ ਲੈ ਗਏ। ਹੌਲ਼ੀ-ਹੌਲ਼ੀ ਪਰਿਵਾਰਕ ਇਤਫ਼ਾਕ ਅਤੇ ਮਿਹਨਤ ਨਾਲ ਪੂਰੇ ਇਕ ਮੁਰੱਬੇ ਦੇ ਮਾਲਕ ਬਣ ਗਏ।
ਮੇਰੇ ਪਿਤਾ ਜੀ ਪਾਖਰ ਸਿੰਘ ਉਨ੍ਹਾਂ ਦੇ ਭਰਾ, ਸਵਰਨ ਸਿੰਘ, ਗੁਰਬਚਨ ਸਿੰਘ ਅਤੇ ਕਰਨੈਲ ਸਿੰਘ ਜੋ ਉਦੋਂ ਬਾਲ ਉਮਰੇ ਸਨ ਵੀ ਪੜ੍ਹਾਈ ਛੱਡ ਕੇ ਬਜ਼ੁਰਗਾਂ ਨਾਲ ਖੇਤੀਬਾੜੀ, ਮਾਲ ਡੰਗਰ ਦੀ ਸਾਂਭ ਸੰਭਾਲ ਵਿੱਚ ਹੱਥ ਵਟਾਉਂਦੇ ਰਹੇ। ਮੇਰੇ ਦੋ ਹੋਰ ਚਾਚੇ ਦਰਸ਼ਨ ਸਿੰਘ ਅਤੇ ਜੀਤ ਸਿੰਘ ਦਾ ਜਨਮ ਬਾਰ ਦਾ ਹੈ। ਭੂਆ ਚੰਨਣ ਕੌਰ, ਅਮਰ ਕੌਰ ਅਤੇ ਸੁਰਜੀਤ ਕੌਰ ਵੀ ਬਾਰ ਚ ਕਿਸੇ ਸਕੂਲ ਨਾ ਪਈਆਂ, ਸਗੋਂ ਘਰ, ਖੂਹ ਦੇ ਨਿੱਤ ਕੰਮਾਂ ਵਿੱਚ ਹੀ ਬੇਬੇ ਚਰਨ ਕੌਰ ਨਾਲ ਸਹਾਇਤਾ ਕਰਦੀਆਂ ਰਹਿੰਦੀਆਂ। ਪਿਤਾ ਜੀ ਕੋਈ 20 ਵੇਂ ਵਰ੍ਹੇ ਵਿਚ ਸਨ ਜਦ 1935 ਵਿੱਚ ਉਨ੍ਹਾਂ ਦੀ ਜਨ ਓਧਰ ਬਾਰ ਦੇ 7 ਚੱਕ ਵਿੱਚ, ਸ.ਵਰਿਆਮ ਸਿੰਘ ਖੰਗੂੜਾ ਦੇ ਘਰ ਢੁਕੀ। ਜੈਮਲ ਸਿੰਘ ਸਾਡਾ ਮਾਮਾ ਹੋਇਆ। ਮੇਰਾ ਨਾਨਕਾ ਪਰਿਵਾਰ ਇਧਰ ਆ ਕੇ ਭਗੌਰਾਂ-ਨਵਾਂ ਸ਼ਹਿਰ ਪਿੰਡ ਵਿੱਚ ਆਬਾਦ ਹੋਇਆ, ਵੇਸੈ ਉਨ੍ਹਾਂ ਦਾ ਜੱਦੀ ਪਿੰਡ ਖੰਗੂੜਾ-ਫਗਵਾੜਾ ਸੀ।
ਗੁਆਂਢੀ ਪਿੰਡ: ਬਡਾਲਾ, ਕੰਗਾਂ, 93ਨਕੋਦਰ ਸਾਡੇ ਗੁਆਂਢੀ ਪਿੰਡ ਸਨ।
ਪਿੰਡ ਦੇ ਚੌਧਰੀ: ਨੱਥਾ ਸਿੰਘ (ਪਿਛਲਾ ਧਨੀ ਪਿੰਡ-ਜੰਡਿਆਲਾ ਮੰਜਕੀ) ਪਿੰਡ ਦਾ ਲੰਬੜ੍ਹ ਅਤੇ ਚੌਧਰੀ ਵੱਜਦਾ। ਹੋਰ ਵੀ 3-4 ਚੌਧਰੀ ਸਨ ਪਰ ਉਨ੍ਹਾਂ ਦੇ ਨਾਮ ਯਾਦ ਨਹੀਂ। ਉਹ ਪਿੰਡ ਦੇ ਥੜ੍ਹਿਆਂ ਉਤੇ ਬਹਿ ਕੇ ਆਪਸੀ ਮਸਲੇ ਨਜਿੱਠ ਲੈਂਦੇ।
ਪਿੰਡ ਦੀਆਂ ਹੱਟੀਆਂ ਭੱਠੀਆਂ: ਪਿੰਡ ਵਿੱਚ ਇਕ ਭੱਠੀ ਹੁੰਦੀ ਜਿਥੇ ਝੀਰਾਂ ਦੀ ਮਾਈ ਦਾਣੇ ਭੁੰਨਦੀ।ਦੋ ਹੱਟੀਆਂ ਇਕ ਛੀਂਬੇ ਸਰਦਾਰ ਦੀ ਅਤੇ ਇਕ ਬਾਣੀਏ ਦੀ। ਮੁਸਲਿਮ ਮੋਚੀ ਅਤੇ ਛੀਂਬੇ ਦਰਜ਼ੀ ਦੀ ਵੀ 1-1 ਦੁਕਾਨ ਹੁੰਦੀ। ਆਦਿ ਧਰਮੀ ਦੋ ਭਰਾ ਭੈਰੋਂ ਗੋਤੀਏ ਚੰਨਾ ਅਤੇ ਮੱਘਰ ਚਮੜੇ ਦਾ ਕੰਮ ਕਰਦੇ।ਉਹ ਆਪਣੇ ਮੁਹੱਲੇ ਦੇ ਚੌਧਰੀ ਵੀ ਹੁੰਦੇ। ਉਨ੍ਹਾਂ ਦੀ ਮਾਈ ਵੀ ਚੰਗੇ ਰਸੂਖ਼ ਵਾਲੀ ਸੀ। ਉਹਨਾਂ ਦਾ ਪਿਛਲਾ ਜੱਦੀ ਪਿੰਡ ਚੱਬੇਵਾਲ-ਮਾਹਿਲਪੁਰ ਵੱਜਦਾ।
ਪਿੰਡ ਦਾ ਸਕੂਲ: ਪਿੰਡ ਵਿੱਚ ਸਕੂਲ ਕੋਈ ਨਹੀਂ ਸੀ। ਆਮ ਪੱਧਰ ਤੇ ਲੋਕਾਂ ਵਿੱਚ ਪੜ੍ਹਾਈ ਸਬੰਧੀ ਕੋਈ ਜਾਗਰੂਕਤਾ ਨਹੀਂ ਸੀ। ਕੁੜੀਆਂ ਨੂੰ ਪੜ੍ਹਾਉਣ ਦਾ ਰਿਵਾਜ਼ ਤਾਂ ਉੱਕਾ ਹੀ ਨਹੀਂ ਸੀ ਸਗੋਂ, ਮੁੰਡੇ ਵੀ ਘੱਟ ਹੀ ਸਕੂਲ ਜਾਂਦੇ। ਬਡਾਲੇ ਉਦੋਂ ਚੌਥੀ ਤੱਕ ਪ੍ਰਾਇਮਰੀ ਸਕੂਲ ਸੀ। 47 ਅਗਸਤ ਵਿੱਚ ਮੈਂ ਉਥੇ ਤੀਜੀ ਜਮਾਤ ਵਿੱਚ ਪੜ੍ਹਦਾ ਸਾਂ। ਜਿੰਮੀਦਾਰਾਂ ਦਾ ਮਿੰਦਰ ਉਥੇ ਮੇਰਾ ਹਮਜਮਾਤੀ ਹੁੰਦਾ ਜੋ ਪਿੱਛੋਂ ਤਲਵਣ-ਫਿਲੌਰ ਆਬਾਦ ਹੋਏ।
ਪਿੰਡ ਦਾ ਪਾਣੀ ਪ੍ਰਬੰਧ: ਪਿੰਡ ਵਿੱਚਕਾਰ ਦੋ ਖੂਹੀਆਂ ਸਨ। ਉਥੋਂ ਝੀਰ ਪਰਿਵਾਰ ਦੇ ਮੀਆਂ ਬੀਵੀ ਲੋਕਾਂ ਦੇ ਘਰਾਂ ਵਿੱਚ ਘੜਿਆਂ ਨਾਲ ਪਾਣੀ ਢੋਂਦੇ। ਉਨ੍ਹਾਂ ਪਾਸ ਇਕ ਛੋਟਾ ਰੇੜ੍ਹਾ ਜਿਸ ਨੂੰ ਕੱਟਾ ਜੋੜਿਆ ਹੁੰਦਾ,ਨਾਲ਼ ਲੋਕਾਂ ਦੇ ਘਰਾਂ ਵਿੱਚ ਪਾਣੀ ਢੋਇਆ ਜਾਂਦਾ। ਇਵਜ ਵਜੋਂ ਉਹ ਹਾੜੀ-ਸਾਉਣੀ ਲੈਂਦੇ। ਉਨ੍ਹਾਂ ਦੀ ਇਕ ਹੋਰ ਮਾਈ ਭੱਠੀ ਉਤੇ ਦਾਣੇ ਭੁੰਨਦੀ।
ਪਿੰਡ ਦੇ ਕਾਰੀਗਰ: ਪਿੰਡ ਵਿੱਚ ਲੁਹਾਰਾ-ਤਰਖਾਣਾ ਕੰਮ ਦੀ ਸੇਪੀ, ਇਧਰੋਂ ਗਏ ਪਿਓ-ਪੁੱਤ ਮਿਸਤਰੀ ਸਿੰਘ ਕਰਦੇ। ਹਾੜੀ-ਸਾਉਣੀ ਦੇ ਨਾਲ ਨਾਲ ਉਹ ਲੋੜ ਮੁਤਾਬਿਕ ਜਿੰਮੀਦਾਰਾਂ ਦੇ ਖੇਤਾਂ 'ਚੋਂ ਪਸ਼ੂਆਂ ਲਈ ਪੱਠਾ-ਦੱਥਾ, ਸਬਜ਼ੀ ਭਾਜੀ ਵੀ ਲੈ ਜਾਂਦੇ, ਜਿਸ ਦੀ ਉਨ੍ਹਾਂ ਤਾਈਂ ਪੂਰੀ ਖੁੱਲ੍ਹ ਹੁੰਦੀ।
ਪਿੰਡ ਦੇ ਧਾਰਮਿਕ ਸਥਾਨ: ਪਿੰਡ ਵਿੱਚ ਇਕ ਗੁਰਦੁਆਰਾ ਸਿੰਘ ਸਭਾ ਸਜਦਾ। ਭਾਈ ਜੀ ਬੱਚਿਆਂ ਤਾਈਂ ਗੁਰਮੁਖੀ ਦੇ ਨਾਲ ਨਾਲ ਗੱਤਕਾ ਵੀ ਸਿਖਾਉਂਦੇ। ਵਿਸਾਖੀ ਅਤੇ ਬਾਬੇ ਨਾਨਕ ਦੇ ਉਰਸ ਤੇ ਦੀਵਾਨ ਸੱਜਦੇ। ਰਾਗੀ ਢਾਡੀ ਗੁਰ ਇਤਿਹਾਸ ਸੁਣਾਉਂਦੇ। ਮਸ਼ਹੂਰ ਸਿੱਖ ਇਤਿਹਾਸ ਲਿਖਾਰੀ ਅਤੇ ਢਾਡੀ ਸ.ਸੋਹਣ ਸਿੰਘ ਸੀਤਲ ਦਾ ਨਾਮ ਉਦੋਂ ਅਕਸਰ ਬਜ਼ੁਰਗਾਂ ਦੇ ਮੂਹੋਂ ਸੁਣਿਆਂ ਕਰਦੇ। ਜਿਨ੍ਹਾਂ ਦਾ ਢਾਡੀ ਜਥਾ ਦੀਵਾਨਾਂ ਉਤੇ ਅਕਸਰ ਹਾਜ਼ਰੀ ਭਰਿਆ ਕਰਦਾ। ਮਸੀਤ ਅਸਾਂ ਉਥੇ ਕੋਈ ਨਾ ਡਿੱਠੀ।
ਪਿੰਡ ਦਾ ਵਸੇਬ: ਬਹੁਤਾਤ ਗਿਣਤੀ ਜੱਟ ਸਿੱਖਾਂ ਦੀ ਸੀ, ਬਾਕੀ ਧੰਦਿਆਂ ਦੇ ਅਧਾਰਤ ਥੋੜੇ ਥੋੜੇ ਘਰ ਸਨ। ਇਨ੍ਹਾਂ ਵਿਚ ਕੁੱਝ ਘਰ ਮੁਸਲਿਮ ਕਾਮਿਆਂ ਤੇਲੀ ਮੋਚੀਆਂ ਦੇ ਵੀ ਹੁੰਦੇ ।
'47ਦੇ ਹੱਲ੍ਹੇ: ਚੜ੍ਹਦੇ ਮਾਰਚ, ਹੱਲਿਆਂ ਦੀਆਂ ਪੋਠੋਹਾਰ ਵਲੋਂ ਕਨਸੋਆਂ ਆਉਣ ਲੱਗੀਆਂ। ਹੌਲੀ ਹੌਲੀ ਇਹ ਅੱਗ ਸਾਰੇ ਪੰਜਾਬ ਵਿੱਚ ਫੈਲ ਗਈ। ਸਾਡੀ ਸਾਂਦਲ ਬਾਰ ਵਿਚ ਵੀ ਸਿੱਖ ਘੱਟ ਗਿਣਤੀ ਪਿੰਡਾਂ ਉਪਰ ਹਮਲੇ ਹੋਣ ਲੱਗੇ। ਸਾਡੀ ਪੱਟੀ ਵਿੱਚ ਸਾਰੇ ਪਿੰਡਾਂ ਵਿੱਚ ਜੱਟ ਸਿੱਖਾਂ ਦਾ ਦਬਦਬਾ ਸੀ, ਸੋ ਇਧਰ ਕਿਸੇ ਹੱਲਾ ਕਰਨ ਦਾ ਹਿਆਂ ਨਹੀਂ ਕੀਤਾ। ਫਿਰ ਵੀ ਇਹਤਿਆਤ ਵਜੋਂ ਪਿੰਡ ਵਿੱਚ ਚੋਣਵੇਂ ਨੌਜਵਾਨਾਂ ਵਲੋਂ ਰਾਤ ਦਾ ਪਹਿਰਾ ਲੱਗਦਾ, ਬੋਲੇ ਸੋ ਨਿਹਾਲ ਦੇ ਜੈਕਾਰੇ ਗੱਜਦੇ। ਜਦ ਵੀ ਖ਼ਤਰੇ ਦੇ ਸੂਚਕ ਵਜੋਂ ਢੋਲ ਵੱਜਦਾ ਤਾਂ ਜਾਨ ਮੁੱਠੀ ਵਿੱਚ ਆ ਜਾਂਦੀ। ਹਿੰਦੂ-ਸਿੱਖਾਂ ਦੀ ਰੱਖਿਆ ਲਈ ਪਿੰਡਾਂ ਵਿੱਚ ਡੋਗਰਾ/ਸਿੱਖ ਰੈਜੀਮੈਂਟ ਫ਼ੌਜੀਆਂ ਦੇ ਦਸਤੇ ਅਕਸਰ ਗੇੜ੍ਹਾ ਰੱਖਦੇ। ਸਿੱਖ ਲੀਡਰ ਗਿਆਨੀ ਕਰਤਾਰ ਸਿੰਘ ਵੀ ਪਿੰਡਾਂ ਵਿੱਚ ਭੱਜਾ ਫਿਰਦਾ।
'ਤੇ ਕਾਫ਼ਲਾ ਤੁਰ ਪਿਆ: ਫੌਜੀ ਅਤੇ ਗਿਆਨੀ ਹੋਰੀਂ ਸਿੱਖ ਕਿਆਂ ਨੂੰ ਹਥਿਆਰਬੰਦ ਹੋਣ, ਪਹਿਰਾ ਰੱਖਣ ਅਤੇ ਨਾਲ ਹੀ ਹਿੰਦੋਸਤਾਨ ਜਾਣ ਲਈ ਤਿਆਰੀ ਫੜਨ ਲਈ ਕਹਿ ਗਏ। ਚੜ੍ਹਦੇ ਅੱਸੂ ਜਦ ਮੀਹਾਂ ਦਾ ਜ਼ੋਰ ਕੁੱਝ ਘਟਿਆ ਤਾਂ ਪਿੰਡ ਦੇ ਗੁਰਦੁਆਰਾ ਸਾਹਿਬ ਪਿੰਡ ਦੇ ਮੋਹਤਬਰਾਂ ਦਾ 'ਕੱਠ ਹੋਇਆ। ਦੂਜੇ ਦਿਨ ਸਾਰਿਆਂ, ਦਿਨ ਦੇ ਰੋਜ਼ਾਨਾ ਆਹਰ ਤੋਂ ਵਿਹਲੇ ਹੋ ਕੇ ਜ਼ਰੂਰੀ ਕੀਮਤੀ ਸਮਾਨ, ਰਸਤੇ ਦਾ ਰਸਦ ਪਾਣੀ ਗੱਡਿਆਂ ਤੇ ਲੱਦ ਲਿਆ। ਜਿਨ੍ਹਾਂ ਪਾਸ ਗੱਡੇ ਨਹੀਂ ਸਨ ਉਨ੍ਹਾਂ ਗਠੜੀਆਂ ਸਿਰਾਂ ਉਤੇ ਰੱਖ ਲਈਆਂ। ਚੰਗੇ ਬਲਦ/ਲਵੇਰੀਆਂ ਵੀ ਕਈਆਂ ਨੇ ਨਾਲ ਹੱਕ ਲਈਆਂ। ਬਾਕੀ ਸੱਭ ਮਕਾਨ, ਸਮਾਨ, ਲਾਣਾ, ਖੂਹ ਮਰੱਬੇ, ਖੜ੍ਹੀਆਂ ਫਸਲਾਂ ਮੁਸਲਿਮ ਭਰਾਵਾਂ ਨੂੰ ਮੁਬਾਰਕ ਕਰ, ਜੜ੍ਹਾਂਵਾਲਾ ਕੈਂਪ ਲਈ ਗੱਡੇ ਹੱਕ ਲਏ। ਕਰੀਬ ਹਫ਼ਤਾ ਭਰ ਉਥੇ ਦਾਣਾ ਮੰਡੀ ਦੇ ਰਫਿਊਜੀ ਕੈਂਪ ਵਿੱਚ ਰਹੇ। ਮੁਸਲਿਮ ਪੁਲਸ ਵੱਲੋਂ ਰਫਿਊਜੀ ਕੈਂਪ ਉਤੇ ਕੀਤੇ ਗੋਲ਼ੀ ਕਾਂਡ, ਜਿਸ ਵਿੱਚ ਸੈਂਕੜੇ ਰਫਿਊਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਸਾਡੇ ਤੋਂ ਪਹਿਲਾਂ ਵਾਪਰ ਚੁੱਕਾ ਸੀ। ਇਵੇਂ ਇਕ ਦਿਨ ਕਾਫ਼ਲੇ ਦੇ ਤੁਰਨ ਦਾ ਹੁਕਮ ਹੋਇਆ। ਪਿੰਡ ਫਲਾਹੀ ਵਾਲਾ-ਲਹੁਕੇ ਕੋਲ਼ ਦੰਗੱਈਆਂ ਨੇ ਕਾਫ਼ਲੇ ਉਤੇ ਹਮਲਾ ਕੀਤਾ। ਸਮਾਨ ਲੁੱਟ ਲਿਆ। ਕਾਫ਼ਲੇ ਦੇ ਕੁੱਝ ਬੰਦੇ ਮਾਰੇ ਵੀ ਗਏ। ਸਾਡੇ ਗੱਡੇ ਅੱਗੇ ਨਿੱਕਲ ਚੁੱਕੇ ਸਨ, ਸੋ ਅਸੀਂ ਬਚ ਰਹੇ।ਬੱਲ੍ਹੋ ਕੀ ਹੈੱਡ ਤੋਂ ਇਕ ਪਿੰਡ ਪਿੱਛੇ ਹੀ ਜੰਡਿਆਲਾ ਸਮਰਾਏ ਦੇ ਕਰਤਾਰ ਸਿੰਘ, ਉਹਦਾ ਮੁੰਡਾ ਸ਼ੀਸ਼ਾ, ਮੋਹਣ ਸਿੰਘ,ਦਾਦੂ ਰਾਮ ਆਦਿ ਧਰਮੀ, ਝੀਰਾਂ ਦਾ ਮਹਾਂ ਸਿੰਘ ਵਗੈਰਾ ਕਾਫ਼ਲੇ ਦੇ ਖਲੋਣ ਤੇ ਖੇਤਾਂ ਚੋਂ ਚਾਰਾ ਲੈਣ ਚਲੇ ਗਏ। ਉਨ੍ਹਾਂ ਉਪਰ ਦੰਗੱਈ ਚੋਬਰਾਂ ਨੇ ਹੱਲਾ ਬੋਲ ਕੇ ਮੌਤ ਦੇ ਘਾਟ ਉਤਾਰਤਾ। ਕੇਵਲ 2-3 ਜਣੇ ਹੀ ਕਪਾਹਾਂ ਵਿਚ ਲੰਮੇ ਪੈ ਕੇ ਜਾਨ ਬਚਾਅ ਸਕੇ। ਰਸਤੇ ਦੇ ਖੌਫ਼ਨਾਕ ਮੰਜ਼ਰ, ਟੋਭਿਆਂ ਵਿੱਚ ਵੱਢੀਆਂ ਟੁੱਕੀਆਂ, ਅੱਧਨੰਗੀਆਂ ਲਾਸ਼ਾਂ,ਨੰਗ-ਭੁੱਖ ਅਤੇ ਵਬਾ ਨਾਲ ਘੁਲ਼ਦੇ, ਖਤਰਨਾਕ ਬੱਲੋਕੀ ਹੈੱਡ ਰਾਹੀਂ ਹੁੰਦੇ ਹੋਏ ਬਰਾਸਤਾ ਖੇਮਕਰਨ- ਪੱਟੀ-ਤਰਨਤਾਰਨ-ਅੰਬਰਸਰ ਪਹੁੰਚੇ। 2-3 ਕੁ ਦਿਨ ਉਥੇ ਰੁਕਣ ਉਪਰੰਤ ਜਲੰਧਰ-ਗੁਰਾਇਆਂ ਸਰ ਕਰਦਿਆਂ ਆਪਣੇ ਜੱਦੀ ਪਿੰਡ ਅੱਟੀ ਆਣ ਉਤਾਰਾ ਕੀਤਾ। ਸਾਡੀ ਕੱਚੀ ਪਰਚੀ ਰਾਮਗੜ੍ਹ ਨੰਗਲ਼-ਫਿਲੌਰ ਉਪਰੰਤ ਪੱਕੀ ਪਰਚੀ ਇਸ ਤੇਹਿੰਗ ਪਿੰਡ ਦੀ ਪਈ ਸੋ ਹੁਣ ਤੱਕ ਉਹੀ ਖਾਂਦੇ ਪੀਂਦੇ ਆਂ।
ਮੇਰੀ ਸ਼ਾਦੀ ਇਥੇ ਹੀ ਬਜੂਹਾਂ ਖ਼ੁਰਦ-ਨਕੋਦਰ ਦੇ ਬਾਰੀਏ ਸ.ਉਜਾਗਰ ਸਿੰਘ ਭੱਟੀ ਦੀ ਬੇਟੀ, ਬੀਬੀ ਹਰਬੰਸ ਕੌਰ ਨਾਲ ਹੋਈ। ਮੇਰੇ ਘਰ ਸ਼ਿੰਗਾਰਾ, ਬੁੱਕਣ ਅਤੇ ਹਰਪਿੰਦਰ ਸਿੰਘ ਬੇਟੇ ਪੈਦਾ ਹੋਏ। ਇਸ ਵਕ਼ਤ ਮੈਂ ਆਪਣੇ ਬਾਲ ਪਰਿਵਾਰ 'ਚ ਰਹਿ ਕੇ ਜ਼ਿੰਦਗੀ ਦਾ ਪਿਛਲਾ ਪੰਧ ਪੁਰ ਸਕੂਨ ਹੰਢਾਅ ਰਿਹੈਂ। ਝੁੱਲੀ ਉਸ ਕਾਲ਼ੀ ਬੋਲ਼ੀ ਹਨੇਰੀ ਵਿਚ ਸੱਭ ਕੁੱਝ ਗੁਆ ਕੇ ਵੀ ਤਸੱਲੀ ਵਿੱਚ ਹਾਂ ਕਿ ਚਲੋ ਸਾਡੇ ਪਰਿਵਾਰ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਤਨਾ ਹੀ ਬਹੁਤ ਹੈ ਕਿ ਸਫ਼ਰ ਸੇ ਸਲਾਮਤ ਲੌਟ ਆਏ-ਦੀਵਾਨੇ ਪੇ ਜੋ ਗੁਜਰੀ ਵੁਹ ਮਤ ਪੂਛੋ। ਅੱਜ ਵੀ ਹੱਲਿਆਂ ਦੀ ਯਾਦ ਆਉਂਦਿਆਂ ਹੀ ਕੰਬਣੀ ਛਿੜ ਜਾਂਦੀ ਹੈ। '47 ਵਿੱਚ ਮੈਂ ਬਹੁਤ ਛੋਟਾ ਸਾਂ ਇਹ ਜੋ ਕਹਾਣੀ ਤੁਸਾਂ ਨੂੰ ਸੁਣਾ ਛੱਡੀ ਹੈ ਇਹ ਬਹੁਤੀ ਬਜ਼ੁਰਗਾਂ ਤੋਂ ਸੁਣੀ ਸੁਣਾਈ ਹੈ।"
ਮੁਲਾਕਾਤੀ: ਸਤਵੀਰ ਸਿੰਘ ਚਾਨੀਆਂ
92569-73526